ਯੂ.ਕੇ. ਤੋਂ ਮੈਨੂੰ ਫੋਨ ਸੀ ਆਇਆ

ਹਰਪ੍ਰੀਤ ਸਿੰਘ
ਅੱਧੀ ਰਾਤੀਂ ਫੋਨ ਮੇਰੇ ਦੀ ਵੱਜੀ ਮਿੱਤਰੋ ਰਿੰਗ ਸੀ,
ਯੂ.ਕੇ. ਤੋਂ ਮੈਨੂੰ ਫੋਨ ਸੀ ਆਇਆ
ਬੋਲਦਾ ਘੁੰਮਣ ਸਿੰਘ ਸੀ ।
ਹੱਥਾਂ ਦੇ ਮੇਰੇ ਉੱਡ ਗਏ ਤੋਤੇ ਗੱਲ ਉਹਨੇ ਜਦ ਦੱਸੀ,
ਇੱਕ ਪੋਂਡ ਦੇ ਇੰਡੀਆ ਦੇ ਵਿਚ ਕਹਿੰਦਾ ਬਣਦੇ ਅੱਸੀ।
ਦੋ ਕਿੱਲਿਆਂ ਤੋਂ ਦਸ ਕਿੱਲਿਆਂ ਦੀ ਕਰ ਦਿੱਤੀ ਮੈਂ ਪੈਲੀ,
ਦੇਖ ਲੈ ਛੋਟੇ ਵੀਰ ਮੇਰੇ ਨੇ ਨਵੀਂ ਸਫ਼ਾਰੀ ਲੈ ਲੀ।
ਪੋਂਡਾ ਦੇ ਨਾਲ ਖਚਾ-ਖਚ ਭਰਿਆ ਰਹਿੰਦਾ ਹਰ ਦਮ ਗੀਝਾ,
ਤੂੰ ਵੀ ਯੂ.ਕੇ. ਆ ਜਾ ਮਿੱਤਰਾ ਲੈ ਕੇ ਸਟੂਡੈਂਟ ਵੀਜਾ।
ਤੜਕੇ ਉੱਠ ਕੇ ਬਾਪੂ ਨੂੰ ਮੈਂ ਸਾਰੀ ਗੱਲ ਸਮਝਾਈ,
ਪਰ ਮੇਰੇ ਬਾਪੂ ਨੇ ਨਾ ਮੈਨੂੰ ਪੂਛ ਫੜਾਈ।
ਨਾ ਪੁੱਤਰਾ ਆਪਾਂ ਤਾਂ ਹੈਨੀ ਅੇਨੇ ਜੋਗੇ,
ਆਪਣੇ ਸਿਰ ਤਾਂ ਪਹਿਲਾਂ ਈ ਏ ਕਰਜ਼ਾ ਗੋਡੇ-ਗੋਡੇ।
ਖਰ ਕੇ ਕਮਾਈਆਂ ਬਾਪੂ ਜੀ ਸਭ ਮੋੜਦੂ ਦੇਣੇ-ਲੈਣੇ
ਆੜ੍ਹਤੀਏ ਤੋ ਤੁਸੀਂ ਫੜ੍ਹ ਲਵੋ ਪੈਸੇ, ਕੀਲਾ ਕਰ ਦਿਓ ਗਹਿਣੇ।
ਬਾਪੂ ਨੇ ਮੇਰੀ ਕਰ ਤੀ ਸੇਵਾ ਲੈ ਕੇ ਤੂਤ ਦੀ ਸੋਟੀ,
ਗੁੱਸੇ ਦੇ ਵਿਚ ਆ ਕੇ ਆਪਾਂ ਵੀ ਛੱਡਤੀ ਖਾਣੀ ਰੋਟੀ।
ਸਕੇ ਸੰਬੰਧੀ, ਚਾਚੇ-ਤਾਇਆਂ ਜ਼ੋਰ ਬਾਪੂ ਤੇ ਪਾਇਆ,
ਅੰਤ ਮੰਨ ਗਿਆ ਬਾਪੂ ਮੇਰਾ ਮੇਰੀ ਬੇਬੇ ਦਾ ਸਮਝਾਇਆ।
ਲੱਲੂ ਕਰੇ ਕੱਵਲੀਆਂ ਤੇ ਰੱਬ ਸਿੱਧੀਆਂ ਪਾਉਂਦਾ ਆਪੇ,
ਤੁੱਕੇ ਨਾਲ ਮੈਂ ਆਈਲਟਸ ਕਰਲੀ ਤੇ ਖੁਸ਼ ਹੋ ਗਏ ਮਾਪੇ।
ਝੱਟ ਗਿਆ ਮੈਂ ਏਜੰਟਾ ਦਫ਼ਤਰ ਚੰਡੀਗੜ੍ਹ ਜਿੰਨਾ ਦੇ ਡੇਰੇ,
ਮੈਡਮ ਕਹਿੰਦੀ ਤੇਰਾ ਲਗ ਜਾਊ ਵੀਜ਼ਾ ਦੇਖ ਕੇ ਨੰਬਰ ਮੇਰੇ।
ਸਵਾ ਪੰਜ ਦੇ ਸੁੱਖੇ ਲੱਡੂ,ਆਇਆ ਮੇਰਾ ਨਤੀਜਾ,
ਯੂ.ਕੇ ਅਮਬੈਸੀ ਨੇ ਮੈਨੂੰ ਦੇ ਦਿੱਤਾ ਸਟੂਡੈਂਟ ਵੀਜ਼ਾ।
ਇੱਕੀ ਹਜ਼ਾਰ ਦੀ ਟਿਕਟ ਕਟਾ ਕੇ ਮੈੰ ਜਹਾਜ ਤੇ ਚੜ੍ਹਿਆ,
ਨੋਂ ਘੰਟੇ ਵਿੱਚ ਸਿੱਧਾ ਇੰਡੀਆ ਤੋਂ ਯੂ.ਕੇ, ਆ ਵੜ੍ਹਿਆ।
ਸਾਹਨੇਵਾਲੀਆ ਸੁੱਖਾ ਮੈਨੂੰ ਲੈਣ ਏਅਰਪੋਰਟ ਤੇ ਆਇਆ,
ਗੱਲਾਂ-ਗੱਲਾਂ ਦੇ ਵਿਚ ਉਹਨੇ ਮੇਰੇ ਤਾਈਂ ਸਮਝਾਇਆ।
ਤਿੰਨ ਰਸਤੇ ਨੇ ਤਿੰਨਾ ਚੋਂ ਇੱਕ ਤੈਨੂੰ ਚੁਣਨਾ ਪੈਣਾ,
ਲੰਬੇ ਸਮੇ ਤੱਕ ਜੇ ਤੂੰ ਮਿੱਤਰਾ ਯੂ.ਕੇ. ਦੇ ਵਿਚ ਰਹਿਣਾ।
ਪਹਿਲਾ ਰਸਤਾ ਜਾ ਕੇ ਕਾਲਜ ਦਿਲ ਲਾ ਕੇ ਕਰੀਂ ਪੜ੍ਹਾਈਂ,
ਜਾਂ ਛੱਡ ਕੇ ਕਾਲਜ ਫੋਜੀ ਤੈਨੂੰ ਬਣਨਾ ਪੈਣਾ ਮੇਰੇ ਭਾਈ।
ਤੀਜਾ ਰਸਤਾ ਜਿਹਨੂੰ ਕਹਿੰਦੇ ਆ ਚੋਰ-ਮੋਰੀ,
ਪੀ.ਆਰ.ਪੱਕੀ ਟਿਕਾ ਲਈ ਕੋਈ ਟੋਕੜ ਜਿਹੀ ਤੂੰ ਗੋਰੀ।
ਲੰਡਨ ਆਏ ਨੂੰ ਮੈਨੂੰ ਸਾਲ ਹੋ ਗਿਆ ਅੱਧਾ,
ਪਰ ਹਾਲੇ ਤੱਕ ਮੈਨੂੰ ਇੱਥੇ ਕੰਮ ਨਾ ਕੋਈ ਲੱਭਾ।
ਘੱਲਦੇ ਪੈਸੇ ਵਿਆਜ ਹੈ ਦੇਣਾ ਮਾਪੇ ਕਰਦੇ ਗੱਲਾਂ,
ਗੁਰੂ ਘਰ ਰੋਟੀ ਖਾ ਕਰਾਂ ਗੁਜ਼ਾਰਾ, ਕੀ ਘਰੇ ਮੈਂ ਘੱਲਾਂ।
ਕੱਢਣੇ ਪੈਂਦੇ ਹਾੜੇ ਇੱਥੇ ਕਰਨੇ ਲਈ ਦਿਹਾੜੀ,
ਕੀ ਕਰਾਂ ਬਿਆਨ ਮੈਂ ਇੱਥੇ ਹਾਲਤ ਕਿੰਨੀ ਮਾੜੀ
ਵਿਦੇਸ਼ਾਂ ਵਿਚ ਰੁਲਗੀ ਤੇਰੀ ਸਰਦਾਰੀ ਸ਼ੇਰਾ,
ਧੋਬੀ ਦੇ ਕੁੱਤੇ ਵਾਗੂੰ ਕੋਈ ਘਰ-ਘਾਟ ਰਿਹਾ ਨਾ ਤੇਰਾ।
ਨਾਂ ਭੱਜੋ ਵਿਦੇਸ਼ਾਂ ਨੂੰ ਵੀਰੋ,ਵੀਰ ਪ੍ਰੀਤ ਸਮਝਾਵੇ,
ਲੰਘਿਆ ਵੇਲਾ-ਲੰਘਿਆ ਪਾਣੀ ਮੁੜ ਹੱਥ ਨਾ ਆਵੇ

No comments:

Post a Comment