ਦ੍ਰਿਸ਼ਟੀਕੋਣ (9)- ਜਤਿੰਦਰ ਪਨੂੰ

ਸੱਚ ਤੋਂ ਬਾਈਪਾਸ ਲੰਘ ਗਈ ਜਸਵੰਤ ਸਿੰਘ ਕੰਵਲ ਦੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਚਿੱਠੀ
ਆਪਣੀ ਲਿਖਤ ਮੁਤਾਬਕ ਬਾਂਨਵੇਂ ਸਾਲ ਦੇ ਹੋ ਚੁੱਕੇ ਸਿਰਮੌਰ ਲੇਖਕ ਜਸਵੰਤ ਸਿੰਘ ਕੰਵਲ ਦੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂਅ ਲਿਖੀ ਚਿੱਠੀ ਅਸੀਂ ਪਿਛਲੇ ਦੋ ਹਫਤਿਆਂ ਦੌਰਾਨ ਕਈ ਵਾਰ ਪੜ੍ਹੀ ਹੈ। ਸਾਡੇ ਵਾਂਗ ਸ਼ਾਇਦ ਕਈ ਹੋਰਨਾਂ ਨੇ ਵੀ ਪੜ੍ਹੀ ਹੋਵੇਗੀ, ਕੁਝ ਉਨ੍ਹਾ ਦੇ ਲਿਖਤ-ਪ੍ਰੇਮੀਆਂ ਨੇ ਤੇ ਕੁਝ ਇਸ ਚਿੱਠੀ ਵਿੱਚੋਂ ਆਪਣੀ ਲੋੜ ਦੀ 'ਰਾਜਸੀ ਲਾਈਨ' ਲੱਭਣ ਵਾਲਿਆਂ ਨੇ ਵੀ, ਪਰ ਅਸੀਂ ਸਿਰਫ ਇੱਕ ਪੰਜਾਬੀ ਦੇ ਤੌਰ'ਤੇ ਇਹ ਲੱਭਣ ਦਾ ਯਤਨ ਕੀਤਾ ਹੈ ਕਿ ਇਸ ਵਿੱਚ ਕੰਵਲ ਜੀ ਕਹਿਣਾ ਕੀ ਚਾਹੁੰਦੇ ਹਨ? ਜਿੰਨੀ ਵਾਰੀ ਇਹ ਚਿੱਠੀ ਪੜ੍ਹੀ, ਸਾਡੇ ਮਨ ਨੇ ਵਾਰ-ਵਾਰ ਕਿਹਾ ਕਿ ਇਸ ਬਾਰੇ ਪਾਠਕਾਂ ਨਾਲ ਗੱਲ ਸਾਂਝੀ ਕਰਨੀ ਚਾਹੀਦੀ ਹੈ, ਪਰ ਅਸੀਂ ਗੁਰੇਜ਼ ਕਰਦੇ ਰਹੇ। ਹੁਣ ਜਦੋਂ ਉਹ ਇੱਕ ਧਿਰ ਨਾਲ ਉੱਠ ਕੇ ਤੁਰ ਪਏ ਹਨ, ਜਿਵੇਂ ਅੱਗੇ ਵੀ ਕਈ ਵਾਰ ਕਰਦੇ ਰਹੇ ਹਨ, ਤਾਂ ਬੰਧੇਜ ਨੂੰ ਛੱਡ ਕੇ ਗੱਲ ਕਰਨੀ ਸਾਨੂੰ ਠੀਕ ਲੱਗਦੀ ਹੈ।
ਸਭ ਤੋਂ ਪਹਿਲੀ ਗੱਲ ਅਸੀਂ ਇਹ ਸਾਫ਼ ਕਰ ਦੇਈਏ ਕਿ ਕੰਵਲ ਜੀ ਜਿਸ ਮਨਪ੍ਰੀਤ ਸਿੰਘ ਬਾਦਲ ਨਾਲ ਇਸ ਵਕਤ 'ਜਾਗੋ' ਕੱਢਣ ਤੁਰੇ ਹਨ, ਉਸ ਨੂੰ ਪੰਜਾਬ ਦੇ ਬਹੁਤੇ ਲੋਕ ਬੇਅੰਤ ਸਿੰਘ ਮੁੱਖ ਮੰਤਰੀ ਦੇ ਰਾਜ ਦੌਰਾਨ ਹੋਈ ਗਿੱਦੜਬਾਹੇ ਦੀ ਉੱਪ-ਚੋਣ ਦੇ ਦਿਨੀਂ ਜਾਨਣ ਲੱਗੇ ਸਨ, ਅਸੀਂ ਉਸ ਤੋਂ ਪਹਿਲਾਂ ਵੀ ਜਾਣਦੇ ਸਾਂ। ਜਦੋਂ ਪੰਜਾਬ ਵਿੱਚ ਬੰਦੂਕਾਂ ਦੀ ਗੂੰਜ ਸੁਣੀਂਦੀ ਸੀ, ਉਨ੍ਹੀਂ ਦਿਨੀਂ ਬਾਦਲ ਪਰਵਾਰ ਦੇ ਹੋਰ ਲੋਕਾਂ ਵਾਂਗ ਉਹ ਸਿਰੀ ਦੱਬ ਕੇ ਬੈਠਣ ਦੀ ਥਾਂ ਲੰਡਨ ਦੇ ਸਾਊਥਾਲ ਇਲਾਕੇ ਵਿੱਚ ਸਾਊ ਸਿੱਖਾਂ ਨੂੰ ਇਹ ਸਮਝਾਉਣ ਦੀ ਮੁਹਿੰਮ ਵਿੱਚ ਸ਼ਾਮਲ ਹੁੰਦਾ ਸੀ ਕਿ ਜਿਸ ਰਾਹ ਉੱਤੇ ਸਿੱਖ ਚੱਲ ਪਏ ਹਨ, ਇਹ ਕਿਸੇ ਭਲੇ ਥਾਂ ਨਹੀਂ ਪੁਚਾਉਣ ਲੱਗਾ। ਉਸ ਦੀ ਵਜ਼ੀਰੀ ਦੌਰਾਨ ਵੀ ਅਸੀਂ ਕਈ ਵਾਰੀ ਮਿਲੇ, ਪਰ ਕਦੇ ਉਸ ਤੋਂ ਕੋਈ ਨਿੱਜੀ ਲਾਭ ਲੈਣ ਨਹੀਂ, ਸਗੋਂ ਕੁਝ ਜਨਤਕ ਕਾਰਜਾਂ ਦੇ ਅੜੇ ਹੋਣ ਦੀ ਸ਼ਿਕਾਇਤ ਲੈ ਕੇ ਮਿਲੇ ਸਾਂ। ਕਹਿ ਤਾਂ ਉਹ ਦੇਂਦਾ ਸੀ ਕਿ 'ਕੰਮ ਹੋ ਜਾਊਗਾ', ਹੰਭਲਾ ਵੀ ਮਾਰਦਾ ਸੀ, ਪਰ ਅੱਗੇ ਡਿਪਟੀ ਕਮਿਸ਼ਨਰਾਂ ਨੂੰ ਵੱਡੇ ਘਰੋਂ ਹੋਏ ਉਲਟ ਸੰਕੇਤ ਕਾਰਨ ਉਹ ਹਾਂ ਕਰ ਕੇ ਵੀ ਉਸ ਫ਼ਾਈਲ ਨੂੰ ਦਫਤਰ ਵਿੱਚ ਉਚੇਚੇ ਬਣਾਏ 'ਮਨਪ੍ਰੀਤ ਕਾਰਨਰ' ਵਿੱਚ ਰੱਖ ਦੇਂਦੇ ਸਨ। ਪੱਤਰਕਾਰ ਦੇ ਤੌਰ'ਤੇ ਅਸੀਂ ਨਾ ਇੱਕ ਧਿਰ ਵਜੋਂ ਉਸ ਦੇ ਹੱਕ ਵਿੱਚ ਉਚੇਚੀ ਅਪੀਲ ਕਰਾਂਗੇ, ਨਾ ਉਸ ਦਾ ਵਿਰੋਧ, ਸਗੋਂ ਉਸ ਦੀ ਚਾਲ ਵੀ ਵੇਖਾਂਗੇ, ਉਸ ਦੇ ਪੈਂਤੜੇ ਵੀ ਅਤੇ ਉਸ ਦੇ ਨਾਲ ਜੁੜੀ ਸਾਧ-ਸੰਗਤ ਵੀ। ਮਿਸਾਲ ਵਜੋਂ ਉਸ ਨੇ ਬੀਰ ਦਵਿੰਦਰ ਸਿੰਘ ਨੂੰ ਵੀ ਆਪਣੇ ਨਾਲ ਤੋਰ ਲਿਆ ਹੈ, ਜਿਹੜਾ ਇੱਕੋ ਸਾਲ ਵਿੱਚ ਦੋ ਪਲਟੀਆਂ ਮਾਰ ਚੁੱਕਾ ਹੈ, ਤੇ ਤੀਜੀ ਪਤਾ ਨਹੀਂ ਕਦੋਂ ਮਾਰ ਜਾਵੇ। ਏਦਾਂ ਦੇ ਯਾਰ ਉਸ ਦੇ ਨਾਲ ਹੁੰਦਿਆਂ ਸਿਰਫ ਉਸ ਦੀ ਸੁੱਖ ਹੀ ਮੰਗੀ ਜਾ ਸਕਦੀ ਹੈ।
ਵਿਚਾਰ ਗੋਚਰੀ ਚਿੱਠੀ ਭਾਵੇਂ ਕੰਵਲ ਸਾਹਿਬ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ 'ਫ਼ਕੀਰ ਲੇਖਕ' ਵਜੋਂ ਲਿਖੀ ਹੈ, ਉਸ ਵਿੱਚੋਂ ਸਾਹਿਤਕਾਰ ਘੱਟ ਅਤੇ ਉਹ ਸਿੱਖ ਵੱਧ ਬੋਲਦਾ ਹੈ, ਜਿਸ ਨੂੰ ਹਾਲੇ ਤੱਕ ਇਹ ਝੋਰਾ ਹੀ ਨਹੀਂ ਛੱਡਦਾ ਕਿ ਹਿੰਦੁਸਤਾਨ ਨਾਲ ਰਹਿਣ ਦੀ ਥਾਂ ਜੇ ਪਾਕਿਸਤਾਨ ਵਿੱਚ ਚਲੇ ਜਾਂਦੇ ਤਾਂ ਸ਼ਾਇਦ 'ਆਪਣਾ ਰਾਜ' ਹੋ ਜਾਣਾ ਸੀ। ਉਹ ਲਿਖਦੇ ਹਨ ਕਿ 'ਮਿਸਟਰ ਜਿਨਾਹ ਸ੍ਰæ ਹਰੀ ਸਿੱਘ ਰਾਹੀਂ ਸਿੱਖਾਂ ਨੂੰ ਝਨਾਂ ਦਰਿਆ ਤੋਂ ਮਾਰਕੰਡਾ ਦਰਿਆ ਤੱਕ ਖੁਦਮੁਖਤਾਰ ਸਟੇਟ ਦੇਂਦਾ ਸੀ। ਵੀਹ ਫ਼ੀਸਦੀ ਫ਼ੌਜੀ ਭਰਤੀ ਤੇ ਲਾਹੌਰ ਦੀ ਰਾਜਧਾਨੀ, ਹੁਣ ਰੋ ਲਓ ਬਹਿ ਕੇ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਦੀ ਜਾਨ ਨੂੰ, ਜਿਨ੍ਹਾਂ ਗੁਲਾਮ ਦਰ ਗੁਲਾਮ ਬਣਾ ਕੇ ਰੱਖ ਦਿੱਤੇ।' ਇਹ ਗੱਲਾਂ ਕਰਨ ਵੇਲੇ ਕੰਵਲ ਸਾਹਿਬ ਨੂੰ ਇਹ ਕੌੜਾ ਸੱਚ ਭੁੱਲ ਗਿਆ ਕਿ ਜਦੋਂ ਪਾਕਿਸਤਾਨ ਦੀ ਹਕੂਮਤ ਨੇ ਇੱਕ ਧਰਮ, ਇਸਲਾਮ, ਦੇ ਨਾਂਅ ਉੱਤੇ ਰਾਜ ਸਥਾਪਤ ਕਰਨ ਦਾ ਐਲਾਨ ਕਰ ਦਿੱਤਾ, ਉਸ ਪਿੱਛੋਂ ਸਿੱਖਾਂ ਨੂੰ ਜਿਨਾਹ ਦੇ ਭਰੋਸੇ ਦਾ ਵੀ ਕੋਈ ਅਰਥ ਨਹੀਂ ਸੀ ਰਹਿ ਜਾਣਾ। ਸਿੱਖ ਤਾਂ ਸਿੱਖ ਹੋਣੇ ਸਨ, ਉਨ੍ਹਾਂ ਨੇ ਪਾਕਿਸਤਾਨ ਵਿੱਚ ਪਹਿਲਾਂ ਕਾਦੀਆਨੀ ਮੁਸਲਮਾਨਾਂ ਵਿਰੁੱਧ 'ਇਸਲਾਮ ਦੇ ਦੋਖੀ' ਹੋਣ ਦੇ ਫ਼ਤਵੇ ਜਾਰੀ ਕੀਤੇ, ਫਿਰ ਸ਼ੀਆ ਭਾਈਚਾਰੇ ਦੇ ਮੁਸਲਮਾਨਾਂ ਵਿਰੁੱਧ ਡਾਂਗ ਚੁੱਕ ਲਈ ਸੀ ਅਤੇ ਅੱਜ ਤੱਕ ਉਨ੍ਹਾਂ ਨੂੰ ਬਰਾਬਰ ਦੇ ਨਾਗਰਿਕ ਮੰਨਣ ਦੀ ਥਾਂ ਮਾਰਿਆ ਜਾ ਰਿਹਾ ਹੈ। ਇਸ ਪਿੱਛੋਂ ਉਹ ਮੁਹਾਜਰਾਂ ਦੇ ਗਲ਼ ਵੀ ਪੈ ਗਏ। ਮੁਹਾਜਰ ਉਹ ਲੋਕ ਹਨ, ਜਿਨ੍ਹਾਂ ਨੇ ਪਾਕਿਸਤਾਨ ਨਾਂਅ ਦਾ ਵੱਖਰਾ ਮੁਲਕ ਬਣਾਉਣ ਵਾਸਤੇ ਆਪਣੇ ਘਰ-ਬਾਰ ਛੱਡੇ ਤੇ ਹੁਣ ਦੇ ਹਿੰਦੁਸਤਾਨੀ ਇਲਾਕੇ ਵਿੱਚੋਂ ਉੱਠ ਕੇ ਓਥੇ ਗਏ ਸਨ। ਜਿਸ ਜਿਨਾਹ ਦੀ ਗੱਲ ਕੰਵਲ ਸਾਹਿਬ ਕਰਦੇ ਹਨ, ਉਹ ਭਾਰਤੀ ਖੇਤਰ ਤੋਂ ਗਿਆ ਮੁਹਾਜਰ ਵੀ ਸੀ ਅਤੇ ਸ਼ੀਆ ਵੀ, ਜੇ ਉਹ ਜਿਊਂਦਾ ਹੁੰਦਾ ਤਾਂ ਨੋਟਾਂ ਉੱਤੇ ਉਸ ਦੀ ਫੋਟੋ ਛਾਪਣ ਦੀ ਥਾਂ ਅੱਜ ਦੇ ਪਾਕਿਸਤਾਨ ਵਿੱਚ ਮਾਰ ਹੇਠ ਆਏ ਮੁਹਾਜਰਾਂ ਤੇ ਸ਼ੀਆ ਲੋਕਾਂ ਵਾਂਗ ਉਹ ਵੀ ਬੰਦੂਕ ਦੀ ਨੋਕ ਰੱਖਿਆ ਹੋਣਾ ਸੀ। 'ਜਿਨ੍ਹਾਂ ਫੂਕੇ ਆਪਣੇ, ਫੂਕ ਦੇਣ ਪਰਾਏ' ਦੇ ਅਮਲ ਵਾਂਗ ਜਿਨ੍ਹਾਂ ਨੇ ਆਪਣੇ ਮੁਸਲਮਾਨ ਭਾਈਬੰਦਾਂ ਦਾ ਜੀਊਣਾ ਹਰਾਮ ਕਰ ਰੱਖਿਆ ਹੈ, ਉਨ੍ਹਾਂ ਨੇ ਸਿੱਖਾਂ ਨਾਲ ਵੀ ਘੱਟ ਨਹੀਂ ਸੀ ਗੁਜ਼ਾਰਨੀ। 'ਵੀਹ ਫ਼ੀਸਦੀ ਫ਼ੌਜੀ ਭਰਤੀ ਤੇ ਲਾਹੌਰ ਦੀ ਰਾਜਧਾਨੀ' ਦੇ ਸੁਫ਼ਨੇ ਕੰਵਲ ਸਾਹਿਬ ਪਤਾ ਨਹੀਂ ਕਿਸ ਨੂੰ ਤੇ ਕਿਉਂ ਚੇਤੇ ਕਰਵਾਉਣੇ ਚਾਹੁੰਦੇ ਹਨ? ਇਸ ਨਾਲ ਤਾਂ ਸਿਰਫ਼ ਏਨਾ ਸਾਬਤ ਹੁੰਦਾ ਹੈ ਕਿ ਤਰੇਹਠ ਸਾਲ ਲੰਘਾ ਕੇ ਵੀ 'ਕੁਝ ਲੋਕ' ਆਪਣੇ ਮੁਲਕ ਨੂੰ 'ਆਪਣਾ' ਨਹੀਂ ਮੰਨ ਸਕੇ, ਹੋਰ ਕੁਝ ਨਹੀਂ ਲੱਭਦਾ।
ਕਿਉਂਕਿ ਚਿੱਠੀ ਇੱਕ ਪੰਜਾਬੀ ਜਾਂ ਨਿਰਪੱਖ ਸਾਹਿਤਕਾਰ ਦੀ ਨਾ ਰਹਿ ਕੇ ਇੱਕ ਸਿੱਖ ਦੀ ਬਣ ਗਈ ਹੈ, ਇਸ ਲਈ ਦੋ ਗੱਲਾਂ ਉਹ ਹੋਰ ਵੀ ਆਖ ਗਏ ਹਨ। ਪਹਿਲੀ ਤਾਂ ਕਾਂਗਰਸ ਬਾਰੇ ਕਿ 'ਪੰਜਾਬ ਕਾਂਗਰਸ ਨਲੱਜੀ ਹੋਈ ਕੇਂਦਰ ਵੱਲ ਝਾਕਦੀ ਹੈ।' ਕਾਂਗਰਸ ਪਾਰਟੀ ਬਾਰੇ ਉਹ ਜੋ ਵੀ ਕਹਿਣ, ਪਰ ਆਪਣੀ ਤੱਕੜੀ ਨੂੰ ਅਕਾਲੀ ਦਲ ਦਾ ਚੋਣ ਨਿਸ਼ਾਨ ਸਮਝ ਕੇ ਨਾ ਵਰਤਣ। ਜੇ 'ਪੰਜਾਬ ਕਾਂਗਰਸ ਨਲੱਜੀ ਹੋਈ' ਪਈ ਹੈ ਤਾਂ ਅਕਾਲੀ ਦਲ ਦੇ ਅੰਦਰ ਵੀ ਹੁਣ ਅਣਖ ਵਾਲਾ ਕੌਣ ਦਿੱਸਦਾ ਹੈ? ਕਾਂਗਰਸੀ ਆਗੂ ਜੇ ਰਾਹੁਲ ਗਾਂਧੀ ਦੇ ਪਿੱਛੇ-ਪਿੱਛੇ ਨੱਚਦੇ ਫਿਰਦੇ ਹਨ ਤਾਂ ਅਕਾਲੀ ਦਲ ਦੇ ਬਜ਼ੁਰਗ ਆਗੂ ਵੀ ਆਪਣੇ ਕੁੱਛੜ ਚੁੱਕ ਕੇ ਖਿਡਾਏ ਕੱਲ੍ਹ ਦੇ ਕਾਕੇ ਦੇ ਗੋਡੀਂ ਹੱਥ ਲਾਉਂਦਿਆਂ ਸ਼ਰਮ ਨਹੀਂ ਕਰਦੇ। ਪੁਰਾਣੇ ਸਮੇਂ ਦਾ ਪੰਥ ਤਾਂ ਹੁਣ ਰਿਹਾ ਨਹੀਂ, ਓਸੇ ਦਿਨ ਦਾ ਨਵਾਂ ਰੂਪ ਅਖਤਿਆਰ ਕਰ ਚੁੱਕਾ ਹੈ, ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਦੇ ਘਰ ਪੋਤੇ ਦਾ ਜਨਮ ਹੋਣ ਉੱਤੇ ਸਾਰੇ ਪੰਜਾਬ ਵਿੱਚ ਆਖੰਡ ਪਾਠ ਰਖਵਾਏ ਤੇ ਇਹ ਇਸ਼ਤਿਹਾਰ ਛਪਵਾਏ ਗਏ ਸਨ ਕਿ 'ਪੰਥ ਦਾ ਵਾਰਸ' ਪੈਦਾ ਹੋ ਗਿਆ ਹੈ। ਓਸੇ ਪਰਵਾਰ ਵਿੱਚ ਪੋਤੀਆਂ ਦੇ ਜਨਮ ਮੌਕੇ ਇੱਕ ਵੀ ਇਸ਼ਤਿਹਾਰ ਏਦਾਂ ਦਾ ਨਹੀਂ ਸੀ ਛਪਿਆ। ਇਸ ਬਾਰੇ ਕੰਵਲ ਸਾਹਿਬ ਦੀ ਕਲਮ ਚੁੱਪ ਰਹੀ ਸੀ, ਪਰ ਲਿਖਣ ਵਾਲਿਆਂ ਨੇ ਓਦੋਂ ਵੀ ਲਿਖ ਦਿੱਤਾ ਸੀ।
'ਲੱਜ ਵਾਲੇ ਅਕਾਲੀਆਂ' ਬਾਰੇ ਕੰਵਲ ਸਾਹਿਬ ਨੂੰ ਇਹ ਵੀ ਚੇਤੇ ਕਰਵਾਉਣਾ ਕੁਥਾਂ ਨਹੀਂ ਹੋਵੇਗਾ ਕਿ 1999 ਦੀਆਂ ਪਾਰਲੀਮੈਂਟ ਚੋਣਾਂ ਮੌਕੇ ਲੁਧਿਆਣੇ ਵਿੱਚ ਬਾਦਲ ਸਾਹਿਬ ਨੇ ਇਹ ਕਿਹਾ ਸੀ ਕਿ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਦਿੱਤੇ ਜਾਣ ਦੇ ਖਿਲਾਫ਼ ਅਕਾਲੀ-ਭਾਜਪਾ ਗੱਠਜੋੜ ਮਿਲ ਕੇ ਲੜਾਈ ਲੜੇਗਾ, ਪਰ ਉਨ੍ਹਾ ਪਿੱਛੋਂ ਬੋਲਣ ਵਾਲੇ ਆਖਰੀ ਬੁਲਾਰੇ ਅਟਲ ਬਿਹਾਰੀ ਵਾਜਪਾਈ ਨੇ ਇਹ ਫੁਰਮਾ ਦਿੱਤਾ ਸੀ ਕਿ ਮੇਰੀ ਸਰਕਾਰ ਦੀ ਨੀਤੀ ਹੈ ਕਿ ਦੇਸ਼ ਦੇ ਸਾਰੇ ਦਰਿਆਵਾਂ ਦਾ ਪਾਣੀ ਸੁਰੰਗਾਂ ਰਾਹੀਂ ਇੱਕ ਦੂਜੇ ਨਾਲ ਜੋੜ ਦੇਣਾ ਹੈ, ਤਾਂ ਕਿ ਜਿੱਥੇ ਲੋੜ ਪਵੇ, ਓਥੇ ਭੇਜ ਸਕੀਏ। ਇਹ ਬਾਦਲ ਸਾਹਿਬ ਦੀ ਗੱਲ ਉੱਤੇ ਖੜੇ ਪੈਰ ਕਾਟਾ ਫੇਰਨ ਵਾਂਗ ਸੀ। ਨੀਵਾਣ ਵੱਲੋਂ ਪਾਣੀ ਉਚਾਣ ਵੱਲ ਕਦੇ ਨਹੀਂ ਜਾ ਸਕਦਾ, ਨਾ ਪੰਜਾਬ ਦਾ ਪਾਣੀ ਸ਼ਿਮਲੇ ਨੂੰ ਭੇਜਿਆ ਜਾ ਸਕਦਾ ਹੈ ਤੇ ਨਾ ਕਰਨਾਟਕਾ ਅਤੇ ਗੁਜਰਾਤ ਦੀਆਂ ਭਾਜਪਾ ਸਰਕਾਰਾਂ ਓਥੋਂ ਦਾ ਪਾਣੀ ਪੰਜਾਬ ਨੂੰ ਦੇ ਸਕਦੀਆਂ ਹਨ, ਸੁਰੰਗਾਂ ਨਾਲ ਵੀ ਏਦਾਂ ਨਹੀਂ ਹੋ ਸਕਦਾ। ਇਹ ਤਾਂ ਪੰਜਾਬ ਦਾ ਪਾਣੀ ਖੋਹ ਕੇ ਦੂਜੇ ਪਾਸੇ ਦੇਣ ਦਾ ਸਪੱਸ਼ਟ ਐਲਾਨ ਸੀ, ਜਿਸ ਦਾ ਵਿਰੋਧ ਬਾਦਲ ਸਾਹਿਬ ਨੇ ਨਹੀਂ ਸੀ ਕੀਤਾ, ਉਂਜ 'ਨਲੱਜੀ' ਸਿਰਫ ਕਾਂਗਰਸ ਹੈ, ਅਕਾਲੀ ਕੰਵਲ ਸਾਹਿਬ ਦੀ ਨਜ਼ਰ ਵਿੱਚ 'ਅਣਖ ਵਾਲੇ' ਹੋਣਗੇ।
ਦੂਸਰੀ ਗੱਲ ਇਹ ਕਿ ਕੰਵਲ ਸਾਹਿਬ ਨੂੰ ਬਾਦਲ ਸਾਹਿਬ ਦੇ ਘਰ ਵਿੱਚੋਂ ਪੰਜਾਬ ਦਿੱਸਦਾ ਹੈ। ਚਰਚਾ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਤੇ ਭਤੀਜੇ ਦੇ ਕੁਝ ਮੱਤਭੇਦਾਂ ਕਾਰਨ ਵੱਖੋ-ਵੱਖਰੇ ਰਾਹ ਤੁਰਨ ਦੀ ਕਰਦੇ ਹਨ, ਪਰ ਆਖ ਇਹ ਰਹੇ ਹਨ ਕਿ 'ਪੰਜਾਬੀਆਂ ਦਾ ਪਾਟਣਾ, ਇਹਦਾ ਹੋਰ ਵੀ ਬੇੜਾ ਗਰਕ ਕਰੇਗਾ।' ਸਕੇ ਚਾਚੇ-ਤਾਏ ਦੇ ਪੁੱਤਰਾਂ, ਜਾਂ ਦੋ ਸ਼ਰੀਕਾਂ ਦਾ ਪਾਟਕ, 'ਪੰਜਾਬੀਆਂ ਦਾ ਪਾਟਣਾ' ਕਿਵੇਂ ਬਣ ਗਿਆ? ਇਸ ਦਾ ਭਾਵ ਤਾਂ ਇਹ ਹੈ ਕਿ ਕੰਵਲ ਸਾਹਿਬ ਇਸ ਪਰਵਾਰ ਨੂੰ ਹੀ 'ਪੰਜਾਬ' ਮੰਨੀ ਬੈਠੇ ਹਨ। ਕਦੇ ਕਾਂਗਰਸ ਵਿੱਚ ਇਹ ਰੁਝਾਨ ਬਣਿਆ ਸੀ, ਜਦੋਂ ਉਸ ਦੇ ਪ੍ਰਧਾਨ ਦੇਵ ਕਾਂਤ ਬਰੂਆ ਨੇ 'ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ' ਕਿਹਾ ਸੀ, ਹੁਣ ਇੱਕ 'ਫ਼ਕੀਰ ਲੇਖਕ' ਨੂੰ ਬਾਦਲ ਪਰਵਾਰ ਹੀ ਸਮੁੱਚਾ ਪੰਜਾਬ ਦਿਖਾਈ ਦੇ ਰਿਹਾ ਹੈ। ਉਹ ਬਾਦਲ ਪਰਵਾਰ ਦੇ ਮੁਖੀ ਪ੍ਰਕਾਸ਼ ਸਿੰਘ ਨੂੰ ਇਹ ਵੀ ਸਮਝਾਉਣੀ ਦੇਂਦੇ ਹਨ ਕਿ 'ਗੱਲ ਨਿਰੀ ਤੁਹਾਡੇ ਮਨ ਹਾਰਨ ਦੀ ਨਹੀਂ, ਮਲਾਹ ਦੇ ਗਲਤ ਚੱਪੂ ਮਾਰਨ ਨਾਲ ਕੌਮੀ ਬੇੜੀ ਦੇ ਗਰਕਣ ਦਾ ਸਵਾਲ ਖੜਾ ਹੋ ਗਿਆ ਐ। ਤਾਰੀਖੀ ਨਤੀਜਿਆਂ ਦੇ ਹਸ਼ਰ ਨੂੰ ਜਾਣ ਕੇ ਤੁਸੀਂ ਦੋਵੇਂ ਮਲਾਹ ਭਰਾਵਾਂ ਦੀਆਂ ਜੱਫੀਆਂ ਪਵਾਓਗੇ।' ਇਹ ਕਿਹੜੀ ਦਾਨਾਈ ਹੈ, ਜਿਹੜੀ ਕੰਵਲ ਸਾਹਿਬ ਨੇ ਪੇਸ਼ ਕਰ ਦਿੱਤੀ ਹੈ? ਇਹ ਪਹਿਲੀ ਗੱਲ ਤਾਂ ਅਸੀਂ ਵੀ ਮੰਨ ਲਵਾਂਗੇ ਕਿ ਮੁੱਖ ਮੰਤਰੀ ਹੋਣ ਵਜੋਂ ਅੱਜ ਪੰਜਾਬ ਦੀ ਬੇੜੀ ਦੇ ਮਲਾਹ ਪ੍ਰਕਾਸ਼ ਸਿੰਘ ਬਾਦਲ ਹਨ, ਪਰ ਉਹ ਅਗਲੀ ਪੀੜ੍ਹੀ ਨੂੰ ਵੀ ਹੁਣ ਤੋਂ ਹੀ ਪੰਜਾਬੀਅਤ ਦੇ 'ਮਲਾਹ' ਦਾ ਖਿਤਾਬ ਦੇਣ ਤੁਰ ਪਏ ਹਨ। ਇਹ ਕਹਿਣਾ ਕਿ 'ਤੁਸੀਂ ਦੋਵੇਂ ਮਲਾਹ ਭਰਾਵਾਂ ਦੀਆਂ ਜੱਫੀਆਂ ਪਵਾਓ' ਦੱਸ ਦੇਂਦਾ ਹੈ ਕਿ ਕੰਵਲ ਸਾਹਿਬ ਦੀ ਸਾਰੀ ਸੋਚ ਏਥੇ ਖੜੀ ਹੈ ਕਿ ਇਹੋ ਦੋਵੇਂ ਭਰਾ ਪੰਜਾਬ ਦੀ ਬੇੜੀ ਦੇ 'ਮਲਾਹ' ਹਨ, ਜੇ ਕਿਸੇ ਤਰ੍ਹਾਂ ਇਨ੍ਹਾਂ ਦਾ ਏਕਾ ਹੋ ਜਾਵੇ ਤਾਂ ਏਸੇ ਨਾਲ ਪੰਜਾਬ ਦੀ ਬੇੜੀ ਬੰਨੇ ਲੱਗ ਜਾਵੇਗੀ। ਕੰਵਲ ਸਾਹਿਬ ਕਹਿੰਦੇ ਹਨ ਕਿ 'ਕਰਮ ਤੇ ਧਰਮ ਦੋਵੇਂ ਸਕੇ ਭਰਾ, ਲੜਨਗੇ ਤਾਂ ਘਰ ਹੀ ਨਹੀਂ, ਪੰਜਾਬ ਪਹਿਲਾਂ ਵੀਰਾਨ ਹੋਵੇਗਾ।' ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਵਿੱਚੋਂ ਕੰਵਲ ਸਾਹਿਬ ਨੇ 'ਕਰਮ' ਜਾਂ ਕੰਮ ਕਰਨ ਵਿੱਚ ਭਰੋਸਾ ਰੱਖਣ ਵਾਲਾ ਪਤਾ ਨਹੀਂ ਕਿਹੜੇ ਨੂੰ ਕਿਹਾ ਹੈ ਤੇ 'ਧਰਮ' ਵਿੱਚ ਭਰੋਸਾ ਕਰ ਕੇ ਧੜੇ ਨਾਲੋਂ ਧਰਮ ਨੂੰ ਉੱਤੇ ਰੱਖਣ ਦੀ ਜ਼ਿਮੇਵਾਰੀ ਪਤਾ ਨਹੀਂ ਕਿਹੜੇ ਉੱਤੇ ਸੁੱਟ ਦਿੱਤੀ ਹੈ, ਪਰ ਗੱਲ ਮੁੜ-ਮੁੜ ਏਥੇ ਲੈ ਆਉਂਦੇ ਹਨ ਕਿ ''ਮਨਪ੍ਰੀਤ ਨੂੰ ਬਾਂਹੋਂ ਫੜ ਕੇ ਉਸ ਦੀ ਕੁਰਸੀ'ਤੇ ਲਿਆ ਬਹਾਵੋ।"
ਜੇ ਸਾਰੀ ਚਿੱਠੀ ਦਾ ਸਾਰ-ਤੱਤ ਏਹੋ ਹੈ ਤਾਂ ਫਿਰ ਕੰਵਲ ਸਾਹਿਬ ਦੀ ਨਜ਼ਰ ਵਿੱਚ ਇੱਕ ਚੁਟਕੁਲਾ ਪੇਸ਼ ਕਰਨ ਦੀ ਆਗਿਆ ਚਾਹੁੰਦਾ ਹਾਂ। ਇਹ ਚੁਟਕੁਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਇੱਕ ਰਸਾਲੇ ਵਿੱਚ ਛਪ ਚੁੱਕਾ ਹੈ ਕਿ ਇੱਕ ਚਾਰ ਜਣਿਆਂ ਨੇ ਰਲ ਕੇ ਸਾਂਝਾ ਕਾਰੋਬਾਰ ਕਰਨ ਲਈ ਇਕ ਕਾਰ ਖਰੀਦ ਕੇ ਟੈਕਸੀ ਪਾਈ ਸੀ। ਇੱਕ ਦੂਜੇ ਉੱਤੇ ਯਕੀਨ ਨਾ ਹੋਣ ਕਰ ਕੇ ਉਹ ਚਾਰੇ ਜਣੇ ਚਲਾਉਂਦੇ ਤਾਂ ਵਾਰੀ-ਵਾਰੀ ਸਨ, ਪਰ ਗੱਡੀ ਵਿੱਚ ਹਰ ਸਮੇਂ ਇਕੱਠੇ ਬੈਠਦੇ ਸਨ। ਜਦੋਂ ਚਾਰ ਜਣੇ ਉਹ ਆਪ ਬੈਠਦੇ ਸਨ, ਕਾਰ ਵਿੱਚ ਸਵਾਰੀ ਲਈ ਥਾਂ ਨਹੀਂ ਸੀ ਰਹਿੰਦੀ। ਅੱਕ ਕੇ ਵੇਚਣ ਲੱਗੇ ਤਾਂ ਉਹ ਵਿਕ ਨਾ ਸਕੀ। ਫਿਰ ਉਨ੍ਹਾਂ ਨੇ ਉਹ ਕਾਰ ਦਰਿਆ ਵਿੱਚ ਸੁੱਟਣ ਦਾ ਫ਼ੈਸਲਾ ਕਰ ਲਿਆ, ਪਰ ਇਹ ਕੰਮ ਵੀ ਕਰ ਨਹੀਂ ਸਨ ਸਕੇ, ਕਿਉਂਕਿ ਦੋ ਜਣੇ ਅੱਗੋਂ ਪਿਛਾਂਹ ਨੂੰ ਧੱਕੀ ਜਾਂਦੇ ਸਨ ਤੇ ਦੋ ਪਿੱਛੋਂ ਅਗਾਂਹ ਵੱਲ ਧੱਕੀ ਜਾਂਦੇ ਸਨ। ਏਥੇ ਚਾਰ ਦੀ ਵੀ ਲੋੜ ਨਹੀਂ, ਇਹ ਦੋ 'ਮਲਾਹ' ਹੀ ਬੇੜੀ ਨੂੰ ਇੱਕ ਸੇਧ ਵਿੱਚ ਕਦੇ ਨਹੀਂ ਚਲਾ ਸਕੇ।
ਅੱਜ-ਕੱਲ੍ਹ ਕੰਵਲ ਸਾਹਿਬ 'ਜਾਗੋ ਪੰਜਾਬ' ਯਾਤਰਾ ਦੌਰਾਨ ਮਨਪ੍ਰੀਤ ਸਿੰਘ ਦੇ ਨਾਲ ਹਨ, ਉਹ ਉਸ ਨੂੰ ਤਾਂ ਪੁੱਛ ਕੇ ਵੇਖ ਲੈਂਦੇ ਕਿ ਕੀ ਉਹ ਉਸ ਘਰ ਮੁੜ ਕੇ ਜਾਣ ਨੂੰ ਤਿਆਰ ਹੈ, ਜਿਸ ਬਾਰੇ ਕਿਹਾ ਜਾ ਸਕਦਾ ਹੈ ਕਿ 'ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ'? ਜਿੱਥੇ ਸੁਖਬੀਰ ਸਿੰਘ ਬਾਦਲ ਦੇ ਪਰਨਾ-ਚੁੱਕ ਵੀ ਮਨਪ੍ਰੀਤ ਬਾਦਲ ਨੂੰ 'ਪੰਥ ਦਾ ਗਦਾਰ' ਅਤੇ 'ਕਾਂਗਰਸ ਦਾ ਏਜੰਟ' ਆਖ ਕੇ ਚਿੜਾ ਰਹੇ ਹਨ, ਉਸ ਪਾਸੇ ਵੱਲ ਜਾਣ ਦੇ ਹਰ ਸਵਾਲ ਉੱਤੇ ਖੜੇ ਪੈਰ ਕਾਟਾ ਮਾਰ ਕੇ ਮਨਪ੍ਰੀਤ ਇਹ ਕਹਿੰਦਾ ਹੈ ਕਿ 'ਘਰ ਵਾਪਸੀ ਦੀਆਂ ਗੱਲਾਂ ਉਹ ਲੋਕ ਕਰਦੇ ਹਨ, ਜਿਹੜੇ ਮੇਰੇ ਪ੍ਰੋਗਰਾਮ ਨੂੰ ਸਾਬੋਤਾਜ ਕਰਨਾ ਚਾਹੁੰਦੇ ਹਨ।' ਉਹ ਤਾਂ ਆਪ ਹੀ ਹੁਣ ਓਧਰ ਜਾਣ ਨੂੰ ਤਿਆਰ ਨਹੀਂ ਤੇ ਕੰਵਲ ਸਾਹਿਬ ਉਸ ਦੇ ਨਾਲ ਤੁਰੇ ਫਿਰਦੇ ਵੀ ਕਹੀ ਜਾਂਦੇ ਹਨ ਕਿ 'ਕਰਮ ਤੇ ਧਰਮ ਦੋਵੇਂ ਸਕੇ ਭਰਾ, ਲੜਨਗੇ ਤਾਂ ਘਰ ਹੀ ਨਹੀਂ, ਪੰਜਾਬ ਪਹਿਲਾਂ ਵੀਰਾਨ ਹੋਵੇਗਾ।' ਜੇ ਇਨ੍ਹਾਂ ਦੋਵਾਂ ਭਰਾਵਾਂ ਦੇ ਇਕੱਠੇ ਹੋਣ ਨਾਲ ਹੀ ਪੰਜਾਬ ਦਾ ਭਲਾ ਹੋਣਾ ਹੁੰਦਾ ਤਾਂ ਪਿਛਲੇ ਸੋਲਾਂ ਸਾਲਾਂ ਤੋਂ ਦੋਵੇਂ ਇਕੱਠੇ ਹੀ ਤੁਰੇ ਫਿਰਦੇ ਸਨ, ਓਦੋਂ ਪੰਜਾਬ ਵਿੱਚ ਸੋਨੇ ਦੀਆਂ ਕਣੀਆਂ ਕਿਉਂ ਨਹੀਂ ਸਨ ਪੈਣ ਲੱਗ ਪਈਆਂ?
ਅਸੀਂ ਇਹ ਕਹਿਣਾ ਚਾਹਾਂਗੇ ਕਿ ਕੰਵਲ ਸਾਹਿਬ ਨੇ ਕਲਮ ਚੁੱਕਣ ਵਿੱਚ ਦੇਰ ਤਾਂ ਕੀਤੀ ਹੀ ਹੈ, 'ਦੇਰ ਆਇਦ, ਦਰੁਸਤ ਆਇਦ' ਦੇ ਅਖਾਣ ਵਾਂਗ ਦਰੁਸਤ ਗੱਲ ਵੀ ਹਾਲੇ ਨਹੀਂ ਕਰ ਰਹੇ। ਉਹ ਦੂਜਿਆਂ ਨੂੰ ਸੇਧ ਦੇਣਾ ਚਾਹੁੰਦੇ ਹਨ, ਪਰ ਆਪ ਸੇਧ ਤੋਂ ਸੱਖਣੀਆਂ ਗੱਲਾਂ ਕਰੀ ਜਾਂਦੇ ਹਨ। ਕਦੇ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਕਹਿ ਦੇਂਦੇ ਹਨ ਕਿ ''ਜਿਹੜੀ ਮਿੱਤਰ ਢਾਣੀ ਬਹੁਗਿਣਤੀ ਵਾਲੀ ਨਾਲ ਲਾਈ ਫਿਰਦੇ ਓ, ਮੰਡੀ 'ਤੇ ਲੈ ਜਾਓ, ਕਿਸੇ ਦੁਆਨੀ ਵੱਟੇ ਨਹੀਂ ਖਰੀਦਣੇ'' ਤੇ ਕਦੇ ਇਹ ਕਹਿੰਦੇ ਹਨ ਕਿ 'ਤੁਸੀਂ ਗੁਰੂ ਨਾਨਕ ਦੀ ਸੱਚੀ ਸੁੱਚੀ ਸੋਚ ਤੇ ਗੁਰੂ ਗੋਬਿੰਦ ਸਿੰਘ ਦੀ ਬਹਾਦਰ ਜੁਰਅਤ ਦੀ ਪੈਦਾਵਾਰ ਹੋ। ਮਾਮੂਲੀ ਝੱਖੜ-ਝਾਂਜਾ ਤੁਹਾਨੂੰ ਉਦਾਸ ਨਹੀਂ ਕਰ ਸਕਦਾ। ਤੁਸੀਂ ਇੱਕ ਬਹਾਦਰ ਕੌਮ ਦਾ ਸਚਿਆਰਾ ਅਮਲ ਹੋ।' ਜਿਸ ਅਕਾਲੀ ਲੀਡਰ ਨੇ ਪਿਛਲੇ ਸਮੇਂ ਵਿੱਚ ਇੱਕ ਪਿੱਛੋਂ ਦੂਜਾ ਕਈ ਕੰਮ ਇਹੋ ਜਿਹੇ ਕੀਤੇ, ਜਿਨ੍ਹਾਂ ਨੂੰ ਨਾ ਪੰਜਾਬੀਅਤ ਦੇ ਭਲੇ ਵਾਲੇ ਆਖਿਆ ਜਾ ਸਕਦਾ ਹੈ, ਨਾ ਸਿੱਖੀ ਦੇ ਭਲੇ ਵਾਲੇ, ਉਸ ਲੀਡਰ ਨੂੰ ਕੰਵਲ ਸਾਹਿਬ 'ਕੌਮ ਦਾ ਸਚਿਆਰਾ ਅਮਲ' ਆਖ ਕੇ ਵਿਚਾਰੀ ਕੌਮ ਨੂੰ ਵੀ ਤਰਸ ਦੀ ਪਾਤਰ ਬਣਾ ਦੇਂਦੇ ਹਨ। ਸਿੱਖਾਂ ਦੇ ਤਖਤਾਂ ਦੇ ਜਥੇਦਾਰਾਂ ਨੂੰ ਸੜਕ ਮਹਿਕਮੇ ਦੇ ਬੇਲਦਾਰਾਂ ਵਾਂਗ ਬਿਨਾਂ ਕੋਈ ਨੋਟਿਸ ਦਿੱਤਿਆਂ ਅੱਧੀ ਰਾਤ ਨੂੰ ਸਰਕਾਰੀ ਰੈੱਸਟ ਹਾਊਸਾਂ ਵਿੱਚ ਬੈਠ ਕੇ ਬਦਲ ਦੇਣ ਦਾ ਕੰਮ ਵੀ ਇਹੋ 'ਕੌਮ ਦਾ ਸਚਿਆਰਾ ਅਮਲ' ਕਰਦਾ ਰਿਹਾ ਹੈ। ਨਰਿੰਦਰ ਮੋਦੀ ਵਰਗੇ ਬੰਦੇ ਨੂੰ ਬਿਹਾਰ ਦੇ ਨਿਤੀਸ਼ ਕੁਮਾਰ ਨੇ ਤਾਂ ਕਹਿ ਦਿੱਤਾ ਕਿ 'ਮੇਰੇ ਅੰਗਨੇ ਤੁਮਾਰਾ ਕਿਆ ਕਾਮ ਹੈ', ਪਰ ਬਾਦਲ ਸਾਹਿਬ ਨੇ ਉਸ ਨੂੰ ਉਸ ਲੁਧਿਆਣੇ ਸ਼ਹਿਰ ਵਿੱਚ ਲਿਆ ਕੇ ਚੋਣਾਂ ਵੇਲੇ ਉਚੇਚੀ ਤਕਰੀਰ ਕਰਾਈ ਸੀ, ਜਿੱਥੇ ਪਿਛਲੇ ਸਾਲ ਫ਼ਿਰਕੂ ਝੜਪਾਂ ਕਾਰਨ ਦੋ ਵਾਰੀ ਕਰਫ਼ਿਊ ਲਾਉਣਾ ਪੈ ਗਿਆ ਹੈ। ਇਸੇ ਬਾਦਲ ਸਾਹਿਬ ਨੇ ਇੱਕ ਵਾਰੀ ਇਹ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਹਰ ਸਾਲ ਇੱਕ ਈਮਾਨਦਾਰ ਅਫਸਰ ਨੂੰ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਦਿੱਤਾ ਜਾਇਆ ਕਰੇਗਾ, ਪਰ ਦਿੱਤਾ ਕਦੇ ਕਿਸੇ ਨੂੰ ਨਹੀਂ ਸੀ, ਕਿਉਂਕਿ ਇੰਜ ਕਰਨ ਵੇਲੇ ਨਾਲ ਫਿਰਦੇ ਅਫਸਰਾਂ ਨੂੰ ਛੱਡ ਕੇ ਹੋਰ ਚੁਣਨੇ ਪੈਣੇ ਸਨ ਤੇ ਇੰਜ ਜ਼ਾਹਰ ਹੋ ਜਾਣਾ ਸੀ ਕਿ ਜਿਹੜੇ ਲੋਕ 'ਕਿਚਨ ਕਮੇਟੀ' ਵਿੱਚ ਗਿਣੇ ਜਾਂਦੇ ਹਨ, ਉਨ੍ਹਾਂ ਵਿੱਚ ਕੋਈ ਵੀ ਏਨਾ ਪਾਏਦਾਰ ਨਹੀਂ ਕਿ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਣ ਲਈ ਚੁਣਿਆ ਜਾ ਸਕੇ।
ਇਹ ਸਾਰਾ ਕੁਝ ਕੰਵਲ ਸਾਹਿਬ ਨੂੰ ਯਾਦ ਨਹੀਂ ਰਿਹਾ ਜਾਂ ਉਹ ਇਸ ਨੂੰ ਯਾਦ ਰੱਖ ਕੇ ਵੀ ਹਕੀਕਤਾਂ ਤੋਂ ਬਾਈਪਾਸ ਲੰਘਣਾ ਚਾਹੁੰਦੇ ਹਨ, ਇਹ ਸਿਰਫ਼ 'ਫਕੀਰ ਲੇਖਕ'' ਨੂੰ ਪਤਾ ਹੋਵੇਗਾ।

No comments:

Post a Comment