ਭਾਰਤੀ ਲੋਕਤੰਤਰ ਅੰਦਰ ਲਗਾਤਾਰ ਚੱਲਦੀ ਹੈ ਨੀਰਾ, ਹਰਸ਼ਦ, ਤੇਲਗੀ, ਕੇਤਨ ਤੇ ਹਸਨ ਵਾਲੀ ਖੇਡ
ਕਹਿੰਦੇ ਹਨ ਕਿ ਬਚਪਨ ਵਿੱਚ ਇੱਕ ਵਾਰੀ ਲਕਸ਼ਮੀ ਬਾਈ ਨੇ ਜ਼ਿਦ ਕੀਤੀ ਸੀ ਕਿ ਮੈਂ ਹਾਥੀ ਦੀ ਸਵਾਰੀ ਕਰਨੀ ਹੈ। ਉਸ ਦੇ ਬਾਪ ਨੇ ਕਿਹਾ ਸੀ ਕਿ ਤੇਰੀ ਕਿਸਮਤ ਵਿੱਚ ਹਾਥੀ ਦੀ ਸਵਾਰੀ ਕਰਨੀ ਨਹੀਂ ਲਿਖੀ, ਪਰ ਉਸ ਨੇ ਅੱਗੋਂ ਕਿਹਾ ਸੀ ਕਿ ਇੱਕ ਦਿਨ ਮੇਰੇ ਅੱਗੇ ਸਵਾਰੀ ਕਰਨ ਲਈ ਦਸ ਹਾਥੀ ਖੜੇ ਹੋਣਗੇ। ਸਮਾਂ ਪਾ ਕੇ ਉਹ ਝਾਂਸੀ ਦੀ ਰਾਣੀ ਬਣ ਗਈ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਮਾਇਆਵਤੀ ਨਾਂਅ ਦੀ ਇੱਕ ਕੁੜੀ ਦਾ ਬਾਪ ਕਿਸੇ ਸਮੇਂ ਬਾਬੂ ਕਾਂਸ਼ੀ ਰਾਮ ਕੋਲ ਇਹ ਤਰਲਾ ਮਾਰਨ ਗਿਆ ਸੀ ਕਿ ਕੁੜੀ ਨੂੰ ਆਈ ਏ ਐੱਸ ਅਫਸਰ ਬਣਾਉਣਾ ਹੈ। ਬਾਬੂ ਕਾਂਸ਼ੀ ਰਾਮ ਨੇ ਅੱਗੋਂ ਇਹ ਕਿਹਾ ਕਿ ਆਈ ਐੱਸ ਅਫਸਰ ਬਣ ਕੇ ਇਸ ਕੁੜੀ ਨੇ ਕੀ ਕਰਨਾ ਹੈ, ਇਸ ਨੂੰ ਏਡੀ ਵੱਡੀ ਲੀਡਰ ਬਣਾਵਾਂਗਾ ਕਿ ਆਈ ਏ ਐੱਸ ਅਫਸਰ ਇਸ ਦੇ ਅੱਗੇ ਫਾਈਲਾਂ ਚੁੱਕ ਕੇ ਖੜੇ ਹੋਇਆ ਕਰਨਗੇ। ਸਮਾਂ ਪਾ ਕੇ ਮਾਇਆਵਤੀ ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣ ਗਈ ਤੇ ਆਈ ਏ ਐੱਸ ਅਫਸਰ ਉਸ ਦੇ ਅੱਗੇ-ਪਿੱਛੇ ਫਿਰਦੇ ਹਨ। ਉਹ ਸਿਰਫ ਸੁਣੀਆਂ ਹੋਈਆਂ ਗੱਲਾਂ ਹਨ, ਨੀਰਾ ਰਾਡੀਆ ਦਾ ਤਾਜ਼ਾ ਕਿੱਸਾ ਸਭ ਦੇ ਸਾਹਮਣੇ ਸਬੂਤਾਂ ਸਮੇਤ ਖੜਾ ਹੈ। ਸਿਰਫ ਇੱਕ ਲੱਖ ਰੁਪੈ ਲੈ ਕੇ ਵਾਜਪਾਈ ਸਰਕਾਰ ਦੇ ਵਕਤ ਕੇਂਦਰੀ ਹਵਾਬਾਜ਼ੀ ਮੰਤਰੀ ਅਨੰਤ ਕੁਮਾਰ ਨੂੰ ਮਿਲੀ ਸੀ ਕਿ ਮੈਂ ਇੱਕ ਹਵਾਈ ਕੰਪਨੀ ਖੋਲ੍ਹਣਾ ਚਾਹੁੰਦੀ ਹਾਂ। ਇੱਕ ਲੱਖ ਰੁਪੈ ਨਾਲ ਹਵਾਈ ਕੰਪਨੀ ਖੋਲ੍ਹਣ ਦੀ ਗੱਲ ਅਨੰਤ ਕੁਮਾਰ ਨੂੰ ਉਂਜ ਹੀ ਹਾਸੋਹੀਣੀ ਲੱਗੀ ਹੋਵੇਗੀ। ਓਦੋਂ ਇੱਕ ਲੱਖ ਰੁਪੈ ਲੈ ਕੇ ਕੇਂਦਰੀ ਮੰਤਰੀ ਨੂੰ ਮਿਲਣ ਵਾਲੀ ਨੀਰਾ ਰਾਡੀਆ ਅੱਜ ਤਿੰਨ ਸੌ ਕਰੋੜ ਦੀ ਮਾਲਕ ਹੈ। ਕਿਵੇਂ ਬਣੀ ਤੇ ਫਿਰ ਬਣਿਆ ਕੀ, ਉਹ ਗੱਲ ਥੋੜ੍ਹਾ ਅਟਕ ਕੇ ਕਰਾਂਗੇ।
1990 ਤੋਂ ਪਹਿਲਾਂ ਗਿਣੇ-ਚੁਣੇ ਲੋਕਾਂ ਤੋਂ ਬਿਨਾਂ ਹਰਸ਼ਦ ਮਹਿਤਾ ਦਾ ਨਾਂਅ ਕਿਸੇ ਨੇ ਨਹੀਂ ਸੀ ਸੁਣਿਆ। ਫਿਰ ਉਹ ਮੁੰਬਈ ਦੀ ਸਟਾਕ ਐਕਸਚੇਂਜ ਨੂੰ ਮਰੋੜੇ ਦੇਣ ਵਾਲਾ ਬਣ ਗਿਆ, ਪਰ ਉਸ ਦਾ ਇਹ ਟੌਹਰ ਲੰਮਾ ਸਮਾਂ ਨਾ ਰਹਿ ਸਕਿਆ ਤੇ ਫੜਿਆ ਗਿਆ। ਨਰਸਿਮਹਾ ਰਾਓ ਦੀ ਸਰਕਾਰ ਵੀ ਉਸ ਦੇ ਫੜੇ ਜਾਣ ਵੇਲੇ ਹਿੱਲਦੀ ਨਜ਼ਰ ਆਉਣ ਲੱਗੀ ਸੀ। ਭਾਰਤ ਦੇਸ਼ ਦੀ ਆਰਥਿਕਤਾ ਓਦੋਂ ਸਾਰੀ ਦੀ ਸਾਰੀ ਹਲੂਣੀ ਗਈ ਸੀ। ਫਿਰ ਇਹ ਕਿਹਾ ਜਾਣ ਲੱਗਾ ਕਿ ਅੱਗੇ ਤੋਂ ਇਹੋ ਜਿਹੇ ਪੱਕੇ ਪ੍ਰਬੰਧ ਕਰ ਦਿੱਤੇ ਜਾਣਗੇ ਕਿ ਕੋਈ ਦੂਜਾ ਹਰਸ਼ਦ ਮਹਿਤਾ ਅੱਗੇ ਆ ਕੇ ਇਸ ਦੇਸ਼ ਦੀ ਆਰਥਿਕਤਾ ਨਾਲ ਖਿਲਵਾੜ ਨਾ ਕਰ ਸਕੇ, ਪਰ ਪ੍ਰਬੰਧ ਉਸ ਤੋਂ ਬਾਅਦ ਵੀ ਕੱਚੇ ਹੀ ਨਿਕਲੇ ਸਨ। ਇਸੇ ਕਰ ਕੇ ਬਾਅਦ ਵਿੱਚ ਕੇਤਨ ਮਹਿਤਾ ਵਰਗੇ ਬੰਦੇ ਇਸ ਕੰਮ ਰੁੱਝੇ ਫੜੇ ਗਏ, ਤੇ ਅੱਜ ਵੀ ਰੁੱਝੇ ਹੋਏ ਹਨ। ਅਪਰੈਲ 2008 ਵਿੱਚ ਕੇਤਨ ਨੂੰ ਸਜ਼ਾ ਹੋ ਗਈ ਤਾਂ ਜ਼ਮਾਨਤ ਕਰਵਾ ਲਈ। ਉਸ ਉੱਤੇ ਕਾਰੋਬਾਰ ਕਰਨ ਦੀ ਰੋਕ ਲੱਗ ਗਈ ਤਾਂ ਪ੍ਰਵਾਹ ਨਹੀਂ। ਹੁਣ ਨੌਂ ਦਸੰਬਰ ਦੀ ਰਿਪੋਰਟ ਹੈ ਕਿ ਉਹ ਆਪਣੇ ਨਾਂਅ ਹੇਠ ਕੁਝ ਕਰਨ ਦੀ ਥਾਂ ਕੁਝ ਹੋਰਨਾਂ ਦੇ ਨਾਂਅ ਹੇਠ ਕਰੋੜਾਂ ਨਹੀਂ, ਅਰਬਾਂ ਰੁਪੈ ਦਾ ਕਾਰੋਬਾਰ ਕਰੀ ਜਾ ਰਿਹਾ ਹੈ। ਇਸ ਖੇਡ ਬਾਰੇ ਉਹ ਏਜੰਸੀਆਂ ਵੀ ਸਭ ਕੁਝ ਜਾਣਦੀਆਂ ਹਨ, ਜਿਨ੍ਹਾਂ ਨੇ ਧੋਖਾਧੜੀ ਹੋਣ ਤੋਂ ਰੋਕਣੀ ਹੁੰਦੀ ਹੈ, ਪਰ ਸਾਰੀਆਂ ਬੇਵੱਸ ਹਨ, ਕਿਉਂਕਿ ਉਸ ਕੋਲ ਏਨੇ ਸੀਨੀਅਰ ਵਕੀਲਾਂ ਦੀ ਟੀਮ ਹੈ, ਜਿਹੜੀ ਇੱਕ ਰਾਤ ਵੀ ਉਸ ਨੂੰ ਹਵਾਲਾਤ ਵਿੱਚ ਨਹੀਂ ਕੱਟਣ ਦੇਂਦੀ।
ਅਬਦੁਲ ਕਰੀਮ ਤੇਲਗੀ ਦਾ ਕਿੱਸਾ ਵੀ ਯਾਦ ਰੱਖਣਾ ਚਾਹੀਦਾ ਹੈ। ਸਿਰਫ ਤੀਹ ਸਾਲਾਂ ਦਾ ਸੀ, ਜਦੋਂ ਉਹ ਪਹਿਲੀ ਵਾਰੀ ਇੱਕ ਧੋਖਾਦੇਹੀ ਦੇ ਕੇਸ ਵਿੱਚ ਫੜਿਆ ਗਿਆ। ਰਿਹਾਅ ਹੋਣ ਪਿੱਛੋਂ ਉਸ ਨੇ ਇੱਕ ਸਧਾਰਨ ਵਸੀਕਾ ਨਵੀਸ ਵਾਂਗ ਅਸ਼ਟਾਮ ਪੇਪਰ ਵੇਚਣ ਦਾ ਲਾਇਸੈਂਸ ਲਿਆ ਤੇ ਉਸ ਲਾਇਸੈਂਸ ਦੇ ਆਸਰੇ ਆਪੇ ਬਣਾਏ ਜਾਅਲੀ ਅਸ਼ਟਾਮ ਵੇਚਣ ਤੋਂ ਤੁਰ ਕੇ ਏਡਾ ਵੱਡਾ 'ਅਸ਼ਟਾਮ ਫਰੋਸ਼' ਬਣ ਗਿਆ ਕਿ ਤਿਰਤਾਲੀ ਹਜ਼ਾਰ ਕਰੋੜ ਦੇ ਅਸ਼ਟਾਮ ਸਾਰੇ ਭਾਰਤ ਵਿੱਚ ਵੇਚ ਗਿਆ। ਇਹ ਅਸ਼ਟਾਮ ਛਾਪਣ ਲਈ ਉਸ ਨੇ ਭਾਰਤ ਸਰਕਾਰ ਦੀ ਪੁਰਾਣੀ ਹੋ ਗਈ, ਜਾਂ ਮਿਲ ਕੇ ਪੁਰਾਣੀ ਕਹੀ ਗਈ, ਮਸ਼ੀਨਰੀ ਖਰੀਦੀ। ਆਮ ਹਦਾਇਤਾਂ ਮੁਤਾਬਕ ਇਹੋ ਜਿਹੀ ਮਸ਼ੀਨਰੀ ਨੂੰ ਇੰਜ ਤੋੜ-ਭੰਨ ਕੇ ਵੇਚਣਾ ਹੁੰਦਾ ਹੈ ਕਿ ਉਸ ਦੀ ਫਿਰ ਕੋਈ ਵਰਤੋਂ ਨਾ ਕਰ ਸਕੇ, ਪਰ ਇੰਜ ਕਰਨ ਦੀ ਥਾਂ ਅਬਦੁਲ ਕਰੀਮ ਤੇਲਗੀ ਦੇ ਖੜੇ ਕੀਤੇ ਬੰਦੇ ਨੂੰ ਸਬੂਤੀ ਮਸ਼ੀਨਰੀ ਚੁਕਾ ਦਿੱਤੀ ਗਈ। ਸਰਕਾਰੀ ਪ੍ਰੈੱਸ ਦਾ ਸਟਾਫ ਬਾਹਰ ਜਾ ਕੇ ਕੰਮ ਨਹੀਂ ਕਰ ਸਕਦਾ, ਪਰ ਓਥੇ ਸਰਕਾਰੀ ਟਕਸਾਲ ਵਿੱਚ ਕੰਮ ਕਰਦੇ ਮੁਲਾਜ਼ਮ ਡਿਊਟੀ ਤੋਂ ਛੁੱਟੀ ਲੈ ਕੇ ਤੇਲਗੀ ਦੀ ਪ੍ਰੈੱਸ ਵਿੱਚ ਅਸਲੀ ਨਾਲੋਂ ਵੀ ਵਧੀਆ ਨਕਲੀ ਅਸ਼ਟਾਮ ਪੇਪਰ ਛਾਪਣ ਜਾਂਦੇ ਰਹੇ। ਸਾਰੇ ਸਰਕਾਰੀ ਤਾਣੇ-ਬਾਣੇ ਨੂੰ ਭ੍ਰਿਸ਼ਟ ਕਰ ਕੇ ਤੇਲਗੀ ਆਪਣਾ ਮਾਲ ਭਾਰਤ ਦੀ ਜੀਵਨ ਬੀਮਾ ਨਿਗਮ ਅਤੇ ਬੈਂਕਾਂ ਸਮੇਤ ਕਈ ਸਰਕਾਰੀ ਅਤੇ ਗੈਰ-ਸਰਕਾਰੀ ਏਜੰਸੀਆਂ ਨੂੰ ਵੀ ਵੇਚਦਾ ਰਿਹਾ। ਜਦੋਂ ਇਸ ਖੇਡ ਤੋਂ ਪਰਦਾ ਉੱਠਿਆ, ਵਾਜਪਾਈ ਸਰਕਾਰ ਦਾ ਖਜ਼ਾਨਾ ਮੰਤਰੀ ਪਾਰਲੀਮੈਂਟ ਵਿੱਚ ਖੜੋ ਕੇ ਇਹ ਕਹਿੰਦਾ ਸੁਣਿਆ ਗਿਆ ਕਿ ਤੇਲਗੀ ਦੇ ਚੱਕਰ ਵਿੱਚ ਬੱਤੀ ਹਜ਼ਾਰ ਕਰੋੜ ਤੋਂ ਵੱਧ ਦੇ ਜਾਅਲੀ ਅਸ਼ਟਾਮ ਵਿਕ ਚੁੱਕੇ ਹਨ, ਇਨ੍ਹਾਂ ਸਾਰਿਆਂ ਨੂੰ ਹੁਣ ਰੱਦ ਨਹੀਂ ਕੀਤਾ ਜਾ ਸਕਦਾ, ਜਿੱਥੇ ਵਰਤੇ ਜਾ ਚੁੱਕੇ ਹਨ, ਉਨ੍ਹਾਂ ਨੂੰ ਜਾਅਲੀ ਹੋਣ ਦੇ ਬਾਵਜੂਦ ਪ੍ਰਵਾਨਗੀ ਦੇਣੀ ਪਵੇਗੀ। ਭਾਵੇਂ ਬਾਅਦ ਵਿੱਚ ਇਸ ਕਾਲੇ ਕਾਰੋਬਾਰ ਦਾ ਅੰਕੜਾ ਤਿਰਤਾਲੀ ਹਜ਼ਾਰ ਕਰੋੜ ਨੂੰ ਛੂਹ ਗਿਆ, ਜਦੋਂ ਬੱਤੀ ਹਜ਼ਾਰ ਕਰੋੜ ਰੁਪੈ ਦੱਸਿਆ ਗਿਆ ਸੀ, ਉਸ ਸਾਲ ਸਾਡੇ ਪੰਜਾਬ ਦੀ ਸਰਕਾਰ ਦਾ ਕੁੱਲ ਬੱਜਟ ਅਠਾਈ ਹਜ਼ਾਰ ਕਰੋੜ ਦਾ ਸੀ। ਕਮਾਲ ਦੀ ਗੱਲ ਇਹ ਕਿ ਇੱਕ ਟੁੱਚਲ ਫਰਾਡੀਆ ਪੰਜਾਬ ਵਰਗੇ ਰਾਜ ਦੀ ਸਰਕਾਰ ਦੇ ਬੱਜਟ ਤੋਂ ਵੱਡਾ ਫਰਾਡ ਕਰ ਜਾਵੇ ਤੇ ਕੇਂਦਰ ਦੀ ਸਰਕਾਰ ਇਹ ਆਖਦੀ ਫਿਰੇ ਕਿ ਜਾਅਲੀ ਕਾਗਜ਼ਾਂ ਨੂੰ ਵੀ ਪ੍ਰਵਾਨਗੀ ਦੇਣੀ ਪਵੇਗੀ, ਕੀ ਇਸ ਤੋਂ ਵੱਧ ਸ਼ਰਮਨਾਕ ਸਥਿਤੀ ਹੋ ਸਕਦੀ ਹੈ ਕਿਸੇ ਦੇਸ਼ ਲਈ?
ਇੱਕ ਹੋਰ ਸੁਣਿਆ ਜਾਂਦਾ ਸੀ ਲਲਿਤ ਮੋਦੀ। ਉਸ ਦੀ ਗੁੱਡੀ ਏਨੀ ਚੜ੍ਹ ਗਈ ਸੀ ਕਿ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਉਸ ਦੇ ਨਾਲ ਢੁਕ ਕੇ ਬਹਿਣ ਨੂੰ ਇੱਕ ਦੂਜੇ ਦੇ ਪੈਰ ਮਿੱਧਦੇ ਹੁੰਦੇ ਸਨ। ਜਦੋਂ ਉਹ ਤੁਰਦਾ ਸੀ ਤਾਂ ਦੂਜੇ ਲੋਕ ਉਸ ਦੇ ਪਿੱਛੇ ਇੰਜ ਤੁਰਦੇ ਹੁੰਦੇ ਸਨ, ਜਿਵੇਂ ਪਾਰਲੀਮੈਂਟ ਦੇ ਅਜਲਾਸ ਦਾ ਉਦਘਾਟਨ ਕਰਨ ਜਾ ਰਹੇ ਰਾਸ਼ਟਰਪਤੀ ਦੇ ਪਿੱਛੇ ਪ੍ਰਧਾਨ ਮੰਤਰੀ ਤੇ ਹੋਰ ਵੱਡੇ ਲੋਕ ਤੁਰਦੇ ਹਨ। ਕਦੇ ਜਵਾਨ ਉਮਰੇ ਉਸ ਨੂੰ ਅਮਰੀਕਾ ਵਿੱਚ ਇੱਕ ਕੇਸ ਵਿੱਚ ਫੜਿਆ ਗਿਆ ਸੀ। ਓਥੋਂ ਆ ਕੇ ਉਹ ਕਿੱਥੇ ਰਿਹਾ, ਕੀ ਕੀਤਾ, ਬਹੁਤਾ ਕਿਸੇ ਨੂੰ ਪਤਾ ਨਹੀਂ, ਪਰ 1999 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਉਹ ਹਿਮਾਚਲ ਪ੍ਰਦੇਸ਼ ਦੀ ਕ੍ਰਿਕਟ ਐਸੋਸੀਏਸ਼ਨ ਦਾ ਆਗੂ ਜਾ ਬਣਿਆ। ਅਗਲੀ ਵਾਰੀ ਜਦੋਂ ਭਾਜਪਾ ਵੱਲੋਂ ਪ੍ਰੇਮ ਕੁਮਾਰ ਧੂਮਲ ਮੁੱਖ ਮੰਤਰੀ ਬਣਿਆ, ਉਸ ਨੇ ਲਲਿਤ ਮੋਦੀ ਦੀ ਛੁੱਟੀ ਕਰਾ ਦਿੱਤੀ, ਪਰ ਏਨੇ ਚਿਰ ਵਿੱਚ ਮੋਦੀ ਨੇ ਰਾਜਸਥਾਨ ਵਿੱਚ ਭਾਜਪਾ ਆਗੂਆਂ ਨਾਲ ਵੀ ਜਾ ਕੁੰਡੀ ਪਾਈ ਤੇ ਕਾਂਗਰਸ ਦੇ ਆਗੂਆਂ ਨਾਲ ਵੀ। ਓਥੋਂ ਚੜ੍ਹਦਾ ਉਹ ਕ੍ਰਿਕਟ ਦੇ ਇੰਡੀਅਨ ਪ੍ਰੀਮੀਅਰ ਲੀਗ ਵਾਲੇ ਤਮਾਸ਼ੇ ਦਾ ਮੋਹਰੀ ਬਣ ਗਿਆ ਤੇ ਫਿਰ ਕਰੋੜਾਂ ਦੇ ਲੈਣ-ਦੇਣ ਇੰਜ ਹੋਣ ਲੱਗ ਪਏ, ਜਿਵੇਂ ਕਿਸੇ ਸਿਨੇਮਾ ਹਾਲ ਦੇ ਬਾਹਰ ਲੱਗੀ ਰੇੜ੍ਹੀ ਵਾਲੇ ਦੋ-ਦੋ ਰੁਪੈ ਦੇ ਮੁੰਗਫਲੀ ਦੇ ਪੈਕੇਟ ਵੇਚਦੇ ਹਨ। ਹੁਣ ਬਰਤਾਨੀਆ ਵਿੱਚ ਬੈਠਾ ਦੱਸਿਆ ਜਾਂਦਾ ਹੈ, ਜਿੱਥੋਂ ਉਸ ਨੂੰ ਗੁੱਟੋਂ ਫੜ ਕੇ ਲਿਆਉਣ ਵਾਸਤੇ ਭਾਰਤ ਦੀਆਂ ਏਜੰਸੀਆਂ ਰੱਸੇ-ਪੈੜੇ ਵੱਟ ਰਹੀਆਂ ਹਨ ਤੇ ਉਹ ਹੋਰ ਅੱਗੇ ਖਿਸਕਣ ਦੀਆਂ ਤਰਕੀਬਾਂ ਲੜਾ ਰਿਹਾ ਸੁਣੀਦਾ ਹੈ। ਵਕੀਲਾਂ ਦੀਆਂ ਟੀਮਾਂ ਉਸ ਲਈ ਬਰਤਾਨੀਆ ਵਿੱਚ ਵੀ ਬਹੁਤ ਹਨ ਤੇ ਭਾਰਤ ਵਿੱਚ ਵੀ, ਜਿਨ੍ਹਾਂ ਨੂੰ ਦੇਣ ਵਾਲੇ ਲੱਖਾਂ ਰੁਪੈ ਉਸ ਨੇ ਲੋਕਾਂ ਦਾ ਸਿਰ ਮੁੰਨ ਕੇ ਕਮਾਏ ਸਨ, 'ਚੋਰਾਂ ਦੇ ਕੱਪੜੇ, ਡਾਂਗਾਂ ਦੇ ਗਜ਼' ਦੇ ਫਾਰਮੂਲੇ ਨਾਲ ਖਰਚਣੇ ਵੀ ਪੈਣ ਤਾਂ ਚਿੰਤਾ ਦੀ ਗੱਲ ਨਹੀਂ।
æææਤੇ ਸਾਡੇ ਵਿੱਚੋਂ ਹਸਨ ਅਲੀ ਖਾਨ ਦਾ ਨਾਂਅ ਵੀ ਕਿੰਨੇ ਕੁ ਲੋਕਾਂ ਨੇ ਸੁਣਿਆ ਹੈ? ਜਿਨ੍ਹਾਂ ਨੇ ਸੁਣਿਆ ਹੀ ਨਹੀਂ, ਸਾਰਾ ਕੁਝ ਜਾਣਿਆ ਵੀ ਹੈ, ਉਹ ਅਖਬਾਰਾਂ ਜਾਂ ਟੀ ਵੀ ਚੈਨਲਾਂ ਵਾਲੇ ਉਸ ਬਾਰੇ ਜ਼ਿਕਰ ਤੱਕ ਨਹੀਂ ਕਰਦੇ। ਅਗਸਤ 2009 ਵਿੱਚ ਭਾਰਤ ਦੀ ਪਾਰਲੀਮੈਂਟ ਦੇ ਉਤਲੇ ਹਾਊਸ ਵਿੱਚ ਜਦੋਂ ਟੈਕਸ ਦੇ ਵੱਡੇ ਬਕਾਏਦਾਰਾਂ ਦੀ ਸੂਚੀ ਪੇਸ਼ ਕੀਤੀ ਗਈ ਤਾਂ ਹਸਨ ਦਾ ਨਾਂਅ ਸਭ ਤੋਂ ਉੱਤੇ ਸੀ। ਕਿੰਨਾ ਬਕਾਇਆ ਦੱਸਿਆ ਗਿਆ ਉਸ ਦੇ ਨਾਂਅ? ਖਜ਼ਾਨਾ ਮਹਿਕਮੇ ਦੇ ਰਾਜ ਮੰਤਰੀ ਦੇ ਦੱਸਣ ਅਨੁਸਾਰ ਹਸਨ ਅਲੀ ਖਾਨ ਦੇ ਨਾਂਅ 'ਸਿਰਫ' ਪੰਜਾਹ ਹਜ਼ਾਰ ਕਰੋੜ ਰੁਪੈ ਦਾ ਟੈਕਸ ਦਾ ਬਕਾਇਆ ਸੀ। ਇਸ ਤੋਂ ਪਹਿਲਾਂ ਰਾਜੀਵ ਗਾਂਧੀ ਕਤਲ ਕੇਸ ਦੀ ਜਾਂਚ ਵੇਲੇ ਵੀ ਉਸ ਦਾ ਨਾਂਅ ਚਰਚਾ ਵਿੱਚ ਆਇਆ ਤੇ ਕਿਹਾ ਗਿਆ ਸੀ ਕਿ ਉਸ ਨੇ ਸ੍ਰੀਲੰਕਾ ਦੇ ਲਿੱਟੇ ਦਹਿਸ਼ਤਗਰਦਾਂ ਨੂੰ ਹਥਿਆਰ ਸਪਲਾਈ ਕਰਨ ਲਈ ਸੰਸਾਰ ਦੇ ਇੱਕ ਵੱਡੇ ਹਥਿਆਰ ਵਪਾਰੀ ਅਦਨਾਨ ਖਾਸ਼ੋਗੀ ਨੂੰ ਤੀਹ ਕਰੋੜ ਡਾਲਰ, ਓਦੋਂ ਦੇ ਹਿਸਾਬ ਨਾਲ ਕਰੀਬ ਪੰਜ ਸੌ ਕਰੋੜ ਰੁਪੈ, ਦਿੱਤੇ ਸਨ। ਅੱਜ ਤੋਂ ਉਨੀ ਸਾਲ ਪਹਿਲਾਂ ਦੇ ਪੰਜ ਸੌ ਕਰੋੜ ਰੁਪੈ ਅੱਜ ਦੀ ਗਿਣਤੀ ਦੇ ਹਿਸਾਬ ਨਾਲ ਪੰਦਰਾਂ ਹਜ਼ਾਰ ਕਰੋੜ ਦੇ ਨੇੜੇ ਜਾ ਸਕਦੇ ਹਨ। ਇਸ ਬੰਦੇ ਨੇ ਆਪਣਾ ਕਾਰੋਬਾਰ ਪੰਦਰਾਂ ਲੱਖ ਡਾਲਰ ਨਾਲ 1982 ਵਿੱਚ ਸ਼ੁਰੂ ਕੀਤਾ ਤੇ ਉਹ ਪੰਦਰਾਂ ਲੱਖ ਡਾਲਰ ਕਿੱਥੋਂ ਆਏ ਸਨ, ਇਹ ਵੀ ਕਿਸੇ ਨੂੰ ਪਤਾ ਨਹੀਂ, ਪਰ ਅੱਜ ਅੱਠ ਹਜ਼ਾਰ ਕਰੋੜ ਡਾਲਰ (ਚਾਰ ਲੱਖ ਕਰੋੜ ਰੁਪੈ) ਦਾ ਮਾਲਕ ਮੰਨਿਆ ਜਾਂਦਾ ਹੈ। ਪੰਜਾਹ ਹਜ਼ਾਰ ਕਰੋੜ ਦਾ ਉਹ ਪਿਛਲੇ ਸਾਲ ਭਾਰਤ ਦਾ ਟੈਕਸ ਦਾ ਦੇਣਦਾਰ ਸੀ, ਹੁਣ ਪਤਾ ਨਹੀਂ ਕਿੰਨੇ ਕੁ ਦਾ ਹੋ ਚੁੱਕਾ ਹੋਵੇਗਾ।
ਹੁਣ ਆਈਏ ਬੀਬੀ ਨੀਰਾ ਰਾਡੀਆ ਵੱਲ, ਜਿਹੜੀ ਇੱਕ ਮੌਕੇ ਇੱਕ ਲੱਖ ਰੁਪੈ ਲੈ ਕੇ ਹਵਾਈ ਕੰਪਨੀ ਖੋਲ੍ਹਣ ਤੁਰ ਪਈ ਸੀ। ਇਸ ਕੰਮ ਲਈ ਓਦੋਂ ਘੱਟੋ-ਘੱਟ ਪੰਦਰਾਂ ਸੌ ਕਰੋੜ ਚਾਹੀਦੇ ਸਨ, ਪਰ ਤਜਵੀਜ਼ ਲਿਆਉਣ ਵਾਲੀ ਬੀਬੀ ਨੀਰਾ ਰਾਡੀਆ ਕੋਲ ਪੰਦਰਾਂ ਲੱਖ ਵੀ ਨਹੀਂ ਸਨ। ਗੱਲ ਉਹ ਏਨੀ ਗੰਭੀਰਤਾ ਨਾਲ ਕਰ ਰਹੀ ਸੀ, ਜਿਵੇਂ ਉਸ ਦੀ ਜੇਬ ਵਿੱਚ ਕਾਰੂ ਦੇ ਖਜ਼ਾਨੇ ਦੀ ਚਾਬੀ ਪਈ ਹੋਵੇ। ਨੀਰਾ ਰਾਡੀਆ ਦੀ ਉਹ ਤਜਵੀਜ਼ ਮੰਨੀ ਨਹੀਂ ਸੀ ਗਈ, ਪਰ ਜਾਪਦਾ ਹੈ ਕਿ ਉਸੇ ਮੀਟਿੰਗ ਮੌਕੇ ਉਸ ਨੇ ਧਾਰ ਲਿਆ ਸੀ ਕਿ ਇੱਕ ਦਿਨ ਅਜਿਹਾ ਕ੍ਰਿਸ਼ਮਾ ਕਰਾਂਗੀ ਕਿ ਹਵਾਈ ਕੰਪਨੀਆਂ ਵਾਲੇ ਮੇਰੇ ਅੱਗੇ ਪਿੱਛੇ ਘੁੰਮਿਆ ਕਰਨਗੇ। ਉਹ ਕੁਝ ਦਿਨਾਂ ਵਿੱਚ ਹੀ ਭਾਰਤ ਦੇ ਅੱਧੀ ਸਦੀ ਤੱਕ ਦੇ ਦੋ ਵੱਡੇ ਪੂਜੀਪਤੀਆਂ ਵਿੱਚੋਂ ਇੱਕ ਗਿਣੇ ਜਾਂਦੇ ਰਤਨ ਟਾਟਾ ਨਾਲ ਵੀ ਨੇੜਤਾ ਕਰਨ ਵਿੱਚ ਕਾਮਯਾਬ ਰਹੀ, ਕਈ ਹੋਰ ਘਰਾਣਿਆਂ ਦੀ ਕਾਰ-ਮੁਖਤਾਰ ਵੀ ਬਣਦੀ ਗਈ ਤੇ ਕਮਾਲ ਇਹ ਕਿ ਇੱਕ ਦੂਜੇ ਦੇ ਕਾਰੋਬਾਰੀ ਸ਼ਰੀਕਾਂ ਨੂੰ ਪਤਾ ਲੱਗਣ ਦਿੱਤੇ ਬਗੈਰ ਦੋਵਾਂ ਨੂੰ ਇਹ ਸੁਫਨੇ ਵੀ ਵਿਖਾਈ ਗਈ ਕਿ 'ਅਸਲ ਵਿੱਚ ਮੈਂ ਤੇਰਾ ਕੰਮ ਸਿਰੇ ਚਾੜ੍ਹ ਰਹੀ ਹਾਂ।' ਹੁਣ ਉਹ ਸਾਰੇ ਸ਼ਰਮਿੰਦੇ ਹੋਣੇ ਚਾਹੀਦੇ ਹਨ।
ਇਹ ਭਾਰਤੀ ਲੋਕਤੰਤਰ ਹੈ, ਜਿੱਥੇ ਪੰਝੀ-ਤੀਹ ਲੱਖ ਰੁਪੈ ਦੀ ਜ਼ਮੀਨ ਦਾ ਮਾਲਕ ਕਿਸਾਨ ਪੰਜ ਲੱਖ ਰੁਪੈ ਦੀ ਲਿਮਿਟ ਬੰਨ੍ਹਾਉਣ ਲਈ ਦਸ-ਦਸ ਦਿਨ ਬੈਂਕ ਦੇ ਫੀਲਡ ਅਫਸਰ ਨੂੰ ਲੱਭਦਾ ਰਹਿੰਦਾ ਹੈ, ਪਰ ਇੱਕ 'ਚੱਲਦਾ ਪੁਰਜ਼ਾ' ਔਰਤ ਸਿਰਫ ਇੱਕ ਲੱਖ ਰੁਪੈ ਕਾਗਜ਼ ਉੱਤੇ ਲਿਖ ਕੇ ਹਵਾਬਾਜ਼ੀ ਦੇ ਮੰਤਰੀ ਨੂੰ ਜਾ ਮਿਲਦੀ ਹੈ। ਫਿਰ ਉਸ ਮੰਤਰੀ ਨਾਲ ਮਿਲਣੀ ਦਾ ਇਹੋ ਜਿਹਾ ਲਾਭ ਲੈਂਦੀ ਹੈ ਕਿ ਉਸ ਨੂੰ ਸਾਰੇ ਵੱਡੇ ਕਾਰੋਬਾਰੀ ਲੋਕ ਹੱਥਾਂ ਉੱਤੇ ਚੁੱਕ ਲੈਂਦੇ ਹਨ। ਇੱਕ ਹਿੰਦੀ ਫਿਲਮ ਦਾ ਗਾਣਾ ਕਦੇ ਬੜਾ ਮਸ਼ਹੂਰ ਹੋਇਆ ਸੀ; 'ਲੈਲਾ ਓ ਲੈਲਾ, ਹਰ ਕੋਈ ਮਿਲਣਾ ਚਾਹੇ, ਤੁਝ ਸੇ ਅਕੇਲਾ।' ਨੀਰਾ ਰਾਡੀਆ ਵੀ ਕੁਝ ਹੀ ਦਿਨਾਂ ਅੰਦਰ ਭਾਰਤ ਦੇ ਕਾਰੋਬਾਰੀ ਜਗਤ ਵਾਸਤੇ ਇਸ ਤਰ੍ਹਾਂ ਦੀ 'ਲੈਲਾ' ਬਣ ਗਈ, ਜਿਸ ਨੂੰ ਮਿਲਣ ਲਈ ਹਰ ਕੋਈ ਤਾਂਘਦਾ ਨਜ਼ਰ ਆਉਂਦਾ ਸੀ। ਮਿਲਣ ਵਾਲਿਆਂ ਦੀ ਤਾਂਘ ਦਾ ਉਸ ਨੇ ਲਾਭ ਵੀ ਤਕੜਾ ਲਿਆ ਤੇ ਕੱਲ੍ਹ ਦੀ ਇੱਕ ਲੱਖ ਰੁਪੈ ਵਾਲੀ ਨੀਰਾ ਦਿਨਾਂ ਵਿੱਚ ਹੀ ਤਿੰਨ ਸੌ ਕਰੋੜ ਦੀ ਮਾਲਕ ਬਣ ਗਈ। ਹੁਣ ਉਹ ਜਦੋਂ ਫੜੀ ਗਈ ਹੈ, ਹਰ ਕੋਈ ਉਸ ਤੋਂ ਇੰਜ ਕੰਨੀ ਖਿਸਕਾਉਂਦਾ ਹੈ, ਜਿਵੇਂ ਉਸ ਨੂੰ ਕੋਈ ਸਿਰੇ ਦੀ ਖਤਰਨਾਕ ਬਿਮਾਰੀ ਲੱਗ ਗਈ ਹੋਵੇ। ਜਿਹੜੇ ਵੱਡੇ ਟੀ ਵੀ ਚੈਨਲਾਂ ਦੇ ਮਾਲਕ ਅਤੇ ਮੁੱਖ ਪੇਸ਼ਕਾਰ ਇੱਕ ਮਹੀਨਾ ਪਹਿਲਾਂ ਤੱਕ Aਸ ਨਾਲ ਗੱਲ ਕਰਨ ਦਾ ਮੌਕਾ ਲੱਭਦੇ ਰਹਿੰਦੇ ਸਨ, ਲੰਮੀਆਂ ਵਾਰਤਾਵਾਂ ਕਰਦੇ ਹੁੰਦੇ ਸਨ, ਉਹ ਹੁਣ ਇਹ ਕਹਿੰਦੇ ਹਨ ਕਿ ਅਸੀਂ ਆਪਣੇ ਕਿੱਤਾਵਾਰ ਕੰਮ ਤੋਂ ਬਿਨਾਂ ਕੋਈ ਸਾਂਝ ਨਹੀਂ ਸੀ ਰੱਖੀ। ਜਾਸੂਸੀ ਕਰਨ ਵਾਲੀਆਂ ਜਿਹੜੀਆਂ ਏਜੰਸੀਆਂ ਕੱਲ੍ਹ ਤੱਕ ਉਸ ਦਾ ਨਾਂਅ ਵੀ ਨਹੀਂ ਸਨ ਲੈਂਦੀਆਂ, ਹੁਣ ਇਹ ਕਹਿ ਰਹੀਆਂ ਹਨ ਕਿ ਨੀਰਾ ਤਾਂ ਇੱਕ ਭਾਰਤ ਵਿਰੋਧੀ ਦੇਸ਼ ਦੀ ਖੁਫੀਆ ਏਜੰਟ ਸੀ। ਜੇ ਵਿਦੇਸ਼ੀ ਏਜੰਟ ਭਾਰਤ ਦੀ ਰਾਜਨੀਤੀ ਦਾ ਡੇਵਿਡ ਕੋਲਮੈਨ ਹੈਡਲੀ ਬਣੀ ਰਹੀ ਸੀ ਤਾਂ ਇਨ੍ਹਾਂ ਸਾਰਿਆਂ ਨੇ ਮੂੰਹ ਵਿੱਚ ਘੁੰਗਣੀਆਂ ਕਿਉਂ ਪਾਈ ਰੱਖੀਆਂ ਸਨ? ਇਨ੍ਹਾਂ ਸਵਾਲਾਂ ਦਾ ਜਵਾਬ ਦੇਸ਼ ਦੇ ਲੋਕਾਂ ਨੂੰ ਚਾਹੀਦਾ ਹੈ, ਪਰ ਕਿਸੇ ਨੇ ਦੇਣਾ ਨਹੀਂ।
ਲੋਕਾਂ ਦੀ ਸੋਚ ਵਿੱਚ ਕੰਡੇ ਵਾਂਗ ਧੱਸਦੇ ਜਾ ਰਹੇ ਇਸ ਸਵਾਲ ਦਾ ਜਵਾਬ ਕਿਸੇ ਨੇ ਇਸ ਕਰ ਕੇ ਨਹੀਂ ਦੇਣਾ ਕਿ ਨੀਰਾ ਰਾਡੀਆ ਬਾਹਲੀ ਦੇਰ ਕਿਸੇ ਨੂੰ ਯਾਦ ਹੀ ਨਹੀਂ ਰਹਿਣੀ। ਇਸ ਲੋਕਤੰਤਰ ਵਿੱਚ ਬੜੇ ਲੋਕ ਏਦਾਂ ਦੇ ਆਉਂਦੇ ਹਨ, ਜਿਹੜੇ ਕਿਸੇ ਗੁੱਡੀ ਦੇ ਆਕਾਸ਼ ਵਿੱਚ ਚੜ੍ਹਨ ਵਾਂਗ ਦਿਨਾਂ ਵਿੱਚ ਹੀ ਹਰ ਪਾਸੇ ਛਾ ਜਾਂਦੇ ਹਨ। ਫਿਰ ਉਹ ਕਿਸੇ ਖੂੰਜੇ ਵਿੱਚ ਬਿਠਾ ਦਿੱਤੇ ਜਾਂਦੇ ਹਨ ਤੇ ਉਨ੍ਹਾਂ ਵਰਗੀ ਜਾਂ ਉਨ੍ਹਾਂ ਤੋਂ ਵੱਧ ਮੁਹਾਰਤ ਵਾਲੇ ਹੋਰ ਕਲਾਕਾਰ ਸਟੇਜ'ਤੇ ਆ ਚੜ੍ਹਦੇ ਹਨ। ਹੁਣ ਅਸੀਂ ਨੀਰਾ ਰਾਡੀਆ ਦਾ ਕਿੱਸਾ ਸੁਣਿਅ ਹੈ, ਦੋ-ਚਾਰ ਮਹੀਨੇ ਬਾਅਦ ਕਿਸੇ ਹੋਰ ਨੀਰਾ, ਹਰਸ਼ਦ, ਕੇਤਨ ਜਾਂ ਤੇਲਗੀ ਜਾਂ ਕਿਸੇ ਨਵੇਂ ਹਸਨ ਅਲੀ ਦਾ ਕਿੱਸਾ ਸੁਣ ਕੇ ਉਂਗਲਾਂ ਚੱਬ ਰਹੇ ਹੋਵਾਂਗੇ।
No comments:
Post a Comment