ਮਨਜੀਤ ਸਿੰਘ ਬਿਲਾਸਪੁਰ
ਮੋਬਾਇਲ ਦੀ ਰਿੰਗ ਵੱਜੀ, ਟ੍ਰੈਫਿਕ ਵਿੱਚ ਹੋਣ ਕਰਕੇ ਸਵਿੱਚ ਔਨ ਕਰਨੀ ਮੁਨਾਸਿਫ ਨਾ ਸਮਝੀ। ਮੁੜ ਰਿੰਗ ਵੱਜੀ ਤਾਂ ਅਣਮੰਨੇ ਜਿਹੇ ਮਨ ਨਾਲ ਸਵਿੱਚ ਔਨ ਕਰ ਲਈ। ਹੈਲੋ ਕਹਿੰਦਿਆਂ ਹੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਕਿਉਂਕਿ ਇਹ ਫੋਨ ਸਰਕਾਰੀ ਕਾਲਿਜ ਢੁੱਡੀਕੇ ਤੋਂ ਸੀ। ਜਿੱਥੋਂ ਕਿ ਮੈਂ ਬੀ.ਏ.ਦਾ ਸਿਰਫ਼ ਤੀਸਰਾ ਸਾਲ ਹੀ ਪਾਸ ਕੀਤਾ ਸੀ,ਪਰ ਮੇਰਾ ਇਹ ਇਕ ਸਾਲ ਹੀ ਮੇਰੀ ਤਮਾਮ ਉਮਰ ਦੇ ਸਾਲਾਂ ਵਿੱਚ ਸੁਨਹਿਰੀ ਸਾਲ ਵਜੋਂ ਦਾਖਲ ਹੋ ਗਿਆ। ਕਿਉਂਕਿ ਇਸ ਸਮੇਂ ਦੌਰਾਨ ਮੈਂ ਜੋ ਕੁਝ ਪਾਇਆ, ਪਾ ਕੇ ਖੋਇਆ,ਬੇਫਿਕਰੀ ਤੇ ਮੌਜ ਮਸਤੀ ਦੇ ਦਿਨ ਗੁਜ਼ਾਰੇ , ਉਹ ਮੇਰੇ ਆਖਰੀ ਸਾਹਾਂ ਤੱਕ ਮੇਰੇ ਅੰਗ ਸੰਗ ਰਹਿਣਗੇ। ਖੈਰ! ਇਸ ਤਰਾਂ ਦਾ ਫੋਨ ਕਾਲਿਜ਼ ਤੋਂ ਪਹਿਲੀ ਵਾਰ ਹੀ ਆਇਆ ਸੀ। ਕਾਰਨ ਇਹ ਸੀ ਕਿ ਕਾਲਿਜ ਵਿੱਚ ਇੱਕ ਸਮਾਗਮ ਕਰਵਾਇਆ ਜਾ ਰਿਹਾ ਸੀ। ਜਿਸ ਵਿੱਚ ਕਾਲਿਜ ਦੇ ਉਨਾਂ ਵਿਦਿਆਰਥੀਆਂ ਨੂੰ ਹੀ ਸ਼ਾਮਿਲ ਕੀਤਾ ਜਾ ਰਿਹਾ ਸੀ ਜਿੰਨਾਂ ਨੇ ਕਿਸੇ ਨਾ ਕਿਸੇ ਖੇਤਰ ਵਿੱਚ ਕੋਈ ਨਾ ਕੋਈ ਸਥਾਪਤੀ ਹਾਸਿਲ ਕੀਤੀ ਹੋਈ ਸੀ। ਇਹ ਸੱਦਾ ਮੇਰੇ ਪਿੰਡ ਦੀ ਪੁਲਿਸ ਚੌਂਕੀ ਦੇ ਇੰਚਰਾਜ ਜਸਵੰਤ ਸਿੰਘ ਸਰਾਂ ਨੂੰ ਵੀ ਸੀ। ਕਿਉਂਕਿ ਉਹ ਵੀ ਇਸੇ ਕਾਲਿਜ ਦਾ ਹੀ ਵਿਦਿਆਰਥੀ ਰਿਹਾ ਹੈ। ਮੇਰੇ ਬੁਲਾਵੇਂ ਦਾ ਕਾਰਨ ਮੇਰੇ ਸਾਹਿਤਕ ਤੇ ਅਖ਼ਬਾਰੀ ਕਾਰਜ ਸਨ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਸ ਆਸੀਮ ਖੁਸ਼ੀ ਨੂੰ ਕਿਸ ਦੇ ਨਾਲ ਸਾਂਝੀ ਕਰਾਂ। ਮੁੜ ਤੁਰੰਤ ਫੋਨ ਕਾਲਿਜ ਸਮੇਂ ਦੇ ਬਣੇ ਪਰ ਅੱਜ ਤੱਕ ਦੇ ਕਰੀਬੀ ਦੋਸਤ ਸਰਬਜੀਤ ਸਿੰਘ ਭੱਟੀ ਨੂੰ ਲਾ ਲਿਆ। ਦੱਸਿਆ ਕਿ ਜਿਸ ਕਾਲਿਜ ਦੀਆਂ ਰੌਣਕਾਂ ਮੁੜ ਤੱਕਣ ਲਈ ਆਪਾਂ ਕਈ ਸਾਲਾਂ ਤੋਂ ਪ੍ਰੋਗਰਾਮ ਬਣਾਉਂਦੇ ਆ ਰਹੇ ਹਾਂ। ਅੱਜ ਉਸੇ ਕਾਲਿਜ ਵੱਲੋਂ ਖੁਦ-ਬ-ਖੁਦ ਹੀ ਸੱਦਾ ਆ ਗਿਆ। ਸਾਰੀ ਗੱਲ ਦੱਸੀ ਤਾਂ ਭੱਟੀ ਦਾ ਮਨ ਵੀ ਉਛਾਲਾ ਖਾ ਗਿਆ। ਝੱਟ ਹਾਂ ਆਖ ਦਿੱਤੀ। ਬੇਸਬਰੀ ਨਾਲ ਨਿਸ਼ਚਿਤ ਤਾਰੀਕ ਦੀ ਉਡੀਕ ਕਰਨ ਲੱਗੇ। ਪ੍ਰੋਗਰਾਮ ਬਣਾਇਆ ਕਿ ਕਾਰ ਜਾਂ ਮੋਟਰਸਾਇਕਲ ਤੇ ਜਾਣ ਦੀ ਬਜਾਏ ਉਸੇ ਤਰਾਂ ਹੀ ਕਾਲਿਜ ਜਾਵਾਂਗੇ ਜਿਸ ਤਰਾਂ ਪੜਦੇ ਸਮੇਂ ਬਦਲਵੀਆਂ ਬੱਸਾਂ ਤੇਂ ਜਾਇਆ ਕਰਦੇ ਸੀ। ਕਾਲਿਜ਼ ਦੇ ਗੇਟ ਤੇ ਮੱਥਾ ਟੇਕ ਕੇ ਅੰਦਰ ਵੜੇ ਤਾਂ ਬੜਾ ਕੁਝ ਓੁਪਰਾ ਜਿਹਾ ਲੱਗ ਰਿਹਾ ਸੀ। ਪਰ ਫਿਰ ਵੀ ਉਹਨਾਂ ਥਾਵਾਂ ਨੂੰ ਤੱਕਣ ਦੀ ਤਾਂਘ ਉਬਾਲੇ ਖਾ ਰਹੀ ਸੀ ਜਿੱਥੇ ਇੱਕ-ਇੱਕ ਪਲ ਸੌ-ਸੌ ਸਾਲ ਤੋ ਵੱਧ ਕੇ ਮਾਣਿਆ ਸੀ। ਬੜਾ ਅਜੀਬ ਜਿਹਾ ਲੱਗ ਰਿਹਾ ਸੀ ਕਿ ਪੜਾਕੂ ਪਹਿਲਾਂ ਵਾਂਗ ਉਡ-ਉਡ ਨਹੀਂ ਮਿਲ ਰਹੇ। ਪਰ ਉਹ ਨਵਾਂ ਪੂਰ ਕਿਹੜਾ ਜਾਣਦਾ ਸੀ? ਸਮਾਗਮ ਸ਼ੁਰੂ ਹੋਇਆ ਤਾਂ ਮੂਹਰਲੀ ਕਤਾਰ ਵਿੱਚ ਬਠਾਇਆ ਗਿਆ। ਪਰ ਮਨ ਤਾਂ ਪਿੱਛੇ ਬੈਠ ਕੇ ਪਹਿਲਾਂ ਵਾਂਗ ਹੀ ਹਾਰਤ ਹੂਰਤ ਕਰਨ ਨੂੰ ਲੋਚਦਾ ਸੀ। ਖੁਸ਼ੀ ਨਾਲ ਅੱਖਾਂ ਨਮ ਹੋ ਗਈਆ, ਜਦੋ ਪ੍ਰੋਫੈਸਰ ਜਸਪਾਲ ਸਿੰਘ ਹੋਰਾਂ ਵੱਲੋਂ ਵਿਸ਼ੇਸ਼ਣ ਲਗਾ ਕੇ ਮੇਰੇ ਕਿੱਤੇ ਨੂੰ ਵਡਿਆਇਆ ਗਿਆ। ਕੁੜੀਆਂ ਮੁੰਡੇ ਨੱਚਦੇ, ਟੱਪਦੇ, ਗਾਉਂਦੇ ਰਹੇ ਤੇ ਮੇਰੇ ਬੀਤੇ ਦਿਨ ਇੱਕ-ਇੱਕ ਕਰਕੇ ਚੇਤੇ ਆਉਂਦੇ ਰਹੇ। ਆਖ਼ਰ ਜਸਵੰਤ ਸਿੰਘ ਕੰਵਲ, ਹਰੀ ਸਿੰਘ ਢੁੱਡੀਕੇ ਅਤੇ ਵੈਦ ਰੂਪ ਲਾਲ ਜੀ, ਕਾਲਿਜ਼ ਸਟਾਫ਼ ਤੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਰਾਜਵਿੰਦਰ ਸਿੰਘ ਰੌਂਤਾਂ ਦੀ ਪੁਸਤਕ 'ਜਿਹਨੇ ਲਾਹੌਰ ਨਹੀਂ ਵੇਖਿਆਂ' ਰੀਲੀਜ਼ ਕੀਤੀ ਗਈ। ਬੇਸ਼ੱਕ ਵੱਡੀਆਂ ਹਸਤੀਆਂ ਦੇ ਵੱਡੇ ਸਮਾਗਮਾਂ ਵਿੱਚ ਮੌਹਰੀ ਭੂਮਿਕਾ ਨਿਭਾਉਂਣ ਦਾ ਅਕਸਰ ਹੀ ਮੌਕਾ ਮਿਲਦਾ ਰਹਿੰਦਾ ਹੈ। ਪਰ ਮੇਰੇ ਵਿੱਦਿਆ ਮੰਦਰ ਵਿੱਚੋਂ ਮਿਲਿਆ ਅਥਾਹ ਸਤਿਕਾਰ ਅਤੇ ਸਟੇਜ ਦੀ ਸ਼ਿਰਕਤ ਮੇਰੇ ਲਈ ਅਚੰਭੇ ਵਾਲੀ ਗੱਲ ਤੋਂ ਘੱਟ ਨਹੀਂ ਸੀ। ਆਮ ਸਮਾਗਮਾਂ ਦੀ ਤਰਾਂ ਸਮਾਪਤੀ ਵੇਲੇ ਤੁਰੰਤ ਰਸਤਾ ਨਹੀਂ ਫੜਿਆ ਸਗੋਂ ਯਾਦਾਂ ਨੂੰ ਮੁੜ ਤਾਜ਼ਾ ਕਰਨ ਲਈ ਉਸ ਬਰੋਟੇ ਥੱਲੇ ਜਾ ਬੇਠੈ ਜਿੱਥੇ ਮੈਡਮ ਪੰਨੂੰ ਇਤਿਹਾਸ ਦਾ ਪੀਰੀਅਡ ਲਗਾਇਆ ਕਰਦੇ ਸਨ, ਤੇ ਜਿੱਥੇ ਅੱਜ ਦੇ ਪ੍ਰਸਿੱਧ ਕਲਾਕਾਰ ਤੇ ਕਾਮੇਡੀਅਨ ਕੁਲਵੰਤ ਸੇਖੋਂ ਮੇਰੇ ਪੱਟਾਂ ਤੇ ਸਿਰ ਰੱਖ ਕੇ ਸਾਰੇ ਟੋਲੇ ਨੂੰ ਹਸਾ-ਹਸਾ ਕੇ ਲੋਟ ਪੋਟ ਕਰ ਦਿੰਦਾ ਸੀ। ਉਹਨਾਂ ਪੌੜੀਆਂ ਵਿੱਚ ਵੀ ਬੇਠੈ ਜਿੱਥੇ ਮੈਡਮ ਅਤੇ ਮੁੰਡੇ-ਕੁੜੀਆਂ ਦੀ ਕਲਾਸ ਵਿੱਚ ਮੈਂ ਲੈਸਨ ਪੜਿਆਂ ਕਰਦਾ ਸੀ। ਪ੍ਰੋਫੈਸਰਾਂ, ਜਮਾਤੀ ਅਤੇ ਹੋਰ ਵਾਕਫ਼ ਮੁੰਡੇ-ਕੁੜੀਆਂ ਦੇ ਸੁਭਾਵਾਂ, ਪਹਿਰਾਵੇ, ਗੱਲਾਬਾਤਾਂ ਦੇ ਸਟਾਇਲ ਤੋਰ ਆਦਿ ਨੂੰ ਮੁੜ-ਮੁੜ ਚਿਤਾਰਦੇ ਰਹੇ। ਜਿੱਥੇ ਬੈਠਦੇ ਸੀ ਬੈਠੇ, ਜਿੱਥੇ ਖੜਦੇ ਸੀ ਖੜੇ, ਗੰਭੀਰ ਹੁੰਦੇ ਰਹੇ। ਭਾਵੁਕ ਹੋਇਆ ਭੱਟੀ ਵਾਰ ਵਾਰ ਆਖ ਰਿਹਾ ਸੀ, ਸਭ ਕੁਝ ਉਸੇ ਤਰਾਂ ਹੀ ਵਾਪਰ ਰਿਹਾ ਹੈ। ਪਰ ਉਹ ਦਿਨਾਂ ਤੇ ਰਿਹਾ ਕਬਜਾ ਮੁੜ ਨਹੀਂ ਮਿਲਣਾ। ਲਾਇਬ੍ਰੇਰੀਅਨ ਵੱਜੋਂ ਸੇਵਾ ਨਿਭਾਅ ਰਹੇ ਗਮਦੂਰ ਸਿੰਘ ਵੱਲੋਂ ਉਚੇਚੇ ਤੌਰ ਤੇ ਲਾਇਬ੍ਰੇਰੀ ਵਿੱਚ ਬੁਲਾਏ ਜਾਣ ਤੇ ਚਾਹ ਪੀਂਦਿਆਂ ਮੇਰੀ ਨਿਗਾਹ ਅਲਮਾਰੀਆਂ ਦੇ ਪਿਛਵਾੜੇ ਜਾ ਪਈ, ਜਿੱਥੋਂ ਮੇਰੀ ਬਹੁ ਚਰਿਚਤ ਕਹਾਣੀ 'ਕਿਰਨ' ਨੇ ਜਨਮ ਲਿਆ ਸੀ। ਅਖ਼ੀਰ ਬੇਰੌਣਕੇ ਚਿਹਰੇ ਲੈ ਵਾਪਸ ਪਰਤ ਆਏ। ਮੇਰੇ ਕਮਰੇ ਵਿੱਚ ਪੜਨ-ਲਿਖਣ ਵਾਲੇ ਮੇਜ਼ ਕੁਰਸੀ ਦੇ ਸਾਹਮਣੇ ਸੈੱਲਫ਼ ਤੇ ਪਏ ਉਸ ਸਮਾਗਮ ਸਮੇਂ ਮਿਲੇ ਵੱਡ ਅਕਾਰੀ ਮਮੈਂਟੋ ਨੂੰ ਮੈਂ ਜਦੋਂ ਵੀ ਵੇਖਦਾ ਹਾਂ ਤਾਂ ਮੈਂ ਆਪ-ਮੁਹਾਰੇ ਹੀ ਇਸ ਅੱਜ ਦੀ ਫ਼ਿਕਰਾਂ, ਝੋਰਿਆਂ, ਕਸ਼ਟਾਂ, ਰੁਝੇਵਿਆਂ ਅਤੇ ਬਿਮਾਰੀਆਂ ਭਰੀ ਜ਼ਿੰਦਗੀ ਤੇ ਉਵਰ ਲੋਅਡ ਹੋਈ ਕਬੀਲਦਾਰੀ ਦੇ ਝੱਖੜਾਂ ਝੋਲਿਆਂ ਵਿੱਚੋਂ ਦੀ ਨਿਕਲ ਕੇ ਓੁਹ ਦਿਨ ਤੇ ਆਹ ਦਿਨ ਯਾਦ ਕਰਦਾ ਕਰਦਾ ਸੋਚਾਂ ਦੀ ਲੰਬੀ ਉਡਾਰੀ ਮਾਰ ਮੁੜ ਫਿਰ ਉਸੇ ਦਿਨਾਂ ਵੱਲ ਹੀ ਪਰਤਣ ਦੀ ਅਸਫਲ ਕੋਸ਼ਿਸ਼ ਕਰਨ ਲੱਗ ਜਾਂਦਾ ਹਾਂ। ਕਾਸ਼!
No comments:
Post a Comment