ਦ੍ਰਿਸ਼ਟੀਕੋਣ (75)-ਜਤਿੰਦਰ ਪਨੂੰ

ਗਵਾਂਢੀ ਦੇਸ਼ ਨਾਲ ਸੰਬੰਧਾਂ ਵਿੱਚ ਸੋਚ ਦਾ ਸਮਤੋਲ ਦੋਵਾਂ ਪਾਸਿਆਂ ਦੇ ਲੀਡਰਾਂ ਨੂੰ ਰੱਖਣਾ ਪਵੇਗਾ
'ਜਿੱਥੇ ਕੁਝ ਨਹੀਂ ਹੁੰਦਾ, ਓਥੇ ਕੀ ਹੁੰਦਾ ਹੈ?' ਇਹ ਸਵਾਲ ਸਾਡਾ ਨਹੀਂ, ਕਰਨਲ ਜਸਬੀਰ ਭੁੱਲਰ ਦੀ ਕਹਾਣੀ ਵਿੱਚ ਛੱਡਿਆ ਹੋਇਆ ਹੈ, ਜਿਹੜੀ ਪੜ੍ਹੀ ਤਾਂ ਬਹੁਤ ਸਾਰੇ ਲੋਕਾਂ ਨੇ ਹੋਵੇਗੀ, ਪਰ ਇਸ ਦਾ ਮਤਲਬ ਸਿਰਫ ਉਹੋ ਬੰਦਾ ਸਮਝ ਸਕਦਾ ਹੈ, ਜਿਹੜਾ ਆਪਣੇ ਇਰਦ-ਗਿਰਦ ਦੀ ਦੁਨੀਆ ਤੋਂ ਬਾਹਰ ਬਾਰੇ ਸੋਚਣ ਲਈ ਪੰਜ ਮਿੰਟ ਕੱਢ ਸਕਦਾ ਹੋਵੇ। ਜਸਬੀਰ ਭੁੱਲਰ ਦੀ ਇਹ ਕਹਾਣੀ ਸੰਸਾਰ ਦੇ ਸਭ ਤੋਂ ਉੱਚੀ ਥਾਂ ਲੱਗੇ ਹੋਏ ਸਿਆਚਿਨ ਦੇ ਉਸ ਮੋਰਚੇ ਦੇ ਫੌਜੀਆਂ ਬਾਰੇ ਸੀ, ਜਿਨ੍ਹਾਂ ਦੀ ਹਾਲਤ ਦੀ ਚਿੰਤਾ ਉਨ੍ਹਾਂ ਨੂੰ ਓਥੇ ਭੇਜਣ ਵਾਲਿਆਂ ਨੇ ਵੀ ਕਦੀ ਨਹੀਂ ਕੀਤੀ। ਜਾਰਜ ਫਰਨਾਂਡੇਜ਼ ਕਈ ਕਾਰਨਾਂ ਕਰ ਕੇ, ਜਿਨ੍ਹਾਂ ਵਿੱਚ ਉਸ ਦੇ ਰੱਖਿਆ ਮੰਤਰੀ ਹੁੰਦਿਆਂ ਵਾਪਰਿਆ ਕੱਫਨ ਕਾਂਡ ਦਾ ਭ੍ਰਿਸ਼ਟਾਚਾਰ ਵੀ ਸ਼ਾਮਲ ਸੀ, ਸੁਥਰਾ ਕਿਰਦਾਰ ਨਹੀਂ ਸੀ ਰਿਹਾ, ਪਰ ਇੱਕ ਗੱਲ ਚੰਗੀ ਉਸ ਦੇ ਨਾਂਅ ਨਾਲ ਜੁੜ ਗਈ ਹੈ। ਜਦੋਂ ਉਹ ਰੱਖਿਆ ਮੰਤਰੀ ਹੁੰਦਾ ਸੀ ਤਾਂ ਸਿਆਚਿਨ ਦੇ ਗਲੇਸ਼ੀਅਰ ਉੱਤੇ ਬੈਠੇ ਜਵਾਨਾਂ ਤੇ ਅਫਸਰਾਂ ਲਈ ਹਰ ਸਪਲਾਈ ਵਾਸਤੇ ਫਾਈਲਾਂ ਨੂੰ ਦਿੱਲੀ ਵਿੱਚ ਜੰਮੇ ਹੋਏ ਅਫਸਰਾਂ ਵੱਲੋਂ ਇੱਕ ਦੂਜੇ ਵੱਲ ਖਿਸਕਾਏ ਜਾਣ ਨੂੰ ਉਸ ਨੇ ਗੰਭੀਰਤਾ ਨਾਲ ਲਿਆ ਤੇ ਹੁਕਮ ਕੀਤਾ ਸੀ ਕਿ ਇਹ ਸਾਰੇ ਲੋਕ ਇੱਕ ਨਿਸ਼ਚਿਤ ਸਮਾਂ ਸਿਆਚਿਨ ਵਿੱਚ ਲਾ ਕੇ ਆਉਣਗੇ, ਤਾਂ ਕਿ ਓਥੋਂ ਦੇ ਹਾਲਾਤ ਨੂੰ ਸਮਝ ਸਕਣ। ਪਿੱਛੋਂ ਉਸ ਉੱਤੇ ਅਮਲ ਹੋਣ ਜਾਂ ਨਾ ਹੋਣ ਬਾਰੇ ਪਤਾ ਨਹੀਂ, ਪਰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜੇ ਲੋਕ ਸਿਆਚਿਨ ਤੇ ਅਕਸਾਈ ਚਿਨ ਦਾ ਫਰਕ ਨਹੀਂ ਜਾਣਦੇ, ਦਿੱਲੀ ਵਿੱਚ ਬੈਠ ਕੇ ਉਹ ਫੈਸਲੇ ਕਰਦੇ ਹਨ ਕਿ ਸਿਆਚਿਨ ਵਿੱਚ ਕੀ ਹੋਣਾ ਤੇ ਕੀ ਨਹੀਂ ਹੋਣਾ ਚਾਹੀਦਾ।
ਸਿਰਫ ਸਾਡੇ ਪਾਸੇ ਵੱਲ ਨਹੀਂ, ਸਰਹੱਦ ਦੇ ਪਾਰਲੇ ਪਾਸੇ ਜਿਹੜੇ ਪਾਕਿਸਤਾਨ ਵੱਲੋਂ ਇਸ ਮੋਰਚੇ ਦੀਆਂ ਟਾਹਰਾਂ ਮਾਰਦੇ ਹਨ, ਉਨ੍ਹਾਂ ਨੂੰ ਵੀ ਓਥੇ ਬੈਠੇ ਆਪਣੇ ਜਵਾਨ ਉਹ ਬੱਕਰੇ ਜਾਪਦੇ ਹਨ, ਜਿਹੜੇ ਈਦ ਦੇ ਮੌਕੇ ਆਪ ਨਹੀਂ ਝਟਕਾਏ ਅਤੇ ਨਿਸ਼ਾਨੇ ਲਾਉਣ ਦੀ ਪ੍ਰ੍ਰੈੱਕਟਿਸ ਕਰਨ ਲਈ ਭਾਰਤੀਆਂ ਅੱਗੇ ਭੇਜ ਦਿੱਤੇ ਜਾਂਦੇ ਹਨ। ਸਾਡੀ ਇਸ ਸੋਚ ਦਾ ਇਕ ਖਾਸ ਕਾਰਨ ਹੈ। ਬੀਤੇ ਮਹੀਨੇ ਜਦੋਂ ਪਾਕਿਸਤਾਨ ਦਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਆਪਣੇ ਪੁੱਤਰ ਲਈ ਰਾਜ-ਗੱਦੀ ਦੀ ਸੁੱਖਣਾ ਸੁੱਖਣ ਲਈ ਅਜਮੇਰ ਸ਼ਰੀਫ ਦੀ ਦਰਗਾਹ ਵੱਲ ਆਇਆ ਸੀ, ਉਸ ਤੋਂ ਇੱਕ ਦਿਨ ਪਹਿਲਾਂ ਸਿਆਚਿਨ ਵਿੱਚ ਬਰਫਾਨੀ ਤੂਫਾਨ ਆ ਕੇ ਉਸ ਦੀ ਫੌਜ ਦੇ ਡੇਢ ਸੌ ਦੇ ਕਰੀਬ ਜਵਾਨ ਦੱਬੇ ਗਏ ਸਨ। ਜ਼ਰਦਾਰੀ ਆਇਆ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਘਰ ਦਾਅਵਤ ਛਕ ਕੇ ਤੇ ਆਪਣੇ ਖਾਨਦਾਨ ਦੇ ਚਿਰਾਗ ਲਈ ਸੁੱਖਣਾ ਸੁੱਖ ਕੇ ਮੁੜ ਵੀ ਗਿਆ, ਪਰ ਬਰਫਾਂ ਹੇਠ ਦੱਬੇ ਜਵਾਨਾਂ ਦਾ ਓਦੋਂ ਤੱਕ ਤਾਂ ਕੀ, ਕਈ ਦਿਨ ਹੋਰ ਲੰਘਾ ਕੇ ਵੀ ਪਤਾ ਨਹੀਂ ਸੀ ਲੱਗ ਰਿਹਾ। ਜਿਵੇਂ ਆਮ ਹੁੰਦਾ ਹੈ, ਫਿਰ ਇਸ ਮਕਸਦ ਲਈ ਅਮਰੀਕਾ ਦੀ ਮਦਦ ਮੰਗਣੀ ਪਈ ਸੀ। ਸਵਾਲ ਤਾਂ ਇਹ ਹੈ ਕਿ ਜੇ ਉਨ੍ਹਾਂ ਡੇਢ ਸੌ ਦੀ ਥਾਂ ਉਸ ਦਾ ਆਪਣਾ ਇਕੱਲਾ ਪੁੱਤਰ ਓਥੇ ਫਸਿਆ ਹੁੰਦਾ ਤਾਂ ਜ਼ਰਦਾਰੀ ਜ਼ਿਆਰਤ ਕਰਨ ਭਾਰਤ ਨੂੰ ਭੱਜਦਾ ਜਾਂ ਸਿਆਚਿਨ ਦੇ ਗਲੇਸ਼ੀਅਰ ਨੂੰ ਗਿਆ ਹੁੰਦਾ? ਸੰਸਾਰ ਦਾ ਕੋਈ ਵੀ ਹੋਸ਼ਮੰਦ ਵਿਅਕਤੀ ਇਸ ਦਾ ਜਿਹੜਾ ਜਵਾਬ ਦੇ ਸਕਦਾ ਹੈ, ਉਹ ਲਿਖਣ ਦੀ ਲੋੜ ਨਹੀਂ, ਪਰ ਇਹ ਵਿਹਾਰ ਓਥੇ ਹੁੰਦਾ ਹੈ, ਜਿੱਥੇ ਉਹ 'ਕੁਝ' ਨਹੀਂ ਹੁੰਦਾ, ਜੋ ਹੋਣਾ ਚਾਹੀਦਾ ਹੈ।
ਤੁਸੀਂ ਇਸ 'ਕੁਝ' ਦੀ ਪ੍ਰੀਭਾਸ਼ਾ ਜਾਣਨੀ ਚਾਹੋਗੇ। ਸਾਡੀ ਨਜ਼ਰ ਵਿੱਚ ਇਸ 'ਕੁਝ' ਦਾ ਨਾਂਅ 'ਜ਼ਮੀਰ' ਹੈ, ਜਿਸ ਦਾ ਹੁਣ ਸਾਡੇ ਵਾਲੇ ਖਿੱਤੇ ਦੇ ਦੇਸ਼ਾਂ ਦੇ ਹਾਕਮਾਂ ਦੇ ਸਿਰਾਂ ਵਿੱਚ ਥਾਂ ਹੀ ਨਹੀਂ ਰਿਹਾ। ਇਸ ਲਈ ਜਿੱਥੇ ਜ਼ਮੀਰ ਨਾਂਅ ਦਾ 'ਕੁਝ' ਨਹੀਂ ਹੁੰਦਾ, ਓਥੇ ਫਿਰ 'ਕੁਝ ਨਹੀਂ ਹੁੰਦਾ'। ਇਹ ਗੱਲ ਕਈ ਲੋਕਾਂ ਨੂੰ ਸ਼ਾਇਦ ਚੰਗੀ ਨਾ ਲੱਗੇ, ਪਰ ਅਸੀਂ ਇਹ ਲਿਖਣੋਂ ਰਹਿ ਨਹੀਂ ਸਕੇ, ਕਿਉਂਕਿ ਸੰਸਾਰ ਦਾ ਇਤਿਹਾਸ ਤੇ ਹਕੀਕਤਾਂ ਇਸ ਦੀ ਸ਼ਾਹਦੀ ਭਰਦੀਆਂ ਹਨ।
ਪਹਿਲੀ ਗੱਲ ਇਹ ਸਪੱਸ਼ਟ ਕਰ ਦੇਈਏ ਕਿ ਅਸੀਂ ਉਨ੍ਹਾਂ ਜੰਗਬਾਜ਼ਾਂ ਦੀ ਨਸਲ ਵਿੱਚੋਂ ਨਹੀਂ, ਜਿਹੜੇ ਕਦੇ ਕੋਈ ਵਜ਼ੀਰ ਭੇਜ ਕੇ ਸ੍ਰੀਨਗਰ ਵਿੱਚੋਂ ਪਾਕਿਸਤਾਨ ਨੂੰ ਕਹਿੰਦੇ ਹਨ ਕਿ 'ਜਦੋਂ ਚਾਹੇ, ਜਿੱਥੇ ਚਾਹੇ, ਲੜ ਕੇ ਵੇਖ ਲਵੇ' ਤੇ ਕਦੀ ਦਿੱਲੀ ਦੇ ਲਾਲ ਕਿਲ੍ਹੇ ਦੀ ਕੰਧ ਤੋਂ ਕਾਲੀ ਵਰਦੀ ਵਾਲੇ ਕਮਾਂਡੋਜ਼ ਵਿਚਾਲੇ ਖੜੋ ਕੇ ਲਲਕਾਰੇ ਮਾਰਦੇ ਹਨ। ਅਸੀਂ ਅਮਨ ਦੇ ਹਮਾਇਤੀ ਹਾਂ। ਕਦੇ ਪੰਡਤ ਜਵਾਹਰ ਲਾਲ ਨਹਿਰੂ ਨੇ ਇੱਕ ਵਾਰ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਸਰਹੱਦੀ ਝਗੜੇ ਦੇ ਬਾਵਜੂਦ ਚੀਨ ਨਾਲ ਲੜਾਈ ਦੀ ਬਜਾਏ ਸਹਿਮਤੀ ਦਾ ਰਾਹ ਲੱਭਣਾ ਚਾਹੀਦਾ ਹੈ। ਜਿਸ ਥਾਂ ਦਾ ਸਰਹੱਦੀ ਝਗੜਾ ਹੈ, ਓਥੇ ਸਾਰਾ ਸਾਲ ਬਰਫ ਪੈਂਦੀ ਹੈ, ਕਦੇ ਕੋਈ ਫਸਲ ਨਹੀਂ ਹੁੰਦੀ, ਇਹੋ ਜਿਹੀ ਥਾਂ ਪਿੱਛੇ ਬੰਦੇ ਮਰਵਾਉਣ ਨੂੰ ਕਾਹਲੇ ਨਾ ਪਈਏ। ਇੱਕ ਪਾਰਲੀਮੈਂਟ ਮੈਂਬਰ ਨੇ ਉੱਠ ਕੇ ਕਿਹਾ ਸੀ: 'ਮੇਰਾ ਸਿਰ ਗੰਜਾ ਹੈ, ਜੇ ਇਸ ਉੱਤੇ ਵਾਲ ਨਹੀਂ ਹਨ ਤਾਂ ਕੀ ਮੈਂ ਇਸ ਸਿਰ ਨੂੰ ਬੇਲੋੜਾ ਸਮਝ ਕੇ ਕੱਟਵਾ ਦੇਵਾਂ?' ਏਦਾਂ ਦੀਆਂ ਗੱਲਾਂ ਪ੍ਰਧਾਨ ਮੰਤਰੀ ਨੂੰ ਜੰਗ ਲਈ ਉਕਸਾਉਣ ਵਾਸਤੇ ਉਹ ਲੋਕ ਕਹਿੰਦੇ ਸਨ, ਜਿਹੜੇ ਆਪ ਛਟਾਂਕੀਆਂ ਨਾਲ ਸੌਦਾ ਵੇਚ ਕੇ ਸਰਕਾਰ ਨੂੰ ਸਿਰਫ ਪੰਜ-ਸੱਤ ਸੌ ਰੁਪਏ ਦਾ 'ਵਾਰ ਫੰਡ' ਦੇਣ ਨੂੰ 'ਵੱਡੀ ਕੁਰਬਾਨੀ' ਕੀਤੀ ਸਮਝਦੇ ਹਨ। ਅਸੀਂ ਉਨ੍ਹਾਂ ਵਿੱਚੋਂ ਨਹੀਂ। ਅਸੀਂ ਇਸ ਰਾਏ ਦੇ ਪੱਖ ਵਿੱਚ ਹਾਂ ਕਿ ਚੀਨ ਹੋਵੇ ਜਾਂ ਪਾਕਿਸਤਾਨ, ਆਪਣੇ ਮੁਲਕ ਦੀ ਸਲਾਮਤੀ ਦਾ ਮੁਨਾਸਬ ਪੈਂਤੜਾ ਲੈਂਦੇ ਵੀ ਕੋਸ਼ਿਸ਼ ਦੋਵਾਂ ਨਾਲ ਤਨਾਅ ਘਟਾਉਣ ਦੀ ਕਰਨੀ ਚਾਹੀਦੀ ਹੈ। ਅਮਨ ਵਾਲੇ ਹਾਲਾਤ ਵਿੱਚ ਹੀ ਦੋਵਾਂ ਧਿਰਾਂ ਦੀ ਭਲਾਈ ਹੈ।
ਦੂਸਰੀ ਗੱਲ ਅਸੀਂ ਇਹ ਕਹਿਣੀ ਚਾਹੁੰਦੇ ਹਾਂ ਕਿ ਜਿਹੜੀਆਂ ਮੁਸੀਬਤਾਂ ਪਾਕਿਸਤਾਨੀ ਪਾਸੇ ਦੇ ਫੌਜੀ ਜਵਾਨਾਂ ਨੂੰ ਸਹਾਰਨੀਆਂ ਪੈ ਰਹੀਆਂ ਹਨ, ਉਨ੍ਹਾਂ ਤੋਂ ਸਾਡੇ ਵਾਲੇ ਪਾਸੇ ਦੇ ਜਵਾਨ ਵੀ ਬਚੇ ਹੋਏ ਨਹੀਂ। ਅਨੇਕਾਂ ਫੌਜੀ ਜਵਾਨ ਭਾਰਤੀ ਪਾਸੇ ਵੀ ਬਰਫਾਂ ਵਿੱਚ ਦੱਬ ਕੇ ਜਾਂ ਅਚਾਨਕ ਕਿਸੇ ਪਾਸਿਓਂ ਆਈ ਗੋਲੀ ਨਾਲ ਮਾਰੇ ਜਾਂਦੇ ਹਨ। ਬਹੁਤੀ ਵਾਰ ਉਨ੍ਹਾਂ ਦਾ ਜ਼ਿਕਰ ਵੀ ਅਖਬਾਰਾਂ ਵਿੱਚ ਨਹੀਂ ਹੁੰਦਾ, ਕਿਉਂਕਿ ਅਖਬਾਰਾਂ ਵਿੱਚ ਕ੍ਰਿਕਟ ਤੋਂ ਬਚੀ ਥਾਂ ਕਿਸੇ ਚੇਅਰਮੈਨੀ ਦੀ ਕਲਗੀ ਲਾਈ ਫਿਰਦੇ ਚਰਿਤਰਹੀਣ ਬੰਦੇ ਵੱਲੋਂ ਕਿਸੇ ਸੜਕ ਦੇ ਦੋਹਰੀ ਵਾਰੀ ਰੱਖੇ ਗਏ ਨੀਂਹ-ਪੱਥਰ ਵਾਸਤੇ ਰਾਖਵੀਂ ਰੱਖਣੀ ਪੈ ਜਾਂਦੀ ਹੈ। ਲੀਡਰ ਕਿਸੇ ਫੌਜੀ ਦੇ ਮਰਨ ਦੀ ਖਬਰ ਸੁਣ ਕੇ 'ਦੁੱਖ ਪ੍ਰਗਟ' ਦੀ ਖਬਰ ਵੀ ਭੇਜਣ ਤਾਂ ਨਾਲ ਆਪਣੀ ਫੋਟੋ ਲਾਉਣ ਨੂੰ ਆਖਦੇ ਹਨ। ਫੌਜੀ ਦੀ ਮੌਤ ਦੇ ਦੁੱਖ ਦੀ ਖਬਰ ਵਿੱਚ ਲੀਡਰ ਦੀ ਫੋਟੋ ਲੱਗਣ ਤੋਂ ਬਾਅਦ ਇਹ ਪਤਾ ਨਹੀਂ ਲੱਗਦਾ ਕਿ ਮਰਿਆ ਫੌਜੀ ਹੈ ਜਾਂ ਇਹ ਬੇਜ਼ਮੀਰਾ ਬੰਦਾ ਧਰਤੀ ਦਾ ਭਾਰ ਹੌਲਾ ਕਰ ਗਿਆ ਹੈ? ਇਹ ਅਸੀਂ ਨਹੀਂ ਕਹਿੰਦੇ ਕਿ ਸਾਰੇ ਆਗੂ ਸਿਆਚਿਨ ਵਿੱਚ ਮਰਦੇ ਫੌਜੀਆਂ ਲਈ ਏਨੇ ਸੰਵੇਦਨਾਹੀਣ ਹਨ, ਪਰ ਜੇ ਬਹੁਤ ਜ਼ਿਆਦਾ ਸੰਵੇਦਨਾ ਦੀ ਭਾਲ ਕਰੀਏ ਤਾਂ ਉਹ ਲੀਡਰਾਂ ਵਿੱਚ ਲੱਭਣੀ ਹੁਣ ਸੌਖੀ ਵੀ ਨਹੀਂ ਰਹੀ।
ਮੋਰਚਾ ਸਿਆਚਿਨ ਦਾ ਹੋਵੇ ਜਾਂ ਕਾਰਗਿਲ ਦਾ, ਇਸ ਦਾ ਆਗਾਜ਼ ਜਰਨੈਲ ਜਾਂ ਜਵਾਨ ਨਹੀਂ ਕਰਦੇ ਹੁੰਦੇ, ਉਨ੍ਹਾਂ ਨੂੰ ਸਿਰਫ ਹੁਕਮ ਮਿਲਦਾ ਹੈ, ਜਿਸ ਤੋਂ ਪਾਸਾ ਵੱਟਣ ਦਾ ਉਨ੍ਹਾਂ ਨੂੰ ਹੱਕ ਨਹੀਂ ਹੁੰਦਾ। ਹਾਲਾਤ ਕਦੇ ਜਿੱੱਤ ਵਾਲੇ ਹੁੰਦੇ ਹਨ ਤੇ ਕਦੇ ਭਾਜੜ ਪੈਣ ਵਾਲੇ ਵੀ ਹੋ ਸਕਦੇ ਹਨ। ਜਿੱਤ ਦੀ ਸੂਰਤ ਵਿੱਚ ਦੇਸ਼ ਦੀ ਰਾਜਸੀ ਕਮਾਨ ਸਾਂਭਣ ਵਾਲੇ ਆਪਣੀ ਪਿੱਠ ਆਪਣੇ ਆਪ ਥਾਪੜਦੇ ਹਨ, ਉਂਜ ਇਸ ਕੰਮ ਲਈ ਉਨ੍ਹਾਂ ਨੂੰ ਜੀ-ਹਜ਼ੂਰੀਏ ਵੀ ਬਥੇਰੇ ਮਿਲ ਜਾਂਦੇ ਹਨ, ਪਰ ਜੇ ਕਿਤੇ ਪਾਸਾ ਪੁੱਠਾ ਪੈ ਜਾਵੇ ਤਾਂ ਜ਼ਿੰਮੇਵਾਰੀ ਜਰਨੈਲਾਂ ਦੇ ਸਿਰ ਪੈਂਦੀ ਹੈ। ਬੰਗਲਾ ਦੇਸ਼ ਬਣਨ ਤੋਂ ਪਹਿਲਾਂ ਪੂਰਬੀ ਪਾਕਿਸਤਾਨ ਦੀ ਫੌਜੀ ਕਮਾਨ ਜਦੋਂ ਜਨਰਲ ਏ ਏ ਕੇ ਨਿਆਜ਼ੀ ਨੂੰ ਸੌਂਪੀ ਗਈ, ਇਹ ਪਤਾ ਓਦੋਂ ਵੀ ਸਭ ਨੂੰ ਸੀ ਕਿ ਓਥੇ ਬਹੁਤਾ ਕੁਝ ਸੰਭਾਲਣ ਵਾਲਾ ਰਹਿ ਨਹੀਂ ਗਿਆ। ਫਿਰ ਲੜਾਈ ਹੋਈ ਤਾਂ ਸਿੱਟੇ ਨਮੋਸ਼ੀ ਵਾਲੇ ਨਿਕਲੇ ਸਨ। ਪਾਕਿਸਤਾਨ ਦੀ ਬਾਨਵੇਂ ਹਜ਼ਾਰ ਫੌਜ ਨੂੰ ਹਥਿਆਰ ਸੁੱਟਣੇ ਪੈ ਗਏ। ਉਸ ਦੇ ਬਾਅਦ ਜਦੋਂ ਰਾਜਸੀ ਪੱਧਰ ਉੱਤੇ ਗੱਲਬਾਤ ਰਾਹੀਂ ਹੱਲ ਕੱਢਿਆ ਗਿਆ ਤੇ ਉਹ ਫੌਜੀ ਆਪਣੇ ਦੇਸ਼ ਪਰਤੇ ਤਾਂ ਹੱਦ ਟੱਪ ਕੇ ਗਿਆ ਆਖਰੀ ਫੌਜੀ ਜਨਰਲ ਨਿਆਜ਼ੀ ਸੀ, ਜਿਸ ਨੂੰ ਮਣ-ਮਣ ਦੇ ਪੈਰ ਚੁੱਕਣੇ ਔਖੇ ਹੋਏ ਹੋਣਗੇ। ਉਸ ਦੇ ਮਨ ਦੀ ਪੀੜ ਸਿਰਫ ਓਹੋ ਜਾਣਦਾ ਹੋਵੇਗਾ। ਰਾਜਸੀ ਲੀਡਰਾਂ ਨੇ ਕੁਝ ਦੇਰ ਬਾਅਦ ਇੱਕ ਮੁਕੱਦਮਾ ਚਲਾਇਆ, ਕੋਰਟ ਮਾਰਸ਼ਲ ਨਹੀਂ ਸੀ ਕੀਤਾ, ਕਿਉਂਕਿ ਫੌਜ ਦੇ ਅਫਸਰ ਉਸ ਦੀ ਮਾਨਸਿਕਤਾ ਨੂੰ ਸਮਝ ਸਕਦੇ ਸਨ, ਅਦਾਲਤ ਬਾਹਰ ਦੀ ਮਿਥ ਦਿੱਤੀ। ਜਨਰਲ ਨਿਆਜ਼ੀ ਵਾਸਤੇ ਸਰਕਾਰ ਵੱਲੋਂ ਹੁਕਮ ਕੀਤਾ ਗਿਆ ਕਿ ਇਸ ਦਾ ਜਨਰਲ ਦਾ ਰੈਂਕ ਵੀ ਖੋਹ ਲਿਆ ਜਾਵੇ, ਪੈਨਸ਼ਨ ਵੀ ਨਾ ਦਿੱਤੀ ਜਾਵੇ ਤੇ ਇੰਜ ਉਸ ਬੰਦੇ ਨੂੰ ਜ਼ਲੀਲ ਕੀਤਾ ਗਿਆ ਸੀ, ਜਿਹੜਾ ਮਾਇਆ ਪਿੱਛੇ ਮਰਦੀ ਜਾਣ ਵਾਲੀ ਦੇਸ਼ ਦੀ ਰਾਜਸੀ ਲੀਡਰਸ਼ਿਪ ਦੇ ਹੁਕਮ ਉੱਤੇ ਮੌਤ ਨਾਲ ਅੱਖ-ਮਟੱਕਾ ਖੇਡਣ ਗਿਆ ਸੀ। ਏਦਾਂ ਦੀ ਉਸ ਇਕੱਲੇ ਨਾਲ ਨਹੀਂ, ਕਈ ਦੇਸ਼ਾਂ ਵਿੱਚ ਫੌਜੀ ਜਰਨੈਲਾਂ ਨਾਲ ਹੋ ਚੁੱਕੀ ਹੈ। ਹਾਲੇ ਹੁਣੇ ਸ੍ਰੀਲੰਕਾ ਵਿੱਚ ਲਿੱਟੇ ਨੂੰ ਸਮੇਟਣ ਵਾਲੀ ਫੌਜ ਦਾ ਕਮਾਂਡਰ ਵੀ ਅੱਜ ਕੱਲ੍ਹ ਜੇਲ੍ਹ ਵਿੱਚ ਬੈਠਾ ਹੈ।
ਇਨ੍ਹਾਂ ਹਾਲਾਤ ਵਿੱਚ ਰਾਜ-ਕਰਤਿਆਂ ਦੀ ਜ਼ਮੀਰ ਨਾਂਅ ਦੇ 'ਕੁਝ' ਵਾਲੇ ਸ਼ਬਦ ਬਾਰੇ ਸੰਸਾਰ ਦੇ ਇਤਿਹਾਸ ਤੇ ਹਕੀਕਤਾਂ ਦੀ ਜਿਹੜੀ ਗੱਲ ਅਸੀਂ ਕੀਤੀ ਹੈ, ਉਸ ਦੇ ਵਿਸਥਾਰ ਲਈ ਥੋੜ੍ਹਾ ਜਿਹਾ ਲੰਮਾ ਚੱਕਰ ਲਾਉਣਾ ਹੋਵੇਗਾ।
ਇੱਕ ਸਮਾਂ ਉਹ ਹੁੰਦਾ ਸੀ, ਜਦੋਂ ਮੁਲਕ ਰਾਜਿਆਂ ਦੇ ਅਧੀਨ ਹੁੰਦੇ ਸਨ। ਰਾਜੇ ਜੰਗਾਂ ਲੜਨ ਦਾ ਫੈਸਲਾ ਜੇ ਆਪ ਕਰਦੇ ਸਨ ਤਾਂ ਜੰਗਾਂ ਵਿੱਚ ਫੌਜਾਂ ਦੀ ਅਗਵਾਈ ਲਈ ਮੈਦਾਨ ਵਿੱਚ ਜਾਣ ਵੇਲੇ ਪਿੱਛੇ ਨਹੀਂ ਸਨ ਰਹਿੰਦੇ, ਸਗੋਂ ਬਹੁਤੀ ਵਾਰੀ ਆਹਮੋ ਸਾਹਮਣਾ ਪਹਿਲਾ ਲਲਕਾਰਾ ਦੋਵੇਂ ਪਾਸਿਆਂ ਦੇ ਰਾਜੇ ਮਾਰਦੇ ਸਨ। ਜਦੋਂ ਫੌਜਾਂ ਵੇਖਦੀਆਂ ਸਨ ਕਿ ਮੌਤ ਦਾ ਸਾਹਮਣਾ ਕਰਨ ਲਈ ਉਨ੍ਹਾਂ ਦਾ ਰਾਜਾ ਨਾਲ ਖੜਾ ਹੈ ਤਾਂ ਜਾਨਾਂ ਹੂਲ ਕੇ ਲੜਦੀਆਂ ਹੁੰਦੀਆਂ ਸਨ। ਕਈ ਜੰਗਾਂ ਇਹੋ ਜਿਹੀਆਂ ਵੀ ਹੋਈਆਂ, ਜਿਨ੍ਹਾਂ ਵਿੱਚ ਰਾਜਾ ਆਪ ਨਹੀਂ ਸੀ ਜਾ ਸਕਦਾ ਤਾਂ ਉਸ ਨੇ ਆਪਣੇ ਪੁੱਤਰ ਨੂੰ ਫੌਜ ਦੀ ਕਮਾਨ ਦੇ ਕੇ ਤੋਰਿਆ ਸੀ। ਹੁਣ 'ਸਾਡੇ ਵੱਲ ਦੇ ਮੁਲਕਾਂ ਦੇ' ਲੋਕਤੰਤਰੀ ਰਾਜੇ ਇਸ ਕੰਮ ਨੂੰ ਆਪ ਅੱਗੇ ਨਹੀਂ ਜਾਂਦੇ, ਰਾਜਧਾਨੀ ਵਿੱਚ ਬੈਠ ਕੇ ਟੈਲੀਵੀਜ਼ਨ ਤੋਂ 'ਕੌਮ ਦੇ ਨਾਂਅ ਸੰਦੇਸ਼' ਜਾਰੀ ਕਰ ਦੇਂਦੇ ਹਨ। ਗੱਲ ਨੂੰ ਠੀਕ ਮੰਨਣ ਵਾਲੇ ਵੀ ਇਸ 'ਸਾਡੇ ਵੱਲ ਦੇ ਮੁਲਕਾਂ ਦੇ' ਸ਼ਬਦ ਨਾਲ ਉਲਝਣ ਵਿੱਚ ਨਾ ਪੈ ਜਾਣ, ਇਸ ਲਈ ਅਸੀਂ ਹੋਰ ਸਪੱਸ਼ਟ ਕਰਨਾ ਚਾਹਾਂਗੇ।
ਬਰਤਾਨੀਆ ਦੀ ਅਜੋਕੀ ਮਹਾਰਾਣੀ ਉਹ ਮਲਿਕਾ ਵਿਕਟੋਰੀਆ ਨਹੀਂ, ਜਿਸ ਦੇ 'ਰਾਜ ਵਿੱਚ ਸੂਰਜ ਨਹੀਂ ਡੁੱਬਦਾ' ਦੀ ਗੱਲ ਕਹੀ ਜਾਂਦੀ ਸੀ, ਪਰ ਉਸ ਵਿਕਟੋਰੀਆ ਵਾਲਾ ਕਿਰਦਾਰ ਇਹ ਵੀ ਕਾਇਮ ਰੱਖਦੀ ਹੈ। ਕੋਈ ਤੀਹ ਸਾਲ ਪਹਿਲਾਂ ਬਰਤਾਨੀਆ ਦੀ ਅਰਜਨਟਾਈਨਾ ਨਾਲ ਫਾਕਲੈਂਡ ਦੇ ਟਾਪੂਆਂ ਵਾਸਤੇ ਲੜਾਈ ਲੱਗ ਗਈ ਸੀ। ਕਿਹੜੇ ਦੇਸ਼ ਦਾ ਪੈਂਤੜਾ ਸਹੀ ਤੇ ਕਿਸ ਦਾ ਗਲਤ ਸੀ, ਇਹ ਸਵਾਲ ਕਿਸੇ ਹੋਰ ਵੇਲੇ ਵਿਚਾਰਨ ਲਈ ਛੱਡ ਕੇ ਚੇਤੇ ਰੱਖਣ ਦੀ ਗੱਲ ਇਹ ਹੈ ਕਿ ਮਹਾਰਾਣੀ ਨੇ ਆਪਣੀ ਗੱਦੀ ਦੇ ਵਾਰਸ ਪੁੱਤਰ ਪ੍ਰਿੰਸ ਚਾਰਲਸ ਨੂੰ ਉਸ ਮੋਰਚੇ ਉੱਤੇ ਭੇਜ ਦਿੱਤਾ ਸੀ। ਪਿਛਲੇ ਦਿਨਾਂ ਵਿੱਚ ਅਸੀਂ ਇਹ ਵੀ ਸੁਣਿਆ ਹੈ ਕਿ ਅੱਗੋਂ ਓਸੇ ਪ੍ਰਿੰਸ ਚਾਰਲਸ ਦੇ ਦੋਵੇਂ ਪੁੱਤਰ ਅਫਗਾਨਿਸਤਾਨ ਵਿੱਚ ਫੌਜ ਦੀ ਵਰਦੀ ਪਾ ਕੇ ਗਏ ਅਤੇ ਖਤਰੇ ਵਿੱਚ ਖੜੇ ਫੌਜੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੇ ਭਾਵੇਂ ਨਾ ਹੋਣ, ਖੜੇ ਜ਼ਰੂਰ ਵੇਖੇ ਜਾਂਦੇ ਰਹੇ ਹਨ। ਪਿਛਲੀ ਵਾਰੀ ਜਦੋਂ ਬਰਾਕ ਓਬਾਮਾ ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ, ਓਦੋਂ ਉਸ ਦੇ ਪੱਖ ਵੱਲੋਂ ਵੀ ਤੇ ਦੂਸਰੇ ਪਾਸੇ ਤੋਂ ਵੀ ਉੱਪ ਰਾਸ਼ਟਰਪਤੀ ਲਈ ਪੇਸ਼ ਹੋਏ ਦੋਵਾਂ ਉਮੀਦਵਾਰਾਂ ਵਿੱਚੋਂ ਇੱਕ ਦਾ ਪੁੱੱਤਰ ਇਰਾਕ ਤੇ ਦੂਸਰੇ ਦਾ ਅਫਗਾਨਿਸਤਾਨ ਦੀ ਜੰਗ ਵਿੱਚ ਫੌਜ ਦੀ ਡਿਊਟੀ ਕਰਨ ਗਿਆ ਹੋਇਆ ਸੀ। ਜੰਗਾਂ ਠੀਕ ਜਾਂ ਗਲਤ ਹੋਣ ਦਾ ਵੱਖਰਾ ਵਿਸ਼ਾ ਹੈ, ਪਰ ਇਹ ਗੱਲ ਉਨ੍ਹਾਂ ਦੇਸ਼ਾਂ ਦੇ ਹਾਕਮਾਂ ਦੀ ਭਾਵਨਾ ਦੀ ਪ੍ਰਤੀਕ ਹੈ ਕਿ ਉਹ ਮੋਰਚਿਆਂ ਬਾਰੇ ਕੋਈ ਫੈਸਲਾ ਇਹ ਸੋਚ ਕੇ ਨਹੀਂ ਕਰ ਸਕਦੇ ਕਿ ਓਥੇ ਬੇਗਾਨੇ ਪੁੱਤਰ ਫਸੇ ਹੋਏ ਹਨ, ਇਸ ਕਰ ਕੇ ਓਧਰ ਵੇਖਣ ਦੀ ਕਾਹਲੀ ਕੋਈ ਨਹੀਂ। 'ਸਾਡੇ ਵੱਲ ਦੇ ਮੁਲਕਾਂ ਦੇ' ਲੀਡਰਾਂ ਅੱਗੇ ਇਹੋ ਜਿਹੀ ਕੋਈ ਮਜਬੂਰੀ ਨਹੀਂ ਹੁੰਦੀ, ਉਨ੍ਹਾਂ ਦੇ ਪੁੱਤਰ ਤਾਂ ਸ਼ਿਮਲੇ ਵਾਂਗ ਫੌਜ ਦੀ ਜ਼ਮੀਨ ਮੱਲ ਕੇ ਕ੍ਰਿਕਟ ਗਰਾਂਊਂਡ ਬਣਾਉਣ ਰੁੱਝੇ ਹੁੰਦੇ ਹਨ।
ਜਦੋਂ ਸਾਡੇ ਲੀਡਰਾਂ ਮੂਹਰੇ ਇਹੋ ਜਿਹੀ ਕੋਈ ਨਿੱਜੀ ਮਜਬੂਰੀ ਨਹੀਂ ਹੁੰਦੀ, ਇਸ ਲਈ ਉਹ ਇੱਕ ਦਿਨ ਗਵਾਂਢ ਦੇ ਦੇਸ਼ ਨਾਲ ਵਪਾਰਕ ਸਮਝੌਤੇ ਅਤੇ ਸੰਬੰਧ ਸੁਧਾਰਨ ਦੀ ਗੱਲ ਕਹਿ ਕੇ ਦੂਸਰੇ ਦਿਨ ਇਹ ਕਹਿ ਸਕਦੇ ਹਨ ਕਿ ਜਿਸ ਨੇ ਸਾਡੇ ਦੇਸ਼ ਵੱਲ ਉਂਗਲ ਕੀਤੀ, ਉਸ ਦਾ ਗੁੱਟ ਛਾਂਗ ਦਿਆਂਗੇ। ਜਿਹੜੇ ਲੋਕ ਹਕੀਕਤਾਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ, ਉਹ ਘੜੀ ਦੇ ਪੈਂਡਲਮ ਵਾਂਗ ਸੱਜੇ ਤੇ ਖੱਬੇ ਪਾਸੇ ਨੂੰ ਪਲ-ਪਲ ਨਹੀਂ ਘੁੰਮ ਸਕਦੇ। ਪਾਕਿਸਤਾਨ ਸਾਡਾ ਇਹੋ ਜਿਹਾ ਗਵਾਂਢੀ ਦੇਸ਼ ਹੈ, ਜਿਸ ਦੇ ਨਾਲ ਅਸੀਂ ਸੌਖੇ ਵੀ ਨਹੀਂ ਰਹਿ ਸਕਦੇ ਤੇ ਉਸ ਦੀ ਲੀਡਰਸ਼ਿਪ ਦੇ ਐਬਾਂ ਦੇ ਬਾਵਜੂਦ ਉਸ ਤੋਂ ਦੂਰ ਵੀ ਨਹੀਂ ਜਾ ਸਕਦੇ। ਜਦੋਂ ਹੁਣ ਅਸੀਂ ਬਣ ਚੁੱਕੇ ਨਕਸ਼ੇ ਦੇ ਨਕਸ਼ਾਂ ਨੂੰ ਬਦਲ ਹੀ ਨਹੀਂ ਸਕਦੇ, ਰਹਿਣਾ ਇੱਕ ਦੂਸਰੇ ਦੇ ਨਾਲੋ-ਨਾਲ ਹੀ ਪੈਣਾ ਹੈ ਤਾਂ ਸੋਚ ਨੂੰ ਸਮਤੋਲ ਰੱਖਦੇ ਹੋਏ ਜ਼ਮੀਰ ਜੋਗੀ ਥੋੜ੍ਹੀ ਜਿਹੀ ਜਗ੍ਹਾ ਵੀ ਸਿਰ ਦੇ ਕਿਸੇ ਕੋਨੇ ਵਿੱਚ ਦੋਵਾਂ ਦੇਸ਼ਾਂ ਦੇ ਲੀਡਰਾਂ ਨੂੰ ਰੱਖਣੀ ਪਵੇਗੀ।

No comments:

Post a Comment