ਪੰਜਾਬੀ ਸੱਭਿਆਚਾਰ ਵਿੱਚ ਵਰ-ਚੋਣ ਦੀ ਮਹੱਤਤਾ
ਸੱਤਪਾਲ ਬਰਮੌਤਾ
ਪੰਜਾਬੀ ਸੱਭਿਆਚਾਰ ਵਿੱਚ ਲੋਕ ਗੀਤਾਂ ਦਾ ਆਪਣਾ ਇੱਕ ਸਥਾਨ ਹੈ। ਇਨ੍ਹਾਂ ਲੋਕ ਗੀਤਾਂ ਵਿੱਚ ਸੁਹਾਗ ਦੇ ਗੀਤਾਂ ਦਾ ਵੀ ਬਹੁਤ ਵੱਡਾ ਮਹੱਤਵ ਹੈ ਜਿਨ੍ਹਾਂ ਰਾਹੀਂ ਇਸਤਰੀ-ਮਨੋਭਾਵਾਂ ਦੀ
ਬੇਮਿਸਾਲ ਪੇਸ਼ਕਾਰੀ ਕੀਤੀ ਗਈ ਹੈ। ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਸੁਹਾਗ ਦੇ ਇਹ ਗੀਤ ਮੁਟਿਆਰ ਦੇ ਉਨ੍ਹਾਂ ਭਾਵਾਂ ਦਾ ਖੂਬਸੂਰਤ ਪ੍ਰਗਟਾਵਾ ਹਨ, ਜਿਨ੍ਹਾਂ ਨੂੰ ਆਮ ਬੋਲ-ਚਾਲ ਦੀ ਭਾਸ਼ਾ ਵਿੱਚ ਆਪਣੇ ਮੂੰਹੋਂ ਬਿਆਨ ਕਰਨ ਤੋਂ ਉਹ ਸੰਕੋਚ ਕਰਦੀ ਹੈ। ਇਨ੍ਹਾਂ ਗੀਤਾਂ ਵਿੱਚ Ḕਬਾਬਲ ਵਰ ਲੋੜੀਏḔ ਰਾਹੀਂ ਜਿੱਥੇ ਉਸ ਦੇ ਮੁਟਿਆਰ ਹੋ ਜਾਣ ਅਤੇ ਉਸ ਦੇ ਹਾਣ ਦੀਆਂ ਸਹੇਲੀਆਂ ਦੇ ਸਹੁਰੇ ਘਰ ਚਲੀਆਂ ਜਾਣ ਦਾ ਸਾਦਗੀ ਭਰਪੂਰ ਜ਼ਿਕਰ ਮਿਲਦਾ ਹੈ, ਉੱਥੇ Ḕਦੇਈਂ ਵੇ ਬਾਬਲਾ ਓਸ ਘਰੇḔ ਰਾਹੀਂ ਉਸ ਲਈ ਵਰ ਦੀ ਚੋਣ ਬਾਰੇ ਵੀ ਉਸ ਦੇ ਭਾਵਾਂ ਨੂੰ ਖੁੱਲ੍ਹ ਕੇ ਪ੍ਰਗਟਾਇਆ ਗਿਆ ਹੈ। ਇਸ ਪ੍ਰਕਾਰ ਇਨਾਂ੍ਹ ਗੀਤਾਂ ਰਾਹੀਂ ਮਾਪਿਆਂ ਨੂੰ ਉਨ੍ਹਾਂ ਦੀ ਮੁਟਿਆਰ ਹੋ ਰਹੀ ਧੀ ਨੂੰ ਵਿਆਹੁਣ ਲਈ ਸੁਚੇਤ ਕੀਤਾ ਗਿਆ ਹੈ।
Ḕਦੇਈਂ ਵੇ ਬਾਬਲਾ ਓਸ ਘਰੇḔ ਗੀਤ ਵਿੱਚ ਆਪਣੇ ਸਹੁਰੇ ਘਰ ਦੀ ਖ਼ੁਸ਼ਹਾਲੀ ਅਤੇ ਸਮ੍ਰਿਧੀ ਦੀ ਕਾਮਨਾ ਕਰਦੀ ਹੋਈ ਮੁਟਿਆਰ ਆਪਣੇ ਬਾਬਲ ਤੋਂ ਮੰਗ ਕਰਦੀ ਹੈ ਕਿ ਉਸਨੂੰ ਉਹ ਅਜਿਹੇ ਘਰ ਵਿੱਚ ਵਿਆਹੇ ਜਿੱਥੇ ਉਸਦੀ ਸੱਸ ਇੱਕ ਭਲੀ ਇਸਤਰੀ ਹੋਵੇ, ਸਹੁਰਾ ਸਾਰੇ ਇਲਾਕੇ ਦਾ ਆਗੂ ਹੋਵੇ, ਉਸਦੇ ਸੱਸ-ਸਹੁਰੇ ਦੇ ਬਹੁਤ ਸਾਰੇ ਪੁੱਤ ਹੋਣ ਜਿਨ੍ਹਾਂ ਦੇ ਵਿਆਹ-ਸ਼ਾਦੀਆਂ ਵਿੱਚ ਹੀ ਉਹ ਰੁੱਝੀ ਰਹੇ, ਉਸਦੇ ਸਹੁਰੇ ਘਰ ਵਿੱਚ ਬਹੁਤ ਸਾਰੀਆਂ ਮੱਝਾਂ-ਗਾਵਾਂ ਹੋਣ ਜਿਨ੍ਹਾਂ ਨੂੰ ਚੋਣ ਅਤੇ ਰਿੜਕਣ ਲਈ ਉਸਦਾ ਹੱਥ ਸਦਾ ਚਾਟੀਆਂ ਵਿੱਚ ਹੀ ਰਹੇ ਅਤੇ ਉੱਥੇ ਸਦਾ ਹੀ ਬੈਠੇ ਦਰਜ਼ੀ ਅਤੇ ਸੁਨਿਆਰੇ ਤੋਂ ਉਹ ਕੱਪੜਿਆਂ ਤੇ ਗਹਿਣਿਆਂ ਦੀ ਘਾੜਤ ਘੜਵਾ ਕੇ ਪਹਿਨਦੀ ਰਹੇ। ਅਜਿਹਾ ਕਰਨ ਨਾਲ ਉਹ ਕਹਿੰਦੀ ਹੈ, ਉਸਦੇ ਬਾਬਲ ਦਾ ਬਹੁਤ ਵੱਡਾ ਪੁੰਨ ਹੋਵੇਗਾ ਤੇ ਜੱਸ ਹੋਵੇਗਾ। ਇਸ ਗੀਤ ਰਾਹੀਂ ਜਿੱਥੇ ਸਮੁੱਚੇ ਰਿਸ਼ਤਿਆਂ ਦੀ ਪਵਿੱਤਰਤਾ ਤੇ ਮਰਿਆਦਾ ਰੱਖਣ ਵਾਲੇ ਅਤੇ ਸਾਮਾਜਿਕ ਤੇ ਭਾਵਨਾਤਮਿਕ ਸੁਰੱਖਿਆ ਨਾਲ ਓਤ-ਪ੍ਰੋਤ ਇੱਕ ਭਰੇ-ਪੂਰੇ ਖ਼ੁਸ਼ਹਾਲ ਤੇ ਸੰਗਠਿਤ ਪਰਿਵਾਰ ਦੀ ਹੋਂਦ ਦਾ ਪਤਾ ਲੱਗਦਾ ਹੈ, ਉੱਥੇ ਮੁਟਿਆਰ ਦੀ ਉਸਦੇ ਸੰਭਾਵੀ ਸਹੁਰੇ ਘਰ ਦੀ ਕਲਪਣਾ ਦਾ ਵੀ ਜ਼ਿਕਰ ਮਿਲਦਾ ਹੈ।
ਅਜੋਕੇ ਦੌਰ ਵਿੱਚ ਆਧੁਨਿਕਤਾ ਦੇ ਪ੍ਰਭਾਵ ਅਧੀਨ ਮਰਦ ਵਾਂਗ ਇਸਤਰੀ ਮਾਨਸਿਕਤਾ ਵਿੱਚ ਵੀ ਬਦਲਾਵ ਆ ਰਿਹਾ ਹੈ। ਅੱਜ ਦੀ ਪੜ੍ਹੀ-ਲਿਖੀ ਅਤੇ ਅਗਾਂਹ-ਵਧੂ ਵਿਚਾਰਾਂ ਦੀ ਧਾਰਨੀ ਲੜਕੀ ਤੇਜ਼ ਰਫ਼ਤਾਰੀ ਦੇ ਇਸ ਦੌਰ ਵਿੱਚ ਆਤਮ-ਵਿਸ਼ਵਾਸ ਅਤੇ ਸਵੈਮਾਨ ਨਾਲ ਜੀਵਨ ਬਸਰ ਕਰਨ ਹਿੱਤ ਸਵੈ-ਨਿਰਭਰ ਹੋਣ ਨੂੰ ਪਹਿਲ ਦੇ ਰਹੀ ਹੈ। ਉਸ ਲਈ ਆਪਣੇ ਸੰਭਾਵੀ ਸਹੁਰੇ ਪਰਿਵਾਰ ਦੀ ਖ਼ੁਸ਼ਹਾਲੀ ਅਤੇ ਸਮ੍ਰਿਧੀ ਦੇ ਅਰਥ ਬਦਲ ਰਹੇ ਹਨ। ਉਹ ਹੁਣ ਵੱਡੇ ਪਰਿਵਾਰ ਦੀ ਥਾਂ ਛੋਟੇ ਪਰਿਵਾਰ ਦੇ ਇੱਕ ਅਜਿਹੇ ਨੌਜਵਾਨ ਦੀ ਜੀਵਨ ਸਾਥੀ ਵੱਜੋਂ ਕਲਪਣਾ ਕਰਦੀ ਹੈ ਜਿਹੜਾ ਉਸਦੇ ਸਵੈਮਾਣ ਅਤੇ ਭਾਵਨਾਵਾਂ ਦਾ ਆਦਰ ਕਰਦੇ ਹੋਏ ਉਸਨੂੰ ਭਾਵਨਾਤਮਿਕ ਅਤੇ ਸਾਮਾਜਿਕ ਸੁਰੱਖਿਆ ਪ੍ਰਦਾਨ ਕਰਨ ਦੀ ਸਮਰੱਥਾ ਰੱਖਦਾ ਹੋਵੇ।
ਸਾਡੇ ਦੇਸ਼ ਦੇ ਵੱਡੇ ਸ਼ਹਿਰਾਂ ਨੇ ਵੀ ਪੱਛਮੀ ਸੱਭਿਅਤਾ ਦੇ ਪ੍ਰਭਾਵ ਨੂੰ ਖੁੱਲ੍ਹ ਕੇ ਕਬੂਲਿਆ ਹੈ। ਸਿੱਟੇ ਵੱਜੋਂ ਵਰ-ਚੋਣ ਦੀ ਖੁੱਲ੍ਹ ਵਾਲੀ ਇਸ ਸਥਿਤੀ ਰਾਹੀਂ ਅਸੰਤੁਲਨ ਪੈਦਾ ਹੋ ਰਿਹਾ ਹੈ। ਹਾਲਾਂਕਿ ਸੰਜੀਦਗੀ ਅਤੇ ਸਿਆਣਪ ਨਾਲ ਕੀਤੀ ਗਈ ਵਰ-ਚੋਣ ਦੋਵਾਂ ਧਿਰਾਂ ਲਈ ਪਿਆਰ ਭਰੀਆਂ ਖ਼ੁਸ਼ੀਆਂ ਅਤੇ ਉਮੰਗਾਂ ਪ੍ਰਦਾਨ ਕਰਦੀ ਹੈ ਪਰ ਕੱਚੀ ਉਮਰੇ ਬੇ-ਮੇਲ ਅਤੇ ਗ਼ਲਤ ਵਰ ਦੀ ਚੋਣ ਜੀਵਨ ਨੂੰ ਬਰਬਾਦ ਵੀ ਕਰਦੀ ਹੈ। ਸੋ, ਇਸ ਪ੍ਰਕਿਰਿਆ ਅਧੀਨ ਜਿੱਥੇ ਅਜਿਹੀਆਂ ਸ਼ਾਦੀਆਂ ਸਫ਼ਲ ਵੀ ਹੁੰਦੀਆਂ ਹਨ, ਉੱਥੇ ਕਈ ਜੋੜੇ ਕੁੱਝ ਵਰ੍ਹਿਆਂ ਤੱਕ ਅਸੁਰੱਖਿਆ ਦੀ ਤ੍ਰਾਸਦੀ ਭੋਗਦੇ-ਭੋਗਦੇ ਅੰਤ ਵਿੱਚ ਅਲੱਗ ਹੋਣ ਨੂੰ ਹੀ ਤਰਜ਼ੀਹ ਦਿੰਦੇ ਹਨ। ਭਾਵੇਂ ਕਿ ਉਨ੍ਹਾਂ ਦੇ ਬੱਚੇ ਹੋਰ ਵੀ ਵੱਡੀ ਤ੍ਰਾਸਦੀ ਭੋਗਦੇ ਹਨ। ਸਿੱਟੇ ਵੱਜੋਂ ਸਮਾਜ ਵਿੱਚ ਤਲਾਕ ਦੀ ਪ੍ਰਵਿਰਤੀ ਵਧ ਰਹੀ ਹੈ। ਇਸ ਪ੍ਰਕਾਰ ਪਰਿਵਾਰਕ ਏਕਤਾ ਅਤੇ ਰਿਸ਼ਤਿਆਂ ਵਿੱਚ ਤਰੇੜਾਂ ਪੈਦਾ ਕਰਨ ਵਾਲੀ ਇਹ ਪ੍ਰਕਿਰਿਆ ਭਾਰਤੀ ਸਮਾਜ ਲਈ ਇੱਕ ਗੰਭੀਰ ਚੁਣੌਤੀ ਦੇ ਰੂਪ ਵਿੱਚ ਸਾਹਮਣੇ ਆ ਰਹੀ ਹੈ। ਇਸ ਨਾਲ ਜਿੱਥੇ ਪਰਿਵਾਰ ਟੁੱਟ ਰਹੇ ਹਨ, ਉੱਥੇ ਰਿਸ਼ਤਿਆਂ ਵਿੱਚ ਵੀ ਗੰਧਲਾਪਨ ਆਇਆ ਹੈ। ਨੈਤਿਕਤਾ ਦੇ ਪਤਨ ਨਾਲ ਅਪਰਾਧ ਪ੍ਰਵਿਰਤੀ ਜਨਮ ਲੈ ਰਹੀ ਹੈ ਜਿਸ ਨਾਲ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ।
ਆਧੁਨਿਕਤਾ, ਸੂਚਨਾ ਤੇ ਸੰਚਾਰ ਮਾਧਿਅਮ ਅਤੇ ਸੱਭਿਆਚਾਰ ਦੇ ਸੰਸਾਰੀਕਰਨ ਨੇ ਪੰਜਾਬੀ ਸੱਭਿਆਚਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸਿੱਟੇ ਵੱਜੋਂ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਦੀਆਂ ਬਹੁਗਿਣਤੀ ਲੜਕੀਆਂ ਵਿੱਚ ਵਰ-ਚੋਣ ਦੀ ਸੁਤੰਤਰਤਾ ਆਪਣੇ ਪੈਰ ਪਸਾਰ ਰਹੀ ਹੈ। ਪਰ ਪੰਜਾਬ ਦੇ ਵਧੇਰੇ ਪਿੰਡਾਂ ਅੰਦਰ ਪੇਂਡੂ ਸੱਭਿਆਚਾਰ ਵਿੱਚ ਜੰਮੀ-ਪਲੀ ਪੰਜਾਬੀ ਮੁਟਿਆਰ ਅਜੇ ਵੀ ਨਿਸ਼ੰਗਤਾ ਤੋਂ ਦੂਰ ਹੈ, ਉਹ ਅੱਜ ਵੀ ਆਪਣੇ ਅੰਤਰੀਵ ਭਾਵਾਂ ਨੂੰ ਸਾਰਵਜਨਿਕ ਰੂਪ ਵਿੱਚ ਪ੍ਰਗਟ ਕਰਨ ਤੋਂ ਗੁਰੇਜ਼ ਕਰਦੀ ਹੈ ਅਤੇ ਆਪਣੇ ਪਿਆਰ ਅਤੇ ਵਿਆਹ ਜਿਹੇ ਸੰਜੀਦਾ ਅਤੇ ਨਾਜ਼ੁਕ ਭਾਵਾਂ ਨੂੰ ਆਪਣੇ ਮਾਪਿਆਂ ਸਾਹਮਣੇ ਅੱਜ ਵੀ ਖੁੱਲ੍ਹ ਕੇ ਨਹੀਂ ਪ੍ਰਗਟਾਉਂਦੀ। ਸ਼ਾਇਦ ਏਸੇ ਲਈ ਹੀ ਪੰਜਾਬ ਵਿੱਚ ਅੱਜ ਵੀ ਸਾਡੇ ਸੱਭਿਆਚਾਰ ਨੇ ਇੱਕ ਅਮੀਰ ਵਿਰਸੇ ਦੇ ਰੂਪ ਵਿੱਚ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ ਹੋਇਆ ਹੈ। ਰੱਬ ਕਰੇ ਰਿਸ਼ੀਆਂ-ਮੁਨੀਆਂ ਦੀ ਇਸ ਧਰਤੀ Ḕਤੇ ਮਾਨਵਤਾ, ਨੈਤਿਕਤਾ, ਸੱਭਿਆਚਾਰ ਅਤੇ ਆਪਸੀ ਭਾਈਚਾਰਾ ਰਹਿੰਦੀ ਦੁਨੀਆਂ ਤੱਕ ਕਾਇਮ ਰਹੇ।
------------------
04, ਸਾਹਮਣੇ ਵਿਕਾਸ ਕਲੌਨੀ,
ਫਿਰੋਜ਼ਪੁਰ ਸ਼ਹਿਰ।
No comments:
Post a Comment