ਜਸਪਾਲ ਸਿੰਘ ਲੋਹਾਮ
ਸੰਸਾਰ ਦੇ ਵਿਚ ਕਿਸੇ ਪਾਸੇ ਵੀ ਨਜ਼ਰ ਦੁੜਾਈ ਜਾਵੇ ਤਾਂ ਹਰ ਪਾਸੇ ਲੋਕਾਂ ਵਿਚ ਨਫ਼ਰਤ ਦੀਆਂ ਦੀਵਾਰਾਂ ਪ੍ਰਤੀ ਬੋਲਬਾਲਾ ਸਾਫ ਝਲਕਦਾ ਹੈ । ਅਮਰੀਕਾ ਵਰਗੇ ਸਾਮਰਾਜੀ ਦੇਸ਼ ਆਪਣੇ ਆਪ ਨੂੰ ਖੱਬੀਖਾਨ ਕਹਿੰਦਾ ਕਹਾਉਦਾ ਦੇਸ਼ ਜਿਹੜਾ ਸੰਸਾਰ ਪੱਧਰ ਤੇ ਹਰ ਦੇਸ਼ ਤੇ ਰਾਜ ਕਰਨ ਦੇ ਸੁਪਨੇ ਸਜਾਈ ਬੈਠਾ ਹੈ ਅਤੇ ਉਸਦਾ ਆਪਣਾ ਦੇਸ਼ ਵੀ ਕਾਲੇ ਤੇ ਗੋਰਿਆਂ ਦੇ ਰੰਗ ਭੇਦ ਭਾਵ ਦੇ ਸਿਲਸਲੇ ਵਿਚ ਵਿਚ ਵੀ ਜਕੜਿਆ ਪਿਆ ਹੈ। ਇੰਨਾਂ ਦੋਹਾਂ ਧਿਰਾਂ ਦੇ ਵਿਚ ਮਾਰਧਾੜ ਦੀਆਂ ਘਟਨਾਵਾਂ ਵੀ ਅਕਸਰ ਘਟਦੀਆਂ ਰਹਿੰਦੀਆਂ ਹਨ ਅਤੇ ਅਮਰੀਕਾ ਦੇ ਲੋਕ ਵੀ ਇਸ ਭਿਆਨਕ ਤਪਸ਼ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀ ਨਸਲਵਾਦ ਦਾ ਪ੍ਰਛਾਵਾਂ ਬਹੁਤ ਸਾਰੇ ਹੋਰ ਮੁਲਕਾਂ ਤੇ ਵੀ ਝਲਕਦਾ ਹੈ ਅਤੇ ਅਜਿਹਾ ਸਭ ਕੁੱਝ ਸਾਡੇ ਦੇਸ਼ ਦੇ ਵਿਚ ਜਾਤੀਵਾਦ ਦੇ ਤੌਰ ਤੇ ਵੀ ਹੋ ਰਿਹਾ ਹੈ। ਕਿਸੇ ਪਾਸੇ ਵੀ ਨਜਰ ਦੁੜਾਈ ਜਾਵੇ ਤਾਂ ਹਰ ਪਾਸੇ ਧਰਮ ਅਤੇ ਜਾਤ ਪਾਤ ਦਾ ਬੋਲਬਾਲਾ ਇਸੇ ਤਰਾਂ ਹਿੰਦੋਸਤਾਨ ਦੀ ਧਰਤੀ ਤੇ ਨਜ਼ਰ ਵੀ ਆਉਦਾ ਹੈ ਅਤੇ ਇਸੇ ਕਰਕੇ ਬਹੁਤ ਸਾਰੇ ਸ਼ਰਾਰਤੀ ਤੇ ਫਿਰਕਾਪ੍ਰਸਤ ਅਨਸਰ, ਸਾਫ ਸੁਥਰੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਹੜਾ ਸਰਾਸਰ ਧੱਕਾ ਹੈ। ਬੀਤੇ ਸਮੇਂ ਵਿਚ ਵੱਖ ਵੱਖ ਰਾਜਾਂ ਵਿਚ ਇਕ ਧਰਮ ਦੇ ਲੋਕਾਂ ਨੇ ਧਰਮ ਦੀ ਆੜ ਲੈ ਕੇ ਬੱਸਾਂ ਅਤੇ ਰੇਲਗੱਡੀਆਂ ਵਿਚ ਬੰਬ ਧਮਾਕੇ ਕਰਕੇ ਅਤੇ ਥਾਂ ਥਾਂ ਤੇ ਅੱਗਾਂ ਲਾ ਕੇ ਇਕ ਫਿਰਕੇ ਦੇ ਲੋਕਾਂ ਨੂੰ ਭੈਭੀਤ ਕਰ ਦਿੱਤਾ ਸੀ । ਅਜਿਹੀਆਂ ਵਾਰਦਾਤਾਂ ਵਿਚ ਪਤਾ ਨਹੀਂ ਕਿੰਨੇ ਭੈਣਾਂ ਦੇ ਭਰਾ, ਮਾਵਾਂ ਦੇ ਪੁੱਤ ਅਤੇ ਕਿੰਨੀਆਂ ਔਰਤਾਂ ਦੇ ਸੁਹਾਗ ਇਸ ਵਿਚ ਦਫਨ ਹੋ ਕੇ ਰਹਿ ਗਏ ਹਨ। ਮਾਰਧਾੜ ਕਰਨ ਵਾਲਿਆਂ ਨੂੰ ਕੀ ਫ਼ਰਕ ਪੈਂਦਾ ਹੈ ਪਰ ਅਸਲ ਵਿਚ ਪਤਾ ਤਾਂ ਉਨਾਂ ਲੋਕਾਂ ਨੂੰ ਲੱਗਦਾ ਹੈ ਜਿੰਨਾਂ ਦੇ ਸਕੇ ਸਬੰਧੀ ਮਾਰਧਾੜ ਦੀ ਲਪੇਟ ਵਿਚ ਆਉਦੇ ਹਨ ਅਤੇ ਆਪਣਿਆਂ ਤੋ ਹਮੇਸ਼ਾ ਲਈ ਵਾਂਝੇ ਰਹਿ ਜਾਂਦੇ ਹਨ। ਉਨਾਂ ਦੇ ਘਰਾਂ ਦੀ ਹਾਲਤ ਦੇਖਣ ਵਾਲੀ ਹੈ ਜਿੰਨਾਂ ਤੇ ਸਭ ਵਾਪਰਿਆ ਹੈ। ਅਜਿਹਾ ਸੰਤਾਪ ਪੰਜਾਬ ਨੇ ਵੀ ਆਪਣੇ ਪਿੰਡੇ ਤੇ ਹੰਡਾਇਆ ਹੈ ਅਤੇ ਇਸ ਅੱਗ ਦੇ ਵਿਚ ਅਏ ਲੋਕ ਹੀ ਇਸਦੇ ਸੇਕ ਬਾਰੇ ਦੱਸ ਸਕਦੇ ਹਨ। ਨਸਲਵਾਦ ਦਾ ਵਿਤਕਰਾ ਉਸ ਸਮੇਂ ਵੀ ਨਜ਼ਰ ਆਇਆ ਜਦੋਂ ਬਾਹਰਲੇ ਦੇਸ਼ਾਂ ਵਿਚ ਵੱਖ ਵੱਖ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਉਸ ਮੁਕਾਬਲੇ ਵਿਚ ਇਕ ਲੜਕੀ ਨੇ ਕਿਸ ਕਦਰ ਦੂਸਰੇ ਨੂੰ ਨਸਲਵਾਦ ਨੂੰ ਅਧਾਰ ਬਣਾ ਕੇ ਮਜਾਕ ਉਡਾਇਆ। ਇਹ ਸਭ ਹੋਣਾਂ ਮਾੜੀ ਗੱਲ ਸੀ ਅਤੇ ਅਜਿਹਾ ਹੋਣਾ ਹਰ ਦੇਸ਼ ਲਈ ਕੋਈ ਚੰਗੀ ਗੱਲ ਨਹੀਂ ਸਗੋਂ ਅਜਿਹੀਆਂ ਪਿਰਤਾਂ ਦੇਸ਼, ਸਮਾਜ ਤੇ ਆਮ ਲੋਕਾਂ ਲਈ ਘਾਤਿਕ ਸਾਬਤ ਹੁੰਦੀਆਂ ਹਨ। ਇਥੇ ਹੀ ਬੱਸ ਨਹੀਂ, ਨਸਲਵਾਦ ਤੋ ਇਲਾਵਾ ਜਦੋਂ ਜਾਤੀਵਾਦ ਦੇ ਸਬੰਧ ਵਿਚ ਸਰਕਾਰੇ ਦਰਬਾਰੇ ਕਿਸੇ ਵੀ ਧਿਰ ਦਾ ਪੱਖ ਲਿਆ ਜਾਂਦਾ ਹੈ ਅਤੇ ਜਾਣਬੁੱਝ ਕੇ ਕਿਸੇ ਨੂੰ ਵੱਧ ਲਾਭ ਦਿੱਤੇ ਜਾਣ ਤਾਂ ਦੂਸਰੀ ਧਿਰ ਆਪਣੇ ਆਪ ਹੀ ਨਰਾਜ ਹੋ ਜਾਂਦੀ ਹੈ ਤੇ ਇਸ ਤੋਂ ਉਲਟ ਧਿਰ ਖੁਸ ਹੋ ਜਾਂਦੀ ਹੈ ਅਤੇ ਕਦੇ ਵੀ ਅਜਿਹੇ ਮਾਮਲਿਆਂ ਵਿਚ ਇਕਸਾਰਤਾ ਦੀ ਝਲਕ ਨਜ਼ਰ ਨਹੀਂ ਆਉਦੀ ਪਰ ਫਿਰ ਵੀ ਅਜਿਹੇ ਬੜਾਵੇ ਸਮੇਂ ਸਮੇਂ ਸਿਰ ਲੋਕਾਂ ਨੂੰ ਦਿੱਤੇ ਜਾਂਦੇ ਹਨ ਅਤੇ ਜਿਹੜੇ ਆਮ ਵਿਅਕਤੀ ਲਈ ਲਾਹੇਵੰਦ ਅਤੇ ਠੀਕ ਨਹੀ ਹੁੰਦੇ ਪਰ ਅਜਿਹੇ ਸਿਲਸਲੇ ਲਗਾਤਾਰ ਚੱਲਦੇ ਰਹਿੰਦੇ ਹਨ ਜਿਸ ਕਰਕੇ ਆਮ ਲੋਕ ਅਜਿਹੇ ਕਾਇਦੇ ਕਾਨੂੰਨਾਂ ਅਧੀਨ ਨਪੀੜੇ ਚੱਲੇ ਜਾ ਰਹੇ ਹਨ। ਕੋਈ ਸਮਾਂ ਹੁੰਦਾ ਸੀ ਜਦੋ ਕੰਮਾਂ ਦੇ ਅਧਾਰ ਤੇ ਲੋਕਾਂ ਦੇ ਘਰਾਂ ਤੇ ਲੋਕਾਂ ਨੂੰ ਜਾਣਿਆ ਜਾਂਦਾ ਸੀ ਪਰ ਅੱਜ ਤਾਂ ਹਰ ਜਾਤ ਪਾਤ ਦੇ ਲੋਕ ਹਰ ਤਰਾਂ ਦਾ ਕੰਮ ਕਰ ਰਹੇ ਹਨ। ਜਿਸ ਵਿਅਕਤੀ ਨੂੰ ਜਿਹੜਾ ਕੰਮ ਚੰਗਾ ਲੱਗਦਾ ਹੈ ਹੁਣ ਉਹ ਉਹੀ ਕੰਮ ਕਰਦਾ ਹੈ ਪਰ ਫਿਰ ਵੀ ਲੋਕ ਅਜੇ ਵੀ ਅਜਿਹੀਆਂ ਧਾਰਨਾਵਾਂ ਦੇ ਵਿਚੋਂ ਨਹੀਂ ਨਿਕਲ ਰਹੇ ਅਤੇ ਉਨਾਂ ਧਾਰਨਾਵਾਂ ਦੇ ਵਿਚ ਬਹਿ ਰਹੇ ਹਨ। ਕੁਦਰਤ ਨੇ ਕਦੇ ਵੀ ਪੱਖਪਾਤ ਨਹੀਂ ਕੀਤਾ ਹੋਣਾ ਪਰ ਫਿਰ ਵੀ ਪ੍ਰਮਾਤਮਾਂ ਨੂੰ ਮੰਨਣ ਵਾਲੇ ਲੋਕਾਂ ਦੀ ਸੋਚ ਨੇ ਇੰਨਾਂ ਦੇ ਮਨਾਂ ਅੰਦਰ ਅਜਿਹੀ ਗਲਤ ਸਥਿਤੀ ਧਾਰਨ ਕੀਤੀ ਹੈ ਅਤੇ ਲੋਕ ਫਿਰ ਵੀ ਟੱਸ ਤੋ ਮੱਸ ਨਹੀ ਹੋ ਰਹੇ। ਸਮਾਜ ਵਿਚ ਅਜਿਹਾ ਸਭ ਸਾਡੇ ਅੱਖੀਂ ਹੋ ਰਿਹਾ ਹੈ। ਅਜਿਹਾ ਦੇਖ ਕੇ ਮੁਨਕਰ ਹੋ ਜਾਣਾ ਮਨੁੱਖਤਾ ਦੀ ਨਿਸ਼ਾਨੀ ਨਹੀਂ ਅਤੇ ਸਾਨੂੰ ਮੰਨਣਾਂ ਚਾਹੀਦਾ ਹੈ ਕਿ ਚੰਗੇ ਸਮਾਜ ਨੂੰ ਉਭਾਰਨ ਵਿਚ ਹਰ ਵਿਅਕਤੀ ਇਕ ਚੰਗੀ ਸੋਚ ਲੈ ਕੇ ਵਧੀਆ ਰੋਲ ਅਦਾ ਕਰ ਸਕਦਾ ਹੈ ਪਰ ਅਜਿਹਾ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਬਹੁਤ ਘੱਟ ਹੈ। ਹਰ ਕੋਈ ਆਪਣੇ ਨਿਜੀ ਫਾਇਦੇ ਲਈ ਹੱਥ ਪੈਰ ਮਾਰ ਰਿਹਾ ਹੈ ਅਤੇ ਹਰ ਤਰਾਂ ਦਾ ਹਥਕੰਢਾ ਵਰਤਿਆ ਜਾ ਰਿਹਾ ਹੈ। ਕੁੱਝ ਕਾਇਦੇ ਕਾਨੂੰਨ ਵੀ ਐਸੇ ਹਨ ਜਿਹੜੇ ਹਰ ਇਕ ਲਈ ਵੱਖਰੇ ਵੱਖਰੇ ਹਨ ਅਤੇ ਜਿਹੜੇ ਵੱਖ ਵੱਖ ਹਲਾਤ ਪੈਦਾ ਕਰਨ ਵਿਚ ਰੋਲ ਅਦਾ ਕਰਦੇ ਹਨ ਅਤੇ ਅਜਿਹਾ ਹੋਣਾ, ਇਕ ਬਦਲਵੇ ਚੰਗੇ ਮਾੜੇ ਸਮਾਜ ਦੀ ਸਿਰਜਣਾ ਵਿਚ ਪਹਿਲ ਕਦਮੀ ਕਰਦਾ ਹੈ। ਬੇਸ਼ੱਕ ਇਹ ਕਿਸੇ ਸਮੇਂ ਕਿਸੇ ਦੀ ਆਪਣੀ ਨਿਜੀ ਸੋਚ ਹੋ ਸਕਦੀ ਹੈ ਪਰ ਅਜਿਹੀਆਂ ਸੋਚਾਂ ਹੀ ਨਵੇ ਹਲਾਤ ਪੈਦਾ ਕਰਨ ਵਿਚ ਮੋਹਰੀ ਰੋਲ ਅਦਾ ਕਰਦੀਆਂ ਹਨ। ਇਕ ਪਾਸੇ ਦੇਸ਼ ਨੂੰ ਬੁਲੰਦੀਆਂ ਤੇ ਲਿਜਾਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਤੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਦੂਸਰੇ ਪਾਸੇ ਅਜਿਹੀਆਂ ਮਾੜੀਆਂ ਕੋਸ਼ਿਸ਼ਾਂ ਅਤੇ ਧਾਰਨਾਵਾਂ ਦੇਸ਼ ਲਈ ਮਾਰੂ ਬਣਦੀਆਂ ਜਾ ਰਹੀਆਂ ਹਨ। ਬੇਲੋੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਿਚ ਆਮ ਆਦਮੀ ਉਲਝ ਕੇ ਰਹਿ ਗਿਆ ਹੈ ਅਤੇ ਜਿਸਦਾ ਮਤਲਬ ਵੀ ਕੋਈ ਨਹੀ, ਪਰ ਫਿਰ ਵੀ ਲੋਕ ਘੁੰਮਣਘੇਰੀ ਵਿਚੋ ਨਿੱਕਲ ਨਹੀ ਰਹੇ ਅਤੇ ਇਸੇ ਤਰਾਂ ਆਪਣਾ ਜੀਵਨ ਬਸਰ ਕਰੀ ਜਾ ਰਹੇ ਹਨ। ਭਾਰਤ ਦੇ ਮਹਾਨ ਧਾਰਮਿਕ ਗ੍ਰੰਥ ਅਤੇ ਗੁਰੂ ਪੀਰ ਪੈਗੰਬਰ ਵੀ ਚੰਗੀਆਂ ਸੇਧਾਂ ਦੇ ਕੇ ਜੀਵਨ ਨੂੰ ਚੰਗੇਰਾ ਬਣਾਉਣ ਬਾਰੇ ਕਹਿ ਰਹੇ ਹਨ ਅਤੇ ਹਰ ਪਾਸੇ ਸਾਰੀਆਂ ਸੰਸਥਾਵਾਂ ਧੜਾਧੜ ਪ੍ਰਚਾਰ ਕਰ ਰਹੀਆਂ ਹਨ। ਦੇਸ਼ ਦੇ ਵਸਨੀਕ ਅਜੇ ਤੱਕ ਇਹ ਸਭ ਕੁੱਝ ਸੋਚਣ ਲਈ ਤਿਆਰ ਨਹੀਂ ਹਨ। ਵਾਕਿਆ ਅਜਿਹੀਆਂ ਧਾਰਨਾਵਾਂ ਕਿਸ ਕਦਰ ਅਜੇ ਵੀ ਮਨੱਖ ਦੇ ਅੰਦਰ ਧੁਰ ਤੱਕ ਘਰ ਕਰੀ ਬੈਠੀਆਂ ਹਨ ਅਤੇ ਆਪਣੇ ਮਣਾਂ ਮੂੰਹੀ ਭਾਰ ਬੇਵਜਾ ਲੱਦੀ ਬੈਠੇ ਹਨ। ਕਈ ਥਾਵਾਂ ਤੇ ਜਾਤਾਂ ਅਤੇ ਧਰਮ ਦੇ ਅਧਾਰ ਤੇ ਅਜੇ ਵੀ ਧਰਨੇ ਅਤੇ ਵਿਖਾਵੇ ਕੀਤੇ ਜਾ ਰਹੇ ਹਨ ਅਤੇ ਲਾਭ ਲੈਣ ਲਈ ਹੱਥ ਪੈਰ ਮਾਰੇ ਜਾ ਰਹੇ ਹਨ। ਅਜਿਹੇ ਲੋਕ ਇਕ ਦੂਸਰੇ ਦੇ ਵਿਰੁਧ ਮਜਬੂਤ ਸੰਸਥਾਵਾਂ ਬਣਾ ਕੇ ਸਮਾਜ ਵਿਚਲੇ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਹਨ। ਜਦੋਂ ਕਿ ਅਸਲ ਤੇ ਮੁੱਖ ਨਿਸ਼ਾਨਾਂ ਜਾਤਪਾਤ ਤੋ ਲਾਭ ਲੈਣ ਦੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ । ਕਈ ਲੋਕ ਦੂਸਰਿਆਂ ਨੂੰ ਚੰਗਾ ਮਾੜਾ ਕਹਿ ਕੇ ਆਪਣੇ ਹਿਤ ਪਗਾÀਂਦੇ ਹਨ ਅਤੇ ਅਜਿਹੀ ਸੋਚ ਦੇ ਧਾਰਨੀ ਦੂਸਰੇ ਦਾ ਘਾਣ ਕਰਨ ਵਿਚ ਕੋਈ ਕਸਰ ਨਹੀ ਛੱਡਦੇ ਹਨ। ਇਸ ਮਾੜੀ ਆਦਤ ਕਰਕੇ ਅਜੇ ਵੀ ਕਈ ਥਾਵਾਂ ਤੇ ਲੋਕ ਜਾਤਾਂ ਦੇ ਅਧਾਰ ਤੇ ਇਕ ਦੂਸਰੇ ਨੂੰ ਬਲਾਉਦੇ ਹਨ ਅਤੇ ਬੰਦਿਆਂ ਦੇ ਨਾਂਅ ਲੈਣ ਤੋ ਗੁਰੇਜ ਕਰਦੇ ਹਨ। ਪਤਾ ਨੀ ਕੀ ਹੋਇਆ ਪਿਆ ਇਸ ਦੇਸ਼ ਦੇ ਵਾਸਿਆਂ ਨੂੰ ਜਿਹੜੇ ਨਸਲਵਾਦ, ਜਾਤਵਾਦ ਅਤੇ ਧਰਮਵਾਦ ਦੇ ਭਰਮ ਭੁਲੇਖਿਆਂ ਵਿਚ ਚਲੇ ਆ ਰਹੇ ਹਨ। ਸਾਡੇ ਦੇਸ਼ ਦੇ ਗੁਰੂਆਂ, ਪੀਰਾਂ ਅਤੇ ਪਗੰਬਰਾਂ ਨੇ ਇਥੋ ਤੱਕ ਕਹਿ ਦਿੱਤਾ ਕਿ ਸਾਡੇ ਲਈ ਨਾਂ ਕੋ ਬੈਰੀ ਹੈ ਅਤੇ ਨਾਂ ਹੀ ਕੋਈ ਬੈਗਾਨਾ ਹੈ ਅਤੇ ਹਰ ਇਕ ਵਿਚ, ਇਕ ਹੀ ਪ੍ਰਮਾਤਮਾਂ ਦਾ ਨੂਰ ਵੱਸ ਰਿਹਾ ਹੈ ਅਤੇ ਕਣ ਕਣ ਵਿਚ ਭਗਵਾਨ ਹੈ ਤੇ ਫਿਰ ਵੀ ਇਸ ਕਣ ਕਣ ਵਿਚ ਕਣ ਅੱਡ ਅੱਡ ਹੋਏ ਪਏ ਹਨ। ਅਜਿਹਾ ਬੀਤੇ ਸਮੇ ਤੋ ਚੱਲਦਾ ਆ ਰਿਹਾ ਹੈ। ਹਮੇਸ਼ਾਂ ਹੀ ਇਸ ਦੇਸ਼ ਵਿਚ ਸਾਂਝੀਵਾਲਤਾ ਦਾ ਨਾਅਰਾ ਬਲੁੰਦ ਹੁੰਦਾ ਰਿਹਾ ਹੈ ਪਰ ਫਿਰ ਵੀ ਇਸ ਤੇ ਪੂਰਨ ਅਮਲ ਨਹੀ ਹੋ ਸਕਿਆ। ਸ਼ਾਇਦ ਇਸੇ ਕਰਕੇ ਅੰਦਰੂਨੀ ਤੇ ਬਾਹਰੀ ਦੇਸ ਵਿਰੋਧੀ ਤਾਕਤਾਂ ਵੀ ਅਜਿਹੀਆਂ ਧਿਰਾਂ ਨੂੰ ਲੈ ਕੇ ਆਪਣਾ ਉੱਲੂ ਸਿੱਧਾ ਕਰਦੀਆਂ ਹਨ ਅਤੇ ਇਸ ਨੂੰ ਤਹਿਸ ਨਹਿਸ ਕਰਨ ਵਿਚ ਤੁਲੀਆਂ ਪਈਆਂ ਹਨ। ਆਪਣੇ ਤੇ ਪਰਾਏ ਵੀ ਰਲ ਮਿਲ ਕੇ ਦੇਸ਼ ਨੂੰ ਬਰਬਾਦ ਕਰਨ ਤੇ ਤੁਲੇ ਪਏ ਹਨ। ਇਸ ਦਾ ਸਿੱਧਾ ਅਸਰ ਦੇਸ ਦੀ ਏਕਤਾ ਅਤੇ ਅਖੰਡਤਾ ਤੇ ਪੈਦਾ ਹੈ ਅਤੇ ਇਸ ਤਰਾਂ ਭਾਈਚਾਰੇ ਦੀਆਂ ਸਾਰੀਆਂ ਹੱਦਾਂ ਨੂੰ ਖੋਰਾ ਲੱਗ ਜਾਂਦਾ ਹੈ। ਬੰਦਾ, ਬੰਦੇ ਨੂੰ ਦੇਖ ਕੇ ਰਾਜੀ ਨਹੀਂ ਅਤੇ ਇਸ ਹਿੰਸਾ ਦਾ ਮਾਰੂ ਪ੍ਰਭਾਵ ਸਾਡੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ ਇਸ ਬਾਰੇ ਹਰ ਕੋਈ ਜਾਣੂੰ ਹੈ। ਹਰ ਕੋਈ ਚੰਗੇ ਉਪਰਾਲੇ ਕਰਕੇ ਜਾਤੀਵਾਦ, ਨਸਲਵਾਦ ਅਤੇ ਫਿਰਕਾਪ੍ਰਸਤੀ ਨੂੰ ਦਫਨ ਕਰਨ ਵਿਚ ਅਹਿਮ ਰੋਲ ਅਦਾ ਕਰੇ ਅਤੇ ਇਸ ਤੋ ਉਪਰ ਉਠ ਕੇ ਵਿੱਚਰਨਾ ਚਾਹੀਦਾ ਹੈ ਤੇ ਫਿਰ ਤਾਂ ਹੀ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ।
No comments:
Post a Comment