ਦ੍ਰਿਸ਼ਟੀਕੋਣ (47)-ਜਤਿੰਦਰ ਪਨੂੰ

ਜੇ ਭਾਰਤੀ ਲੀਡਰਾਂ ਨੇ ਅਕਲ ਨਾ ਕੀਤੀ ਤਾਂ ਅਮਰੀਕੀ ਕੂਟਨੀਤੀ ਦੇ ਕਾਰਟੂਨ ਪਾਤਰ ਬਣ ਕੇ ਰਹਿ ਜਾਣਗੇ
ਪਾਕਿਸਤਾਨ ਕਦੇ ਭਾਰਤ ਦਾ ਹਿੱਸਾ ਹੁੰਦਾ ਸੀ। ਜਦੋਂ ਇਹ ਵੱਖਰਾ ਦੇਸ਼ ਬਣਿਆ ਤਾਂ ਜ਼ਮੀਨੀ ਹਕੀਕਤਾਂ ਦੀ ਲੋੜ ਕਾਰਨ ਨਹੀਂ ਸੀ ਬਣਿਆ, ਬਰਤਾਨਵੀ ਸਾਮਰਾਜ ਦੀ ਇੱਕ ਲੰਮੇ
ਸਮੇਂ ਦੀ ਸਾਜ਼ਿਸ਼ੀ ਸੋਚ ਦੇ ਅਧੀਨ ਬਣਾਇਆ ਗਿਆ ਸੀ। ਅਸੀਂ ਚਾਹੁੰਦੇ ਨਹੀਂ ਸੀ, ਪਰ ਜਦੋਂ ਬਣ ਗਿਆ ਤਾਂ ਅਸੀਂ ਇਸ ਦੀ ਹੋਂਦ ਨੂੰ ਕੋਈ ਚੁਣੌਤੀ ਪੇਸ਼ ਕਰਨ ਦੀ ਥਾਂ ਪ੍ਰਵਾਨ ਕਰ ਲਿਆ। ਫਿਰ ਵੀ ਓਹੋ ਜਿਹਾ ਭਾਵੇਂ ਇਹ ਨਹੀਂ ਬਣ ਸਕਿਆ, ਜਿੱਦਾਂ ਦਾ ਕੋਈ ਖੁਦ ਮੁਖਤਿਆਰ ਦੇਸ਼ ਹੋਣਾ ਚਾਹੀਦਾ ਹੈ, ਪਰ ਭਾਰਤ ਨਾਲ ਭੁੱਖਾਂ ਨੂੰ ਭੁਗਤਣ ਤੋਂ ਲੈ ਵਾਦੜੀਆਂ-ਸਜਾਦੜੀਆਂ ਨਿਭਾਉਣ ਤੀਕਰ ਦੀ ਬਰਾਬਰੀ ਅੱਜ ਵੀ ਪੂਰੀ ਹੈ। ਉਸ ਦੇ ਲੀਡਰ ਵੀ ਖਾਣ ਦੇ ਦੰਦ ਹੋਰ ਰੱਖਦੇ ਹਨ ਅਤੇ ਵਿਖਾਉਣ ਦੇ ਹੋਰ, ਜਿਵੇਂ ਭਾਰਤ ਦੇ ਲੀਡਰ ਰੱਖਦੇ ਹਨ। ਉਨ੍ਹਾਂ ਦੇ ਪਾਜ ਵੀ ਪੱਛਮੀ ਦੇਸ਼ਾਂ ਵਿੱਚ ਜਾ ਕੇ ਖੁੱਲ੍ਹਦੇ ਹਨ ਅਤੇ ਭਾਰਤ ਵਾਲਿਆਂ ਦੇ ਵੀ। ਇਹ ਗੱਲ ਇਸ ਹਫਤੇ ਓਦੋਂ ਸੱਚੀ ਸਾਬਤ ਹੋ ਗਈ, ਜਦੋਂ ਪਾਕਿਸਤਾਨ ਦੀ ਵਿਰੋਧੀ ਧਿਰ ਦੇ ਇੱਕ ਵੱਡੇ ਆਗੂ ਚੌਧਰੀ ਨਿਸਾਰ ਅਲੀ ਖਾਨ ਨੂੰ ਇਹ ਗੱਲ ਮੰਨਣੀ ਪੈ ਗਈ ਕਿ ਉਸ ਦੇ ਆਪਣੇ ਪਰਵਾਰ ਦੇ ਜੀਅ ਅਮਰੀਕਾ ਦੇ ਨਾਗਰਿਕ ਹਨ। ਚੌਧਰੀ ਨਿਸਾਰ ਖਾਨ ਨੂੰ ਪਾਕਿਸਤਾਨ ਵਿੱਚ ਅਮਰੀਕਾ ਵਿਰੋਧੀ ਲਾਬੀ ਦਾ ਆਗੂ ਗਿਣਿਆ ਜਾਂਦਾ ਹੈ। ਭਾਰਤ ਵਿੱਚ ਵੀ ਏਦਾਂ ਦੇ ਬਥੇਰੇ ਹਨ, ਸਣੇ ਇੱਕ ਖੱਬੇ ਪੱਖੀ ਮੀਆਂ-ਬੀਵੀ ਦੇ, ਜਿਹੜੇ ਅਮਰੀਕਾ ਦੇ ਵਿਰੋਧ ਵਿੱਚ ਝੰਡਾ ਚੁੱਕਣ ਨੂੰ ਹਮੇਸ਼ਾ ਤਿਆਰ ਰਹਿੰਦੇ ਹਨ, ਪਰ ਹਰ ਸਾਲ ਛੁੱਟੀਆਂ ਕੱਟਣ ਅਮਰੀਕਾ ਜਾਂਦੇ ਹਨ।
ਕਿਸ ਦੀ ਕਿਸ ਨਾਲ ਸਾਂਝ ਹੈ ਤੇ ਉਹ ਲੋਕਾਂ ਸਾਹਮਣੇ ਕੀ ਜ਼ਾਹਰ ਕਰਦਾ ਹੈ, ਇਹ ਗੱਲਾਂ ਪਿਛਲੇ ਸਮਿਆਂ ਵਿੱਚ ਦਹਾਕਿਆਂ ਬੱਧੀ ਭੇਦ ਰਹਿ ਜਾਂਦੀਆਂ ਸਨ, ਪਰ ਹੁਣ ਏਦਾਂ ਹੋਣਾ ਜ਼ਰੂਰੀ ਨਹੀਂ। ਕੋਈ ਗੱਲ ਕਦੋਂ ਜ਼ਾਹਰ ਹੋ ਜਾਵੇ, ਇਸ ਦੀ ਸਮਾਂ ਸੀਮਾ ਹੁਣ ਕੋਈ ਨਹੀਂ ਮਿਥ ਸਕਦਾ। ਇੰਟਰਨੈੱਟ ਦੇ ਯੁੱਗ ਵਿੱਚ ਆਮ ਲੋਕਾਂ ਦੀ ਜੀਵਨ ਦੀ ਨਿੱਜਤਾ ਵੀ ਬਾਹਲੀ ਨਹੀਂ ਰਹਿ ਗਈ। ਕੋਈ ਉਨ੍ਹਾਂ ਦੇ ਫੋਨ ਸੁਣ ਸਕਦਾ ਹੈ, ਈਮੇਲ ਦਾ ਪਾਸਵਰਡ ਹੈਕ ਕਰ ਕੇ ਉਨ੍ਹਾਂ ਦਾ ਚਿੱਠੀ-ਪੱਤਰ ਪੜ੍ਹ ਸਕਦਾ ਹੈ ਤੇ ਗੁਪਤ ਸਰਕਾਰੀ ਫਾਈਲਾਂ ਤੱਕ ਫੋਲ ਸਕਦਾ ਹੈ। ਵਿਕੀਲੀਕਸ ਦੇ ਇੱਕੋ ਹੱਲੇ ਨੇ ਇਸ ਮਾਮਲੇ ਵਿੱਚ ਅਮਰੀਕਾ ਵਰਗੀ ਮਹਾਂ ਸ਼ਕਤੀ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ।
ਇਹ ਹਾਲਤ ਬਣਨ ਦੇ ਬਾਅਦ ਆਗੂਆਂ ਨੂੰ ਸਮਝ ਕਰਨੀ ਚਾਹੀਦੀ ਤੇ ਹਕੀਕਤਾਂ ਪਛਾਣ ਕੇ ਬੋਲਣਾ ਚਾਹੀਦਾ ਹੈ, ਪਰ ਉਹ ਅਜੇ ਵੀ ਅਕਲ ਦਾ ਪੱਲਾ ਫੜ ਕੇ ਤੁਰਨ ਦਾ ਇਰਾਦਾ ਕਰਦੇ ਨਹੀਂ ਜਾਪਦੇ। ਇਸ ਦਾ ਸਭ ਤੋਂ ਵੱਡਾ ਸਬੂਤ ਇਹੋ ਹੈ ਕਿ ਜਦੋਂ ਵੀ ਕਿਸੇ ਆਗੂ ਬਾਰੇ ਕੋਈ ਖੁਲਾਸਾ ਹੁੰਦਾ ਹੈ, ਉਹ ਵਿਕੀਲੀਕਸ ਦੇ ਮੁਖੀ ਜੂਲੀਅਨ ਅਸਾਂਜ ਦੇ ਮਗਰ ਡਾਂਗ ਚੁੱਕ ਕੇ ਦੌੜ ਪੈਂਦਾ ਹੈ, ਜਦ ਕਿ ਉਸ ਨੇ ਕੁਝ ਕਿਹਾ ਹੀ ਨਹੀਂ ਹੁੰਦਾ, ਸਿਰਫ ਹੱਥ ਲੱਗਾ ਕੋਈ ਨਾ ਕੋਈ ਅਮਰੀਕੀ ਕਾਗਜ਼ ਪੜ੍ਹਿਆ ਹੁੰਦਾ ਹੈ। ਹਰ ਮਾਮਲੇ ਵਿੱਚ ਉਹ ਇਹ ਕਹਿ ਦੇਂਦਾ ਹੈ ਕਿ ਇਹ ਉਹ ਸੂਚਨਾ ਹੈ, ਜਿਹੜੀ ਅਮਰੀਕਾ ਦੇ ਜਾਂ ਕਿਸੇ ਹੋਰ ਦੇਸ਼ ਦੇ ਫਲਾਣੇ ਅਧਿਕਾਰੀ ਨੇ ਆਪਣੀ ਸਰਕਾਰ ਨੂੰ ਭੇਜੀ ਸੀ। ਜਿਨ੍ਹਾਂ ਦਾ ਨਾਂਅ ਉਹ ਲੈਂਦਾ ਹੈ, ਉਹ ਇਸ ਦਾ ਖੰਡਨ ਨਹੀਂ ਕਰਦੇ। ਜਦੋਂ ਉਹ ਹੀ ਖੰਡਨ ਨਹੀਂ ਕਰਦੇ, ਇੱਕ ਤਰ੍ਹਾਂ ਨਾਲ ਮੰਨ ਲੈਂਦੇ ਹਨ ਕਿ ਇਹ ਸੂਚਨਾ ਉਨ੍ਹਾਂ ਨੇ ਭੇਜੀ ਸੀ ਤਾਂ ਸਾਡੇ ਆਗੂ ਵੀ ਅਸਾਂਜ ਦੇ ਵਿਰੁੱਧ ਭੜਕਣ ਦੀ ਥਾਂ ਅਮਰੀਕੀਆਂ ਨੂੰ ਪੁੱਛਣ, ਪਰ ਏਦਾਂ ਕਰਨ ਦੀ ਹਿੰਮਤ ਉਹ ਕਦੇ ਨਹੀਂ ਕਰਦੇ।
ਮਿਸਾਲ ਵਜੋਂ ਪਿਛਲੇ ਹਫਤੇ ਦੇ ਇੱਕ ਦਿਨ ਇੱਕ ਸੂਚਨਾ ਵਿਕੀਲੀਕਸ ਨੇ ਜਾਰੀ ਕੀਤੀ ਕਿ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬੀਬੀ ਮਾਇਆਵਤੀ ਨੇ ਸੈਂਡਲ ਮੰਗਾਉਣ ਲਈ ਆਪਣੇ ਰਾਜ ਦਾ ਸਰਕਾਰੀ ਹਵਾਈ ਜਹਾਜ਼ ਲਖਨਊ ਤੋਂ ਮੁੰਬਈ ਭੇਜਿਆ ਸੀ। ਬੀਬੀ ਮਾਇਆਵਤੀ ਨੇ ਅਗਲੇ ਦਿਨ ਪ੍ਰੈੱਸ ਕਾਨਫਰੰਸ ਕਰ ਕੇ ਕਹਿ ਦਿੱਤਾ ਕਿ ਜੂਲੀਅਨ ਅਸਾਂਜ ਪਾਗਲ ਹੋ ਗਿਆ ਹੈ, ਉਸ ਨੂੰ ਪਾਗਲਖਾਨੇ ਭੇਜ ਦੇਣਾ ਚਾਹੀਦਾ ਹੈ। ਨਾਲ ਇਹ ਵੀ ਕਹਿ ਦਿੱਤਾ ਕਿ ਜੇ ਓਥੇ ਚੰਗਾ ਪਾਗਲਖਾਨਾ ਨਹੀਂ ਤਾਂ ਏਧਰ ਭੇਜ ਦੇਣ, ਆਗਰੇ ਦੇ ਪਾਗਲਖਾਨੇ ਦਾਖਲ ਕਰਵਾਇਆ ਜਾ ਸਕਦਾ ਹੈ। ਅਸਾਂਜ ਨੂੰ ਹੋਰ ਵੀ ਮਜ਼ਾਕ ਉਡਾਉਣ ਦਾ ਮੌਕਾ ਮਿਲ ਗਿਆ। ਉਸ ਨੇ ਕਿਹਾ ਕਿ ਬੀਬੀ ਮਾਇਆਵਤੀ ਜਹਾਜ਼ ਭੇਜ ਦੇਵੇ, ਉਹ ਆਪ ਹੀ ਆਗਰੇ ਆਉਣ ਲਈ ਤਿਆਰ ਹੈ, ਨਾਲੇ ਉਸ ਦੇ ਲਈ ਇੱਕ ਸੋਹਣਾ ਜਿਹਾ ਸੈਂਡਲਾਂ ਦਾ ਜੋੜਾ ਲੈ ਕੇ ਆਵੇਗਾ। ਇਹ ਮਜ਼ਾਕ ਉਡਾਉਣ ਦਾ ਮੌਕਾ ਕਦੇ ਨਾ ਮਿਲਦਾ, ਜੇ ਬੀਬੀ ਸਿਰ ਨਾਲ ਸੋਚਦੀ ਜਾਂ ਉਸ ਦੇ ਸਲਾਹਕਾਰ ਉਸ ਨੂੰ ਇਹ ਦੱਸਣ ਦੀ ਹਿੰਮਤ ਕਰਦੇ ਕਿ ਸੈਂਡਲਾਂ ਵਾਲੀ ਗੱਲ ਅਸਾਂਜ ਨੇ ਆਪ ਨਹੀਂ ਕਹੀ, ਉਸ ਨੇ ਤਾਂ ਦੱਸਿਆ ਹੈ ਕਿ ਇੱਕ ਅਮਰੀਕੀ ਅਧਿਕਾਰੀ ਨੇ ਆਪਣੀ ਸਰਕਾਰ ਨੂੰ ਇਹ 'ਸੂਚਨਾ' ਭੇਜੀ ਹੈ ਕਿ ਯੂ ਪੀ ਦੀ ਮੁੱਖ ਮੰਤਰੀ ਇਹੋ ਜਿਹਾ ਰਾਜ ਚਲਾ ਰਹੀ ਹੈ। ਬੀਬੀ ਨੂੰ ਚਾਹੀਦਾ ਸੀ ਕਿ ਉਹ ਅਮਰੀਕੀ ਅਧਿਕਾਰੀਆਂ ਦੀ ਨਿੰਦਾ ਕਰਦੀ ਕਿ ਉਹ ਉਸ ਬਾਰੇ ਇਹੋ ਜਿਹੀਆਂ ਅਫਵਾਹਾਂ ਉਡਾਉਂਦੇ ਜਾਂ ਉਸ ਦੀ ਨਿੱਜੀ ਜ਼ਿੰਦਗੀ ਵਿੱਚ ਝਾਕਦੇ ਹਨ, ਪਰ ਉਹ ਗਲਤ ਪਾਸੇ ਵੱਲ ਨਿਸ਼ਾਨੇ ਲਾਉਣ ਲੱਗ ਪਈ।
ਇਸ ਤਰ੍ਹਾਂ ਪਹਿਲੀ ਵਾਰ ਨਹੀਂ ਹੋਇਆ, ਭਾਰਤ ਦੇ ਕਈ ਆਗੂਆਂ ਨੇ ਵਿਕੀਲੀਕਸ ਦੇ ਖੁਲਾਸਿਆਂ ਨੂੰ ਲੈ ਕੇ ਇਹੋ ਕੁਝ ਕੀਤਾ ਹੋਇਆ ਹੈ। ਉਹ ਕਦੇ ਵੀ ਅਮਰੀਕਾ ਨੂੰ ਨਹੀਂ ਕਹਿੰਦੇ ਕਿ ਉਹ ਝੂਠ ਬੋਲਦਾ ਹੈ। ਇਸ ਦਾ ਕਾਰਨ ਜਾਂ ਤਾਂ ਇਹ ਡਰ ਹੋ ਸਕਦਾ ਹੈ ਕਿ ਅਮਰੀਕਾ ਵਾਲੇ ਬਾਕੀ ਰਹਿੰਦੇ ਪਰਦੇ ਚਾਕ ਕਰ ਦੇਣਗੇ ਜਾਂ ਉਸ ਵੱਲੋਂ ਕਿਸੇ ਗੁੱਝੀ ਠਿੱਬੀ ਲਾਏ ਜਾਣ ਤੋਂ ਤ੍ਰਹਿਕਦੇ ਹਨ। ਕਾਰਨ ਕੁਝ ਵੀ ਹੋਵੇ, ਬੋਲਦੇ ਉਸ ਦੇ ਅੱਗੇ ਬਿਲਕੁਲ ਨਹੀਂ। ਜਿਹੜਾ ਕੰਮ ਉਹ ਕਰਦੇ ਹਨ, ਉਹ ਸਿਰਫ ਏਨਾ ਹੈ ਕਿ ਵਿਕੀਲੀਕਸ ਵੱਲੋਂ ਬੇਪਰਦ ਹੋਈਆਂ ਚਿੱਠੀਆਂ ਨੂੰ ਲੈ ਕੇ ਉਹ ਇੱਕ ਦੂਜੇ ਵਿਰੁੱਧ ਬਿਆਨ ਦੇ ਕੇ ਸਪੱਸ਼ਟੀਕਰਨ ਮੰਗਦੇ ਅਤੇ ਆਪਣੇ ਬਾਰੇ ਕਹੀਆਂ ਗੱਲਾਂ ਰੱਦ ਕਰ ਛੱਡਦੇ ਹਨ।
ਪਿਛਲੇ ਸਾਲ ਵਿਕੀਲੀਕਸ ਦੇ ਖੁਲਾਸਿਆਂ ਤੋਂ ਪਤਾ ਲੱਗਾ ਕਿ ਭਾਰਤ-ਅਮਰੀਕਾ ਐਟਮੀ ਸਮਝੌਤੇ ਦੇ ਸਵਾਲ ਉੱਤੇ ਕਾਂਗਰਸ ਪਾਰਟੀ ਦੇ ਲੀਡਰ ਵੇਲੇ-ਕੁਵੇਲੇ ਜਾ ਕੇ ਅਮਰੀਕੀ ਰਾਜਦੂਤ ਨੂੰ ਦੱਸਦੇ ਰਹੇ ਸਨ ਕਿ ਇਸ ਦਾ ਵਿਰੋਧ ਕੌਣ ਕਰ ਰਿਹਾ ਹੈ ਤੇ ਹਮਾਇਤ ਵਿੱਚ ਕੌਣ ਖੜੋਵੇਗਾ? ਕਾਂਗਰਸੀ ਆਗੂਆਂ ਵੱਲੋਂ ਇਸ ਤਰ੍ਹਾਂ ਕਰਨਾ ਹਰ ਤਰ੍ਹਾਂ ਨਾਲ ਸਿਰੇ ਦਾ ਗਲਤ ਕੰਮ ਸੀ। ਇਸ ਦੇ ਸਵਾਲ ਉੱਤੇ ਜਦੋਂ ਵਿਰੋਧੀ ਧਿਰ ਨੇ ਹੰਗਾਮਾ ਕੀਤਾ, ਭਾਰਤੀ ਜਨਤਾ ਪਾਰਟੀ ਸਾਰਿਆਂ ਤੋਂ ਅੱਗੇ ਸੀ। ਦਿਨ ਥੋੜ੍ਹੇ ਬੀਤੇ ਸਨ ਕਿ ਵਿਕੀਲੀਕਸ ਨੇ ਨਵੀਂ ਸੂਚਨਾ ਲੀਕ ਕਰ ਦਿੱਤੀ। ਬਹੁਤ ਵੱਡਾ ਭੇਦ ਇਸ ਨਵੀਂ ਸੂਚਨਾ ਨੇ ਇਹ ਖੋਲ੍ਹਿਆ ਕਿ ਭਾਜਪਾ ਦੇ ਲੀਡਰ ਵੀ ਜਾ ਕੇ ਅਮਰੀਕੀ ਰਾਜਦੂਤ ਨੂੰ ਆਖ ਆਏ ਸਨ ਕਿ ਵਿਰੋਧ ਸਾਡਾ ਮਨਮੋਹਨ ਸਿੰਘ ਦੀ ਸਰਕਾਰ ਨਾਲ ਹੈ, ਜੇ ਸਾਡੀ ਸਰਕਾਰ ਬਣ ਗਈ, ਇਸ ਸਮਝੌਤੇ ਉਤੇ ਅਮਲ ਅਸੀਂ ਵੀ ਏਦਾਂ ਹੀ ਕਰਦੇ ਰਹਾਂਗੇ। ਸਾਫ ਹੈ ਕਿ ਇਹੋ ਜਿਹੀ ਗੱਲ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਵਿੱਚੋਂ ਕੋਈ ਧਿਰ ਵੀ ਦੂਸਰੀ ਨੂੰ ਮਿਹਣਾ ਮਾਰਨ ਜੋਗੀ ਨਹੀਂ ਸੀ ਰਹਿ ਗਈ, ਪਰ ਆਪਣੀ ਗਲਤੀ ਕਿਸੇ ਨੇ ਨਹੀਂ ਸੀ ਮੰਨੀ ਕਿ ਉਹ ਦੇਸ਼ ਦੀ ਰਾਜਨੀਤੀ ਦੇ ਰਾਜ਼ ਅਮਰੀਕੀਆਂ ਨੂੰ ਦੱਸਦੇ ਰਹੇ ਸਨ, ਸਗੋਂ ਵਿਕੀਲੀਕਸ ਦੇ ਮੁਖੀ ਨੂੰ ਝੂਠ ਬੋਲਦਾ ਕਹਿਣ ਲੱਗ ਪਏ ਸਨ। ਕਿਸੇ ਦੇ ਮੂੰਹੋਂ ਏਨਾ ਵੀ ਨਾ ਨਿਕਲਿਆ ਕਿ ਨਿੱਜੀ ਗੱਲਬਾਤ ਨੂੰ ਅਮਰੀਕੀ ਰਾਜਦੂਤ ਆਪਣੇ ਦੇਸ਼ ਦੀ ਕੂਟਨੀਤੀ ਵਾਸਤੇ ਕਿਉਂ ਵਰਤਦੇ ਹਨ? ਅਸਲ ਵਿੱਚ ਉਹ ਕਹਿਣ ਜੋਗੇ ਹੀ ਨਹੀਂ ਸਨ।
ਭਾਰਤੀ ਰਾਜਨੀਤੀ ਇੱਕ ਤਰ੍ਹਾਂ ਨਾਲ ਅਮਰੀਕੀ ਸਰਟੀਫਿਕੇਟਾਂ ਦੀ ਮੁਥਾਜ ਹੋਈ ਪਈ ਹੈ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰੀ ਅਮਰੀਕਾ ਜਾਣਾ ਸੀ ਤਾਂ ਉਨ੍ਹਾਂ ਨੇ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ। ਇਸ ਨੂੰ ਲੈ ਕੇ ਭਾਜਪਾ ਵਾਲੇ ਭਾਰਤ ਸਰਕਾਰ ਨੂੰ ਦੋਸ਼ ਦੇਂਦੇ ਰਹੇ ਕਿ ਉਸ ਨੇ ਨਰਿੰਦਰ ਮੋਦੀ ਦੀ ਵਿਦੇਸ਼ਾਂ ਵਿੱਚ ਬਦਨਾਮੀ ਕੀਤੀ ਹੈ, ਜਿਸ ਕਾਰਨ ਅਜਿਹਾ ਵਾਪਰਿਆ ਹੈ ਤੇ ਦੂਜੇ ਲੋਕ ਇਹ ਕਹਿਣ ਕਿ ਅਮਰੀਕਾ ਦੀ ਸਰਕਾਰ ਵੀ ਮੰਨਦੀ ਹੈ ਕਿ ਨਰਿੰਦਰ ਮੋਦੀ ਬੇਗੁਨਾਹਾਂ ਦੇ ਕਤਲ ਕਰਵਾਉਣ ਵਾਲਾ ਬੰਦਾ ਹੈ। ਕੁਝ ਸਮਾਂ ਪਾ ਕੇ ਅਮਰੀਕਾ ਦੀ ਇਕ ਕਮੇਟੀ ਨੇ ਇਹ ਰਿਪੋਰਟ ਦੇ ਦਿੱਤੀ ਕਿ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਵਿਕਾਸ ਦੇ ਕੰਮ ਬਹੁਤ ਕੀਤੇ ਹਨ ਤਾਂ ਭਾਜਪਾ ਇਸ ਰਿਪੋਰਟ ਨੂੰ ਲੈ ਕੇ ਮੋਦੀ ਨੂੰ ਭਾਰਤ ਦਾ ਭਵਿੱਖ ਬਣਾਉਣ ਤੁਰ ਪਈ ਤੇ ਦੂਜੇ ਲੋਕ ਇਹ ਕਹਿਣ ਲੱਗ ਪਏ ਕਿ ਅਮਰੀਕਾ ਦੀ ਰਿਪੋਰਟ ਠੀਕ ਨਹੀਂ ਹੈ। ਇਹ ਸਾਰਾ ਕੁਝ ਵੇਖ ਕੇ ਪੂਰੇ ਦਾ ਪੂਰਾ ਭਾਰਤ ਅਮਰੀਕਾ ਦੇ ਧੁਰੇ ਦੁਆਲੇ ਘੁੰਮ ਰਿਹਾ ਜਾਪਦਾ ਹੈ।
ਹੁਣ ਅਮਰੀਕਾ ਨੇ ਇਹ ਆਖ ਦਿੱਤਾ ਹੈ ਕਿ ਅਗਲੀਆਂ ਪਾਰਲੀਮੈਂਟ ਚੋਣਾਂ ਮੌਕੇ ਭਾਰਤੀ ਰਾਜਨੀਤੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਵਿਚਾਲੇ ਫੁੱਟਬਾਲ ਬਣ ਕੇ ਰਹਿ ਜਾਵੇਗੀ। ਇਸ ਨੂੰ ਲੈ ਕੇ ਮੋਦੀ ਦੇ ਕੁਝ ਚਮਚੇ ਚਾਂਭਲੇ ਫਿਰਦੇ ਹਨ ਤੇ ਕਾਂਗਰਸੀ ਕਾਕੇ ਦੇ ਕੁਝ ਬਜ਼ੁਰਗ ਚਾਪਲੂਸ ਇਹ ਕਹਿ ਰਹੇ ਹਨ ਕਿ ਅਮਰੀਕਾ ਦੀ ਗੱਲ ਠੀਕ ਹੈ, ਅਗਲੀਆਂ ਚੋਣਾਂ ਵਿੱਚ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਸਕਦੇ ਹਨ। ਦੋਵੇਂ ਪਾਸਿਆਂ ਦੇ ਢੰਡੋਰਚੀ ਇਹ ਗੱਲ ਕਹਿਣ ਵੇਲੇ ਕੁਝ ਹੋਰ ਗੱਲਾਂ ਭੁੱਲ ਜਾਂਦੇ ਹਨ। ਪਹਿਲੀ ਤਾਂ ਨਰਿੰਦਰ ਮੋਦੀ ਬਾਰੇ ਹੈ ਕਿ ਉਸ ਨੂੰ ਜਿੰਨਾ ਮਰਜ਼ੀ ਹਿੰਦੂ ਮਾਨਸਿਕਤਾ ਦਾ ਪ੍ਰਤੀਕ ਬਣਾ ਕੇ ਪੇਸ਼ਇਆ ਜਾਵੇ, ਭਾਜਪਾ ਆਪਣੇ ਸਿਰ ਭਾਰਤ ਵਿੱਚ ਸਰਕਾਰ ਬਣਾਉਣ ਜੋਗੀਆਂ ਸੀਟਾਂ ਨਹੀਂ ਲੈ ਸਕਦੀ ਤੇ ਜਿਹੜੇ ਭਾਈਵਾਲਾਂ ਦੀ ਮਦਦ ਨਾਲ ਸਰਕਾਰ ਬਣਾਉਣੀ ਪੈਣੀ ਹੈ, ਉਹ ਸਾਰੇ ਪ੍ਰਕਾਸ਼ ਸਿੰਘ ਬਾਦਲ ਦੀ ਕਿਸਮ ਦੇ ਨਹੀਂ ਹੁੰਦੇ ਕਿ ਮੋਦੀ ਦੇ ਵਰਤ-ਤਮਾਸ਼ੇ ਮੌਕੇ ਵੀ ਹਾਜ਼ਰੀ ਭਰਨ ਤੁਰ ਪੈਣ। ਨਿਤੀਸ਼ ਕੁਮਾਰ ਵਰਗੇ ਵੀ ਉਸ ਹਾਲਤ ਵਿੱਚ ਭਾਜਪਾ ਦੇ ਨਾਲ ਨਹੀਂ ਖੜੋਣ ਲੱਗੇ ਤੇ ਸ਼ਾਇਦ ਤਾਮਿਲ ਨਾਡੂ ਦੀ ਕੋਈ ਧਿਰ ਵੀ ਇਸ ਸੂਰਤ ਵਿੱਚ ਉਨ੍ਹਾਂ ਦੇ ਨੇੜੇ ਲੱਗਣ ਲਈ ਸਹਿਮਤ ਨਾ ਹੋਵੇ।
ਦੂਜੇ ਪਾਸੇ ਜਿਹੜੇ ਕਾਂਗਰਸੀ ਆਗੂ ਰਾਹੁਲ ਗਾਂਧੀ ਬਾਰੇ ਇੱਕ ਅਮਰੀਕੀ ਟਿਪਣੀ ਨੂੰ ਲੈ ਕੇ ਨੱਚੀ ਜਾਂਦੇ ਹਨ, ਉਨ੍ਹਾਂ ਨੂੰ ਵੀ ਇਹ ਨਹੀਂ ਪਤਾ ਕਿ ਇੱਕ ਰਿਪੋਰਟ ਵਿੱਚ ਜੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਅੱਗੇ ਆਉਣ ਵਾਲਾ ਉਮੀਦਵਾਰ ਆਖਿਆ ਗਿਆ ਹੈ ਤਾਂ ਦੂਜੀ ਰਿਪੋਰਟ ਵਿੱਚ ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਬਹੁਤੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੂੰ ਬਿਨਾਂ ਸੂਝ ਤੋਂ ਐਵੇਂ ਤੁਰਿਆ ਫਿਰਦਾ ਮੰਨਦੇ ਹਨ। ਜਿਹੜੇ ਕਾਂਗਰਸ ਵਾਲੇ ਉਸ ਵਾਸਤੇ ਇਹ ਦੂਜੀ ਰਾਏ ਰੱਖਦੇ ਹਨ, ਉਨ੍ਹਾਂ ਵਿੱਚੋਂ ਕੱਲ੍ਹ ਨੂੰ ਕੋਈ ਸ਼ਰਦ ਪਵਾਰ ਜਾਂ ਪੀ ਏ ਸੰਗਮਾ ਨਿਕਲ ਸਕਦਾ ਹੈ। ਹੋਣ ਨੂੰ ਇਹ ਵੀ ਹੋ ਸਕਦਾ ਹੈ ਕਿ ਇਹੋ ਜਿਹੀਆਂ ਰਿਪੋਰਟਾਂ ਰਾਹੀਂ ਅਮਰੀਕਾ ਵਾਲੇ ਆਪ ਹੀ ਇਹ ਹਾਲਾਤ ਸਿਰਜਣ ਦਾ ਯਤਨ ਕਰ ਰਹੇ ਹੋਣ ਕਿ ਅਗਲੀਆਂ ਚੋਣਾਂ ਵਿੱਚ ਇਹ ਨਕਸ਼ਾ ਬਣ ਜਾਵੇ।
ਅਮਰੀਕੀ ਨੀਤੀ ਸਿਰਫ ਏਥੋਂ ਤੱਕ ਨਹੀਂ ਰਹਿੰਦੀ, ਬਹੁਤ ਅੱਗੇ ਤੱਕ ਜਾਂਦੀ ਹੈ। ਓਥੇ ਬੈਠੇ ਹੋਏ ਉਹ ਇਹ ਵੀ ਰਿਪੋਰਟਾਂ ਤਿਆਰ ਕਰਦੇ ਹਨ ਕਿ ਭਾਰਤ ਦੇ ਫਲਾਣੇ ਇਲਾਕੇ ਵਿੱਚ ਸੋਕਾ ਪੈ ਸਕਦਾ ਹੈ ਤੇ ਫਲਾਣੇ ਇਲਾਕੇ ਵਿੱਚ ਭੁਚਾਲ ਆਉਣ ਦੀ ਸੰਭਾਵਨਾ ਹੋ ਸਕਦੀ ਹੈ। ਭਾਰਤ ਵਿੱਚ ਸੋਕਾ ਪਵੇ ਜਾਂ ਹੜ੍ਹ ਆ ਜਾਵੇ, ਇਹ ਭਾਰਤ ਸਰਕਾਰ ਦੀ ਜ਼ਿਮੇਵਾਰੀ ਹੋਣੀ ਚਾਹੀਦੀ ਹੈ, ਅਮਰੀਕਾ ਨੂੰ ਇਸ ਦੀ ਏਨੀ ਚਿੰਤਾ ਨਹੀਂ ਹੋਣੀ ਚਾਹੀਦੀ। ਉਸ ਦੀਆਂ ਚਿੰਤਾਵਾਂ ਦੇ ਸੰਦਰਭ ਵਿੱਚ ਦੋ ਹੋਰ ਬਹੁਤ ਪੁਰਾਣੀਆਂ ਅਮਰੀਕੀ ਰਿਪੋਰਟਾਂ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ, ਜਿਨ੍ਹਾਂ ਨਾਲ ਅੱਜ ਦੇ ਪ੍ਰਸੰਗ ਨੂੰ ਸਮਝਿਆ ਜਾ ਸਕਦਾ ਹੈ।
ਇੱਕ ਤਾਂ ਇਹ ਕਿ ਜਦੋਂ ਨਰਸਿਮਹਾ ਰਾਓ ਦੇ ਬਾਅਦ ਦੇਸ਼ ਵਿੱਚ ਪੱਕੀ ਸਰਕਾਰ ਦੀ ਹੋਂਦ ਸਵਾਲੀਆ ਨਿਸ਼ਾਨਾਂ ਦੇ ਘੇਰੇ ਵਿੱਚ ਸੀ, ਓਦੋਂ ਭਾਰਤੀ ਜਨਤਾ ਪਾਰਟੀ ਬਾਰੇ ਅਮਰੀਕਾ ਦੀ ਇੱਕ ਰਿਪੋਰਟ ਲੀਕ ਹੋ ਗਈ, ਜਿਸ ਵਿੱਚ ਓਦੋਂ ਦੇ ਭਾਜਪਾ ਜਨਰਲ ਸਕੱਤਰ ਗੋਵਿੰਦਾਚਾਰੀਆ ਨੇ ਕਿਹਾ ਸੀ ਕਿ ਅਟਲ ਬਿਹਾਰੀ ਵਾਜਪਾਈ ਸਾਡੀ ਪਾਰਟੀ ਦਾ ਮੁੱਖੜਾ ਨਹੀਂ, ਸਿਰਫ ਮੁਖੌਟਾ ਹੈ। ਇਸ ਨਾਲ ਭਾਜਪਾ ਵਿੱਚ ਬਹੁਤ ਵੱਡਾ ਘਮਸਾਨ ਮੱਚਿਆ, ਕਿਉਂਕਿ ਵਾਜਪਾਈ ਨੂੰ ਸਿਰਫ ਮੁਖੌਟਾ ਦੱਸ ਕੇ ਪਾਰਟੀ ਤੇ ਆਰ ਐਸ ਐਸ ਦਾ ਅਸਲ ਮੁੱਖੜਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੱਸਿਆ ਗਿਆ ਸੀ। ਵਾਜਪਾਈ ਨੇ ਓਦੋਂ ਬਿਲਕੁਲ ਠੀਕ ਨਿਸ਼ਾਨਾ ਮਾਰਿਆ ਸੀ। ਉਸ ਨੇ ਅਮਰੀਕੀ ਰਾਜਦੂਤ ਨੂੰ ਇਸ ਟਿਪਣੀ ਲਈ ਮੰਦਾ ਬੋਲਣ ਦੀ ਥਾਂ ਆਪਣੀ ਪਾਰਟੀ ਦੇ ਅੰਦਰ ਇਹ ਮੁੱਦਾ ਖੜਾ ਕੀਤਾ ਕਿ ਇੱਕ ਤਾਂ ਪਾਰਟੀ ਦੇ ਲੀਡਰ ਉਸ ਨੂੰ ਸਿਰਫ ਮੁਖੌਟਾ ਮੰਨਦੇ ਹਨ ਤੇ ਦੂਜਾ ਇਹ ਲੀਡਰ ਘਰ ਦੀਆਂ ਗੱਲਾਂ ਅਮਰੀਕੀ ਰਾਜਦੂਤਾਂ ਨੂੰ ਦੱਸਣ ਜਾਂਦੇ ਹਨ।
ਦੂਸਰੀ ਪੁਰਾਣੀ ਰਿਪੋਰਟ ਇੰਦਰਾ ਗਾਂਧੀ ਬਾਰੇ ਆਈ ਸੀ। ਜਦੋਂ ਇੰਦਰਾ ਗਾਂਧੀ ਨੂੰ ਜ਼ੁਕਾਮ ਤੱਕ ਦੀ ਬਿਮਾਰੀ ਨਹੀਂ ਸੀ, ਓਦੋਂ ਅਮਰੀਕਾ ਦੀ ਸਰਕਾਰ ਨਾਲ ਜੁੜੇ ਹੋਏ ਇੱਕ ਥਿੰਕ-ਟੈਂਕ ਨੇ ਇਹ ਲੇਖਾ-ਜੋਖਾ ਕਰ ਦਿੱਤਾ ਸੀ ਕਿ ਉਸ ਦੀ ਮੌਤ ਹੋਣ ਦਾ ਭਾਰਤ ਦੀ ਰਾਜਨੀਤੀ ਉੱਤੇ ਕੀ ਅਸਰ ਹੋਵੇਗਾ? ਰਿਪੋਰਟ ਏਥੋਂ ਤੱਕ ਜਾਂਦੀ ਸੀ ਕਿ ਇੰਦਰਾ ਗਾਂਧੀ ਦੀ ਮੌਤ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਹੋਈ ਤਾਂ ਕੀ ਅਸਰ ਪਵੇਗਾ ਤੇ ਜੇ ਬਾਅਦ ਵਿੱਚ ਹੋਈ ਤਾਂ ਕੀ ਅਸਰ ਪਾ ਸਕੇਗੀ? ਇਹ ਵੀ ਇਸ ਰਿਪੋਰਟ ਦਾ ਹਿੱਸਾ ਸੀ ਕਿ ਜੇ ਇੰਦਰਾ ਗਾਂਧੀ ਦੀ ਮੌਤ ਕੁਦਰਤੀ ਕਾਰਨਾਂ ਕਰ ਕੇ ਹੋਈ ਤਾਂ ਕੀ ਅਸਰ ਪਾਵੇਗੀ ਅਤੇ ਜੇ ਗੈਰ-ਕੁਦਰਤੀ ਢੰਗ ਨਾਲ ਅਣਿਆਈ ਮੌਤ ਆ ਗਈ ਤਾਂ ਦੇਸ਼ ਦੀ ਰਾਜਨੀਤੀ ਉੱਤੇ ਕੀ ਅਸਰ ਪੈ ਸਕਦਾ ਹੈ? ਲੋਕ ਹੈਰਾਨ ਸਨ ਕਿ ਇਹ ਰਿਪੋਰਟ ਤਿਆਰ ਕਰਵਾਉਣ ਦੀ ਅਮਰੀਕਾ ਨੂੰ ਕੀ ਲੋੜ ਪੈ ਗਈ ਸੀ? ਸਾਫ ਹੈ ਕਿ ਅਮਰੀਕਾ ਵਾਲੇ ਹਰ ਵੇਲੇ ਹਰ ਪਾਸੇ ਨਜ਼ਰ ਗੱਡੀ ਰੱਖਦੇ ਹਨ ਕਿ ਕਿੱਥੇ ਕੀ ਹੋ ਰਿਹਾ ਹੈ? ਸਗੋਂ ਉਹ ਇਸ ਤੋਂ ਅੱਗੇ ਇਸ ਹੱਦ ਤੱਕ ਸੋਚਦੇ ਹਨ ਕਿ ਕਿੱਥੇ ਕੀ ਹੋ ਸਕਦਾ ਹੈ ਜਾਂ ਦੂਜੇ ਸ਼ਬਦਾਂ ਵਿੱਚ ਕਿ ਕੀ ਕਰਵਾਇਆ ਜਾ ਸਕਦਾ ਹੈ?
ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਅਮਰੀਕਾ ਭਾਰਤ ਬਾਰੇ ਇਹੋ ਜਿਹੀ ਚਿੰਤਾ ਪ੍ਰਗਟ ਕਰਦਾ ਰਹਿੰਦਾ ਹੈ, ਉਸ ਦੇ ਆਪਣੇ ਦੇਸ਼ ਤੋਂ ਇਹ ਰਿਪੋਰਟ ਆਈ ਹੈ ਕਿ ਓਥੇ ਹਰ ਛੇਵਾਂ ਬੰਦਾ ਗਰੀਬੀ ਦੀ ਮਾਰ ਝੱਲ ਰਿਹਾ ਹੈ। ਮੰਦੇ ਦੇ ਮੌਜੂਦਾ ਦੌਰ ਵਿੱਚ ਅੱਠ ਸੌ ਤੋਂ ਵੱਧ ਅਮਰੀਕੀ ਬੈਂਕ ਬੰਦ ਹੋ ਗਏ, ਪਰ ਨਾ ਪਿਛਲੇ ਰਾਸ਼ਟਰਪਤੀ ਜਾਰਜ ਬੁੱਸ਼ ਨੂੰ ਇਸ ਦਾ ਭੇਦ ਪਤਾ ਲੱਗ ਸਕਿਆ ਤੇ ਨਾ ਹੁਣ ਵਾਲਾ ਬਰਾਕ ਓਬਾਮਾ ਆਪਣੇ ਛੱਤੀ ਕਿਸਮ ਦੇ ਥਿੰਕ-ਟੈਂਕ ਵਰਤ ਕੇ ਕੋਈ ਹੱਲ ਕੱਢ ਸਕਿਆ ਹੈ। ਹੁਣ ਵਿਕੀਲੀਕਸ ਨੇ ਉਸ ਨੂੰ ਠਿੱਠ ਕਰ ਦਿੱਤਾ ਹੈ। ਸਾਰੀ ਦੁਨੀਆ ਤੋਂ ਸੂਹਾਂ ਕੱਢਣ ਲੱਗੇ ਰਹਿਣ ਵਾਲੇ ਅਮਰੀਕਾ ਦੀ ਆਪਣੀ ਸੂਚਨਾ ਪ੍ਰਣਾਲੀ ਰੇਤ ਦੀ ਬੋਰੀ ਸਿੱਧ ਹੋਈ ਹੈ, ਜਿਸ ਵਿੱਚ ਵਿਕੀਲੀਕਸ ਦੀ ਇੱਕੋ ਕਿੱਲੀ ਵੱਜਣ ਨਾਲ ਸਾਰੀ ਸੂਚਨਾ ਕਿਰ ਗਈ ਹੈ। ਆਪਣਾ ਘਰ ਉਹ ਸਾਂਭਣ ਜੋਗੇ ਨਹੀਂ ਤੇ ਸੰਸਾਰ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਲੀਡਰਾਂ ਦੀਆਂ ਕਨਸੋਆਂ ਲੈਣ ਲੱਗੇ ਰਹਿੰਦੇ ਹਨ।
ਇਸੇ ਪ੍ਰਸੰਗ ਵਿੱਚ ਵਿਕੀਲੀਕਸ ਦੀਆਂ ਉਨ੍ਹਾਂ ਸੂਚਨਾਵਾਂ ਨੂੰ ਲੈਣਾ ਚਾਹੀਦਾ ਹੈ, ਜਿਹੜੀਆਂ ਪੜ੍ਹ ਕੇ ਭਾਰਤ ਦੇ ਲੀਡਰ ਆਪੋ ਵਿੱਚ ਸਿੰਗ ਫਸਾਈ ਫਿਰਦੇ ਹਨ, ਜਾਂ ਸੂਚਨਾਵਾਂ ਲੀਕ ਕਰਨ ਵਾਲੇ ਜੂਲੀਅਨ ਅਸਾਂਜ ਦੇ ਦੁਆਲੇ ਟੰਬੇ ਚੁੱਕ ਤੁਰਦੇ ਹਨ। ਭਾਰਤੀ ਲੀਡਰਾਂ ਨੂੰ ਖੁਦ ਨੂੰ ਚਾਹੀਦਾ ਹੈ ਕਿ ਆਪਣਾ ਆਪ ਸੰਭਾਲ ਕੇ ਰੱਖਣ ਤੇ ਅਮਰੀਕੀ ਦੂਤਾਂ ਸਮੇਤ ਜਣੇ-ਖਣੇ ਦੇ ਸਾਹਮਣੇ ਢਿੱਡ ਤੋਂ ਝੱਗਾ ਨਾ ਚੁੱਕਦੇ ਫਿਰਨ। ਫਿਰ ਉਹ ਸੁਖੀ ਰਹਿਣਗੇ। ਜੇ ਉਹ ਆਪਣੀਆਂ ਆਦਤਾਂ ਉੱਤੇ ਕਾਬੂ ਨਾ ਪਾ ਸਕੇ ਤਾਂ ਅਮਰੀਕੀ ਦੂਤ ਹੋਣ ਜਾਂ ਜੂਲੀਅਨ ਅਸਾਂਜ ਹੋਵੇ, ਕਿਸੇ ਨਾ ਕਿਸੇ ਪਾਸਿਓ ਤਾਂ ਗੱਲ ਬਾਹਰ ਨਿਕਲਣੀ ਹੀ ਹੈ, ਕਿਸ-ਕਿਸ ਨਾਲ ਭਿੜਦੇ ਫਿਰਨਗੇ? ਆਪਣੀ ਪੱਗ ਆਪੇ ਸੰਭਾਲੀ ਚੰਗੀ ਹੁੰਦੀ ਹੈ। ਅਮਰੀਕਾ ਵਾਲੇ ਨਾ ਭਾਰਤੀ ਰਾਜਨੀਤੀ ਦੇ ਰੈਫਰੀ ਹਨ ਤੇ ਨਾ ਇਸ ਦੇ ਸੰਚਾਲਕ, ਪਰ ਜੇ ਭਾਰਤੀ ਲੀਡਰਾਂ ਦੇ ਇਹੋ ਚਾਲੇ ਰਹੇ ਤਾਂ ਕਿਸੇ ਦਿਨ ਨੂੰ ਇਹ ਅਮਰੀਕੀ ਕੂਟਨੀਤੀ ਦੇ ਕਾਰਟੂਨ ਪਾਤਰ ਬਣ ਕੇ ਰਹਿ ਜਾਣਗੇ।

No comments:

Post a Comment