ਕਬਿੱਤ) ਹੂੰਝਾ ਫੇਰੂ ਜਿੱਤ ?-ਹੂੰਝਾ ਫੇਰੂ ਸਿੱਖੀ ਨੂੰ !

-ਤਰਲੋਚਨ ਸਿੰਘ ਦੁਪਾਲ ਪੁਰ
ਧੱਕੇ-ਸ਼ਾਹੀ,ਸੀਨਾ-ਜੋਰੀ,ਬੇਈਮਾਨੀ ਖੂਬ੍ਹ ਚੱਲੀ
ਸੌਖੀ ਕਰੀ ਜਿੱਤ ਭੈੜੀ ਪੰਥ ਦੀ ਦੁਫੇੜ ਨੇ ।
'ਤੇਜਾ ਸਿੰਘ ਹਾਲ' ਹੁਣ ਹੋਏਗਾ
ਉਦਾਸ ਬੜਾ !
'ਤੱਤ' ਦੇ ਹਮਾਇਤੀਆਂ ਨੇ ਅੱਖੋਂ ਹੰਝੂ ਕੇਰਨੇ !!
ਹੱਡੀਆਂ ਤੋਂ ਬਿਨਾਂ,ਬਾਵੇ ਮਿੱਟੀ ਦੇ ਬਣਾ ਕੇ ਉੱਥੇ
ਦਿਨ ਦੀ ਬਣਾਉਣੀ ਰਾਤ,ਪਾਏ ਹੋਏ ਨ੍ਹੇਰ ਨੇ ।
ਹਾਥੀ ਲੁੰਡੇ,ਕੁੰਡੇ ਬਿਨਾ ਘੁੰਮਣੇ ਮਸਤ ਹੋਏ
ਮਨ-ਆਈਆਂ ਕਰਦੇ ਉਹ ਕਿਸੇ ਨਹੀਉਂ ਘੇਰਨੇ ।
ਕੇਸਰੀ ਨਿਸ਼ਾਨ ਨਾਲ਼ ਭਗਵਾਂ ਮੜਿੱਕਣਾ ਏਂ
ਸਿੱਖ ਤਵਾਰੀਖ ਵਿੱਚ ਹੋਣੇ ਹੇਰ-ਫੇਰ ਨੇ ।
ਦੂਣੀ ਚੌਣੀ ਵਧਣੀ ਐਂ 'ਬਾਬਾ-ਗਿਰੀ' ਪਹਿਲਾਂ ਨਾਲ਼ੋਂ
ਸ਼ਬਦ-ਗੁਰੂ ਦੀ ਰੋਸ਼ਨੀ ਦੇ ਬੂਹੇ ਭੇੜਨੇ ।
ਨਿਆਰਾ ਏ ਸਰੂਪ ਸਾਨੂੰ 'ਤੀਸਰਾ' ਬਣਾਇਆ ਦਾਤੇ,
ਮਨਾਂ 'ਚੋਂ ਸਿਧਾਂਤ ਐਸੇ ਹੌਲ਼ੀ ਹੌਲ਼ੀ ਗੇਰਨੇ ।
ਹੁੱਬ ਹੁੱਬ ਆਖਦੇ ਓ ਹੂੰਝਾ ਫੇਰੂ ਜਿੱਤ ਜਿਹਨੂੰ
ਦੇਖ ਲੈਣਾ ਇਹਨੇ ਹੂੰਝੇ ਸਿੱਖੀ ਤਾਂਈਂ ਫੇਰਨੇ !!!

No comments:

Post a Comment