ਕਾਮਨਵੈੱਲਥ ਖੇਡਾਂ ਵਿੱਚ ਪ੍ਰਬੰਧਕਾਂ ਨੇ ਜਲੂਸ ਕਢਾਇਆ, ਖਿਡਾਰੀਆਂ ਨੇ ਦੇਸ਼ ਦਾ ਨਾਂਅ ਚਮਕਾਇਆ
ਜਿਹੜੇ ਮੁਲਕਾਂ ਵਿੱਚ ਕਦੇ ਮਹਾਰਾਣੀ ਐਲਿਜ਼ਾਬੈਥ ਜਾਂ ਉਸ ਤੋਂ ਪਹਿਲਾਂ ਦੇ ਵਲੈਤੀ ਰਾਜਿਆਂ ਦਾ ਰਾਜ ਹੁੰਦਾ ਸੀ, ਉਨ੍ਹਾਂ ਸਾਰਿਆਂ ਦੀ ਸਾਂਝੀ ਸੰਸਥਾ 'ਕਾਮਨਵੈੱਲਥ' ਦੇ ਖਿਡਾਰੀਆਂ ਦਾ ਸਭ ਤੋਂ ਵੱਡਾ ਖੇਡ ਮੇਲਾ ਸਿਰੇ ਲੱਗ ਗਿਆ ਹੈ। ਇਸ ਵਿੱਚ ਦੇਸ਼ ਹੀ ਨਹੀਂ, ਕਈ ਦੇਸ਼ਾਂ ਦੇ ਰਾਜ ਵੀ ਸ਼ਾਮਲ ਸਨ। ਸਕਾਟਲੈਂਡ ਜਾਂ ਵੇਲਜ਼ ਕੋਈ ਵੱਖਰੇ ਦੇਸ਼ ਨਹੀਂ, ਯੁਨਾਈਟਿਡ ਕਿੰਗਡਮ ਵਜੋਂ ਬਰਤਾਨੀਆ ਦਾ ਹਿੱਸਾ ਹਨ, ਪਰ ਕਾਮਨਵੈੱਲਥ ਵਿੱਚ ਵੱਖਰੀ ਕੌਮ ਬਣ ਕੇ ਸ਼ਾਮਲ ਹੁੰਦੇ ਹਨ ਤੇ ਉਨ੍ਹਾਂ ਦੇ ਖਿਡਾਰੀ ਵੀ ਵੱਖਰੇ ਰੂਪ ਵਿੱਚ ਖੇਡਦੇ ਹਨ। ਇੰਗਲੈਂਡ ਦੇ ਮੁੱਖ ਰਾਜ ਨਾਲ ਪਹਿਲਾਂ ਕਈ ਰਾਜ ਤਾਕਤ ਦੇ ਜ਼ੋਰ ਨਾਲ ਜੋੜੇ ਜਾਂਦੇ ਰਹੇ, ਫਿਰ ਹਾਲ ਖਿੰਡਾਓ ਵਾਲੇ ਬਣਨ ਲੱਗ ਪਏ। ਭਾਰਤ ਵਰਗੇ ਦੇਸ਼ਾਂ ਦੇ ਲੋਕਾਂ ਨੇ ਤਾਂ ਜਦੋਂ ਆਪਣੀ ਆਜ਼ਾਦ ਹਸਤੀ ਵਾਸਤੇ ਸੰਘਰਸ਼ ਸ਼ੁਰੂ ਕੀਤਾ, ਉਨ੍ਹਾਂ ਉੱਤੇ ਜ਼ੁਲਮ ਕਰ ਕੇ ਵੀ ਨਾਲ ਰੱਖਣ ਦਾ ਯਤਨ ਕੀਤਾ ਗਿਆ, ਪਰ ਜਿਨ੍ਹਾਂ ਦੇਸ਼ਾਂ ਵਿੱਚ ਕਿਸੇ ਸਮੇਂ ਬਰਤਾਨੀਆ ਤੋਂ ਗਏ ਹੋਏ ਗੋਰੇ ਲੋਕਾਂ ਦੀ ਜਕੜ ਪੱਕੀ ਸੀ, ਓਥੇ ਏਦਾਂ ਦਾ ਜਬਰ ਨਹੀਂ ਸੀ ਕੀਤਾ ਜਾ ਸਕਦਾ। ਬਾਪ-ਦਾਦੇ ਦੇ ਦੇਸ਼ ਨਾਲ ਸਾਂਝ ਪਾਈ ਰੱਖਣ ਲਈ ਉਨ੍ਹਾਂ ਨੂੰ ਮੁੱਢਲੇ ਤੌਰ'ਤੇ ਉਨ੍ਹਾਂ ਨੂੰ 'ਇੰਪੀਰੀਅਲ ਕਾਨਫਰੰਸ' ਦੇ ਨਾਂਅ ਉੱਤੇ ਇਕੱਠੇ ਕੀਤਾ ਗਿਆ ਤੇ ਦੂਜੀ ਸੰਸਾਰ ਜੰਗ ਪਿੱਛੋਂ ਇਹ ਵੇਖ ਕੇ ਕਿ ਹੁਣ ਬਹੁਤੇ ਮੁਲਕਾਂ ਉੱਤੇ ਕਬਜ਼ਾ ਕਰੀ ਰੱਖਣਾ ਸੰਭਵ ਨਹੀਂ, ਇਹ ਰਾਹ ਫੜ ਲਿਆ ਕਿ ਜਿਹੜਾ ਮੁਲਕ ਵੱਖ ਵੀ ਹੋ ਜਾਵੇ, ਉਹ ਕਾਮਨਵੈੱਲਥ ਦੇ ਨਾਂਅ ਉੱਤੇ ਪੁਰਾਣੇ ਭਾਈਚਾਰੇ ਨਾਲ ਜੁੜਿਆ ਰਹਿ ਸਕਦਾ ਹੈ। ਉਨ੍ਹਾਂ ਸਾਰੇ ਮੁਲਕਾਂ ਲਈ ਅੱਜ ਵੀ ਰਾਜਦੂਤ ਨੂੰ ਅੰਬੈਸਡਰ ਦੀ ਥਾਂ ਹਾਈ ਕਮਿਸ਼ਨਰ ਵਜੋਂ ਜਾਣਿਆ ਜਾਂਦਾ ਹੈ। ਇਹ ਖੇਡ ਮੇਲਾ ਉਨ੍ਹਾਂ ਕਾਮਨਵੈੱਲਥ ਦੇ ਮੈਂਬਰਾਂ ਦਾ ਸੀ, ਜਿਨ੍ਹਾਂ ਵਿੱਚ ਫਾਕਲੈਂਡ ਆਈਲੈਂਡ ਵਰਗੇ ਬਰਤਾਨਵੀ ਕਬਜ਼ੇ ਵਾਲੇ ਟਾਪੂ ਵੀ ਸ਼ਾਮਲ ਹਨ, ਵੇਲਜ਼ ਅਤੇ ਸਕਾਟਲੈਂਡ ਵਰਗੇ ਬਰਤਾਨਵੀ ਰਾਜ ਵੀ ਅਤੇ ਕਈ ਹੋਰ ਵੀ, ਜਿਨ੍ਹਾਂ ਦਾ ਕਦੇ ਨਾਂਅ ਨਹੀਂ ਸੁਣਿਆ ਹੋਣਾ। ਉਹ ਸਾਰੇ ਵੀ ਇਨ੍ਹਾਂ ਖੇਡਾਂ ਮੌਕੇ ਭਾਰਤ ਵਰਗੇ ਦੇਸ਼ਾਂ ਦੇ ਬਰਾਬਰ ਦੇ ਭਾਈਵਾਲ ਬਣ ਕੇ ਖੜੇ ਸਨ।
ਮੇਲਾ ਭਾਵੇਂ ਮੱਲਿਕਾ ਦੇ ਮੁਲਕ ਰਹਿ ਚੁੱਕੀਆਂ ਕੌਮਾਂ ਦੇ ਖਿਡਾਰੀਆਂ ਦਾ ਸੀ, ਇਸ ਵਿੱਚ ਵੱਕਾਰ ਭਾਰਤ ਦਾ ਦਾਅ ਉੱਤੇ ਲੱਗਾ ਹੋਇਆ ਸੀ। ਇੱਕ ਤਾਂ ਇਸ ਕਰ ਕੇ ਕਿ ਜ਼ਿਮੇਵਾਰੀ ਬਹੁਤ ਵੱਡੀ ਸੀ। ਦੂਜਾ ਸਾਡੇ ਸਮੇਂ ਵਿੱਚ ਸਭ ਤੋਂ ਵੱਡੀ ਚੁਣੌਤੀ ਦਹਿਸ਼ਤਗਰਦੀ ਕਾਰਨ ਸਾਰਿਆਂ ਦੀ ਸੁਰੱਖਿਆ ਦੀ ਸੀ। ਤੀਜਾ, ਭਾਰਤ ਦੇ ਆਪਣੇ ਅੰਦਰੋਂ ਪ੍ਰਬੰਧਕਾਂ ਦੇ ਨਾਂਅ ਉੱਤੇ ਇਕੱਠੀ ਹੋਈ ਖੇਡਾਂ ਬਹਾਨੇ ਖਾਣ-ਪੀਣ ਵਾਲੀ ਧਾੜ ਕਾਰਨ ਕਿੰਤੂ ਖੜਾ ਹੋ ਗਿਆ ਸੀ। ਜਦੋਂ ਖੇਡਾਂ ਵਿੱਚ ਸਿਰਫ ਇੱਕ ਹਫਤਾ ਰਹਿ ਗਿਆ, ਓਦੋਂ ਕਈ ਦੇਸ਼ਾਂ ਵਿੱਚੋਂ ਇਹ ਆਵਾਜ਼ਾਂ ਆਉਣ ਲੱਗ ਪਈਆਂ ਸਨ ਕਿ ਉਹ ਇਹੋ ਜਿਹੇ ਰੱਦੀ ਪ੍ਰਬੰਧਾਂ ਵਾਲੇ ਹਾਲਾਤ ਵਿੱਚ ਆਪਣੇ ਖਿਡਾਰੀ ਨਹੀਂ ਭੇਜਣਗੇ। ਹਾਲਾਤ ਵਿੱਚ ਓਦੋਂ ਹੋਰ ਵੀ ਵੱਡਾ ਵਿਗਾੜ ਆ ਗਿਆ, ਜਦੋਂ ਉਦਘਾਟਨੀ ਸਮਾਗਮ ਵਾਲੇ ਸਟੇਡੀਅਮ ਦੇ ਰਾਹ ਉੱਤੇ ਬਣਾਇਆ ਪੌੜੀਆਂ ਵਾਲਾ ਪੁਲ ਤਾਸ਼ ਦੇ ਪੱਤਿਆਂ ਵਾਂਗ ਕਿਰ ਗਿਆ ਅਤੇ ਕਈ ਸਟੇਡੀਅਮਾਂ ਦੀਆਂ ਸਟੇਜ ਵਾਲੀਆਂ ਛੱਤਾਂ ਵੀ ਚੋਂਦੀਆਂ ਦਿੱਸ ਪਈਆਂ। ਵਿਦੇਸ਼ੀ ਟੀ ਵੀ ਕੈਮਰਿਆਂ ਨੇ ਆਪਣੇ ਦੇਸ਼ਾਂ ਦੇ ਲੋਕਾਂ ਨੂੰ ਖਿਡਾਰੀਆਂ ਦੇ ਰਹਿਣ ਕਮਰਿਆਂ ਦੇ ਗੰਦੇ ਬਾਥਰੂਮ ਅਤੇ ਥਾਂ-ਥਾਂ ਫਿਰਦੇ ਅਵਾਰਾ ਕੁੱਤਿਆਂ ਦੇ ਦਰਸ਼ਨ ਵੀ ਕਰਵਾ ਦਿੱਤੇ।
ਏਥੇ ਆ ਕੇ ਸਾਰਾ ਪ੍ਰਬੰਧ ਭਾਰਤ ਦੇ ਪ੍ਰਧਾਨ ਮੰਤਰੀ ਦੇ ਦਫਤਰ ਨੂੰ ਆਪਣੇ ਹੱਥ ਲੈਣਾ ਪਿਆ ਅਤੇ ਬਹੁਤੀ ਜ਼ਿਮੇਵਾਰੀ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਸੌਂਪੀ ਗਈ। ਇਸ ਗੱਲ ਦੀ ਦਾਦ ਦੇਣੀ ਬਣਦੀ ਹੈ ਕਿ ਸ਼ੀਲਾ ਦੀਕਸ਼ਤ ਦੀ ਅਗਵਾਈ ਹੇਠ ਦਿੱਲੀ ਦੀਆਂ ਦੋਵੇਂ ਨਗਰ ਨਿਗਮਾਂ ਅਤੇ ਹੋਰ ਸਾਰੀਆਂ ਏਜੰਸੀਆਂ ਨੇ ਵਧੀਆ ਜ਼ਿਮੇਵਾਰੀ ਨਿਭਾਈ। ਅਵਾਰਾ ਕੁੱਤਿਆਂ ਦਾ ਬਾਨ੍ਹਣੂ ਪਹਿਲੇ ਦਿਨ ਹੀ ਬੱਝ ਗਿਆ, ਜਦੋਂ ਖੇਡ ਪਿੰਡ ਦੇ ਗਿਰਦ ਬਣੀ ਚਾਰ-ਦੀਵਾਰੀ ਵਿੱਚ ਰਾਤ-ਬਰਾਤੇ ਗੰਦੇ ਕੰਮਾਂ ਲਈ ਰੱਖੇ ਮਘੋਰੇ ਬੰਦ ਕਰ ਦਿੱਤੇ ਗਏ। ਸਫਾਈ ਦਾ ਠੇਕਾ ਜਿਨ੍ਹਾਂ ਨੂੰ ਦਿੱਤਾ ਸੀ, ਉਨ੍ਹਾਂ ਵੱਲੋਂ ਤਾਂ ਪੈਸੇ ਬਟੋਰਨ ਪਿੱਛੋਂ ਕੁਝ ਕੀਤਾ ਨਹੀਂ ਸੀ ਗਿਆ, ਸ਼ੀਲਾ ਦੀਕਸ਼ਤ ਦੀ ਅਪੀਲ ਅਤੇ ਦੇਸ਼ ਦੇ ਸਤਿਕਾਰ ਦਾ ਖਿਆਲ ਕਰ ਕੇ ਦਿੱਲੀ ਦੇ ਸਾਰੇ ਵੱਡੇ ਹੋਟਲਾਂ ਨੇ ਆਪਣਾ ਸਟਾਫ ਭੇਜ ਕੇ ਖਿਡਾਰੀਆਂ ਦੀ ਰਿਹਾਇਸ਼ ਆਦਿ ਦਾ ਕੰਮ ਠੀਕ ਕਰ ਦਿੱਤਾ। ਜਿਹੜਾ ਪੌੜੀਆਂ ਵਾਲਾ ਪੁਲ ਢਹਿ ਗਿਆ ਸੀ, ਪ੍ਰਧਾਨ ਮੰਤਰੀ ਦਫਤਰ ਦੇ ਕਹਿਣ ਉੱਤੇ ਉਸ ਦੀ ਥਾਂ ਫੌਜ ਦੇ ਇੰਜੀਨੀਅਰਾਂ ਨੇ ਰਾਤ-ਦਿਨ ਇੱਕ ਕਰ ਕੇ ਸਿਰਫ ਛੇ ਦਿਨਾਂ ਵਿੱਚ ਏਨਾ ਵਧੀਆ ਆਰਜ਼ੀ ਪੁਲ ਬਣਾ ਦਿੱਤਾ, ਜਿਸ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਗਿਆ। ਇਹੋ ਜਿਹੇ ਹਾਲਾਤ ਵਿੱਚ ਜਦੋਂ ਖੇਡਾਂ ਦਾ ਉਦਘਾਟਨ ਹੋਇਆ, ਬਾਹਰੋਂ ਆਏ ਹਰ ਦੇਸ਼ ਦੇ ਖਿਡਾਰੀਆਂ ਅਤੇ ਹੋਰ ਮਹਿਮਾਨਾਂ ਨੇ ਓਸੇ ਦਿਨ ਕਹਿ ਦਿੱਤਾ ਕਿ ਉਨ੍ਹਾਂ ਦੇ ਸਾਰੇ ਖਦਸ਼ੇ ਦੂਰ ਹੋ ਗਏ ਹਨ ਤੇ ਆਸ ਹੈ ਕਿ ਹੁਣ ਸਾਰਾ ਕੁਝ ਠੀਕ ਹੀ ਹੋਵੇਗਾ।
ਅਗਲਾ ਕੰਮ ਸੀ ਸੁਰੱਖਿਆ ਦਾ, ਇਸ ਵਿੱਚ ਵੀ ਸੁੱਖ-ਸਾਂਦ ਰਹੀ। ਇਹ ਨਹੀਂ ਕਿ ਸਾਜ਼ਿਸ਼ਾਂ ਨਹੀਂ ਸਨ ਹੋ ਰਹੀਆਂ, ਸਗੋਂ ਵਧੀਆ ਗੱਲ ਇਹ ਕਿ ਸਾਰੇ ਹੱਲੇ ਨਾਕਾਮ ਹੋ ਗਏ ਸਨ। ਸਾਜ਼ਿਸ਼ ਤਾਂ ਕੰਪਿਊਟਰੀ ਸ਼ਰਾਰਤਾਂ ਰਾਹੀਂ ਖੇਡਾਂ ਦੇ ਨਤੀਜੇ ਬਦਲ ਦੇਣ ਤੱਕ ਵੀ ਕੀਤੀ ਗਈ ਸੀ, ਤਾਂ ਕਿ ਭਾਰਤ ਦਾ ਜਲੂਸ ਕੱਢਿਆ ਜਾਵੇ। ਇਸ ਮਾਮਲੇ ਵਿੱਚ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਹਰ ਪੱਖੋਂ ਆਪਣੀ ਯੋਗਤਾ ਨੂੰ ਸਾਬਤ ਕਰ ਵਿਖਾਇਆ ਹੈ।
ਜਿੱਥੋਂ ਤੱਕ ਇਨ੍ਹਾਂ ਖੇਡਾਂ ਵਿੱਚ ਕਾਰਗੁਜ਼ਾਰੀ ਦਾ ਸੰਬੰਧ ਹੈ, ਉਸ ਵਿੱਚ ਭਾਰਤ ਦੇ ਖਿਡਾਰੀਆਂ ਨੇ ਕਮਾਲ ਕਰ ਵਿਖਾਈ ਹੈ। ਪਹਿਲੀ ਵਾਰੀ ਭਾਰਤ ਨੇ ਕੁੱਲ ਤਮਗਿਆਂ ਦੇ ਮਾਮਲੇ ਵਿੱਚ ਸੌ ਦਾ ਅੰਕੜਾ ਪਾਰ ਕੀਤਾ ਤੇ ਪਹਿਲੀ ਵਾਰੀ ਉਸ ਨੇ ਕਾਮਨਵੈੱਲਥ ਖੇਡਾਂ ਦੌਰਾਨ ਦੂਜੀ ਥਾਂ ਮੱਲੀ ਹੈ। ਕਮਾਲ ਇਸ ਪੱਖੋਂ ਵੀ ਹੈ ਕਿ ਭਾਰਤੀ ਕੁੜੀਆਂ ਨੇ ਇਸ ਵਾਰੀ ਆਪਣੀ ਧਾਂਕ ਜਮਾ ਦਿੱਤੀ ਅਤੇ ਜਿੱਤਣ ਵਾਲੀ ਹਰ ਕੁੜੀ ਹੋਰ ਜੋ ਵੀ ਬੋਲੀ ਹੋਵੇ, ਇਹ ਆਖਣਾ ਨਹੀਂ ਭੁੱਲੀ ਕਿ ਜੇ ਧੀਆਂ ਨੂੰ ਮੌਕੇ ਦਿੱਤੇ ਜਾਣਗੇ ਤਾਂ ਉਹ ਇੰਜ ਹੀ ਦੇਸ਼ ਦਾ ਨਾਂਅ ਰੋਸ਼ਨ ਕਰਨਗੀਆਂ। ਦੇਸ਼ ਦੇ ਲੋਕਾਂ ਨੂੰ ਇਹ ਆਖਣ ਤੋਂ ਵੀ ਉਹ ਨਹੀਂ ਰਹੀਆਂ ਕਿ ਧੀਆਂ ਨੂੰ ਕੁੱਖਾਂ ਵਿੱਚ ਮਾਰਨ ਦਾ ਕਲੰਕ ਖੱਟਣ ਦੀ ਥਾਂ ਸਾਡੇ ਮਾਂ-ਬਾਪ ਵਾਂਗ ਅਸ਼ੀਰਵਾਦ ਦੇ ਕੇ ਮੈਦਾਨ ਵਿੱਚ ਉਤਾਰੋ ਤਾਂ ਉਹ ਤੁਹਾਡਾ ਸਿਰ ਉੱਚਾ ਕਰਨਗੀਆਂ। ਧੀਆਂ ਦਾ ਏਨੀ ਵੱਡੀ ਭੱਲ ਖੱਟ ਜਾਣਾ ਸਾਡੇ ਦੇਸ਼ ਵਿੱਚ ਉਨ੍ਹਾਂ ਪ੍ਰਤੀ ਲੋਕਾਂ ਦੀ ਭਾਵਨਾ ਬਦਲਣ ਵਿੱਚ ਕੁਝ ਨਾ ਕੁਝ ਭੂਮਿਕਾ ਜ਼ਰੂਰ ਨਿਭਾਵੇਗਾ।
ਇੱਕ ਗੱਲ ਜਿਹੜੀ ਹਰ ਕਿਸੇ ਨੇ ਹੈਰਾਨੀ ਨਾਲ ਨੋਟ ਕੀਤੀ, ਉਹ ਇਹ ਕਿ ਭਾਰਤ ਵੱਲੋਂ ਜਿੱਤੇ ਅਠੱਤੀ ਸੋਨ ਤਮਗਿਆਂ ਵਿੱਚੋਂ ਪੰਦਰਾਂ ਇਕੱਲੇ ਹਰਿਆਣੇ ਦੇ ਖਿਡਾਰੀ ਮੁੰਡੇ-ਕੁੜੀਆਂ ਨੇ ਕਮਾਏ ਹਨ। ਪਹਿਲਵਾਨੀ ਵਿੱਚ ਵੀ ਉਨ੍ਹਾਂ ਨੇ ਕਮਾਲ ਕੀਤੀ, ਮੁਕੇਬਾਜ਼ੀ ਵਿੱਚ ਵੀ ਤੇ ਕੁਝ ਹੋਰ ਖੇਡਾਂ ਵਿੱਚ ਵੀ। ਜਿਸ ਹਰਿਆਣੇ ਵਿੱਚ ਕੁੜੀਆਂ ਉੱਤੇ ਪਾਬੰਦੀਆਂ ਦੀ ਚਰਚਾ ਆਮ ਹੁੰਦੀ ਹੈ, ਓਸੇ ਦੀਆਂ ਧੀਆਂ ਜਦੋਂ ਇੱਕ ਪਿੱਛੋਂ ਦੂਜਾ ਤਮਗਾ ਜਿੱਤ ਰਹੀਆਂ ਸਨ ਤਾਂ ਲੋਕ ਹੈਰਾਨ ਸਨ ਕਿ ਜਾਟ ਭਾਈਚਾਰੇ ਵਿੱਚ ਵੀ ਏਦਾਂ ਦੇ ਅੱਗੇ ਵਧੂ ਪਰਿਵਾਰ ਹਨ, ਜਿਨ੍ਹਾਂ ਨੇ ਆਪਣੀਆਂ ਧੀਆਂ ਇਸ ਪਾਸੇ ਜਾਣ ਲਈ ਖੁਦ ਪ੍ਰੇਰੀਆਂ ਹਨ। ਇੱਕ ਸੋਨ ਤਮਗਾ ਜੇਤੂ ਤੇ ਦੂਜੀ ਚਾਂਦੀ ਦਾ ਤਮਗਾ ਜਿੱਤਣ ਵਾਲੀ, ਦੋ ਸਕੀਆਂ ਭੈਣਾਂ ਇਹ ਦੱਸਣ ਵੇਲੇ ਖੁਸ਼ੀ ਨਾਲ ਖੀਵੀਆਂ ਹੋ ਰਹੀਆਂ ਸਨ ਕਿ ਉਨ੍ਹਾਂ ਨੂੰ ਮੁੱਢਲੀ ਕਸਰਤ ਉਨ੍ਹਾਂ ਦੇ ਪਿਤਾ ਜੀ ਆਪ ਕਰਵਾਉਂਦੇ ਰਹੇ ਸਨ ਤੇ ਕੋਚ ਦੀ ਕਦੇ ਝਾਕ ਨਹੀਂ ਰੱਖੀ ਸੀ। ਮੁਬਾਰਕ ਹੈ ਉਨ੍ਹਾਂ ਦੇ ਪਿਤਾ ਜੀ, ਪਰ ਨਾਲ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਇਸ ਮਾਮਲੇ ਵਿੱਚ ਹਰਿਆਣਵੀ ਖਿਡਾਰੀਆਂ ਦੀ ਕਾਰਗੁਜ਼ਾਰੀ ਲਈ ਓਥੋਂ ਦੀ ਹਾਕਮ ਅਤੇ ਵਿਰੋਧੀ ਧਿਰ ਦੋਵਾਂ ਨੇ ਯੋਗਦਾਨ ਪਾਇਆ ਹੈ। ਮੁੱਖ ਮੰਤਰੀ ਭੁਪਿੰਦਰ ਸਿੰਘ ਹੁਡਾ ਵੀ ਖਿਡਾਰੀਆਂ ਦੀ ਹਰ ਪੱਖੋਂ ਮਦਦ ਕਰਨ ਵਿੱਚ ਪਿੱਛੇ ਨਹੀਂ ਰਹੇ ਤੇ ਜਿੱਤਣ ਵਾਲੇ ਮੁੱਕੇਬਾਜ਼ ਆਪਣੀ ਫੈਡਰੇਸ਼ਨ ਦੇ ਮੁਖੀ ਅਭੈ ਚੌਟਾਲਾ ਦੇ ਅਸ਼ੀਰਵਾਦ ਅਤੇ ਸਹਿਯੋਗ ਦਾ ਜ਼ਿਕਰ ਕਰਨੋਂ ਵੀ ਨਹੀਂ ਸਨ ਉੱਕਦੇ। ਇਸ ਦੀ ਤੁਲਨਾ ਸਾਨੂੰ ਪੰਜਾਬ ਦੇ ਲੀਡਰਾਂ ਨਾਲ ਕਰਨੀ ਪੈਂਦੀ ਹੈ, ਜਿਹੜੇ ਕਿਸੇ ਵੀ ਮਾਮਲੇ ਵਿੱਚ ਏਦਾਂ ਦੀ ਕਾਰਗੁਜ਼ਾਰੀ ਨਹੀਂ ਵਿਖਾ ਸਕੇ ਅਤੇ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਵਧਾਈ ਵੀ ਕਿਸੇ ਸ਼ਗਨ ਤੋਂ ਸੱਖਣੀ ਹੀ ਦੇਈ ਜਾਂਦੇ ਰਹੇ ਹਨ।
ਜਿਹੜੇ ਖਿਡਾਰੀਆਂ ਨੇ ਮੱਲਾਂ ਮਾਰੀਆਂ ਹਨ, ਉਨ੍ਹਾਂ ਦੀ ਕਾਰਗੁਜ਼ਾਰੀ ਦੀ ਚਰਚਾ ਕਰਦਿਆਂ ਸਾਨੂੰ ਖੁਸ਼ੀ ਘੱਟ ਤੇ ਸ਼ਰਮ ਵੱਧ ਆਉਂਦੀ ਹੈ। ਜੋ ਉਨ੍ਹਾਂ ਕਰ ਵਿਖਾਇਆ, ਉਸ ਵਿੱਚ ਬਹੁਤਾ ਹੰਭਲਾ ਉਨ੍ਹਾਂ ਦਾ ਆਪਣਾ ਹੈ, ਸਰਕਾਰ-ਦਰਬਾਰ ਜਾਂ ਬਹੁਤੀਆਂ ਫੱਟਾ-ਫੈਡਰੇਸ਼ਨਾਂ ਅਤੇ ਸਰਕਾਰੀ ਮਹਿਕਮਿਆਂ ਨੇ ਉਨ੍ਹਾਂ ਨੂੰ ਜਿਵੇਂ ਨਿਰਾਸ਼ ਕੀਤਾ, ਉਸ ਦੇ ਰੂ-ਬ-ਰੂ ਤਾਂ ਇਹ ਪ੍ਰਾਪਤੀਆਂ ਵੀ ਇੱਕ ਅਚੰਭਾ ਜਾਪਦੀਆਂ ਹਨ।
ਮਿਸਾਲ ਵਜੋਂ ਹਾਕੀ ਭਾਰਤ ਦੀ ਕੌਮੀ ਖੇਡ ਹੈ। ਜਿੱਦਾਂ ਦਾ ਸਾਡੇ ਕੌਮੀ ਲੀਡਰਾਂ ਦਾ ਕਿਰਦਾਰ ਬਣਿਆ ਪਿਆ ਹੈ, ਓਹੋ ਹਾਲ ਇਸ ਖੇਡ ਦਾ ਕਰ ਛੱਡਿਆ ਹੈ। ਜਦੋਂ ਕਾਮਵੈੱਲਥ ਖੇਡਾਂ ਵਿੱਚ ਸਿਰਫ ਇੱਕ ਹਫਤਾ ਬਾਕੀ ਰਹਿ ਗਿਆ ਸੀ, ਅਜੇ ਇਹੋ ਤੈਅ ਨਹੀਂ ਸੀ ਹੋ ਰਿਹਾ ਕਿ ਹਾਕੀ ਟੀਮ ਦਾ ਅਗਵਾਨੂੰ ਕਿਸ ਨੇ ਲੱਗਣਾ ਹੈ? ਕੇ ਪੀ ਐਸ ਗਿੱਲ ਵਾਲੀ ਭਾਰਤੀ ਹਾਕੀ ਫੈਡਰੇਸ਼ਨ ਅਦਾਲਤ ਤੋਂ ਕੇਸ ਜਿੱਤ ਕੇ ਇਸ ਦੀ ਕਮਾਨ ਸਾਂਭਣ ਦੀ ਲੜਾਈ ਲੜਦੀ ਪਈ ਸੀ ਤੇ 'ਹਾਕੀ ਇੰਡੀਆ' ਨਾਂਅ ਦੀ ਕੰਪਨੀ ਇਸ ਦਾ ਝੰਡਾ ਵੱਖ ਚੁੱਕੀ ਫਿਰਦੀ ਸੀ। ਜਦੋਂ ਮੈਦਾਨ ਦੇ ਦਰਵਾਜ਼ੇ ਉੱਤੇ ਖੜੇ ਖਿਡਾਰੀਆਂ ਨੂੰ ਇਹ ਹੀ ਪਤਾ ਨਹੀਂ ਸੀ ਕਿ ਅਗਲਾ ਪੜਾਅ ਕਿਸ ਦੀ ਉਂਗਲ ਫੜ ਕੇ ਪਾਰ ਕਰਨਾ ਹੈ, ਜਾਂ ਇਹ ਕਿ ਖੇਡਣ ਵੀ ਦੇਣਗੇ ਜਾਂ ਨਹੀਂ, ਤਾਂ ਉਹ ਇੱਕ ਮਨ ਨਾਲ ਖੇਡ ਵੀ ਕਿਵੇਂ ਸਕਦੇ ਸਨ? ਇਸ ਦੇ ਬਾਵਜੂਦ ਉਨ੍ਹਾਂ ਬੜੇ ਸਿਦਕ ਨਾਲ ਖੇਡਦਿਆਂ ਮਲੇਸ਼ੀਆ ਹੀ ਨਹੀਂ, ਪਾਕਿਸਤਾਨ ਵਰਗੇ ਪੁਰਾਣੇ ਅਤੇ ਵੱਕਾਰੀ ਵਿਰੋਧੀ ਨੂੰ ਵੀ ਮਧੋਲ ਦਿੱਤਾ ਤੇ ਇੰਗਲੈਂਡ ਵਰਗੀ ਵਧੀਆ ਟੀਮ ਨੂੰ ਵੀ ਟਾਈ-ਬਰੇਕਰ ਨਾਲ ਹਰਾ ਕੇ ਫਾਈਨਲ ਤੱਕ ਜਾ ਪੁੱਜੇ। ਸੰਸਾਰ ਦੀ ਸ੍ਰੇਸ਼ਠ ਮੰਨੀ ਜਾਂਦੀ ਆਸਟਰੇਲੀਆ ਦੀ ਟੀਮ ਤੋਂ ਪਾਰ ਪਾਉਣਾ ਉਨ੍ਹਾਂ ਦੇ ਵੱਸ ਵਿੱਚ ਜੇ ਨਹੀਂ ਸੀ ਤਾਂ ਇਸ ਕਰ ਕੇ ਕਿ ਉਨ੍ਹਾਂ ਦਾ ਤਿਆਰੀ ਦੇ ਸਮੇਂ ਵਿੱਚ ਕੋਈ ਖਸਮ-ਸਾਈਂ ਨਹੀਂ ਸੀ। ਫਿਰ ਵੀ ਉਨ੍ਹਾਂ ਨੇ ਜੋ ਕੁਝ ਕਰ ਵਿਖਾਇਆ ਹੈ, ਉਸ ਪਿੱਛੋਂ ਇਹ ਕਹਿ ਦੇਣਾ ਬਣਦਾ ਹੈ, 'ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।'
ਜਿਹੜੀਆਂ ਦੂਜੀਆਂ ਖੇਡਾਂ ਵਿੱਚ ਇਹੋ ਜਿਹੀ ਹਾਲਤ ਸੀ, ਉਨ੍ਹਾਂ ਵਿੱਚ ਨਿਸ਼ਾਨੇਬਾਜ਼ੀ ਸ਼ਾਮਲ ਹੈ। ਇੱਕ ਕੁੜੀ ਅਨੀਸਾ ਸਈਦ ਨੇ ਇਸ ਖੇਡ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਜਿੱਤਣ ਤੱਕ ਦਾ ਉਸ ਦਾ ਸਫਰ ਬੜਾ ਦੁਖੀ ਕਰਨ ਵਾਲਾ ਸੀ। ਕਦੇ ਉਸ ਨੂੰ ਏਸੇ ਖੇਡ ਸਦਕਾ ਰੇਲਵੇ ਵਿੱਚ ਨੌਕਰੀ ਦਿੱਤੀ ਗਈ ਸੀ। ਰੇਲਵੇ ਅਧਿਕਾਰੀਆਂ ਨੇ ਨੌਕਰੀ ਦੇਣ ਵਾਲੇ ਅਹਿਸਾਨ ਦਾ ਜਲੂਸ ਓਦੋਂ ਕੱਢ ਦਿੱਤਾ, ਜਦੋਂ ਉਸ ਨੂੰ ਇਹ ਕਿਹਾ ਕਿ ਖੇਡ ਦੀ ਤਿਆਰੀ ਭਾਵੇਂ ਦਿੱਲੀ ਵਿੱਚ ਕਰਦੀ ਰਹੇ, ਹਫਤੇ ਦੇ ਦੋ ਦਿਨ ਮੁੰਬਈ ਨੇੜਲੇ ਦਫਤਰ ਵਿੱਚ ਆ ਕੇ ਹਾਜ਼ਰੀ ਭਰਿਆ ਕਰੇ। ਦੋ ਦਿਨ ਮੁੰਬਈ ਜਾਣ ਲਈ ਇੱਕ-ਇੱਕ ਦਿਨ ਆਉਣ ਅਤੇ ਜਾਣ ਦਾ ਰੇਲ ਦਾ ਸਫਰ ਪਾ ਕੇ ਤਿਆਰੀ ਲਈ ਸਮਾਂ ਹੀ ਨਹੀਂ ਸੀ ਬਚਣਾ। ਉਸ ਨੇ ਜਾ ਕੇ ਰੇਲ ਮੰਤਰੀ ਮਮਤਾ ਬੈਨਰਜੀ ਕੋਲ ਫਰਿਆਦ ਕੀਤੀ। ਮਮਤਾ ਬੀਬੀ ਨੇ ਅੱਗੋਂ ਇਹ ਕਹਿ ਦਿੱਤਾ ਕਿ ਨੌਕਰੀ ਦੇ ਨਿਯਮਾਂ ਦੇ ਮਾਮਲੇ ਵਿੱਚ ਢਿੱਲ ਨਹੀਂ ਦਿੱਤੀ ਜਾ ਸਕਦੀ। ਕੁੜੀ ਵਿਚਾਰੀ ਨੂੰ ਨੌਕਰੀ ਛੱਡਣੀ ਪੈ ਗਈ। ਪਰਵਾਰ ਹੋਰ ਖਰਚੇ ਝੱਲਦਾ ਰਿਹਾ, ਪਰ ਫੇਰ ਇੱਕ ਹੋਰ ਮੁਸ਼ਕਲ ਆ ਗਈ, ਜਦੋਂ ਉਸ ਪਿਸਟਲ ਦੀ ਪਿੰਨ ਟੁੱਟ ਗਈ, ਜਿਸ ਨਾਲ ਉਸ ਨੇ ਮੁਕਾਬਲਾ ਕਰਨਾ ਸੀ। ਕਿਸੇ ਫੈਡਰੇਸ਼ਨ ਨੇ ਪਿੰਨ ਵੀ ਲੈ ਕੇ ਨਹੀਂ ਸੀ ਦਿੱਤੀ। ਆਖਰ ਸੀਨੀਅਰ ਨਿਸ਼ਾਨੇਬਾਜ਼ ਸਮਰੇਸ਼ ਜੰਗ ਨੇ ਆਪਣੇ ਪਿਸਟਲ ਦੀ ਪਿੰਨ ਕੱਢ ਕੇ ਦਿੱਤੀ ਤੇ ਵਿਚਾਰੀ ਅਨੀਸਾ ਨੇ ਜਦੋਂ ਮੰਗਵੀਂ ਪਿੰਨ ਨਾਲ ਵੀ ਸੋਨੇ ਦਾ ਤਮਗਾ ਜਿੱਤ ਲਿਆ ਤਾਂ ਮੰਤਰੀ ਤੋਂ ਲੈ ਕੇ ਫੈਡਰੇਸ਼ਨ ਦੇ ਅਹੁਦੇਦਾਰ ਤੱਕ ਉਸ ਨਾਲ ਫੋਟੋ ਖਿਚਾਉਣ ਪਹੁੰਚ ਗਏ। ਉਸ ਨੇ ਫਿਰ ਵੀ ਕੋਈ ਸ਼ਿਕਵਾ ਨਹੀਂ ਸੀ ਕੀਤਾ, ਸਿਰਫ ਆਪਣੇ ਪਤੀ ਜਾਂ ਫਿਰ ਆਪਣੇ ਪਿਸਟਲ ਦੀ ਪਿੰਨ ਕੱਢ ਕੇ ਦੇਣ ਵਾਲੇ ਸੀਨੀਅਰ ਖਿਡਾਰੀ ਦਾ ਧੰਨਵਾਦ ਕਰ ਕੇ ਚੁੱਪ ਹੋ ਗਈ ਸੀ।
ਇੱਕ ਹੋਰ ਕੁੜੀ ਸੋਨੇ ਦਾ ਤਮਗਾ ਜਿੱਤ ਗਈ। ਉਸ ਨਾਲ ਫੋਟੋ ਵੇਲੇ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਵੀ ਆਣ ਖੜੋਤੇ। ਕੁਝ ਦੇਰ ਬਾਅਦ ਜਦੋਂ ਉਹ ਕੁੜੀ ਬਾਹਰ ਨਿਕਲੀ, ਮੰਤਰੀ ਤੇ ਅਫਸਰ ਲੰਮੀਆਂ-ਲੰਮੀਆਂ ਸਰਕਾਰੀ ਕਾਰਾਂ ਵਿੱਚ ਚੜ੍ਹ ਕੇ ਜਾ ਚੁੱਕੇ ਸਨ ਤੇ ਉਹ ਆਪਣੇ ਮਾਂ-ਬਾਪ ਅਤੇ ਕੋਚ ਨਾਲ ਖੜੀ ਥਰੀ-ਵ੍ਹੀਲਰ ਵਾਲਿਆਂ ਨੂੰ ਹੱਥ ਦੇ ਕੇ ਰੋਕਦੀ ਪਈ ਸੀ। ਇਹ ਖਬਰ ਟੀ ਵੀ ਉੱਤੇ ਵੇਖ ਕੇ ਵੀ ਕਿਸੇ ਨੇ ਅਫਸੋਸ ਤੱਕ ਨਹੀਂ ਸੀ ਕੀਤਾ।
ਹੋਰ ਸੁਣੋ, ਇੱਕ ਕੁੜੀ ਨੇ ਸੋਨੇ ਦਾ ਤਮਗਾ ਜਿੱਤ ਲਿਆ। ਉਸ ਨਾਲ ਜਦੋਂ ਸਾਰੇ ਵੱਡੇ ਲੋਕ ਫੋਟੋ ਖਿੱਚਵਾ ਰਹੇ ਸਨ, ਓਦੋਂ ਕਿਸੇ ਨੇ ਉਸ ਨੂੰ ਖੁਸ਼ੀ ਦੀ ਇਹ ਖਬਰ ਆਣ ਸੁਣਾਈ ਕਿ ਉਸ ਦੇ ਰਾਜ ਦੇ ਮੁੱਖ ਮੰਤਰੀ ਨੇ ਉਸ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਕੋਲ ਖੜੀ ਉਸ ਕੁੜੀ ਦੀ ਮਾਂ ਦਾ ਹਾਸਾ ਨਿਕਲ ਗਿਆ। ਉਸ ਨੇ ਦੱਸਿਆ ਕਿ ਜਦੋਂ ਪਿਛਲੀ ਵਾਰੀ ਇਸ ਕੁੜੀ ਨੇ ਸੋਨ-ਤਮਗਾ ਜਿੱਤਿਆ ਸੀ, ਓਦੋਂ ਵੀ ਮੁੱਖ ਮੰਤਰੀ ਨੇ ਏਦਾਂ ਦਾ ਐਲਾਨ ਕੀਤਾ ਸੀ, ਉਸ ਨੂੰ ਕਹਿ ਦਿਓ ਕਿ ਹੁਣ ਵਾਲਾ ਇਨਾਮ ਰਹਿਣ ਦੇਵੇ, ਪਿਛਲੀ ਵਾਰੀ ਦਾ ਵਾਅਦਾ ਹੀ ਪੂਰਾ ਕਰ ਛੱਡੇ। ਇਹ ਗੱਲ ਟੀ ਵੀ ਤੋਂ ਉਸ ਮੁੱਖ ਮੰਤਰੀ ਨੇ ਵੀ ਸੁਣੀ ਹੋਵੇਗੀ, ਪਰ ਸ਼ਰਮ ਉਸ ਨੂੰ ਫੇਰ ਵੀ ਨਹੀਂ ਆਈ ਹੋਵੇਗੀ।
ਸ਼ਰਮ ਆ ਕਿੱਦਾਂ ਸਕਦੀ ਹੈ? ਜੇ ਸ਼ਰਮ ਆਉਂਦੀ ਹੁੰਦੀ ਤਾਂ ਲੀਡਰ ਲੋਕ ਖੇਡਾਂ ਨੂੰ ਕਮਾਈ ਦਾ ਕਾਰੋਬਾਰ ਹੀ ਕਿਉਂ ਬਣਾ ਦੇਂਦੇ? ਹਾਲੇ ਪਿਛਲੇ ਮਹੀਨਿਆਂ ਵਿੱਚ ਅਸੀਂ ਕ੍ਰਿਕਟ ਦੀ ਆਈ ਪੀ ਐਲ ਲੜੀ ਦਾ ਭ੍ਰਿਸ਼ਟਾਚਾਰ ਵੇਖਿਆ ਸੀ। ਉਸ ਦੇ ਰੌਲੇ ਕਾਰਨ ਇੱਕ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੂੰ ਵਜ਼ੀਰੀ ਛੱਡਣੀ ਪਈ ਸੀ। ਜਿਸ ਆਈ ਪੀ ਐਲ ਦੇ ਘਚੋਲੇ ਵਿੱਚ ਉਸ ਦੀ ਵਜ਼ੀਰੀ ਗਈ, ਉਸ ਦਾ ਮੁੱਖ ਧੰਦੇਬਾਜ਼ ਲਲਿਤ ਮੋਦੀ ਉਨ੍ਹਾਂ ਮੈਚਾਂ ਤੋਂ ਬਾਅਦ ਵਲਾਵੇਂ ਵਿੱਚ ਆ ਗਿਆ ਸੀ। ਫਿਰ ਉਹ ਦੇਸ਼ ਛੱਡ ਕੇ ਦੌੜ ਗਿਆ। ਕੇਸ ਬਣਦੇ ਰਹੇ, ਪਰ ਉਹ ਕਿਸੇ ਪੇਸ਼ੀ ਲਈ ਏਥੇ ਨਾ ਆਇਆ। ਹੁਣ ਭਾਰਤ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਸ ਦੇ ਖਿਲਾਫ 'ਲੁੱਕ ਆਊਟ ਕਾਰਨਰ' ਜਾਰੀ ਕੀਤਾ ਹੈ, ਜਿਸ ਦਾ ਮਤਲਬ ਹੈ ਕਿ ਜਿਸ ਵੀ ਹਵਾਈ ਅੱਡੇ ਜਾਂ ਬੰਦਰਗਾਹ ਉੱਤੇ ਦਿਖਾਈ ਦੇਵੇ, ਉਸ ਨੂੰ ਫੌਰੀ ਗ੍ਰਿਫਤਾਰ ਕਰ ਲਿਆ ਜਾਵੇ। ਕਿਹਾ ਇਹ ਗਿਆ ਹੈ ਕਿ ਉਸ ਨੇ ਥੋੜ੍ਹਾ ਜਿਹਾ ਨਹੀਂ, ਚਾਰ ਸੌ ਸੱਤਰ ਕਰੋੜ ਰੁਪੈ ਦਾ ਆਈ ਪੀ ਐਲ ਕ੍ਰਿਕਟ ਦੇ ਨਾਂਅ ਉੱਤੇ ਗੋਲ-ਮਾਲ ਕੀਤਾ ਹੈ। ਉਹ ਸਿਰਫ ਇੱਕ ਖੇਡ ਐਸੋਸੀਏਸ਼ਨ ਦਾ ਚੇਅਰਮੈਨ ਸੀ, ਜਿਸ ਦੇ ਨਾਂਅ ਚਾਰ ਸੌ ਸੱਤਰ ਕਰੋੜ ਰੁਪੈ ਦੀ ਹੇਰਾਫੇਰੀ ਦਾ ਦੋਸ਼ ਹੈ, ਕਾਮਨਵੈੱਲਥ ਖੇਡਾਂ ਦਾ ਖਰਚਾ ਮੁੱਢਲੇ ਤੌਰ ਉੱਤੇ ਸੱਤਰ ਹਜ਼ਾਰ ਕਰੋੜ ਰੁਪੈ ਦੱਸਿਆ ਗਿਆ ਹੈ, ਜਿਸ ਦੇ ਠੇਕੇ ਲੈਣ ਵਾਲੀਆਂ ਕਈ ਕੰਪਨੀਆਂ ਭੱਜ ਗਈਆਂ ਜਾਂ ਇਸ਼ਾਰਾ ਕਰ ਕੇ ਭਜਾ ਦਿੱਤੀਆਂ ਗਈਆਂ ਹਨ। ਜੇ ਇਸ ਵਿੱਚ ਇੱਕ ਫੀਸਦੀ ਦਾ ਗੋਲ-ਮਾਲ ਵੀ ਹੋਵੇ ਤਾਂ ਸੱਤਰ ਹਜ਼ਾਰ ਕਰੋੜ ਮਗਰ ਸੱਤ ਸੌ ਕਰੋੜ ਬਣਦੇ ਹਨ, ਜਿਹੜੇ ਲਲਿਤ ਮੋਦੀ ਦੇ ਚਾਰ ਸੌ ਸੱਤਰ ਕਰੋੜ ਤੋਂ ਦੋ ਸੌ ਤੀਹ ਕਰੋੜ ਵੱਧ ਬਣਦੇ ਹਨ। ਏਦਾਂ ਦੇ ਕਾਰੋਬਾਰ ਵਿੱਚ ਪੰਜ ਤੋਂ ਲੈ ਕੇ ਦਸ ਫੀਸਦੀ ਤੱਕ ਆਮ ਚੱਲਦੇ ਹਨ, ਤੇ ਕਦੇ ਵੱਧ ਵੀ ਸੁਣੇ ਜਾਂਦੇ ਹਨ। ਜੇ ਦਸ ਫੀਸਦੀ ਵੀ ਮੰਨ ਲਈਏ ਤਾਂ ਸੱਤ ਹਜ਼ਾਰ ਕਰੋੜ ਲੁੱਟਿਆ ਗਿਆ ਹੋਵੇਗਾ, ਜਿਹੜਾ ਝਾਰਖੰਡ ਦੇ ਮਹਾਂ-ਬਦਨਾਮ ਸਾਬਕਾ ਮੁੱਖ ਮੰਤਰੀ ਮਧੂ ਕੋੜਾ ਦੇ ਚਾਰ ਹਜ਼ਾਰ ਕਰੋੜ ਰੁਪੈ ਤੋਂ ਵੱਧ ਬਣਦਾ ਹੈ।
ਖੇਡਾਂ ਖਤਮ ਹੋਣ ਮਗਰੋਂ ਦੋ ਗੱਲਾਂ ਚੰਗੀਆਂ ਹੋਈਆਂ ਹਨ, ਇੱਕ ਪੂਰੀ ਅਤੇ ਦੂਜੀ ਅੱਧ-ਪਚੱਧੀ। ਪੂਰੀ ਚੰਗੀ ਗੱਲ ਇਹ ਕਿ ਪ੍ਰਧਾਨ ਮੰਤਰੀ ਦਫਤਰ ਨੇ ਇਨ੍ਹਾਂ ਖੇਡਾਂ ਵਿੱਚ ਵੱਡੇ ਪੱਧਰ ਦੇ ਭ੍ਰਿਸ਼ਟਾਚਾਰ ਦੀ ਜਾਂਚ ਲਈ ਇੱਕ ਸੇਵਾ ਮੁਕਤ ਹੋ ਚੁੱਕੇ ਲੇਖਾ ਮਾਹਰ ਦੀ ਅਗਵਾਈ ਹੇਠ ਕਮੇਟੀ ਬਿਠਾ ਦਿੱਤੀ ਹੈ। ਜੇ ਉਹ ਸੇਵਾ ਮੁਕਤ ਨਾ ਹੁੰਦਾ ਤਾਂ ਕਿਹਾ ਜਾਣਾ ਸੀ ਕਿ ਸਰਕਾਰ ਦਾ ਨੌਕਰ ਹੈ, ਸਰਕਾਰ ਦੇ ਕਹਿਣ ਉੱਤੇ ਕੰਮ ਕਰੇਗਾ, ਪਰ ਉਹ ਨਾ ਸਿਰਫ ਸੇਵਾ ਮੁਕਤ ਹੈ, ਸਗੋਂ ਅਕਸ ਵੀ ਚੰਗੇ ਦਾ ਮਾਲਕ ਹੈ ਤੇ ਜਾਂਚ ਵੀ ਸਮਾਂ-ਬੱਧ ਮਿਥੀ ਹੋਣ ਕਰ ਕੇ ਸੱਚ ਸਾਹਮਣੇ ਆ ਸਕਣ ਦੀ ਆਸ ਬੱਝ ਸਕਦੀ ਹੈ। ਦੂਜੀ ਅੱਧ-ਪਚੱਧੀ ਠੀਕ ਗੱਲ ਇਹ ਹੋਈ ਕਿ ਖੇਡਾਂ ਖਤਮ ਹੋਣ ਤੋਂ ਦੂਜੇ ਦਿਨ ਜਦੋਂ ਸਾਰੇ ਤਮਗਾ ਜੇਤੂ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਨੇ ਮਿਲਣਾ ਸੀ, ਭਾਰਤੀ ਉਲੰਪਿਕ ਫੈਡਰੇਸ਼ਨ ਦੇ ਬਦਨਾਮੀ ਕਰਵਾ ਚੁੱਕੇ ਮੁਖੀ ਸੁਰੇਸ਼ ਕਲਮਾਦੀ ਨੂੰ ਨਾਲ ਆਉਣ ਤੋਂ ਰੋਕ ਦਿੱਤਾ ਗਿਆ। ਲੋਕ ਵੱਧ ਖੁਸ਼ ਹੁੰਦੇ, ਜੇ ਉਸ ਮੌਕੇ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਦੀ ਮਨੋਹਰ ਸੂਰਤ ਵੀ ਓਥੇ ਵਿਖਾਈ ਨਾ ਦਿੰਦੀ, ਕਿਉਂਕਿ ਉਸ ਨੇ ਨਾ ਕੋਈ ਯੋਗਦਾਨ ਪਾਇਆ ਸੀ, ਨਾ ਹੁੰਦੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਦਖਲ ਦਿੱਤਾ ਸੀ, ਸਗੋਂ ਪਾਰਲੀਮੈਂਟ ਵਿੱਚ ਖੜੋ ਕੇ ਭ੍ਰਿæਸ਼ਟਾਚਾਰ ਉੱਤੇ ਪੋਚੇ ਪਾਉਣ ਦੀ ਖੇਡ ਨਾਲ ਆਪਣਾ ਤੇ ਸਰਕਾਰ ਦੋਵਾਂ ਦਾ ਜਲੂਸ ਕੱਢਵਾ ਦਿੱਤਾ ਸੀ। ਆਸ ਕਰਨੀ ਬਣਦੀ ਹੈ ਕਿ ਪ੍ਰਧਾਨ ਮੰਤਰੀ ਨੇ ਚੰਗੀ ਸ਼ੁਰੂਆਤ ਕੀਤੀ ਹੈ, ਅਗਲੇ ਦਿਨੀਂ ਇਸ ਪਾਸੇ ਕੁਝ ਹੋਰ ਵੀ ਅਦਲਾ-ਬਦਲੀਆਂ ਉਹ ਕਰਨਗੇ, ਤਾਂ ਕਿ ਥੋੜ੍ਹੇ ਦਿਨਾਂ ਨੂੰ ਜਦੋਂ ਚੀਨ ਵਿੱਚ ਏਸ਼ੀਆਈ ਖੇਡਾਂ ਹੋਣ, ਤਾਂ ਸਾਨੂੰ ਉਹ ਕੁਝ ਵੇਖਣਾ ਨਾ ਮਿਲੇ ਤੇ ਖਿਡਾਰੀਆਂ ਨੂੰ ਭੁਗਤਣਾ ਨਾ ਪਵੇ, ਜਿਸ ਕਾਰਨ ਕਾਮਨਵੈਲਥ ਖੇਡਾਂ ਵਿੱਚ ਸ਼ਰਮਿੰਦਗੀ ਉਠਾਉਣੀ ਪਈ ਹੈ।
No comments:
Post a Comment