ਦ੍ਰਿਸ਼ਟੀਕੋਣ (26)-ਜਤਿੰਦਰ ਪਨੂੰ

ਅੱਧ ਅਸਮਾਨੇ ਚਾੜ੍ਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਨੁਕਸਾਨ ਕਰਨ ਤੋਂ ਬਚਣਾ ਹੋਵੇਗਾ ਅੰਨਾ ਹਜ਼ਾਰੇ ਨੂੰ
ਉਰਦੂ ਦਾ ਮੁਹਾਵਰਾ ਹੈ ਕਿ 'ਆਗਾਜ਼ ਤੋ ਅੱਛਾ ਹੈ, ਅੰਜਾਮ ਖੁਦਾ ਜਾਨੇ'। ਇਹ ਗੱਲ ਸਾਡੇ ਸਮੇਤ ਬਹੁਤ ਸਾਰੇ ਲੋਕਾਂ ਨੇ ਓਦੋਂ ਕਹੀ ਸੀ, ਜਦੋਂ ਬਜ਼ੁਰਗ ਸਮਾਜ ਸੇਵੀ ਅੰਨਾ ਹਜ਼ਾਰੇ ਨੇ
ਭ੍ਰਿਸ਼ਟਾਚਾਰ ਦੇ ਵਿਰੋਧ ਦੀ ਮੁਹਿੰਮ ਦਾ ਪਹਿਲਾ ਪੜਾਅ ਤੈਅ ਕੀਤਾ ਸੀ। ਸਾਨੂੰ ਇਸ ਗੱਲ ਦੀ ਖੁਸ਼ੀ ਸੀ ਤੇ ਤਸੱਲੀ ਵੀ ਕਿ ਭਾਰਤ ਦੇ ਲੋਕ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਸੜਕਾਂ ਉੱਤੇ ਆਉਣ ਨੂੰ ਤਿਆਰ ਹੋਏ ਅਤੇ ਰਾਜਸੀ ਪਾਰਟੀਆਂ ਨੂੰ ਇਹ ਫਿਕਰ ਲੱਗਾ ਕਿ ਮੁਹਿੰਮ ਅੱਗੇ ਵਧਦੀ ਹੋਈ ਕਿਧਰੇ ਇਸ ਰਾਜਸੀ ਢਾਂਚੇ ਤੇ ਉਨ੍ਹਾਂ ਦੀ ਰਾਜਸੀ ਚੌਧਰ ਲਈ ਖਤਰਾ ਨਾ ਬਣ ਜਾਵੇ। ਏਸੇ ਲਈ ਲੀਡਰ ਲੋਕ ਇੱਕ ਪਾਸੇ ਇਸ ਦਾ ਸਮੱਰਥਨ ਕਰ ਕੇ ਦੂਸਰੇ ਪਾਸੇ ਸਮਝਾਉਣੀਆਂ ਦੇਣ ਤੁਰ ਪਏ ਸਨ ਕਿ ਲੜਾਈ ਭ੍ਰਿਸ਼ਟਾਚਾਰ ਦੇ ਖਿਲਾਫ ਹੋਣੀ ਚਾਹੀਦੀ ਹੈ, ਭਾਰਤ ਦੇ ਰਾਜਸੀ ਪ੍ਰਬੰਧ ਦੇ ਖਿਲਾਫ ਨਹੀਂ ਬਣ ਜਾਣੀ ਚਾਹੀਦੀ। ਲੋਕ ਉਨ੍ਹਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸਨ ਜਾਪਦੇ।
ਰਾਜਨੀਤੀ ਦੇ ਧੁਰੰਤਰ ਇਸ ਮਾਮਲੇ ਵਿੱਚ ਇੱਕ ਦੂਜੇ ਨੂੰ ਕਟਹਿਰੇ ਵਿੱਚ ਖੜਾ ਕਰ ਕੇ ਖੁਦ ਨਿਕਲਣ ਦੇ ਯਤਨ ਕਰਦੇ ਹੋਏ ਹੋਰ ਜ਼ਿਆਦਾ ਫਸਦੇ ਜਾ ਰਹੇ ਸਨ। ਮਿਸਾਲ ਵਜੋਂ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਮੌਜੂਦਾ ਸਰਕਾਰ ਦੇ ਪ੍ਰਧਾਨ ਮੰਤਰੀ ਉੱਤੇ ਇਹ ਦੋਸ਼ ਲਾ ਦਿੱਤਾ ਕਿ ਉਸ ਦੀ ਸਰਕਾਰ ਭ੍ਰਿਸ਼ਟ ਬੜੀ ਹੈ, ਇਸੇ ਲਈ ਲੋਕ ਪਾਲ ਬਿੱਲ ਪਾਸ ਨਹੀਂ ਹੋਣ ਦੇਂਦੀ। ਇਹੋ ਜਿਹੇ ਮੌਕਿਆਂ ਉੱਤੇ ਕਾਂਗਰਸੀ ਰਾਜਨੀਤੀ ਵਿੱਚ ਸਭ ਤੋਂ ਪੁਰਾਣੇ ਆਗੂਆਂ ਵਿੱਚੋਂ ਪ੍ਰਣਬ ਮੁਖਰਜੀ ਨੇ ਇਹ ਕਹਿ ਕੇ ਭਾਜੀ ਮੋੜ ਦਿੱਤੀ ਕਿ ਇਹ ਮਾਮਲਾ ਤਾਂ ਐਮਰਜੈਂਸੀ ਤੋਂ ਵੀ ਪਹਿਲਾਂ ਦਾ ਲਟਕਦਾ ਆਉਂਦਾ ਹੈ, ਮੁਰਾਰਜੀ ਡਿਸਾਈ ਦੀ ਸਰਕਾਰ ਵਿੱਚ ਅਡਵਾਨੀ ਜੀ ਮੰਤਰੀ ਸਨ, ਛੇ ਸਾਲ ਚੱਲੀ ਵਾਜਪਾਈ ਸਰਕਾਰ ਵਿੱਚ ਡਿਪਟੀ ਪ੍ਰਧਾਨ ਮੰਤਰੀ ਸਨ, ਚੰਗਾ ਲੱਗਦਾ ਸੀ ਤਾਂ ਇਹ ਬਿੱਲ ਓਦੋਂ ਹੀ ਪਾਸ ਕਰਵਾ ਦੇਂਦੇ, ਰੋਕਦਾ ਕੌਣ ਸੀ? ਉਸ ਵੱਲੋਂ ਆਈ ਮੋੜਵੀਂ ਚੋਟ ਪਿੱਛੋਂ ਅਡਵਾਨੀ ਸਾਹਿਬ ਵੀ ਸਰਕਾਰ ਦੀ ਥਾਂ ਬਾਬਾ ਹਜ਼ਾਰੇ ਨੂੰ ਸਮਝਾਉਣੀਆਂ ਦੇਣ ਰੁੱਝ ਗਏ ਕਿ ਦੇਸ਼ ਦੇ ਸਾਰੇ ਆਗੂ ਭ੍ਰਿਸ਼ਟ ਨਹੀਂ ਹਨ, ਜਿਹੜਾ ਰੌਲਾ ਪਾਇਆ ਜਾ ਰਿਹਾ ਹੈ, ਉਸ ਨਾਲ ਭਾਰਤ ਦੇ ਲੋਕਾਂ ਵਿੱਚ ਸਾਰੇ ਆਗੂਆਂ ਅਤੇ ਇਸ ਰਾਜਸੀ ਢਾਂਚੇ ਬਾਰੇ ਬੇਵਿਸ਼ਵਾਸੀ ਪੈਦਾ ਹੁੰਦੀ ਹੈ, ਇਹ ਨਹੀਂ ਕੀਤੀ ਜਾਣੀ ਚਾਹੀਦੀ।
ਲਾਲ ਕ੍ਰਿਸ਼ਨ ਅਡਵਾਨੀ ਇਸ ਪਾਸੇ ਥੋੜ੍ਹੀ ਦੇਰ ਨਾਲ ਤੁਰੇ ਹਨ, ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਦਿਗਵਿਜੇ ਸਿੰਘ ਤੇ ਭਾਜਪਾ ਦੇ ਮੁਖਤਾਰ ਅੱਬਾਸ ਨਕਵੀ ਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਅਜਿਹੀ ਮੁਹਿੰਮ ਸਮੁੱਚੇ ਰਾਜ ਪ੍ਰਬੰਧ ਬਾਰੇ ਭਰਮ ਪੈਦਾ ਕਰ ਰਹੀ ਹੈ। ਇਹੋ ਲੋਕ ਮੁੰਬਈ ਦੇ ਦਹਿਸ਼ਤਗਰਦ ਹਮਲੇ ਮਗਰੋਂ ਵੀ ਲੋਕਾਂ ਵਿੱਚ ਪੈਦਾ ਹੋਏ ਰੋਹ ਬਾਰੇ ਏਦਾਂ ਦੀਆਂ ਗੱਲਾਂ ਕਹਿੰਦੇ ਰਹੇ ਸਨ। ਕੁਝ ਲੋਕ ਬਿਨਾਂ ਵਜ੍ਹਾ ਚਰਚਾ ਵਿੱਚ ਰਹਿਣਾ ਚਾਹੁੰਦੇ ਹਨ, ਭਾਵੇਂ ਉਹ ਆਪਣੇ ਵਿਰੁੱਧ ਹੀ ਲੋਕਾਂ ਨੂੰ ਨੁਕਤਾਚੀਨੀ ਦਾ ਮੌਕਾ ਦੇ ਰਹੇ ਹੋਣ, ਤੇ ਕਾਰਨ ਇਸ ਦਾ ਇਹ ਹੁੰਦਾ ਹੈ ਕਿ ਉਹ ਇਸ ਬਹਾਨੇ ਆਪਣੇ ਆਪ ਨੂੰ ਮੀਡੀਏ ਵਿੱਚ 'ਛਾ ਗਿਆ' ਹੋਣ ਦਾ ਧਰਵਾਸ ਦੇ ਰਹੇ ਹੁੰਦੇ ਹਨ। ਨਕਵੀ ਹੋਵੇ ਜਾਂ ਦਿਗਵਿਜੇ ਸਿੰਘ, ਇਹ ਸਾਰੇ ਏਸੇ ਕਿਸਮ ਦੇ ਲੋਕ ਹਨ, ਇਸ ਕਰ ਕੇ ਇਨ੍ਹਾਂ ਦੀ ਗੱਲ ਬਹੁਤੀ ਨਹੀਂ ਗੌਲਣੀ ਚਾਹੀਦੀ, ਪਰ ਅੰਨਾ ਹਜ਼ਾਰੇ ਦੀ ਮੁਹਿੰਮ ਨੂੰ ਲੀਹੋਂ ਲੱਥ ਰਹੀ ਉਨ੍ਹਾਂ ਲੋਕਾਂ ਵੀ ਮਹਿਸੂਸ ਕੀਤਾ ਹੈ, ਜਿਹੜੇ ਇਸ ਮੁਹਿੰਮ ਤੋਂ ਆਸਾਂ ਲਾਈ ਬੈਠੇ ਸਨ। ਇਸ ਦੇ ਕਈ ਕਾਰਨਾਂ ਵਿੱਚੋਂ ਕੁਝ ਤਾਂ ਖੁਦ ਅੰਨਾ ਹਜ਼ਾਰੇ ਜਾਂ ਉਸ ਦੇ ਸੰਗੀ-ਸਾਥੀਆਂ ਦੀ ਬੋਲ-ਬਾਣੀ ਨਾਲ ਪੈਦਾ ਹੋ ਰਹੇ ਹਨ।
ਮਿਸਾਲ ਵਜੋਂ ਯੋਗੀ ਬਾਬਾ ਰਾਮ ਦੇਵ ਅੰਨਾ ਹਜ਼ਾਰੇ ਦੀ ਮੁਹਿੰਮ ਦੀ ਸਟੇਜ ਉੱਤੇ ਜਾ ਕੇ ਜਦੋਂ ਬੋਲਿਆ ਤਾਂ ਉਸ ਨੇ ਆਪਣੀ ਇੱਕ ਖਾਸ ਤਰ੍ਹਾਂ ਦੀ ਰਾਜਸੀ ਟਿਪਣੀ ਨਾਲ ਪਹਿਲੇ ਵਿਵਾਦ ਦਾ ਮੁੱਢ ਬੰਨ੍ਹ ਦਿੱਤਾ ਸੀ। ਜਿਹੜੀਆਂ ਗੱਲਾਂ ਉਹ ਲੀਡਰਾਂ ਬਾਰੇ ਕਰ ਰਿਹਾ ਸੀ, ਉਹ ਸਾਰੇ ਰੰਗ ਦੀ ਰਾਜਨੀਤੀ ਵਾਲਿਆਂ ਬਾਰੇ ਸਨ, ਪਰ ਉਸ ਨੇ ਵਿਚਾਲੇ ਜਿਹੇ ਇਹ ਟਿਪਣੀ ਕਰ ਦਿੱਤੀ ਕਿ ਮੈਂ ਉਨ੍ਹਾਂ ਲੀਡਰਾਂ ਦੀ ਗੱਲ ਨਹੀਂ ਕਰਦਾ, ਜਿਹੜੇ ਭਾਰਤ ਤੋਂ ਬਾਹਰ ਪੈਦਾ ਹੋਏ ਸਨ। ਇਹ ਇਸ਼ਾਰਾ ਉਸ ਨੇ ਸੋਨੀਆ ਗਾਂਧੀ ਬਾਰੇ ਕੀਤਾ ਸੀ, ਜਿਸ ਦੇ ਵਿਦੇਸ਼ੀ ਹੋਣ ਦਾ ਮੁੱਦਾ ਅਦਾਲਤਾਂ ਵੀ ਕਈ ਵਾਰੀ ਨਿਪਟਾ ਚੁੱਕੀਆਂ ਹਨ ਤੇ ਜਿਹੜੇ ਭਾਰਤੀ ਲੋਕ ਇਸ ਗੱਲ ਦਾ ਮਾਣ ਕਰਦੇ ਹਨ ਕਿ ਵਿਦੇਸ਼ ਵਿੱਚ ਸਾਡੇ ਲੋਕਾਂ ਨੇ ਰਾਜਸੀ ਜੀਵਨ ਵਿੱਚ ਆਪਣੀ ਸੋਹਣੀ ਥਾਂ ਬਣਾਈ ਹੈ, ਉਹ ਵੀ ਇਸ ਨੂੰ ਵੇਲਾ ਵਿਹਾਅ ਚੁੱਕੀ ਛੇੜ ਮੰਨਦੇ ਹਨ। ਕਾਂਗਰਸ ਪਾਰਟੀ ਨੂੰ ਯੋਗੀ ਰਾਮ ਦੇਵ ਦੀ ਇਸ ਟਿਪਣੀ ਦੇ ਵਿਰੋਧ ਲਈ ਬਹਾਨਾ ਮਿਲ ਗਿਆ ਤੇ ਭਾਰਤੀ ਜਨਤਾ ਪਾਰਟੀ ਰਾਮ ਦੇਵ ਦੀ ਹਮਾਇਤ ਵਿੱਚ ਆ ਗਈ, ਜਿਸ ਨਾਲ ਅਸਲ ਮੁੱਦੇ ਤੋਂ ਗੱਲ ਤਿਲਕ ਗਈ।
ਫਿਰ ਰਾਮ ਦੇਵ ਨੇ ਸਾਰੇ ਲੀਡਰਾਂ ਬਾਰੇ ਵੀ ਕੋਈ ਹੋਰ ਕੌੜੀ ਗੱਲ ਕਹਿ ਦਿੱਤੀ ਤੇ ਲਾਲੂ ਪ੍ਰਸਾਦ ਯਾਦਵ ਨੇ ਜਵਾਬੀ ਮਿਹਣਾ ਮਾਰ ਦਿੱਤਾ ਕਿ ਯੋਗੀ ਪਹਿਲਾਂ ਆਪਣੀਆਂ ਦਵਾਈਆਂ ਵਿੱਚ ਹੱਡੀਆਂ ਪੀਸ ਕੇ ਪਾਉਣ ਦੇ ਦੋਸ਼ ਦਾ ਜਵਾਬ ਹੀ ਦੇ ਲਵੇ। ਜਦੋਂ ਇਹ ਮੁੱਦਾ ਚਾਰ ਕੁ ਸਾਲ ਪਹਿਲਾਂ ਉੱਠਿਆ ਸੀ, ਓਦੋਂ ਲਾਲੂ ਨੇ ਹੀ ਉਸ ਦੀ ਹਮਾਇਤ ਕੀਤੀ ਸੀ। ਹੁਣ ਲਾਲੂ ਨੇ ਇਹ ਵੀ ਕਹਿ ਦਿੱਤਾ ਕਿ ਓਦੋਂ ਮੈਂ ਇਹ ਨਹੀਂ ਸੀ ਕਿਹਾ ਕਿ ਰਾਮ ਦੇਵ ਦਵਾਈਆਂ ਵਿੱਚ ਜੜ੍ਹੀ-ਬੂਟੀਆਂ ਦੀ ਥਾਂ ਹੱਡੀਆਂ ਪਾ ਕੇ ਵੇਚਣ ਦਾ ਧੋਖਾ ਨਹੀਂ ਕਰਦਾ, ਸਗੋਂ ਇਹ ਕਿਹਾ ਸੀ ਕਿ ਜੇ ਇੰਜ ਕਰਦਾ ਵੀ ਹੈ ਤਾਂ ਕਿਸੇ ਦਾ ਇਲਾਜ ਹੀ ਕਰਦਾ ਹੈ, ਪਰ ਉਸ ਦਾ ਇਹ ਬਚਾਅ ਇੱਕ ਯਾਦਵ ਹੋਣ ਕਰ ਕੇ ਕੀਤਾ ਸੀ, ਸੱਚਾ-ਸੁੱਚਾ ਹੋਣ ਕਰ ਕੇ ਨਹੀਂ। ਲਾਲੂ ਤਾਂ ਲੀਡਰ ਹੈ, ਉਹ ਕਈ ਪਲਟੇ ਮਾਰ ਸਕਦਾ ਹੈ, ਯੋਗੀ ਹੋਣ ਦੇ ਬਾਵਜੂਦ ਰਾਮ ਦੇਵ ਇਸ ਦਾ ਜਵਾਬ ਨਹੀਂ ਦੇ ਸਕਿਆ ਕਿ ਲਾਲੂ ਠੀਕ ਕਹਿੰਦਾ ਹੈ ਜਾਂ ਗਲਤ, ਸਗੋਂ ਇਸ ਦੀ ਥਾਂ ਨਵਾਂ ਵਿਵਾਦ ਛੇੜ ਬੈਠਾ ਕਿ ਵੱਡੇ ਨੋਟ ਹੀ ਰਿਸ਼ਵਤ ਦਾ ਵਸੀਲਾ ਬਣਦੇ ਹਨ, ਇਨ੍ਹਾਂ ਨੂੰ ਬੰਦ ਕਰਨ ਦੀ ਮੁਹਿੰਮ ਚਲਾਵੇਗਾ ਤੇ ਛੇਤੀ ਹੀ ਇੱਕ ਨਵੀਂ ਰਾਜਸੀ ਪਾਰਟੀ ਵੀ ਬਣਾਵੇਗਾ, ਜਿਸ ਵਿੱਚ ਉਸ ਦਾ ਸਾਥ ਗੋਵਿੰਦਾਚਾਰੀਆ ਦੇਵੇਗਾ। ਇੱਕ ਪਾਸੇ ਅੰਨਾ ਹਜ਼ਾਰੇ ਦਾ ਸਾਥ ਅਤੇ ਦੂਜੇ ਪਾਸੇ ਉਸ ਗੋਵਿੰਦਾਚਾਰੀਆ ਨਾਲ ਸਾਂਝ, ਜਿਹੜਾ ਬਾਬਰੀ ਮਸਜਿਦ ਢਾਹੁਣ ਦੀ ਮੁਹਿੰਮ ਦਾ ਆਗੂ ਬਣਨ ਪਿੱਛੋਂ ਅਮਰੀਕੀ ਰਾਜਦੂਤ ਨੂੰ ਇਹ ਕਹਿਣ ਗਿਆ ਸੀ ਕਿ ਅਟਲ ਬਿਹਾਰੀ ਵਾਜਪਾਈ ਤਾਂ ਭਾਰਤੀ ਜਨਤਾ ਪਾਰਟੀ ਦਾ 'ਮਾਡਰੇਟ ਮੁਖੌਟਾ' ਹੈ, ਅਸਲ ਮੁੱਖੜਾ ਨਹੀਂ, ਉਨ੍ਹਾਂ ਦੀ ਪਾਰਟੀ ਦਾ ਅਸਲ ਏਜੰਡਾ ਹਿੰਦੂਤੱਵ ਹੈ। ਰਾਮ ਦੇਵ ਦੀਆਂ ਇਹ ਦੋਵੇਂ ਸਾਂਝਾਂ ਇਕੱਠੀਆਂ ਕਿਵੇਂ ਚੱਲਣਗੀਆਂ?
ਫੇਰ ਵੀ ਵੱਡਾ ਵਿਵਾਦ ਨਾ ਖੜਾ ਕੀਤਾ ਯੋਗੀ ਰਾਮ ਦੇਵ ਵਰਗੇ ਬੜਬੋਲਿਆਂ ਦੀਆਂ ਟਿਪਣੀਆਂ ਨੇ ਤੇ ਨਾ ਅੰਨਾ ਹਜ਼ਾਰੇ ਦੇ ਪੈਨਲ ਵਿੱਚ ਸ਼ਾਮਲ ਸ਼ਾਂਤੀ ਭੂਸ਼ਣ ਹੁਰਾਂ ਬਾਰੇ ਲਾਈਆਂ ਗਈਆਂ ਊਜਾਂ ਨੇ, ਸਗੋਂ ਰਾਜਸੀ ਪੱਖ ਤੋਂ ਅੰਨਾ ਹਜ਼ਾਰੇ ਦੇ ਆਪਣੇ ਕੱਚ-ਘਰੜਪੁਣੇ ਨੇ ਮੀਡੀਏ ਵਿੱਚ ਚਰਚਾ ਛੇੜ ਦਿੱਤੀ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਬਾਰੇ ਅੰਨਾ ਦੀ ਟਿਪਣੀ ਨੇ ਉਸ ਦੇ ਸਹਿਯੋਗੀਆਂ ਦੇ ਵੀ ਮੂੰਹ ਵਿੰਗੇ ਕਰ ਦਿੱਤੇ।
ਕਿਸੇ ਵੀ ਬੰਦੇ ਬਾਰੇ ਅੰਨਾ ਹਜ਼ਾਰੇ ਦੇ ਨਿੱਜੀ ਵਿਚਾਰ ਨਿੱਜੀ ਪੱਧਰ ਦੇ ਰਹਿਣੇ ਚਾਹੀਦੇ ਹਨ, ਉਹ ਜਨਤਕ ਪੱਧਰ ਉੱਤੇ ਦੂਜਿਆਂ ਨੂੰ ਸਿਖਾਉਣੀ ਦੇਣ ਦਾ ਆਧਾਰ ਨਹੀਂ ਸੀ ਬਣਾਉਣੇ ਚਾਹੀਦੇ। ਗਲਤੀ ਇਹ ਹੋਈ ਕਿ ਅੰਨਾ ਨੇ ਬਾਕੀ ਰਾਜਸੀ ਲੀਡਰਾਂ ਨੂੰ ਕਹਿ ਦਿੱਤਾ ਕਿ ਜਿਹੜਾ ਆਗੂ ਦੇਸ਼ ਦਾ ਵਿਕਾਸ ਕਰਨਾ ਚਾਹੁੰਦਾ ਹੈ, ਉਸ ਨੂੰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਸਿੱਖਣਾ ਚਾਹੀਦਾ ਹੈ। ਇਸ ਨਾਲ ਇੱਕ ਪਾਸੇ ਨਰਿੰਦਰ ਮੋਦੀ ਦੀ ਚੜ੍ਹ ਮੱਚ ਗਈ ਤੇ ਉਹ ਕਹਿਣਾ ਲੱਗ ਪਿਆ ਕਿ ਅੰਨਾ ਹਜ਼ਾਰੇ ਵਰਗਾ ਪ੍ਰਵਾਨਤ ਸਮਾਜ ਸੇਵੀ ਮੇਰੇ ਰਾਜ ਕੀਤੇ ਵਿਕਾਸ ਦੀ ਸਿਫਤ ਕਰ ਰਿਹਾ ਹੈ। ਦੂਜੇ ਪਾਸੇ ਵਿਰੋਧੀਆਂ ਨੇ ਇਹ ਗੱਲ ਚੁੱਕ ਲਈ ਕਿ ਨਰਿੰਦਰ ਮੋਦੀ ਤੇ ਨਿਤੀਸ਼ ਕੁਮਾਰ ਸਿਰਫ ਦੋ ਮੁੱਖ ਮੰਤਰੀਆਂ ਦੀ ਸਿਫਤ ਕਰ ਕੇ ਅੰਨਾ ਹਜ਼ਾਰੇ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅਸਲ ਵਿੱਚ ਭਾਜਪਾ ਗੱਠਜੋੜ ਵਾਲੇ ਪਾਸੇ ਨਾਲ ਨੇੜ ਰੱਖ ਕੇ ਚੱਲਦਾ ਹੈ। ਤੀਜੇ ਪਾਸੇ ਉਹ ਧਿਰਾਂ ਉੱਬਲ ਪਈਆਂ, ਜਿਨ੍ਹਾਂ ਪਿਛਲੇ ਸਮੇਂ ਵਿੱਚ ਧਰਮ ਨਿਰਪੱਖ ਪੈਂਤੜਾ ਵੀ ਲਈ ਰੱਖਿਆ ਸੀ ਤੇ ਆਪਣੀ ਈਮਾਨਦਾਰੀ ਨੂੰ ਵੀ ਦਾਗ ਨਹੀਂ ਸੀ ਲੱਗਣ ਦਿੱਤਾ।
ਸਮਾਜ ਸੇਵਾ ਦੇ ਖੇਤਰ ਦੀਆਂ ਇਨ੍ਹਾਂ ਧਿਰਾਂ ਵਿੱਚ ਇੱਕ ਮੇਧਾ ਪਾਟੇਕਰ ਹੈ। ਉਹ ਵਾਤਾਵਰਣ ਬਚਾਉਣ ਦੇ ਸਵਾਲ ਚੁੱਕ ਕੇ ਨਰਿੰਦਰ ਮੋਦੀ ਦੀ ਸਰਕਾਰ ਦੇ ਵਿਰੁੱਧ ਕਈ ਵਾਰੀ ਮੋਰਚਾ ਲਾ ਚੁੱਕੀ ਹੈ। ਜੇਲ੍ਹ ਵੀ ਉਸ ਨੂੰ ਜਾਣਾ ਪੈ ਚੁੱਕਾ ਹੈ ਤੇ ਲੰਮੀ ਭੁੱਖ ਹੜਤਾਲ ਵੀ ਕਰਦੀ ਰਹੀ ਹੈ। ਮੇਧਾ ਪਾਟੇਕਰ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਦਾ ਵਿਕਾਸ ਦਾ ਮਾਡਲ ਏਨਾ ਅਣਮਨੁੱਖੀ ਹੈ ਕਿ ਉਸ ਵਿੱਚ ਸ਼ਹਿਰਾਂ ਦੀ ਕੀਮਤ ਉੱਤੇ ਕਬੀਲਿਆਂ ਦੇ ਭੁੱਖਾਂ ਮਾਰੇ ਲੋਕਾਂ ਦਾ ਘਾਣ ਕੀਤਾ ਜਾਂਦਾ ਹੈ। ਓਸੇ ਨਰਿੰਦਰ ਮੋਦੀ ਦੀਆਂ ਸਿਫਤਾਂ ਅੰਨਾ ਹਜ਼ਾਰੇ ਦੇ ਮੂੰਹੋਂ ਸੁਣ ਕੇ ਕੱਲ੍ਹ ਤੱਕ ਉਸ ਦੇ ਨਾਲ ਖੜੀ ਮੇਧਾ ਪਾਟੇਕਰ ਨੂੰ ਵੀ ਕਹਿਣਾ ਪਿਆ ਕਿ ਅੰਨਾ ਹਜ਼ਾਰੇ ਠੀਕ ਨਹੀਂ ਕਹਿੰਦਾ।
ਦੂਜਾ ਸਵਾਲ ਧਰਮ ਨਿਰਪੱਖ ਧਿਰਾਂ ਦੇ ਅੰਦਰੋਂ ਉੱਠ ਪਿਆ ਕਿ ਨੌਂ ਕੁ ਸਾਲ ਪਹਿਲਾਂ ਗੁਜਰਾਤ ਵਿੱਚ ਹੋਏ ਦੰਗਿਆਂ ਦੇ ਸਵਾਲ ਉੱਤੇ ਜਿਹੜੇ ਨਰਿੰਦਰ ਮੋਦੀ ਦੇ ਕਿਰਦਾਰ ਉੱਤੇ ਖੂਨ ਦੇ ਧੱਬੇ ਹਨ, ਉਸ ਨੂੰ ਵਿਕਾਸ ਦਾ ਮਾਡਲ ਪੁਰਸ਼ ਕਿਵੇਂ ਮੰਨਿਆ ਜਾ ਸਕਦਾ ਹੈ? ਬਾਬਾ ਅੰਨਾ ਹਜ਼ਾਰੇ ਨੇ ਕਿਹਾ ਕਿ ਉਸ ਨੇ ਨਰਿੰਦਰ ਮੋਦੀ ਦੇ ਵਿਕਾਸ ਬਾਰੇ ਕਿਹਾ ਸੀ, ਦੰਗਿਆਂ ਦੇ ਸਵਾਲ ਉੱਤੇ ਉਸ ਨੂੰ ਕਲੀਨ ਚਿੱਟ ਨਹੀਂ ਸੀ ਦਿੱਤੀ। ਦੂਜੇ ਲੋਕ ਇਹ ਆਖ ਰਹੇ ਹਨ ਕਿ ਜੇ ਵਿਕਾਸ ਹੀ ਮੁੱਖ ਰੱਖਣਾ ਹੈ ਤਾਂ ਜਰਮਨੀ ਵਿੱਚ ਹਿਟਲਰ ਨੇ ਵੀ ਬੜਾ ਵਿਕਾਸ ਕੀਤਾ ਸੀ, ਜਿਸ ਨੇ ਪਿੱਛੋਂ ਫਾਸ਼ਿਜ਼ਮ ਦੀ ਆਪਣੀ ਮਾਨਸਿਕਤਾ ਕਾਰਨ ਮਨੁੱਖਤਾ ਨੂੰ ਦੂਜੀ ਸੰਸਾਰ ਜੰਗ ਵਿੱਚ ਉਲਝਾ ਕੇ ਪੰਜ ਕਰੋੜ ਪੈਂਤੀ ਲੱਖ ਲੋਕਾਂ ਦੀ ਮੌਤ ਦਾ ਕਾਰਨ ਪੈਦਾ ਕੀਤਾ ਸੀ। ਕੀ ਉਸ ਦੇ ਵਿਕਾਸ ਨੂੰ ਵੇਖਣ ਲੱਗਿਆਂ ਇਹ ਗੱਲ ਭੁਲਾਈ ਜਾ ਸਕਦੀ ਹੈ ਕਿ ਦੁਨੀਆ ਦੇ ਇਤਹਾਸ ਦੀ ਹੁਣ ਤੱਕ ਦੀ ਸਭ ਤੋਂ ਜ਼ਾਲਮ ਜੰਗ ਦਾ ਮੂਲ ਵੀ ਓਹੋ ਬਣਿਆ ਸੀ ਤੇ ਕੀ ਨਰਿੰਦਰ ਮੋਦੀ ਦਾ ਗੁਜਰਾਤ ਦੇ ਦੰਗਿਆਂ ਵੇਲੇ ਨਿਭਾਇਆ ਕਿਰਦਾਰ ਭੁਲਾਇਆ ਜਾ ਸਕਦਾ ਹੈ? ਪਹਿਲਾਂ ਤਾਂ ਮੋਦੀ ਨੇ ਸਰਕਾਰੀ ਮਸ਼ੀਨਰੀ ਵਰਤ ਕੇ ਲੋਕਾਂ ਦੇ ਕਤਲ ਕਰਾਏ ਅਤੇ ਫਿਰ ਦੰਗਾ ਪੀੜਤਾਂ ਨੂੰ ਕਿਸੇ ਵੀ ਕਿਸਮ ਦੀ ਮਦਦ ਵਿੱਚ ਅੜਿੱਕੇ ਪਾਏ ਸਨ। ਜਦੋਂ ਉਸ ਨੇ ਦੰਗਾ ਪੀੜਤਾਂ ਦੇ ਰਾਹਤ ਕੈਂਪ ਬੰਦ ਕਰਾਉਣ ਦਾ ਫੈਸਲਾ ਲਿਆ ਤਾਂ ਕਾਰਨ ਪੁੱਛੇ ਜਾਣ ਉੱਤੇ ਇਹ ਕਿਹਾ ਸੀ ਕਿ "ਸਾਡਾ ਨਾਹਰਾ ਹੈ 'ਅਸੀਂ ਦੋ, ਸਾਡੇ ਦੋ', ਪਰ ਮੁਸਲਮਾਨ ਇਸ ਦੀ ਥਾਂ 'ਅਸੀਂ ਪੰਜ (ਇੱਕ ਪਤੀ ਤੇ ਚਾਰ ਪਤਨੀਆਂ), ਸਾਡੇ ਪੰਝੀ ਅਤੇ ਅਗਲੀ ਪੀੜ੍ਹੀ ਵਿੱਚ ਇੱਕ ਸੌ ਪੰਝੀ' ਦੇ ਫਾਰਮੂਲੇ ਨਾਲ ਚੱਲ ਕੇ ਆਬਾਦੀ ਵਧਾਉਣ ਲੱਗੇ ਰਹਿੰਦੇ ਹਨ। ਮੇਰੀ ਸਰਕਾਰ ਜਵਾਕ ਜੰਮਣ ਦੀਆਂ ਫੈਕਟਰੀਆਂ ਚਲਾਉਣ ਦੀ ਜ਼ਿਮੇਵਾਰੀ ਨਹੀਂ ਲੈ ਸਕਦੀ।" ਇਹ ਸਾਰਾ ਕੁਝ ਰਿਕਾਰਡ ਉੱਤੇ ਹੈ ਤੇ ਅੰਨਾ ਹਜ਼ਾਰੇ ਨੇ ਜਦੋਂ ਉਸੇ ਬੰਦੇ ਨੂੰ ਵਿਕਾਸ ਦਾ ਮਾਡਲ ਮੰਨਣ ਦਾ ਰਾਗ ਛੇੜ ਦਿੱਤਾ ਸੀ, ਵਿਵਾਦ ਤਾਂ ਇਸ ਨਾਲ ਭਖਣਾ ਹੀ ਸੀ।
ਫਿਰ ਵੱਡੀ ਗੱਲ ਇਹ ਵੀ ਹੈ ਕਿ ਅੰਨਾ ਹਜ਼ਾਰੇ ਦੀ ਮੁਹਿੰਮ ਇਸ ਵੇਲੇ ਵਿਕਾਸ ਦੀ ਤੋਰ ਤੇਜ਼ ਕਰਨ ਵਾਲੇ ਨਾਹਰੇ ਦੀ ਥਾਂ ਭ੍ਰਿਸ਼ਟਾਚਾਰ ਦੇ ਵਿਰੋਧ ਦੀ ਹੈ ਤੇ ਦਿੱੱਲੀ ਜਾ ਕੇ ਮਰਨ ਵਰਤ ਰੱਖਣ ਵੇਲੇ ਸਭ ਤੋਂ ਵੱਡੀ ਮੰਗ ਇਹ ਚੁੱਕੀ ਗਈ ਸੀ ਕਿ ਕੇਂਦਰ ਸਰਕਾਰ ਲੋਕ ਪਾਲ ਦੀ ਸਥਾਪਨਾ ਕਰੇ। ਜਿਸ ਨਰਿੰਦਰ ਮੋਦੀ ਦੀ ਸਿਫਤ ਅੰਨਾ ਹਜ਼ਾਰੇ ਕਰਨ ਲੱਗ ਪਏ, ਉਸ ਦੇ ਰਾਜ ਗੁਜਰਾਤ ਵਿੱਚ ਲੋਕ ਪਾਲ ਦੀ ਕੁਰਸੀ ਮੋਦੀ ਨੇ ਖਾਲੀ ਰੱਖੀ ਹੋਈ ਹੈ, ਕਿਉਂਕਿ ਜੇ ਕੋਈ ਲੋਕ ਪਾਲ ਹੋਵੇਗਾ ਤਾਂ ਸਰਕਾਰ ਦੇ ਕੰਮਾਂ ਦੀ ਪੁਣ-ਛਾਣ ਕਰੇਗਾ। ਜਦੋਂ ਕਈ ਹੋਰ ਰਾਜਾਂ ਵਿੱਚ ਲੋਕ ਪਾਲ ਨਿਯੁਕਤ ਹੋਏ ਹਨ, ਨਰਿੰਦਰ ਮੋਦੀ ਕਿਉਂ ਨਹੀਂ ਕਰ ਰਿਹਾ? ਓਸੇ ਨਰਿੰਦਰ ਮੋਦੀ ਦੇ ਰਾਜ ਵਿੱਚ ਪੱਕੀ ਸ਼ਰਾਬਬੰਦੀ ਹੈ, ਪਰ ਲੋਕ ਆਖਦੇ ਹਨ ਕਿ ਹਰ ਰੋਜ਼ ਲੱਖਾਂ ਬੋਤਲਾਂ ਸ਼ਰਾਬ ਦੂਜੇ ਰਾਜਾਂ ਤੋਂ ਆ ਕੇ ਓਥੇ ਨਾਜਾਇਜ਼ ਵੇਚੀ ਜਾਂਦੀ ਹੈ। ਹਰ ਦੂਜੇ-ਤੀਜੇ ਸਾਲ ਨਜਾਇਜ਼ ਫੜੀਆਂ ਸ਼ਰਾਬ ਦੀਆਂ ਬੋਤਲਾਂ ਦੇ ਢੇਰ ਉੱਤੇ ਬੁਲਡੋਜ਼ਰ ਫੇਰੇ ਜਾਂਦੇ ਹਨ। ਫੜੇ ਜਾ ਰਹੇ ਬੰਦੇ ਹੋਰਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵੀ ਨਿਕਲਦੇ ਹਨ। ਕਿਹਾ ਜਾਂਦਾ ਹੈ ਕਿ ਨਰਿੰਦਰ ਮੋਦੀ ਦਾ ਜਿਸ ਠੇਕੇਦਾਰ ਨਾਲ ਵਿਗਾੜ ਪੈ ਜਾਵੇ, ਉਹ ਫੜਿਆ ਜਾਂਦਾ ਹੈ, ਬਾਕੀ ਆਪਣਾ ਕੰਮ ਕਰੀ ਜਾਂਦੇ ਹਨ। ਗੁਜਰਾਤ ਜਾ ਕੇ ਨਵੇਂ ਅਦਾਰੇ ਸਥਾਪਤ ਕਰਨ ਵਾਲੀਆਂ ਕਾਰਪੋਰੇਸ਼ਨਾਂ ਤੋਂ ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਦੀਆਂ ਰਿਟਰਨਾਂ ਮੰਗ ਲਈਆਂ, ਤਾਂ ਕਿ ਪਤਾ ਲੱਗ ਸਕੇ ਕਿ ਪੈਸਾ ਜਾਇਜ਼ ਲੱਗ ਰਿਹਾ ਹੈ, ਕਾਲਾ ਧਨ ਨਹੀਂ ਲਾਇਆ ਜਾ ਰਿਹਾ। ਜੇ ਨਰਿੰਦਰ ਮੋਦੀ ਨੇ ਇਹ ਮੰਗ ਕੀਤੀ ਹੁੰਦੀ ਕਿ ਬਾਕੀ ਰਾਜਾਂ ਵਿੱਚ ਪੈਸਾ ਲਾਉਣ ਵਾਲਿਆਂ ਦੀਆਂ ਰਿਟਰਨਾਂ ਵੀ ਮੰਗ ਲਵੋ ਤਾਂ ਸਾਰੇ ਸੁਹਿਰਦ ਲੋਕ ਇਸ ਨੂੰ ਠੀਕ ਆਖਦੇ, ਪਰ ਉਸ ਨੇ ਇਸ ਦੀ ਥਾਂ ਪ੍ਰਧਾਨ ਮੰਤਰੀ ਤੋਂ ਇਹ ਮੰਗ ਕੀਤੀ ਕਿ ਉਸ ਦੇ ਰਾਜ ਵਿੱਚ ਪੈਸਾ ਲਾਉਣ ਵਾਲੇ ਅਦਾਰਿਆਂ ਤੋਂ ਰਿਟਰਨ ਹੀ ਨਾ ਮੰਗੀ ਜਾਵੇ। ਇਸ ਦੇ ਬਾਵਜੂਦ ਅੰਨਾ ਹਜ਼ਾਰੇ ਨੇ ਬਾਕੀਆਂ ਨੂੰ ਨਰਿੰਦਰ ਮੋਦੀ ਤੋਂ ਸਿੱਖਣ ਦੀ ਨਸੀਹਤ ਦੇ ਦਿੱਤੀ ਹੈ ਤਾਂ ਵਿਵਾਦ ਉੱਠਣੇ ਹੀ ਸਨ।
ਆਖਰੀ ਗੱਲ ਇਹ ਕਿ ਅੰਨਾ ਹਜ਼ਾਰੇ ਨੇ ਨਰਿੰਦਰ ਮੋਦੀ ਦੇ ਨਾਲ-ਨਾਲ ਨਿਤੀਸ਼ ਕੁਮਾਰ ਨੂੰ ਵੀ ਬਰਾਬਰ ਦਾ ਵਿਕਾਸ ਦਾ ਪ੍ਰਤੀਕ ਆਖਿਆ ਹੈ, ਜਿਸ ਦੇ ਬਾਰੇ ਇਹ ਚਰਚਾ ਚੱਲ ਚੁੱਕੀ ਹੈ ਕਿ ਲਾਲੂ ਪ੍ਰਸਾਦ ਦੇ ਇੱਕ ਹਜ਼ਾਰ ਰੁਪੈ ਦੇ ਚਾਰਾ ਸਕੈਂਡਲ ਦੇ ਮੁਕਾਬਲੇ ਉਸ ਦੇ ਰਾਜ ਵਿੱਚ ਸਾਢੇ ਬਾਰਾਂ ਹਜ਼ਾਰ ਕਰੋੜ ਦਾ ਸਕੈਂਡਲ ਵਾਪਰ ਚੁੱਕਾ ਹੈ। ਫਿਰ ਵੀ ਇਸ ਗੱਲ ਨੂੰ ਮੁੱਦਾ ਬਣਾਉਣ ਦੀ ਥਾਂ ਇਹ ਪੁੱਛਿਆ ਜਾ ਰਿਹਾ ਹੈ ਕਿ ਅੰਨਾ ਹਜ਼ਾਰੇ ਨੂੰ ਇਨ੍ਹਾਂ ਦੋ ਜਣਿਆਂ ਵਿੱਚ ਸਾਂਝ ਕਿਹੜੀ ਲੱਭੀ ਹੈ? ਪਿਛਲੇ ਸਾਲ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਮੌਕੇ ਨਰਿੰਦਰ ਮੋਦੀ ਨੇ ਬਿਹਾਰ ਜਾਣਾ ਸੀ ਤਾਂ ਓਥੋਂ ਦੇ ਅਖਬਾਰਾਂ ਵਿੱਚ ਇਸ਼ਤਿਹਾਰ ਛਪਵਾ ਦਿੱਤੇ ਕਿ ਉਸ ਦੇ ਗੁਜਰਾਤ ਵਿੱਚ ਮੁਸਲਮਾਨਾਂ ਨੂੰ ਪੜ੍ਹਾਈ ਦੇ ਮੌਕੇ ਬਹੁਤ ਦਿੱਤੇ ਜਾ ਰਹੇ ਹਨ। ਇਸ਼ਤਿਹਾਰ ਵਿੱਚ ਜਿਹੜੀ ਤਸਵੀਰ ਛਾਪੀ ਗਈ, ਉਹ ਬਿਹਾਰ ਦੇ ਇੱਕ ਕਾਲਜ ਦੇ ਵਿਦਿਆਰਥੀਆਂ ਦੀ ਨਿਕਲ ਆਈ, ਗੁਜਰਾਤ ਵਿੱਚੋਂ ਇਹੋ ਜਿਹੀ ਤਸਵੀਰ ਹੀ ਨਹੀਂ ਸੀ ਮਿਲ ਸਕੀ। ਇਸ ਨਾਲ ਬਿਹਾਰ ਵਿੱਚ ਵੀ ਰੋਹ ਫੈਲ ਗਿਆ ਕਿ ਗੁਜਰਾਤ ਦੇ ਬਹਾਨੇ ਮੋਦੀ ਨੇ ਸਾਨੂੰ ਵਰਤਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਤਸਵੀਰ ਮੋਦੀ ਨੇ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਲੁਧਿਆਣੇ ਦੀ ਰੈਲੀ ਵਿੱਚ ਖਿੱਚੀ ਹੋਈ ਛਪਵਾ ਦਿੱਤੀ, ਜਿਸ ਵਿੱਚ ਉਹ ਨਿਤੀਸ਼ ਕੁਮਾਰ ਨਾਲ ਹੱਥ ਮਿਲਾ ਰਿਹਾ ਸੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਦੀ ਸਾਰੀ ਲੀਡਰਸ਼ਿਪ ਨੂੰ ਰਾਤ ਦੇ ਖਾਣੇ ਦਾ ਸੱਦਾ ਦਿੱਤਾ ਹੋਇਆ ਸੀ, ਪਰ ਇਨ੍ਹਾਂ ਦੋ ਤਸਵੀਰਾਂ ਦੀ ਕੌੜ ਖਾ ਕੇ ਖਾਣੇ ਦਾ ਉਹ ਸੱਦਾ ਖੜੇ ਪੈਰ ਰੱਦ ਕਰ ਦਿੱਤਾ। ਫਿਰ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਉਸ ਨੇ ਇਹ ਅੜੀ ਵੀ ਕਰ ਲਈ ਕਿ ਭਾਜਪਾ ਨਾਲ ਚੋਣ ਸਮਝੌਤਾ ਸਿਰਫ ਇਸ ਸ਼ਰਤ ਉੱਤੇ ਹੋਵੇਗਾ ਕਿ ਉਹ ਨਰਿੰਦਰ ਮੋਦੀ ਨੂੰ ਬਿਹਾਰ ਵਿੱਚ ਨਹੀਂ ਵਾੜੇਗੀ। ਸਾਫ ਹੈ ਕਿ ਨਿਤੀਸ਼ ਨੂੰ ਨਰਿੰਦਰ ਮੋਦੀ ਦੇ ਮੱਥੇ ਲੱਗਣਾ ਵੀ ਪਸੰਦ ਨਹੀਂ ਤੇ ਅੰਨਾ ਹਜ਼ਾਰੇ ਨੇ ਦੋਵਾਂ ਦੇ ਗਲ਼ ਇਕੱਠਾ ਸਿਰੋਪਾ ਪਾ ਦਿੱਤਾ ਹੈ।
ਅੰਨਾ ਹਜ਼ਾਰੇ ਸਿਰਫ ਅੰਨਾ ਹਜ਼ਾਰੇ ਰਹੇ, ਭ੍ਰਿਸ਼ਟਾਚਾਰ ਦੀ ਗੱਲ ਚੁੱਕੀ ਹੈ ਤਾਂ ਆਪਣੇ ਮੁੱਦੇ ਉੱਤੇ ਨੱਕ ਦੀ ਸੇਧ ਵਿੱਚ ਚੱਲਦਾ ਜਾਵੇ, ਜੇ ਉਹ ਰਾਜਸੀ ਨਕਸ਼ਾ ਵੀ ਲੋਕਾਂ ਨੂੰ ਆਪਣੀ ਐਨਕ ਨਾਲ ਵੇਖਣ ਦੀ ਸਲਾਹ ਦੇਵੇਗਾ ਤਾਂ ਉਹ ਆਪਣੀ ਓਸੇ ਸੁਲੱਖਣੀ ਮੁਹਿੰਮ ਦਾ ਭੱਠਾ ਬਿਠਾਉਣ ਦਾ ਗੁਨਾਹ ਕਰ ਬੈਠੇਗਾ, ਜਿਸ ਨੂੰ ਉਸ ਨੇ ਅਸਮਾਨ ਉੱਤੇ ਚੜ੍ਹੀ ਗੁੱਡੀ ਵਾਂਗ ਸਾਰੇ ਭਾਰਤ ਦੀਆਂ ਨਜ਼ਰਾਂ ਦਾ ਕੇਂਦਰ ਵੀ ਬਣਾਇਆ ਹੈ ਤੇ ਉਮੀਦਾਂ ਦਾ ਵੀ।

No comments:

Post a Comment