ਕੰਵਲਜੀਤ ਸਿੰਘ "ਚਾਨੀ"
ਏਹ ਕੈਸੀ ਰੁੱਤ ਆਈ,
ਪਹਿਲਾਂ ਵਰਗਾ ਪਿੰਡਾਂ ਦੇ ਵਿਚ ਰਿਹਾ ਨਹੀਂ ਕੋਈ ਨਜ਼ਾਰਾ
ਨਾ ਰਹੀਆਂ ਉਹ ਪਾਕ
ਮੁਹਬਤਾਂ ,ਨਾ ਕੋਈ ਭਾਈਚਾਰਾ
ਦਿਲ ਦੀ ਸਾਂਝ ਸੁਲੀਕਾ ਸਾਰਾ ,ਰਹਿ ਗਏ ਝਗੜੇ ਝੇੜੇ
ਉਹੀਓ ਕਰਨ ਗੱਦਾਰੀ ਲਗ ਪਏ,ਸੱਜਣ ਯਾਰ ਸੀ ਜਿਹੜੇ
ਬਿਨ ਪੈਸੇ ਤੋਂ ਹਰ ਇਕ ਇਥੇ ,ਲੋਚੀ ਕਰਨ ਕਿਨਾਰਾ
ਅਮ੍ਰਿਤ ਵੇਲੇ ਉੱਠ ਕੇ ਸੀ ਸਭ ,ਰੱਬ ਨੂੰ ਸੀਸ ਨਿਵਾਊਂਦੇ
ਤੜਕੇ ਉਠ ਕੇ ਵਿਚ ਮੰਦਿਰਾਂ ਦੇ,ਪੰਡਿਤ ਸੰਖ ਵਜਾਉਂਦੇ
ਨਾ ਭਾਈ ਨਾ ਪਾਠੀ ਓਹੋ ,ਸੌਂ ਕੇ ਕਰਨ ਗੁਜਾਰਾ
ਨਾ ਟਿੰਡਾਂ ਦੀ ਟਿੱਕ ਟਿੱਕ ਸੁਣਦੀ ,ਨਾਂ ਹਲਟਾਂ ਦੇ ਗੇੜੇ
ਨਾ ਚਾਟੀ ਨਾ ਚੱਕੀ ਡੌਂਦੀ,ਸਵਾਣੀ ਉਠ ਸਵੇਰੇ
ਸੀਰੀ ਦੁੱਧ ਲਿਆਵੇ ਚੋ ਕੇ ,ਪਿੰਡ ਦਾ ਜੋ ਕਰਤਾਰਾ
ਨਾਂ ਛਿੰਝਾਂ ਨਾਂ ਘੋਲ਼ ਕੱਬਡੀ ,ਨਾਂ ਕੋਈ ਲਗਦੇ ਮੇਲੇ
ਨਸ਼ਿਆਂ ਵਿਚ ਘੇਰੀ ਰਹਿੰਦੇ ਨੇ,ਪਿੰਡ ਦੇ ਚੋਬਰ ਵੇਹਲੇ
ਨਾਂ ਗਿਧਾ ਨਾਂ ਭੰਗੜਾ ਪੈਂਦਾ,ਨਾਂ ਕੋਈ ਲਗੇ ਆਖਾੜਾ
ਨਾਂ ਤ੍ਰਿੰਝਣਾ ਵਿਚ ਕੁੜੀਆਂ ਨੱਚਣ,ਨਾਂ ਕੋਈ ਬੋਲੀ ਪਾਵੇ
ਨਾਂ ਕੁੜੀ ਫੁਲਕਾਰੀ ਕੱਢੇ ,ਨਾਂ ਕੋਈ ਚਰਖਾ ਡਾਹਵੇ
ਟਰੈਕਟਰ ਨਾਲ ਮਸ਼ੀਨੀ ਖੇਤੀ ,ਚਲਦਾ ਏ ਕੰਮ ਸਾਰਾ
ਨਾਂ ਬੇਬੇ ਕੋਈ ਦੇਵੇ ਲੋਰ੍ਹੀ ,ਨਾਂ ਕੋਈ ਬਾਤ ਸੁਣਾਵੇ
ਨਾਂ ਪਾਵੇ ਬਾਤ ਬਤੋਲੀ ,ਨਾਂ ਕੋਈ ਹੀਰਾਂ ਗਾਵੇ
ਨਾਂ ਡਾਕੀਆ ਨਾਂ ਕਾਂ ਬੋਲੇ ,ਨਾਂ ਕੋਈ ਕਰੇ ਉਡੀਕਾਂ
ਮੋਬਾਇਲਾਂ ਉਤੇ ਟਾਈਮ ਫਿਕਸ ਨੇ ,ਨਾਂ ਕੋਈ ਦੂਰ ਤਰੀਕਾਂ
ਪਹਿਲਾਂ ਨਾਲੋਂ ਕਹਿੰਦੇ ਕਰੀਏ ,ਸੋਹਣਾਂ ਅਸੀਂ ਗੁਜ਼ਾਰਾ
ਮਹਾਂਪੁਰਖਾਂ ਦੀ ਬਾਣੀ ਉਤੇ ,ਕੋਈ ਨਾਂ ਚਲਦਾ ਭਾਈ
ਨੰਗਾ ਨਾਚ ਹੋ ਰਿਹਾ ਜਗ ਤੇ ,ਏਹ ਕੈਸੀ ਰੁੱਤ ਆਈ
ਨਾਂ ਤਿਨਾਂ ਨਾਂ ਤੇਹਰਾਂ ਵਿਚੋਂ ,ਰਿਹਾ ਤੂੰ ਚਾਨੀ ਯਾਰਾ
No comments:
Post a Comment