ਸੁਨੇਹਾ.......

ਰਵਿੰਦਰ ਰਵੀ ਨੱਥੋਵਾਲ
ਤੂੰ ਭੁ੍ੱਲ ਗਿਆ ਸਾਨੂੰ ਬੇਵਤਨ ਹੋ ਕੇ,
ਤੈੰਨੂ ਸਾਡੇ ਚੇਤੇ ਹੁਣ ਕਿੱਥੇ ਆਉਂਦੇ ਨੇ
ਦਿਲ ਦੇ ਵਿਹੜੇ ਹੁਣ ਉਦਾਸੀਆਂ ਛਾਈਆਂ,
ਨਾ ਹੁਣ ਪਹਿਲਾਂ ਵਾਂਗੂ ਹਾਸੇ ਆਉਂਦੇ ਨੇ
ਲਿਖ ਘੱਲਦਾ ਤੂੰ ਖਤ ਜੋ ਮਜਬੂਰੀਆਂ ਵਾਲੇ,
ਸਹੁੰ ਤੇਰੀ ਮੈਨੂੰ ਬੜਾ ਰਵਾਉਂਦੇ ਨੇ
ਘਰੋਂ ਨਿੱਕਲਦੇ ਰਵਿੰਦਰਾ ਜੋ ਰਾਹ ਸਾਰੇ,
ਭੁੱਲ ਗਿਆ ਤੇਰੇ ਪਾਸਿਉਂ ਵੀ ਘਰਾਂ ਨੂੰ ਆਉਂਦੇ ਨੇ

ਜਵਾਬ
ਐਂਵੇ ਬੈਠ ਬਨੇਰੇ ਬੋਲਣ ਦੀ ਆਦਤ ਕਾਵਾਂ ਨੂੰ,
ਝੱਲੇ ਮਨ ਆਪਣੇ ਨੂੰ ਸਮਝਾਇਆ ਕਰ
ਇਹ ਝੂਠੇ ਝੂਠਾ ਕੁਰਲਾਉਂਦੇ ਨੇ,
ਇਹਨਾਂ ਨੂੰ ਚੂਰੀ ਨਾ ਪਾਇਆ ਕਰ
ਗਿਆਂ ਦੀ ਪੈਂਦੀ ਏ ਸਭ ਨੂੰ ਉਡੀਕ ਕਰਨੀ,
ਤੂੰ ਐਵੇਂ ਕੰਧਾਂ ਤੇ ਔਸੀਆਂ ਨਾ ਪਾਇਆ ਕਰ
ਖ਼ਤ ਮੇਰਾ ਹੋਵੇਗਾ ਡਾਕੀਆ ਘਰ ਆਵੇਗਾ,
ਤੂੰ ਐਵੇਂ ਲੰਘਦੇ ਨੂੰ ਨਾ ਰੋਜ਼ ਬੁਲਾਇਆ ਕਰ
ਦਰਦ ਦਿਲਾਂ ਦੇ ਹੁੰਦੇ ਨੇ ਰਾਜ਼ ਕਮਲੀਏ,
ਦੁੱਖੜਾ ਹਰ ਇੱਕ ਨੂੰ ਨਾ ਖ਼ੋਲ ਸੁਣਾਇਆ ਕਰ
ਰਾਤਾਂ ਹੁੰਦੀਆਂ ਨੇ ਸੌਣ ਨੂੰ ਜਿੰਦੇ ਮੇਰੀਏ ਨੀ,
ਤੂੰ ਬਾਤਾਂ ਤਾਰਿਆਂ ਸੰਗ ਨਾ ਪਾਇਆ ਕਰ
ਤੇਰੇ ਲਈ ਪਾਣੀ ਇਹ ਰਵਿੰਦਰ ਲਈ ਮੋਤੀ ਨੇ,
ਮੈਂ ਵਾਪਿਸ ਆਵਾਂਗਾ ਨਾ ਅੱਖੀਓਂ ਨੀਰ ਬਹਾਇਆ ਕਰ

No comments:

Post a Comment