ਦ੍ਰਿਸ਼ਟੀਕੋਣ (78)-ਜਤਿੰਦਰ ਪਨੂੰ

ਅਗਲਾ ਵੋਟ-ਸਮੁੰਦਰ ਰਿੜਕਣ ਦੀ ਤਿਆਰੀ ਸ਼ੁਰੂ, ਪਰ ਨਿਕਲਣਗੇ ਪੁਰਾਣੇ 'ਰਤਨ' ਹੀ
ਭਾਰਤੀ ਮਿਥਹਾਸ ਦੀਆਂ ਸਭ ਤੋਂ ਪੁਰਾਣੀਆਂ ਕਥਾਵਾਂ ਵਿੱਚੋਂ ਇੱਕ ਇਹ ਹੈ ਕਿ ਇੱਕ ਵਾਰ ਸਮੁੰਦਰ ਰਿੜਕਿਆ ਗਿਆ ਸੀ, ਜਿਸ ਵਿੱਚ ਸੁਮੇਰ ਪਰਬਤ ਨੂੰ ਮਧਾਣੀ ਵਾਂਗ ਵਰਤਿਆ ਗਿਆ, ਸ਼ੇਸ਼ ਨਾਗ ਦਾ ਨੇਤਰਾ ਬਣਾਇਆ ਗਿਆ ਅਤੇ ਇੱਕ ਪਾਸੇ ਦੇਵਤੇ ਅਤੇ ਦੂਸਰੇ ਪਾਸੇ ਦੈਂਤ ਲੱਗ ਕੇ ਇਸ ਨੂੰ ਖਿੱਚ-ਖਿੱਚ ਕੇ ਰਿੜਕਦੇ ਰਹੇ ਸਨ। ਏਡੀ ਮੁਸ਼ੱਕਤ ਦੇ ਬਾਅਦ ਚੌਦਾਂ ਰਤਨ ਨਿਕਲੇ ਸਨ, ਜਿਨ੍ਹਾਂ ਵਿੱਚ ਅੰਮ੍ਰਿਤ ਵੀ ਸ਼ਾਮਲ ਸੀ, ਜ਼ਹਿਰ ਵੀ ਤੇ ਸ਼ਰਾਬ ਵੀ। ਇਨ੍ਹਾਂ ਤਿੰਨਾਂ ਦੀ ਤਾਸੀਰ ਤਾਂ ਵੱਖੋ-ਵੱਖ ਸੀ, ਪਰ 'ਰਤਨ' ਇਹ ਸਾਰੇ ਹੀ ਅਖਵਾਉਂਦੇ ਸਨ। ਭਾਰਤ ਦਾ ਲੋਕਤੰਤਰ ਵੀ ਹਰ ਪੰਜ ਸਾਲਾਂ ਬਾਅਦ, ਕਦੇ ਕਦਾਈਂ ਵਿੱਚ-ਵਿਚਾਲੇ ਵੀ, ਭਾਰਤ ਦੇ ਵੋਟ-ਸਮੁੰਦਰ ਨੂੰ ਰਿੜਕਦਾ ਹੈ। ਇਸ ਵਿੱਚੋਂ ਚੌਦਾਂ ਦੀ ਥਾਂ ਅਠਾਈ ਜਾਂ ਇਸ ਤੋਂ ਵੀ ਵੱਧ ਰਤਨ ਨਿਕਲਦੇ ਹਨ, ਅਕਬਰ ਦਾ ਨੌਂ ਰਤਨਾਂ ਨਾਲ ਸਰ ਜਾਂਦਾ ਸੀ, ਭਾਰਤ ਦੇ ਲੋਕ-ਰਾਜ ਦਾ ਇਹ ਗਿਣਤੀ ਤੋਂ ਬਾਹਰੇ 'ਰਤਨ' ਵੀ ਅੱਜ ਤੱਕ ਕੱਖ ਨਹੀਂ ਸੰਵਾਰ ਸਕੇ।
ਲੋਕ ਤੰਤਰ ਦੀ ਇਸ ਜ਼ਰੂਰੀ ਪ੍ਰਕਿਰਿਆ ਨੂੰ ਕਈ ਲੋਕ ਪਵਿੱਤਰ ਕਾਰਜ ਦਾ ਨਾਂਅ ਦੇਂਦੇ ਅਤੇ ਆਖਦੇ ਹਨ ਕਿ ਜਿਹੜਾ ਕੋਈ ਵੋਟ ਪਾਉਣ ਨਹੀਂ ਜਾਂਦਾ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜੇ ਅਸੀਂ ਇਹ ਵੇਖ ਰਹੇ ਹੋਈਏ ਕਿ ਇੱਕ ਪਾਸੇ ਕਤਲ ਦਾ ਦੋਸ਼ੀ ਖੜਾ ਹੈ, ਦੂਸਰੇ ਪਾਸੇ ਤੋਂ ਡਾਕੂ ਵਜੋਂ 'ਪ੍ਰਸਿੱਧੀ' ਪ੍ਰਾਪਤ ਕਰ ਚੁੱਕਾ ਅਤੇ ਤੀਸਰੇ ਪਾਸਿਓਂ ਕੋਈ ਬਲਾਤਕਾਰੀਆ ਚੋਣ ਲੜ ਰਿਹਾ ਹੈ, ਉਹ ਕਹਿੰਦੇ ਹਨ ਕਿ ਫੇਰ ਵੀ ਵੋਟ ਪਾਉਣ ਜਾਣਾ ਚਾਹੀਦਾ ਹੈ। ਵੋਟ ਨੂੰ 'ਮੱਤ-ਦਾਨ' ਕਿਹਾ ਜਾਂਦਾ ਹੈ, ਜਿਸ ਦਾ ਭਾਵ ਇਹ ਹੈ ਕਿ ਵੋਟਰ ਇਸ ਮੌਕੇ ਆਪਣੀ ਮੱਤ, ਆਪਣੀ ਅਕਲ, ਦਾ ਦਾਨ ਕਰਦਾ ਹੈ। ਤਿੰਨ ਇੱਕੋ ਜਿਹੇ ਮੰਦੇ ਕਿਰਦਾਰ ਵਾਲੇ ਖੜੇ ਕਰ ਕੇ ਕਿਹਾ ਜਾਵੇ ਕਿ ਵੋਟ ਪਾਉਣੀ ਹੀ ਪਾਉਣੀ ਹੈ ਤਾਂ ਇਹ 'ਜ਼ੋਰੀ ਮੰਗੈ ਦਾਨ ਵੇ ਲਾਲੋ' ਦੀ ਸ਼੍ਰੈਣੀ ਵਿੱਚ ਆ ਜਾਂਦਾ ਹੈ।
ਏਦਾਂ ਦਾ ਦਾਨ ਇੱਕ ਵਾਰ ਫਿਰ ਭਾਰਤ ਦੇ ਲੋਕਾਂ ਤੋਂ ਮੰਗਣ ਦੀਆਂ ਤਿਆਰੀਆਂ ਹੋਣ ਲੱਗ ਪਈਆਂ ਹਨ। ਬਿਨਾਂ ਸ਼ੱਕ ਅਜੇ ਇਹ ਪ੍ਰਬੰਧ ਨਹੀਂ ਕੀਤਾ ਗਿਆ ਕਿ ਹਰ ਕਿਸੇ ਨੂੰ ਵੋਟ ਪਾਉਣ ਜਾਣਾ ਹੀ ਪਵੇਗਾ ਅਤੇ ਨਾ ਜਾਣ ਵਾਲੇ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਪਰ ਜਦੋਂ ਜਾਣਾ ਹੈ ਤਾਂ ਆਪਣੀ ਮੱਤ ਕਿਸ ਦੇ ਪੇਟੇ ਪਾਉਣੀ ਹੈ, ਇਸ ਬਾਰੇ ਬਹੁਤੀ ਚੋਣ ਲੋਕਾਂ ਕੋਲ ਨਹੀਂ ਹੋਣੀ। ਉਹੋ ਘਸੇ-ਪਿਟੇ ਨਾਹਰੇ ਤੇ ਉਹੋ ਘਸੇ-ਪਿਟੇ ਚੋਣ ਮੈਨੀਫੈਸਟੋ, ਸਾਰਾ ਕੁਝ 'ਉਹੋ ਪੁਰਾਣੀ ਤੁਣਤੁਣੀ ਤੇ ਉਹੋ ਪੁਰਾਣਾ ਰਾਗ' ਦੇ ਪੰਜਾਬੀ ਮੁਹਾਵਰੇ ਵਾਲਾ ਹੋਣਾ ਹੈ। ਹਾਲੇ ਦੋ ਸਾਲ ਇਸ ਚੋਣ-ਤਮਾਸ਼ੇ ਵਿੱਚ ਰਹਿੰਦੇ ਹਨ, ਪਰ ਦੋਵੇਂ ਪਾਸੇ ਜਿਹੜੇ ਲਸ਼ਕਰਾਂ ਨੇ ਰੱਥ ਜੋੜ ਕੇ 'ਪਾਣੀਪਤ ਦਾ ਮੈਦਾਨ' ਮਾਰਨ ਨੂੰ ਨਿਕਲਣਾ ਹੈ, ਉਨ੍ਹਾਂ ਲਈ ਹੁਣੇ ਤੋਂ ਇੱਕ ਦੂਸਰੇ ਨਾਲ 'ਬਾਂਹ ਫੜ ਤੇ ਬਾਂਹ ਫੜਾ' ਵਾਲਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਪਹਿਲ ਕੀਤੀ ਹੈ ਦੇਸ਼ ਦੇ ਇਸ ਵਕਤ ਦੇ ਰਾਜ ਦੀ ਅਗਵਾਈ ਕਰ ਰਹੀ ਕਾਂਗਰਸ ਪਾਰਟੀ ਨੇ। ਪਹਿਲਾਂ ਉਸ ਨੂੰ ਇਹ ਭਰੋਸਾ ਹੁੰਦਾ ਸੀ ਕਿ ਉਸ ਦਾ ਲੋਕ-ਤੰਤਰੀਆ ਰਾਜਕੁਮਾਰ ਰਾਹੁਲ ਗਾਂਧੀ ਕ੍ਰਿਸ਼ਮਾ ਕਰ ਵਿਖਾਵੇਗਾ ਤੇ ਪਾਰਟੀ ਦੀ ਬੇੜੀ ਪਾਰ ਲੱਗ ਜਾਵੇਗੀ। ਬਾਬਰ ਦੇ ਸਮੇਂ ਅਫਗਾਨਿਸਤਾਨ ਵਿੱਚ ਹੇਰਾਤ ਦੀ ਰਿਆਸਤ ਵਿੱਚ ਦੋ ਭਰਾ ਰਾਜਾ ਬਣਨ ਦੀ ਖਿੱਚੋਤਾਣ ਵਿੱਚ ਦੋਵੇਂ ਰਾਜੇ ਬਣ ਗਏ, ਦੋਵਾਂ ਕੋਲ ਆਪੋ ਆਪਣਾ ਪ੍ਰਧਾਨ ਮੰਤਰੀ ਤੇ ਆਪੋ ਆਪਣਾ ਮੰਤਰੀ ਮੰਡਲ ਸੀ, ਪਰ ਰਾਜ ਦੀ ਰਾਖੀ ਲਈ ਫੌਜ ਇੱਕੋ ਤੇ ਸੈਨਾਪਤੀ ਵੀ ਇੱਕੋ ਸੀ, ਜਿਸ ਨੂੰ ਮੌਜ ਲੱਗੀ ਪਈ ਸੀ। ਉਸ ਸੈਨਾਪਤੀ ਦਾ ਅਸਲੀ ਨਾਂਅ ਲੋਕ ਭੁੱਲ ਗਏ ਤੇ ਨਵਾਂ ਨਾਂਅ ਹਿਜ਼ਬਰ-ਉਲ੍ਹਾ, ਅਰਥਾਤ 'ਅੱਲ੍ਹਾ ਦਾ ਸ਼ੇਰ', ਆਖਦੇ ਸਨ। ਉਹ ਆਪ ਆਖਦਾ ਸੀ ਕਿ ਉਹ ਅੱਲ੍ਹਾ ਦਾ ਸ਼ੇਰ ਹੈ ਤੇ ਜਦੋਂ ਲੜਨ ਦੀ ਲੋੜ ਪਈ, ਲੜਨਾ ਉਸ ਨੇ ਹੈ, ਫਤਹਿ ਅੱਲ੍ਹਾ ਨੇ ਆਪਣੇ ਆਪ ਦੇ ਦੇਣੀ ਹੈ। ਜਦੋਂ ਮੌਕਾ ਆਇਆ ਤਾਂ ਉਹ ਚਾਰੇ ਖਾਨੇ ਚਿੱਤ ਪਿਆ ਸੀ। ਕਾਂਗਰਸ ਵਾਲੇ ਵੀ ਆਪਣੇ ਰਾਜਕੁਮਾਰ ਦੀ ਇਹੋ ਜਿਹੀ ਕਰਾਮਾਤੀ ਸ਼ਖਸੀਅਤ ਦਾ ਡੰਕਾ ਵਜਾਉਂਦੇ ਫਿਰਦੇ ਸਨ ਤੇ ਹਾਰਾਂ ਦਾ ਲੜੀ ਬੱਝਣ ਪਿੱਛੋਂ ਇਹ ਕਹਿਣ ਲੱਗ ਪਏ ਕਿ ਉਸ ਦੀ ਸ਼ਖਸੀਅਤ ਤਾਂ ਕਰਾਮਾਤੀ ਹੈ, ਹੇਠਾਂ ਜਥੇਬੰਦੀ ਦੀ ਘਾਟ ਨੇ ਮਾਰ ਲਿਆ ਹੈ। ਇਹ ਘਾਟ ਹਾਰਾਂ ਪੱਲੇ ਪਵਾਉਣ ਪਿੱਛੋਂ ਕਿਉਂ ਦਿੱਸੀ ਤੇ ਓਦੋਂ ਦਿਖਾਈ ਕਿਉਂ ਨਾ ਦਿੱਸੀ, ਜਦੋਂ ਉਸ ਦੇ ਦਾਦੇ ਅਤੇ ਨਾਨੇ ਦੀ ਉਮਰ ਦੇ ਵੀ ਉਸ ਦੇ ਅੱਗੇ-ਪਿੱਛੇ ਮੋਰ ਵਾਂਗ ਪੈਲਾਂ ਪਾਉਂਦੇ ਫਿਰਦੇ ਸਨ?
ਹੁਣ ਉਸ ਪਾਰਟੀ ਦੀ ਲੀਡਰਸ਼ਿਪ ਨੂੰ ਕੁਝ-ਕੁਝ ਚਾਨਣ ਹੋ ਜਾਣ ਮਗਰੋਂ ਉਸ ਨੇ ਮੁਲਾਇਮ ਸਿੰਘ ਯਾਦਵ ਅਤੇ ਲਾਲੂ ਪ੍ਰਸਾਦ ਉੱਤੇ ਡੋਰੇ ਸੁੱਟੇ ਹਨ। ਉਹ ਦੋਵੇਂ ਵੀ ਮੌਕਾ ਉਡੀਕਦੇ ਸਨ, ਸੈਨਤ ਵੱਜਦੇ ਸਾਰ ਜਾ ਵੜੇ। ਕਾਰਨ ਇਹ ਸੀ ਕਿ ਪੁਰਾਣੇ ਸਾਂਝੀਦਾਰਾਂ ਵਿੱਚੋਂ ਮਮਤਾ ਬੈਨਰਜੀ ਵਰਗੇ ਕੁਝ ਨਾਲ ਨਿਭਦੇ ਨਹੀਂ ਜਾਪਦੇ, ਡੀ ਐਮ ਕੇ ਵਰਗੇ ਬੇੜੀ ਦੇ ਪੱਥਰ ਬਣ ਗਏ ਹਨ ਤੇ ਜੇ ਲਗਾਤਾਰ ਤੀਸਰੀ ਵਾਰ ਦੇਸ਼ ਦੀ ਕਮਾਨ ਸਾਂਭਣ ਦਾ ਸੁਫਨਾ ਲੈਣਾ ਹੈ ਤਾਂ ਅੱਸੀ ਸੀਟਾਂ ਵਾਲੇ ਉੱਤਰ ਪ੍ਰਦੇਸ਼ ਅਤੇ ਚਾਲੀ ਸੀਟਾਂ ਵਾਲੇ ਬਿਹਾਰ ਤੋਂ ਬਿਨਾਂ ਇਸ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ। ਲਾਲੂ ਦੀ ਅੜੀ ਪਿਛਲੀ ਵਾਰੀ ਖੇਡ ਖਰਾਬ ਕਰਨ ਦਾ ਕਾਰਨ ਬਣੀ ਸੀ ਤੇ ਉੱਤਰ ਪ੍ਰਦੇਸ਼ ਵਿੱਚ ਆਪਣੇ ਡੌਲਿਆਂ ਉੱਤੇ ਲੋੜ ਤੋਂ ਵੱਧ ਮਾਣ ਕਰਨ ਦੀ ਭੁੱਲ ਮਹਿੰਗੀ ਪੈ ਚੁੱਕੀ ਹੈ। 'ਡੁੱਬਦੀ ਨੂੰ ਤਿਨਕੇ ਦਾ ਸਹਾਰਾ' ਵਾਂਗ ਜਿੱਥੋਂ ਵੀ ਕੋਈ ਮਾੜੀ ਜਿਹੀ ਹਾਂ ਹੁੰਦੀ ਹੋਵੇ, ਕਾਂਗਰਸ ਲੀਡਰਸ਼ਿਪ ਹੁਣ ਓਸੇ ਨੂੰ ਚੁੱਲ੍ਹੇ-ਨਿਉਂਦਾ ਦੇਣ ਲੱਗ ਪਈ ਹੈ।
ਦੂਸਰਾ ਪੱਖ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਹੈ, ਜਿਨ੍ਹਾਂ ਕੋਲ ਲੀਡਰ ਬਹੁਤ ਹਨ, ਪਰ ਏਨੇ 'ਬਹੁਤ' ਹੋਏ ਪਏ ਹਨ ਕਿ ਇੱਕ ਪਾਰਟੀ ਵਿੱਚ ਸਾਰਿਆਂ ਨੂੰ ਰੱਖਣ ਲਈ ਟਿਕਾਣੇ ਨਹੀਂ ਲੱਭ ਰਹੇ। ਹਰ ਕੋਈ ਉਤਲੀ ਪੌੜੀ ਚੜ੍ਹਨ ਦੇ ਚੱਕਰ ਵਿੱਚ ਦੂਸਰੇ ਨੂੰ ਮੋਢੇ ਮਾਰਦਾ ਹੈ, ਪਰ ਜਨਤਕ ਤੌਰ ਉੱਤੇ ਇੱਕ ਦੂਜੇ ਦੇ ਹੇਜਲੇ ਬਣ ਕੇ ਵਿਖਾਉਣ ਦਾ ਯਤਨ ਕਰਦੇ ਹਨ। ਪਿਛਲੇ ਦਿਨੀਂ ਇਹ ਪ੍ਰਭਾਵ ਕਾਇਮ ਰੱਖਣਾ ਵੀ ਔਖਾ ਹੋ ਗਿਆ। ਲਗਾਤਾਰ ਕਈ ਮਹੀਨਿਆਂ ਤੱਕ ਪਾਰਟੀ ਦਾ ਕੇਂਦਰੀ ਪ੍ਰਧਾਨ ਨਿਤਿਨ ਗਡਕਰੀ ਅਤੇ ਗੁਜਰਾਤ ਦਾ ਮੁੱਖ ਮੰਤਰੀ ਨਰਿੰਦਰ ਮੋਦੀ ਇੱਕ ਦੂਸਰੇ ਨਾਲ ਫੋਨ ਉੱਤੇ ਵੀ ਗੱਲ ਕਰਨੀ ਛੱਡੀ ਬੈਠੇ ਸਨ। ਮੋਦੀ ਦੋ ਕੇਂਦਰੀ ਮੀਟਿੰਗਾਂ ਵਿੱਚ ਵੀ ਨਹੀਂ ਸੀ ਆਇਆ। ਦੋਵੇਂ ਜਣੇ ਹੀ ਉਸ ਆਰ ਐੱਸ ਐੱਸ ਦੀ ਲੀਡਰਸ਼ਿਪ ਦੇ ਥਾਪੜੇ ਵਾਲੇ ਸਨ, ਜਿਸ ਨੂੰ ਭਾਰਤੀ ਜਨਤਾ ਪਾਰਟੀ ਦਾ ਅਸਲੀ ਕੰਟੋਰਲ ਕੇਂਦਰ ਕਿਹਾ ਜਾਂਦਾ ਹੈ। ਭਾਜਪਾ ਲੀਡਰਸ਼ਿਪ ਦੀ ਇਹ ਖਾਨਾ ਜੰਗੀ ਅੰਤ ਨੂੰ ਆਰ ਐੱਸ ਐੱਸ ਦੇ ਦਰਬਾਰ ਵਿੱਚ ਜਾ ਪਹੁੰਚੀ।
ਜਿਹੜਾ ਆਰ ਐੱਸ ਐੱਸ ਅੱਗੇ ਹਰ ਸਮੇਂ ਇਹ ਪ੍ਰਭਾਵ ਦੇਂਦਾ ਹੁੰਦਾ ਸੀ ਕਿ ਉਹ ਰਾਜਨੀਤੀ ਤੋਂ ਦੂਰ ਹੈ, ਮੌਜੂਦਾ ਮੁਖੀ ਮੋਹਣ ਭਾਗਵਤ ਦੇ ਦੌਰ ਵਿੱਚ ਖੁੱਲ੍ਹ ਕੇ ਭਾਜਪਾ ਦੇ ਅੰਦਰੂਨੀ ਮੱਤਭੇਦਾਂ ਦੀ ਅਦਾਲਤ ਬਣ ਖੜੋਤਾ ਹੈ। ਪਿਛਲੀ ਵਾਰੀ ਉਸ ਨੇ ਇੱਕ ਰਾਜ ਪੱਧਰ ਦੇ ਸਾਬਕਾ ਮੰਤਰੀ ਨਿਤਿਨ ਗਡਕਰੀ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਬਣਾਉਣ ਵਾਸਤੇ ਹੁਕਮ ਚਾੜ੍ਹ ਦਿੱਤਾ ਸੀ। ਰਾਜਨੀਤੀ ਵਿੱਚ ਓਦੋਂ ਉਸ ਦਾ ਦਖਲ ਵੀ ਖੁੱਲ੍ਹ ਕੇ ਬਾਹਰ ਆ ਗਿਆ ਅਤੇ ਇਹ ਵੀ ਕਿ ਨਾਗਪੁਰ ਵਿੱਚਲੇ ਹੈੱਡਕੁਆਰਟਰ ਵਾਲੇ ਆਰ ਐੱਸ ਐੱਸ ਦੀ ਹਾਈ ਕਮਾਨ ਵੀ ਨਾਗਪੁਰ ਦੇ ਪੂੰਜੀਪਤੀ ਗਡਕਰੀ ਦੀ ਦੌਲਤ ਦਾ ਪ੍ਰਭਾਵ ਮੰਨ ਕੇ ਉਸ ਦਾ ਛੋਟਾ ਕੱਦ ਹੁੰਦੇ ਹੋਏ ਵੱਡਾ ਅਹੁਦਾ ਦਿਵਾਉਣ ਤੁਰ ਪਈ ਹੈ। ਇਹ ਗਡਕਰੀ ਉਹੋ ਹੈ, ਜਿਸ ਦੇ ਪੁੱਤਰ ਦਾ ਵਿਆਹ ਆਰ ਐੱਸ ਐੱਸ ਦੇ ਮੁੱਖ ਦਫ਼ਤਰ ਦੇ ਸਾਹਮਣੇ ਉਸ ਮੈਦਾਨ ਵਿੱਚ ਕੀਤਾ ਗਿਆ ਸੀ, ਜਿੱਥੇ ਇਹੋ ਜਿਹੇ ਹੋਰ ਸਮਾਗਮ ਹੋਣ ਦੀ ਮਨਾਹੀ ਹੈ ਤੇ ਗਡਕਰੀ ਦੇ ਪੁੱਤਰ ਦੇ ਵਿਆਹ ਦਾ ਖਰਚਾ ਢਾਈ ਸੌ ਕਰੋੜ ਰੁਪਏ ਤੋਂ ਟੱਪ ਗਿਆ ਸੀ। ਦੌਲਤ ਕਈਆਂ ਦੀਆਂ ਅੱਖਾਂ ਚੁੰਧਿਆ ਦੇਂਦੀ ਹੈ, ਆਰ ਐੱਸ ਐੱਸ ਦੇ ਮਹਾਂ-ਪ੍ਰਭੂਆਂ ਦੀਆਂ ਵੀ ਚੁੰਧਿਆ ਗਈਆਂ। ਉਨ੍ਹਾਂ ਨੇ ਪਿਛਲੀ ਪਿਰਤ ਤੋੜ ਕੇ ਗਡਕਰੀ ਨੂੰ ਲਗਾਤਾਰ ਦੂਸਰੀ ਵਾਰੀ ਪ੍ਰਧਾਨ ਬਣਾਉਣ ਦਾ ਹੁਕਮ ਵੀ ਚਾੜ੍ਹ ਦਿੱਤਾ ਹੈ।
ਭਾਰਤੀ ਜਨਤਾ ਪਾਰਟੀ ਬਾਰੇ ਇੱਕ ਗੱਲ ਖਾਸ ਇਹ ਹੈ ਕਿ ਜਦੋਂ ਇਹ ਹਾਲੇ ਬਣੀ ਨਹੀਂ ਸੀ ਤੇ ਜਨ ਸੰਘ ਹੁੰਦਾ ਸੀ, ਓਦੋਂ ਵੀ ਇਸ ਦੇ ਪ੍ਰਧਾਨ ਜਾਂ ਅਹੁਦੇਦਾਰਾਂ ਦੀ ਚੋਣ ਕਦੇ ਨਹੀਂ ਸੀ ਹੋਈ, ਆਰ ਐੱਸ ਐੱਸ ਦੇ ਦਫਤਰ ਤੋਂ ਆਏ ਨਾਂਅ ਹੀ ਪ੍ਰਵਾਨ ਕੀਤੇ ਜਾਂਦੇ ਹੁੰਦੇ ਸਨ। ਇਹ ਰੀਤ ਹੁਣ ਤੱਕ ਕਾਇਮ ਹੈ। ਜਦੋਂ ਵੀ ਲੀਡਰਸ਼ਿਪ ਦੀ ਚੋਣ ਕਰਨੀ ਹੋਵੇ, ਮੂਹਰਲੇ ਨਾਂਅ ਨਾਗਪੁਰ ਤੋਂ ਆਉਂਦੇ ਹਨ ਤੇ ਇਹ ਸੁਨੇਹਾ ਇਸ ਵਾਰੀ ਵੀ ਆ ਗਿਆ ਕਿ ਨਿਤਿਨ ਗਡਕਰੀ ਦੂਸਰੀ ਵਾਰੀ ਵੀ ਪ੍ਰਧਾਨਗੀ ਹੰਢਾਵੇਗਾ ਤੇ ਲੋਕ ਸਭਾ ਦੀਆਂ ਚੋਣਾਂ ਤੱਕ ਪਾਰਟੀ ਦੀ ਅਗਵਾਈ ਕਰੇਗਾ। ਬਾਕੀ ਕੋਈ ਇਸ ਦੇ ਖਿਲਾਫ ਬੋਲਣ ਦੀ ਜੁਰਅੱਤ ਨਹੀਂ ਸੀ ਕਰ ਸਕਿਆ, ਪਰ ਨਰਿੰਦਰ ਮੋਦੀ ਨੇ ਸੁਨੇਹਾ ਭੇਜ ਦਿੱਤਾ ਕਿ ਜੇ ਗਡਕਰੀ ਦੀ ਲੱਤ ਇੰਜ ਹੀ ਗੱਡੀ ਰਹਿਣੀ ਹੈ ਤਾਂ ਉਹ ਏਦਾਂ ਦਾ ਫੈਸਲਾ ਕਰਨ ਵਾਲੀ ਪਾਰਟੀ ਮੀਟਿੰਗ ਵਿੱਚ ਹੀ ਨਹੀਂ ਆਵੇਗਾ।
ਏਸੇ ਦੌਰਾਨ ਆਰ ਐੱਸ ਐੱਸ ਹਾਈ ਕਮਾਨ ਨੇ ਆਪਣੇ ਪੁਰਾਣੇ ਸੋਇਮ ਸੇਵਕ ਨਰਿੰਦਰ ਮੋਦੀ ਨੂੰ ਥੋੜ੍ਹਾ ਝਟਕਾ ਦੇਣ ਲਈ ਨਿਤਿਨ ਗਡਕਰੀ ਨੂੰ ਆਖ ਕੇ ਸੰਜੇ ਜੋਸ਼ੀ ਨੂੰ ਭਾਜਪਾ ਦਾ ਜਨਰਲ ਸਕੱਤਰ ਬਣਵਾ ਦਿੱਤਾ। ਸੰਜੇ ਜੋਸ਼ੀ ਦਾ ਬਹੁਤੇ ਲੋਕਾਂ ਨੂੰ ਚੇਤਾ ਭੁੱਲ ਚੁੱਕਾ ਸੀ। ਇਹ ਪਹਿਲਾਂ ਵੀ ਭਾਜਪਾ ਦਾ ਜਨਰਲ ਸਕੱਤਰ ਹੁੰਦਾ ਸੀ ਤੇ ਇਸ ਦੀ ਇੱਕ ਰੰਗੀਨ ਸੀ ਡੀ ਬਾਹਰ ਆ ਗਈ ਸੀ। ਜਦੋਂ ਇਹ ਸੀ ਡੀ ਜ਼ਾਹਰ ਹੋਈ, ਓਦੋਂ ਸੰਜੇ ਜੋਸ਼ੀ ਤੇ ਨਰਿੰਦਰ ਮੋਦੀ ਦੇ ਸੰਬੰਧ ਵਿਗੜੇ ਹੋਏ ਸਨ। ਸਾਰੇ ਜਾਣਦੇ ਹਨ ਕਿ ਮੋਦੀ ਜਿਸ ਦੇ ਪਿੱਛੇ ਪੈ ਜਾਵੇ, ਉਸ ਦੀ ਖੈਰ ਨਹੀਂ ਹੁੰਦੀ। ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਹਰਿਨ ਪਾਂਡਿਆ ਦਾ ਤਾਂ ਕਤਲ ਵੀ ਨਰਿੰਦਰ ਮੋਦੀ ਵੱਲੋਂ ਕਰਵਾਇਆ ਕਿਹਾ ਜਾਂਦਾ ਹੈ, ਕਿਉਂਕਿ ਉਸ ਨੇ ਮੋਦੀ ਵਾਸਤੇ ਆਪਣੀ ਵਿਧਾਨ ਸਭਾ ਸੀਟ ਛੱਡਣ ਤੋਂ ਨਾਂਹ ਕਰ ਦਿੱਤੀ ਸੀ ਤੇ ਵਾਜਪਾਈ ਤੇ ਅਡਵਾਨੀ ਉਸ ਦੇ ਨਾਲ ਖੜੇ ਸਨ। ਸੰਜੇ ਜੋਸ਼ੀ ਦੀ ਉਹ ਸੀ ਡੀ ਸੱਚੀ ਵੀ ਹੋਵੇ ਤਾਂ ਜਦੋਂ ਤੱਕ ਮੋਦੀ ਨਾਲ ਸੰਬੰਧ ਨਹੀਂ ਸਨ ਵਿਗੜ ਗਏ, ਕਿਸੇ ਨੂੰ ਪਤਾ ਨਹੀਂ ਸੀ ਤੇ ਪਤਾ ਲੱਗਣ ਮਗਰੋਂ ਉਸ ਨੂੰ ਅਸਤੀਫਾ ਦੇ ਕੇ ਗੁੰਮ-ਨਾਮ ਜ਼ਿੰਦਗੀ ਜਿਊਣੀ ਪਈ ਸੀ। ਗਡਕਰੀ ਜਾਣਦਾ ਸੀ ਕਿ ਸੰਜੇ ਜੋਸ਼ੀ ਨੂੰ ਜਨਰਲ ਸਕੱਤਰ ਮੁੜ ਕੇ ਲਾਉਣ ਉੱਤੇ ਮੋਦੀ ਨੇ ਤੜਫਣਾ ਹੈ, ਇਸ ਲਈ ਇਹ ਕੰਮ ਉਹ ਆਪਣੇ ਆਪ ਨਹੀਂ ਸੀ ਕਰ ਸਕਦਾ, ਨਾਗਪੁਰ ਵਾਲੇ ਕਹਿ ਕੇ ਕਰਵਾ ਰਹੇ ਸਨ ਤੇ ਸੋਚ ਇਸ ਦੇ ਪਿੱਛੇ ਇਹ ਸੀ ਕਿ ਜੇ ਕਿਸੇ ਦੀ ਇੱਕੋ ਗੱਲ ਦੀ ਜ਼ਿਦ ਹੋਵੇ ਤਾਂ ਮੰਨਦਾ ਨਹੀਂ, ਜੇ ਜ਼ਿਦ ਦੀਆਂ ਦੋ ਮੱਦਾਂ ਹੋ ਜਾਣ ਤਾਂ ਇੱਕ ਛੱਡਣ ਲਈ ਸੌਦੇਬਾਜ਼ੀ ਕੀਤੀ ਜਾ ਸਕਦੀ ਹੈ। ਇਸ ਲਈ ਉਨ੍ਹਾਂ ਨੇ ਜੋਸ਼ੀ ਦੇ ਬਹਾਨੇ ਮੋਦੀ ਸਾਹਮਣੇ ਰੋਸ ਦੇ ਦੋ ਮੁੱਦੇ ਖੜੇ ਕਰ ਦਿੱਤੇ, ਇੱਕ ਗਡਕਰੀ ਦੀ ਦੂਸਰੀ ਵਾਰੀ ਦੀ ਪ੍ਰਧਾਨਗੀ ਦਾ ਅਤੇ ਦੂਸਰਾ ਜੋਸ਼ੀ ਦੇ ਜਨਰਲ ਸਕੱਤਰ ਹੋਣ ਜਾਂ ਨਾ ਹੋਣ ਦਾ। ਨਰਿੰਦਰ ਮੋਦੀ ਨੇ ਇਸ ਤੋਂ ਭੜਕ ਕੇ ਨਾ ਸਿਰਫ਼ ਮੀਟਿੰਗਾਂ ਦੇ ਬਾਈਕਾਟ ਦੀ, ਬਲਕਿ ਵੱਖਰੀ 'ਗੁਜਰਾਤ ਭਾਜਪਾ' ਨਾਂਅ ਦੀ ਪਾਰਟੀ ਬੰਨ੍ਹਣ ਦੀ ਧਮਕੀ ਵੀ ਦੇ ਦਿੱਤੀ। ਇਸ ਪਿੱਛੋਂ ਹੋਈ ਸੌਦੇਬਾਜ਼ੀ ਵਿੱਚ ਮੋਦੀ ਨੂੰ ਮਨਾਉਣ ਲਈ ਸੰਜੇ ਜੋਸ਼ੀ ਕੋਲੋਂ ਅਸਤੀਫਾ ਲੈ ਕੇ ਗਡਕਰੀ ਦੀ ਦੂਸਰੀ ਵਾਰੀ ਮੰਨਣ ਲਈ ਉਸ ਨੂੰ ਸਹਿਮਤ ਕਰ ਲਿਆ। ਭਾਰਤ ਵਿੱਚ ਪ੍ਰਭਾਵ ਇਹ ਗਿਆ ਕਿ ਸੰਜੇ ਜੋਸ਼ੀ ਦੇ ਸਵਾਲ ਉੱਤੇ ਮੋਦੀ ਨੇ ਸਾਰਿਆਂ ਨੂੰ ਈਨ ਮੰਨਵਾ ਲਈ ਹੈ, ਪਰ ਅਸਲ ਵਿੱਚ ਉਸ ਨੂੰ ਨਾਗਪੁਰ ਵਾਲੇ ਠਿੱਬੀ ਲਾ ਗਏ ਹਨ।
ਜਿਹੜੀ ਗੱਲ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ, ਉਹ ਇਹ ਹੈ ਕਿ ਦੋ ਸਾਲ ਬਾਅਦ ਪ੍ਰਧਾਨ ਮੰਤਰੀ ਬਣਨ ਦੇ ਸੁਫਨੇ ਲੈਣ ਵਾਲੇ ਲੀਡਰ ਹੁਣ ਭਾਜਪਾ ਵਿੱਚ ਬਹੁਤ ਜ਼ਿਆਦਾ ਹੋ ਗਏ ਹਨ। ਗੱਲ ਗਡਕਰੀ ਇਕੱਲੇ ਦੀ ਨਹੀਂ, ਦਿੱਲੀ ਵਿੱਚ ਬੈਠੇ ਕਈ ਹੋਰ ਵੀ ਸੋਚਦੇ ਹਨ ਕਿ ਜੇ ਮੋਦੀ ਆ ਗਿਆ ਤਾਂ ਸਾਡੇ ਲਈ ਖਤਰਾ ਬਣ ਜਾਵੇਗਾ। ਜਦੋਂ ਨਰਿੰਦਰ ਮੋਦੀ ਮੁੰਬਈ ਦੀ ਮੀਟਿੰਗ ਵਿੱਚ ਆਉਣਾ ਮੰਨਿਆ, ਬਾਕੀ ਦੇ ਮੂੰਹ ਵਿੰਗਾ ਕਰ ਬੈਠੇ। ਮੀਟਿੰਗ ਮੁੱਕਣ ਮਗਰੋਂ ਮੁੰਬਈ ਵਿੱਚ ਰਾਤ ਨੂੰ ਭਾਜਪਾ ਨੇ ਜਨਤਕ ਜਲਸਾ ਕੀਤਾ ਤਾਂ ਪਾਰਟੀ ਦੀ ਤਾਜ਼ਾ-ਤਾਜ਼ਾ ਹੋਈ ਏਕਤਾ ਦਾ ਜਲੂਸ ਨਿਕਲ ਗਿਆ। ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਜਲਸੇ ਵਿੱਚ ਜਾਣ ਦੀ ਥਾਂ ਗਾਜ਼ੀਆਬਾਦ ਵਿੱਚ ਇੱਕ ਨਿੱਕੀ ਜਿਹੀ ਸਭਾ ਦਾ ਬਹਾਨਾ ਲਾ ਕੇ ਦਿੱਲੀ ਨੂੰ ਉਡਾਰੀ ਲਾ ਗਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਕਿਸੇ ਬਿਮਾਰ ਰਿਸ਼ਤੇਦਾਰ ਦਾ ਪਤਾ ਲੈਣ ਲਈ ਵੀ ਉਹੋ ਵਕਤ ਠੀਕ ਲੱਗਾ ਤੇ ਉਹ ਤੁਰਦਾ ਬਣਿਆ।
ਦੋ ਵੱਡੀਆਂ ਪਾਰਟੀਆਂ ਦੇ ਲੀਡਰ ਇਸ ਵਕਤ ਆਪੋ ਆਪਣੀਆਂ ਉਲਝਣਾਂ ਨੂੰ ਇਹ ਸੋਚ ਕੇ ਸੁਲਝਾਉਣ ਲਈ ਜ਼ੋਰ ਲਾ ਰਹੇ ਹਨ ਕਿ ਅਗਲੀਆਂ ਪਾਰਲੀਮੈਂਟ ਚੋਣਾਂ ਸਾਡੇ ਦੋਵਾਂ ਵਿੱਚ ਰਵਾਇਤੀ ਭੇੜ ਹੀ ਹੋਣੀਆਂ ਹਨ। ਦੂਸਰੇ ਪਾਸੇ ਬਹੁਤ ਸਾਰੇ ਹੋਰ ਦਲ ਆਪੋ ਆਪਣਾ ਪੈਂਤੜਾ ਚੁਣਨ ਵਾਸਤੇ ਜਿੱਥੇ ਵੀ ਮੀਟਿੰਗ ਕਰਦੇ ਹਨ, ਪਹਿਲੀ ਗੱਲ ਇਹ ਹੁੰਦੀ ਹੈ ਕਿ ਇਨ੍ਹਾਂ ਦੋਵਾਂ ਧਿਰਾਂ ਤੋਂ ਬਿਨਾਂ ਹੋਰ ਧਿਰਾਂ ਵੀ ਹਿੰਦੁਸਤਾਨ ਵਿੱਚ ਹਨ।
ਕਾਂਗਰਸ ਪਾਰਟੀ ਸਭ ਤੋਂ ਵੱਡੇ ਪ੍ਰਭਾਵ ਵਾਲੀ ਪਾਰਟੀ ਹੁੰਦੀ ਸੀ, ਪਰ ਪਿਛਲੇ ਸਾਲਾਂ ਵਿੱਚ ਇਸ ਦਾ ਪ੍ਰਭਾਵ ਦਿਨੋ ਦਿਨ ਸੁੰਗੜਦਾ ਨਜ਼ਰ ਆਉਣ ਲੱਗ ਪਿਆ ਤਾਂ ਭਾਜਪਾ ਨੇ ਇਸ ਦਾ ਬਦਲ ਬਣਨ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਸਨ। ਭਾਜਪਾ ਦੇ ਅੰਦਰ ਦੀਆਂ ਉਲਝਣਾਂ ਨੂੰ ਆਪਣੀ ਥਾਂ ਛੱਡ ਕੇ ਵੀ ਵੇਖਣ ਵਾਲੀ ਗੱਲ ਇਹ ਹੈ ਕਿ ਇਹ ਦੇਸ਼ ਦੇ ਇੱਕ ਬਹੁਤ ਵੱਡੇ ਹਿੱਸੇ ਵਿੱਚ ਆਪਣਾ ਦੀਵਾ ਵੀ ਜਗਦਾ ਨਹੀਂ ਵੇਖ ਸਕੀ। ਕਾਂਗਰਸ ਦਾ ਹਰ ਰਾਜ ਵਿੱਚ ਕੋਈ ਨਾ ਕੋਈ ਪ੍ਰਤੀਨਿਧ ਮੌਜੂਦ ਹੈ, ਪਰ ਭਾਜਪਾ ਦਾ ਪਿਛਲੀ ਵਾਰੀ ਦੇਸ਼ ਦੇ ਕੁੱਲ ਅਠਾਈ ਰਾਜਾਂ ਵਿੱਚੋਂ ਚੌਦਾਂ ਵਿੱਚ ਇੱਕ ਵੀ ਪ੍ਰਤੀਨਿਧ ਲੋਕਾਂ ਦਾ ਭਰੋਸਾ ਨਹੀਂ ਸੀ ਜਿੱਤ ਸਕਿਆ। ਕੇਰਲਾ, ਬੰਗਾਲ ਨੂੰ ਤਾਂ ਛੱਡੋ, ਉੜੀਸਾ, ਤਾਮਿਲ ਨਾਡੂ ਤੇ ਆਂਧਰਾ ਵਿੱਚ ਵੀ ਜਦੋਂ ਕਦੇ ਉਸ ਨੂੰ ਕੋਈ ਸੀਟ ਮਿਲੀ ਹੈ, ਕਿਸੇ ਨਾ ਕਿਸੇ ਦੀ ਪੂਛ ਫੜ ਕੇ ਮਿਲੀ ਹੈ। ਪੰਜਾਬ ਤੇ ਹਰਿਆਣੇ ਵਿੱਚ ਉਹ ਆਪਣੀ ਵੱਡੀ ਤਾਕਤ ਦਾ ਦਾਅਵਾ ਕਰਦੀ ਰਹਿੰਦੀ ਹੈ, ਪਰ ਸੀਟ ਓਦੋਂ ਕੋਈ ਜਿੱਤਦੀ ਹੈ, ਜਦੋਂ ਅਕਾਲੀ ਦਲ ਜਾਂ ਓਮ ਪ੍ਰਕਾਸ਼ ਚੌਟਾਲਾ ਦੀ ਇਨੈਲੋ ਪਾਰਟੀ ਦੇ ਪਿੱਛੇ ਚੱਲਣ ਦਾ ਅੱਕ ਚੱਬਣ ਨੂੰ ਮੰਨ ਜਾਂਦੀ ਹੈ। ਪਾਰਲੀਮੈਂਟ ਦੀਆਂ ਕੁੱਲ ਪੰਜ ਸੌ ਤਿਰਤਾਲੀ ਸੀਟਾਂ ਵਿੱਚੋਂ ਪੰਜਵੇਂ ਹਿੱਸੇ ਵਿੱਚ ਉਹ ਉਮੀਦਵਾਰ ਹੀ ਖੜੇ ਨਹੀਂ ਕਰ ਸਕਦੀ ਤੇ ਜਿੱਥੇ ਖੜੇ ਕਰਦੀ ਹੈ, ਉਸ ਦੀ ਕਾਰਗੁਜ਼ਾਰੀ ਦਾ ਹਾਲ ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਪਿਛਲੀ ਵਾਰੀ 433 ਬੰਦੇ ਖੜੇ ਕਰ ਕੇ 116 ਜਿੱਤੇ ਤੇ 170 ਸੀਟਾਂ ਉੱਤੇ ਉਸ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਜਿਹੜੀ ਪਾਰਟੀ ਅੱਧੇ ਹਿੰਦੁਸਤਾਨ ਵਿੱਚ ਪਹਿਲਾਂ ਹੀ ਹਾਰ ਮੰਨ ਕੇ ਘਰੋਂ ਤੁਰਦੀ ਹੈ, ਉਹ ਨਾ ਸਿਰਫ ਅਗਲੀ ਵਾਰੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ, ਸਗੋਂ ਉਸ ਦੇ ਆਗੂ ਪ੍ਰਧਾਨ ਮੰਤਰੀ ਬਣਨ ਵਾਸਤੇ ਇੱਕ ਦੂਸਰੇ ਨੂੰ ਮੋਢਾ ਮਾਰ ਕੇ ਕੂੜੇ ਦੇ ਕਚਰੇ ਵਿੱਚ ਸੁੱਟਣ ਦੀ ਖੇਡ ਵੀ ਅਗਾਊਂ ਹੀ ਸ਼ੁਰੂ ਕਰੀ ਬੈਠੇ ਹਨ।
ਅਫਸੋਸ ਦੀ ਗੱਲ ਇਹ ਹੈ ਕਿ ਜਿਸ ਲੋਕ-ਰਾਜ ਦੇ ਵੋਟ-ਸਮੁੰਦਰ ਨੂੰ ਦੋ ਸਾਲ ਬਾਅਦ ਰਿੜਕਣ ਲਈ ਦੋ ਧਿਰਾਂ ਲਸ਼ਕਰ ਜੋੜਨ ਲਈ ਹੁਣੇ ਤੋਂ ਲੱਗੀਆਂ ਨਜ਼ਰ ਆਉਂਦੀਆਂ ਹਨ, ਉਸ ਵਿੱਚੋਂ ਰਤਨ ਦੇ ਰੂਪ ਵਿੱਚ ਅੰਮ੍ਰਿਤ ਦੀ ਝਾਕ ਵੀ ਹੁਣੇ ਮੁੱਕਦੀ ਜਾਂਦੀ ਤੇ ਜ਼ਹਿਰ ਅਤੇ ਸ਼ਰਾਬ ਵਾਲੇ 'ਰਤਨ' ਨਿਕਲਣ ਦੇ ਆਸਾਰ ਵਧਦੇ ਜਾਂਦੇ ਹਨ। ਕੀ ਅਸੀਂ ਹੁਣ ਇਹ ਤਸੱਲੀ ਕਰ ਲਈਏ ਕਿ ਸ਼ਰਾਬ ਤੇ ਜ਼ਹਿਰ ਹੀ ਸਹੀ, ਚੌਦਾਂ ਰਤਨਾਂ ਵਿੱਚ ਤਾਂ ਗਿਣੇ ਹੀ ਜਾਣਗੇ, ਆਖਰ ਲੋਕ-ਰਾਜ ਦੇ 'ਰਤਨ' ਜੁ ਹੋਏ?

No comments:

Post a Comment