ਦ੍ਰਿਸ਼ਟੀਕੋਣ (7)- ਜਤਿੰਦਰ ਪਨੂੰ

ਬੋਲ-ਬਾਣੀ ਦੀਆਂ ਨਿਵਾਣਾਂ ਸਦਾ ਆਰ ਐਸ ਐਸ ਦੇ ਆਗੂ ਹੀ ਕਿਉਂ ਛੋਂਹਦੇ ਹਨ?
ਗਿਆਰਾਂ ਅਤੇ ਬਾਰਾਂ ਨਵੰਬਰ ਦੇ ਦੋਵੇਂ ਦਿਨ ਭਾਰਤ ਵਿੱਚ ਇੱਕ ਨਵੇਂ ਭੇੜ ਦੇ ਗਵਾਹ ਬਣ ਗਏ, ਜਿਸ ਵਿੱਚ ਇੱਕ ਪਾਸੇ ਭਾਰਤ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਕਾਂਗਰਸ ਸੀ ਤੇ ਦੂਜੇ ਪਾਸੇ ਹਿੰਦੂ ਫਿਰਕਾਪ੍ਰਸਤੀ ਦੀ ਸਭ ਤੋਂ ਵੱਡੀ ਧਿਰ ਆਰ ਐਸ ਐਸ ਵਾਲੇ ਸਨ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਪ੍ਰਕਾਸ਼ ਜਾਵੜੇਕਰ ਅਤੇ ਮੁਖਤਾਰ ਅੱਬਾਸ ਨੱਕਵੀ ਨੇ ਇਹ ਦੋਸ਼ ਲਾ ਦਿੱਤਾ ਕਿ ਕਾਂਗਰਸ ਪਾਰਟੀ ਨੇ ਆਪਣੇ ਆਗੂਆਂ ਦੇ ਭ੍ਰਿਸ਼ਟਾਚਾਰ ਦੇ ਕਿੱਸਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਹਟਾਉਣ ਲਈ ਆਰ ਐਸ ਐਸ ਦੇ ਵਿਰੁੱਧ ਮਾਮੂਲੀ ਗੱਲ ਨੂੰ ਵੱਡੀ ਬਣਾ ਕੇ ਨੌਟੰਕੀ ਸ਼ੁਰੂ ਕੀਤੀ ਹੈ। ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਕਾਂਗਰਸ ਪਾਰਟੀ ਆਪਣੇ ਇੱਕ ਮੁੱਖ ਮੰਤਰੀ ਨੂੰ ਪਾਸੇ ਕਰ ਕੇ ਵੀ ਭ੍ਰਿਸ਼ਟਾਚਾਰ ਵਿਰੁੱਧ ਪੈ ਰਹੇ ਚੀਕ-ਚਿਹਾੜੇ ਨੂੰ ਮੱਠਾ ਨਹੀਂ ਪਾ ਸਕੀ, ਕਿਉਂਕਿ ਉਸ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਵਿੱਚ ਬੈਠੇ ਡੀ ਐਮ ਕੇ ਪਾਰਟੀ ਦੇ ਮੰਤਰੀ ਏæ ਰਾਜਾ ਵੱਲੋਂ ਟੈਲੀਕਾਮ ਖੇਤਰ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਘੁਟਾਲੇ ਵਿੱਚੋਂ ਨਿਕਲਣ ਦਾ ਰਾਹ ਨਹੀਂ ਲੱਭ ਰਿਹਾ। ਬਦਲਣਾ ਆਪਣੇ ਮੁੱਖ ਮੰਤਰੀ ਨੂੰ ਵੀ ਔਖਾ ਹੁੰਦਾ ਹੈ, ਪਰ ਭਾਈਵਾਲ ਪਾਰਟੀ ਦੇ ਬੰਦੇ ਨੂੰ ਬਾਹਰ ਦਾ ਦਰਵਾਜ਼ਾ ਵਿਖਾਉਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਮਾਮਲਾ ਸੁਪਰੀਮ ਕੋਰਟ ਵਿੱਚ ਵੀ ਹੈ ਤੇ ਪਾਰਲੀਮੈਂਟ ਵਿੱਚ ਵੀ, ਜਿੱਥੇ ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ ਦੀ ਰਿਪੋਰਟ ਨੇ ਸਰਕਾਰ ਨੂੰ ਇਸ ਬਾਰੇ ਬੋਲਣ ਜੋਗੀ ਨਹੀਂ ਰਹਿਣ ਦਿੱਤਾ। ਫਿਰ ਵੀ ਉਸ ਨੂੰ ਇਸ ਵੇਲੇ ਧਿਆਨ ਪਾਸੇ ਪਾਉਣ ਲਈ ਜ਼ਿਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਇਸ ਸੱਚ ਦਾ ਭਾਜਪਾ ਦੇ ਬੁਲਾਰਿਆਂ ਨੂੰ ਵੀ ਪਤਾ ਹੈ, ਜਿਸ ਨੂੰ ਮੰਨਣ ਤੋਂ ਉਹ ਬਚਣਾ ਚਾਹੁੰਦੇ ਹਨ।
ਭ੍ਰਿਸ਼ਟਾਚਾਰ ਦੇ ਜਿਸ ਮੁੱਦੇ ਉੱਤੇ ਸਭ ਤੋਂ ਪਹਿਲਾਂ ਬਹਿਸ ਹੋਣੀ ਬਣਦੀ ਸੀ, ਉਸ ਨਾਲੋਂ ਵੱਡਾ ਮੱਦਾ ਬਣ ਗਿਆ ਹੈ ਆਰ ਐਸ ਐਸ ਦੇ ਸਾਬਕਾ ਮੁਖੀ ਕੇ ਐਸ ਸੁਦਰਸ਼ਨ ਦੀ ਬੋਲ-ਬਾਣੀ ਦਾ, ਜਿਸ ਨੇ ਬੇਹੂਦਗੀ ਦੀ ਕੋਈ ਹੱਦ ਹੀ ਨਹੀਂ ਰਹਿਣ ਦਿੱਤੀ। ਆਖਿਆ ਉਸ ਨੇ ਸਾਰਾ ਕੁਝ ਊਲ-ਜਲੂਲ ਹੈ ਤੇ ਨਿਸ਼ਾਨਾ ਬਣਾਇਆ ਹੈ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਨਿੱਜੀ ਤੌਰ ਉੱਤੇ।
ਸੁਦਰਸ਼ਨ ਨੇ ਪਹਿਲੀ ਗੱਲ ਇਹ ਆਖੀ ਕਿ ਰਾਜੀਵ ਗਾਂਧੀ ਜਦੋਂ ਸੋਨੀਆ ਗਾਂਧੀ ਨੂੰ ਛੱਡਣਾ ਚਾਹੁੰਦਾ ਸੀ, ਓਦੋਂ ਸੋਨੀਆ ਗਾਂਧੀ ਦੇ ਮਨ ਵਿੱਚ ਇੱਕ ਵਿਚਾਰ ਆਇਆ ਤੇ ਉਸ ਨੇ ਰਾਜੀਵ ਗਾਂਧੀ ਦੇ ਕਤਲ ਦੀ ਸਾਜ਼ਿਸ਼ ਰਚ ਕੇ ਉਸ ਦੀ ਸੁਰੱਖਿਆ ਘਟਾ ਦਿੱਤੀ। ਇਹ ਦੋਵੇਂ ਗੱਲਾਂ ਕਿਸੇ ਥਾਂ ਛਪੀਆਂ ਨਹੀਂ, ਕਦੇ ਕਿਸੇ ਨੇ ਕਹੀਆਂ ਨਹੀਂ, ਸੁਦਰਸ਼ਨ ਨੂੰ ਕਿੱਥੋਂ ਪਤਾ ਲੱਗ ਗਈਆਂ? ਉਹ ਕਹਿੰਦਾ ਹੈ ਕਿ ਮੇਰਾ ਖਿਆਲ ਹੈ ਕਿ ਏਦਾਂ ਹੋਇਆ ਹੋਵੇਗਾ। ਰਾਜੀਵ ਨੇ ਸੋਨੀਆ ਨੂੰ ਛੱਡਣ ਬਾਰੇ ਸਿਰਫ 'ਸੋਚਿਆ' ਤੇ ਸੋਨੀਆ ਗਾਂਧੀ ਦੇ 'ਮਨ ਵਿੱਚ' ਹੀ ਪਤੀ ਬਾਰੇ ਮਾੜਾ ਵਿਚਾਰ ਬਣਿਆ, ਇਸ ਦਾ ਸੁਦਰਸ਼ਨ ਨੂੰ 'ਖਿਆਲ' ਆ ਗਿਆ। ਇਹ ਸਿਰਫ ਤਦੇ ਹੋ ਸਕਦਾ ਹੈ, ਜੇ ਉਸ ਬੰਦੇ ਦੇ ਜਾਂ ਦਿਮਾਗ ਦੇ ਪੁਰਜ਼ੇ ਢਿੱਲੇ ਹੋਣ ਤੇ ਜਾਂ ਉਹ ਕਿਸੇ ਗਿਣੀ ਮਿਥੀ ਸੋਚ ਅਧੀਨ ਕੰਮ ਕਰ ਰਿਹਾ ਹੋਵੇ। ਸੋਨੀਆ ਨੇ ਰਾਜੀਵ ਦੀ ਸੁਰੱਖਿਆ ਕਿਵੇਂ ਘਟਾ ਦਿੱਤੀ, ਇਸ ਦਾ ਵੀ ਕੋਈ ਸਬੂਤ ਨਹੀਂ। ਉਹ ਓਦੋਂ ਪਾਰਲੀਮੈਂਟ ਦੀ ਮੈਂਬਰ ਵੀ ਨਹੀਂ ਸੀ ਤੇ ਰਾਜੀਵ ਦੀ ਸੁਰੱਖਿਆ ਉਸ ਵੀ ਪੀ ਸਿੰਘ ਦੀ ਸਰਕਾਰ ਨੇ ਘਟਾਈ ਸੀ, ਜਿਸ ਦੀ ਮਦਦ ਭਾਰਤੀ ਜਨਤਾ ਪਾਰਟੀ ਕਰਦੀ ਸੀ, ਇਹ ਦੋਸ਼ ਤਾਂ ਭਾਜਪਾ ਦੇ ਸਿਰ ਲੱਗ ਸਕਦਾ ਸੀ। ਸੁਦਰਸ਼ਨ ਨੇ ਸੋਨੀਆ ਗਾਂਧੀ ਨੂੰ ਆਪਣੀ ਸੱਸ ਇੰਦਰਾ ਗਾਂਧੀ ਦੇ ਕਤਲ ਬਾਰੇ ਵੀ ਸਾਜ਼ਿਸ਼ ਦੇ ਘੇਰੇ ਵਿੱਚ ਰੱਖ ਦਿੱਤਾ। ਅਗਲੀ ਗੱਲ ਇਹ ਕਿ ਉਸ ਨੇ ਸੋਨੀਆ ਗਾਂਧੀ ਨੂੰ ਅਮਰੀਕੀ ਖੁਫੀਆ ਏਜੰਸੀ ਸੀ ਆਈ ਏ ਦੀ ਏਜੰਟ ਵੀ ਕਹਿ ਦਿੱਤਾ ਤੇ ਹੱਦੋਂ ਬਾਹਰੀ ਬਦਤਮੀਜ਼ੀ ਕਰਦੇ ਹੋਏ ਇਹ ਘਟੀਆ ਗੱਲ ਕਹਿ ਦਿੱਤੀ ਕਿ ਜਦੋਂ ਸੋਨੀਆ ਦਾ ਜਨਮ ਹੋਇਆ, ਦੋ ਸਾਲ ਪਹਿਲਾਂ ਦਾ ਉਸ ਦਾ ਬਾਪ ਜੇਲ੍ਹ ਵਿੱਚ ਸੀ, ਜਿਸ ਦਾ ਪਰਦਾ ਰੱਖਣ ਲਈ ਉਹ ਆਪਣਾ ਜਨਮ 1944 ਦੀ ਥਾਂ 1946 ਦਾ ਦੱਸਦੀ ਹੈ। ਇਹ ਸਾਰੀ ਗੱਲ ਕਹਿ ਕੇ ਉਸ ਨੇ ਸੋਨੀਆ ਗਾਂਧੀ ਨੂੰ ਆਪਣੇ ਮਾਂ-ਬਾਪ ਦੀ ਨਾਜਾਇਜ਼ ਔਲਾਦ ਵੀ ਆਖ ਦਿੱਤਾ। ਏਨੀ ਘਟੀਆ ਬੋਲ-ਬਾਣੀ ਭਾਰਤ ਦੀ ਰਾਜਨੀਤੀ ਵਿੱਚ ਸ਼ਾਇਦ ਹੀ ਕਿਸੇ ਨੇ ਕਦੇ ਵਰਤੀ ਹੋਵੇ।
ਜਦੋਂ ਆਰ ਐਸ ਐਸ ਦੇ ਮੰਚ ਉੱਤੇ ਬੈਠ ਕੇ ਸੁਦਰਸ਼ਨ ਨੇ ਇਹ ਕੁਝ ਆਖਿਆ ਸੀ, ਇਸ ਸੰਸਥਾ ਦੇ ਲੀਡਰਾਂ ਨੂੰ ਫੌਰਨ ਇਸ ਬਾਰੇ ਆਪਣਾ ਪੱਖ ਰੱਖਣਾ ਚਾਹੀਦਾ ਸੀ, ਪਰ ਉਹ ਵੇਖਦੇ ਰਹੇ ਕਿ ਲੋਕ ਸ਼ਾਇਦ ਇਸ ਨੂੰ ਬਾਹਲਾ ਵਜ਼ਨ ਨਹੀਂ ਦੇਣਗੇ। ਜਦੋਂ ਇਸ ਦਾ ਵਿਰੋਧ ਹੋਣ ਲੱਗਾ ਤਾਂ ਕਹਿ ਦਿੱਤਾ ਕਿ ਸੁਦਰਸ਼ਨ ਦੇ ਇਹ ਨਿੱਜੀ ਵਿਚਾਰ ਹਨ। ਗੱਲ ਹੋਰ ਅੱਗੇ ਵਧੀ ਤਾਂ ਕਹਿ ਦਿੱਤਾ ਕਿ 'ਇਹ ਆਰ ਐਸ ਐਸ ਦੀ ਸੋਚ ਨਹੀਂ, ਪਰ ਜਿਵੇਂ ਵੀ ਇਹ ਗੱਲ ਕਿਸੇ ਨੇ ਕਹੀ ਹੈ, ਅਫਸੋਸਨਾਕ ਹੈ।' ਜਿਸ ਕਾਂਗਰਸ ਪਾਰਟੀ ਦੀ ਆਗੂ ਬਾਰੇ ਇਹ ਕੁਝ ਕਿਹਾ ਗਿਆ ਸੀ, ਉਨ੍ਹਾਂ ਲਈ ਏਨਾ ਕਾਫੀ ਨਹੀਂ ਸੀ, ਉਹ ਬਾਕਾਇਦਾ ਮਾਫੀ ਮੰਗੇ ਜਾਣ ਦੀ ਮੰਗ ਕਰਦੇ ਸਨ। ਜੇ ਆਰ ਐਸ ਐਸ ਲੀਡਰਸ਼ਿਪ ਨੇ ਮੰਗ ਮੰਨ ਲਈ ਹੁੰਦੀ ਤਾਂ ਗੱਲ ਵਧਣੀ ਹੀ ਨਹੀਂ ਸੀ। ਆਪਣੀ ਬੇਵਕੂਫੀ ਜਾਂ ਸਾਜ਼ਿਸ਼ੀ ਚੁੱਪ ਨਾਲ ਜਦੋਂ ਗੱਲ ਉਨ੍ਹਾਂ ਨੇ ਖੁਦ ਹੀ ਵਧਾ ਲਈ ਤਾਂ ਕਾਂਗਰਸ ਨੂੰ ਦੋਸ਼ ਦੇਣ ਦਾ ਕੀ ਫਾਇਦਾ?
æææਤੇ ਅਸਲ ਗੱਲ ਵੀ ਨਾ ਭ੍ਰਿਸ਼ਟਾਚਾਰ ਹੈ ਤੇ ਨਾ ਸੋਨੀਆ ਗਾਂਧੀ ਬਾਰੇ ਸੁਦਰਸ਼ਨ ਦੀ ਬੋਲ-ਬਾਣੀ, ਸਗੋਂ ਉਹ ਹੈ, ਜਿਸ ਵੱਲੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਆਰ ਐਸ ਐਸ ਦੇ ਇਸ ਸਾਬਕਾ ਮੁਖੀ ਨੇ ਸੋਨੀਆ ਗਾਂਧੀ ਵੱਲ ਚਾਂਦਮਾਰੀ ਕੀਤੀ ਹੈ। ਉਸ ਦਿਨ ਓਥੇ ਭ੍ਰਿਸ਼ਟਾਚਾਰ ਦੇ ਵਿਰੋਧ ਲਈ ਵੀ ਮੰਚ ਨਹੀਂ ਸੀ ਲੱਗਾ ਤੇ ਸੋਨੀਆ ਗਾਂਧੀ ਦੀ ਬੰਸਾਵਲੀ ਪੜ੍ਹਨ ਲਈ ਵੀ ਨਹੀਂ, ਸਗੋਂ ਆਰ ਐਸ ਐਸ ਦੇ ਆਗੂਆਂ ਵਿਰੁੱਧ ਬਣ ਰਹੇ ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਹੋਣ ਦੇ ਮੁਕੱਦਮਿਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਲਾਇਆ ਗਿਆ ਸੀ। ਸੁਦਰਸ਼ਨ ਅਤੇ ਹੋਰ ਆਰ ਐਸ ਐਸ ਆਗੂ ਅਸਲ ਬਹਿਸ ਤੋਂ ਲੋਕਾਂ ਦਾ ਧਿਆਨ ਪਾਸੇ ਪਾਉਣਾ ਚਾਹੁੰਦੇ ਸਨ, ਕਿਉਂਕਿ ਉਸ ਬਾਰੇ ਕਹਿਣ ਲਈ ਇਨ੍ਹਾਂ ਦੇ ਪੱਲੇ ਕੁਝ ਨਹੀਂ ਸੀ, ਇਸ ਕਰ ਕੇ ਉਹ ਗੱਲ ਛੇੜ ਦਿੱਤੀ, ਜਿਹੜੀ ਏਜੰਡੇ ਉੱਤੇ ਹੀ ਨਹੀਂ ਸੀ। ਹਿੰਸਕ ਕਾਰਵਾਈਆਂ ਦਾ ਜਿਹੜਾ ਮੁੱਦਾ ਏਜੰਡੇ ਉੱਤੇ ਸੀ, ਉਸ ਬਾਰੇ ਤੱਥ ਉਂਜ ਹੀ ਸਾਰਾ ਕੁਝ ਬੋਲੀ ਜਾਂਦੇ ਹਨ।
ਜਦੋਂ ਤੱਕ ਸਾਧਵੀ ਪ੍ਰਗਿਆ ਸਿੰਘ ਠਾਕਰ ਨੂੰ ਇੱਕ ਧਮਾਕਾ ਕੇਸ ਦੇ ਸਾਜ਼ਿਸ਼ ਕਰਤਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਫੜ ਨਾ ਲਿਆ ਗਿਆ, ਓਦੋਂ ਤੱਕ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਆਰ ਐਸ ਐਸ ਨਾਲ ਜੁੜੇ ਲੋਕ ਇਹੋ ਜਿਹੇ ਕੰਮ ਵੀ ਕਰਦੇ ਹਨ। ਇਹ ਜ਼ਰੂਰ ਕਿਹਾ ਜਾਂਦਾ ਸੀ ਕਿ ਜਦੋਂ ਹਿੰਦੂ ਫਿਰਕੂਪੁਣੇ ਦਾ ਉਬਾਲਾ ਆਵੇ, ਓਦੋਂ ਇਹ ਲੋਕ ਦੰਗੇ ਭੜਕਾਉਂਦੇ ਤੇ ਘੱਟ-ਗਿਣਤੀਆਂ ਉੱਤੇ ਹਮਲੇ ਕਰਦੇ ਹਨ। ਭਾਜਪਾ ਦੀ ਵਿਦਿਆਰਥੀ ਵਿੰਗ ਦੀ ਆਗੂ ਰਹਿ ਚੁੱਕੀ ਅਤੇ ਆਰ ਐਸ ਐਸ ਨਾਲ ਮਿਲ ਕੇ ਇੱਕ ਸੰਗਠਨ ਚਲਾ ਰਹੀ ਪ੍ਰਗਿਆ ਸਿੰਘ ਦੇ ਫੜੇ ਜਾਣ ਤੋਂ ਤੁਰੀ ਗੱਲ ਫੌਜ ਦੇ ਕਰਨਲ ਸ਼੍ਰੀਕਾਂਤ ਪੁਰੋਹਿਤ ਅਤੇ ਇੱਕ ਆਪੇ ਬਣੇ ਹੋਏ 'ਜਗਤ ਗੁਰੂ ਸ਼ੰਕਰਾਚਾਰੀਆ' ਦੇ ਗਲ਼ ਰੱਸਾ ਪੈਣ ਤੱਕ ਪਹੁੰਚ ਗਈ। ਇਸ ਕੇਸ ਦੀ ਜਾਂਚ ਕਰ ਰਹੀ ਪੁਲਸ ਟੀਮ ਦੇ ਆਗੂ ਉੱਤੇ ਆਰ ਐਸ ਐਸ ਅਤੇ ਭਾਜਪਾ ਦੇ ਲੀਡਰਾਂ ਨੇ ਹਰ ਊਜ ਲਾਈ, ਪਰ ਜਦੋਂ ਓਹੋ ਅਫਸਰ ਮੁੰਬਈ ਵਿੱਚ ਦਹਿਸ਼ਤਗਰਦਾਂ ਨਾਲ ਲੜਦਾ ਮਾਰਿਆ ਗਿਆ, ਇਹ ਉਸ ਨੂੰ 'ਸ਼ਹੀਦ' ਦਾ ਦਰਜਾ ਦੇਣ ਉਸ ਦੇ ਘਰ ਨੂੰ ਤੁਰ ਪਏ। ਓਦੋਂ ਉਸ ਦੀ ਪਤਨੀ ਨੇ ਕਿਹਾ ਸੀ ਕਿ ਜਿਹੜੇ ਲੋਕ ਕੱਲ੍ਹ ਤੱਕ ਮੇਰੇ ਪਤੀ ਨੂੰ ਦੁਸ਼ਮਣ ਬਣਾ ਕੇ ਪੇਸ਼ ਕਰਦੇ ਸਨ, ਉਹ ਮੇਰੇ ਘਰ ਅਫਸੋਸ ਕਰਨ ਨਾ ਆਉਣ। ਉਹ ਦੇਸ਼ ਭਗਤ ਅਫਸਰ ਸੀ, ਕਿਸੇ ਧਰਮ ਵੱਲ ਲਿਹਾਜੂ ਨਾ ਹੋ ਕੇ ਸਿਰਫ ਡਿਊਟੀ ਨੂੰ ਪਹਿਲ ਦੇਂਦਾ ਸੀ, ਤੇ ਇਹੋ ਕਾਰਨ ਸੀ ਕਿ ਹਿੰਦੂ ਹੁੰਦੇ ਹੋਏ ਵੀ ਹਿੰਦੂ ਅੱਤਵਾਦ ਨੂੰ ਬੇਪਰਦ ਕਰਨ ਤੋਂ ਨਹੀਂ ਸੀ ਝਿਜਕਿਆ।
ਜਾਂਚ ਹੋਰ ਅੱਗੇ ਵਧੀ ਤਾਂ ਦੂਜੀ ਥਾਂ ਹੋਏੇ ਧਮਾਕਿਆਂ ਵਿੱਚ ਵੀ ਓਸੇ ਜਥੇਬੰਦੀ ਨਾਲ ਜੁੜੇ ਕੁਝ ਲੋਕ ਕਾਬੂ ਆ ਗਏ। ਪਿਆਦੇ ਭਾਵੇਂ ਕੁਝ ਨਵੇਂ ਫੜੇ ਗਏ, ਪਰ ਉਹ ਵੀ ਇੱਕ ਜਾਂ ਦੂਜੇ ਪਾਸੇ ਤੋਂ ਆਰ ਐਸ ਐਸ ਨਾਲ ਜੁੜੇ ਹੋਏ ਸਨ। ਕੁਝ ਦੇਰ ਬਾਅਦ ਆਰ ਐਸ ਐਸ ਦੇ ਇੱਕ ਆਗੂ ਸੁਨੀਲ ਜੋਸ਼ੀ ਦਾ ਮੱਧ ਪ੍ਰਦੇਸ਼ ਵਿੱਚ ਕਤਲ ਹੋ ਗਿਆ। ਸੁਨੀਲ ਜੋਸ਼ੀ ਦੀ ਡਾਇਰੀ ਮੱਧ ਪ੍ਰਦੇਸ਼ ਪੁਲਸ ਦੇ ਰਿਕਾਰਡ ਉੱਤੇ ਆ ਗਈ। ਓਥੇ ਆਰ ਐਸ ਐਸ ਨੂੰ ਮੱਥੇ ਟੇਕਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਤਲ ਦੀ ਜਾਂਚ ਹੀ ਅੱਗੇ ਨਾ ਵਧਣ ਦਿੱਤੀ, ਹਾਲਾਂਕਿ ਬੰਦਾ ਉਨ੍ਹਾਂ ਦਾ ਆਪਣਾ ਮਰਿਆ ਸੀ, ਪਰ ਰਿਕਾਰਡ ਉੱਤੇ ਆਈ ਡਾਇਰੀ ਅਦਾਲਤ ਦੇ ਰਿਕਾਰਡ ਤੱਕ ਪੁੱਜ ਗਈ ਹੋਣ ਕਰ ਕੇ ਉਸ ਨੂੰ ਗੁੰਮ ਨਹੀਂ ਸਨ ਕਰ ਸਕਦੇ। ਫਿਰ ਉਸ ਡਾਇਰੀ ਦੀ ਇੱਕ ਕਾਪੀ ਕਾਨੂੰਨੀ ਤੌਰ'ਤੇ ਰਾਜਸਥਾਨ ਦੀ ਪੁਲਸ ਨੂੰ ਮਿਲ ਗਈ ਤੇ ਉਸ ਨੇ ਇਸ ਦੇ ਆਧਾਰ ਉੱਤੇ ਅਜਮੇਰ ਸ਼ਹਿਰ ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਕਰਦਿਆਂ ਜਦੋਂ ਕੁਝ ਬੰਦੇ ਫੜੇ, ਉਹ ਵੀ ਆਰ ਐਸ ਐਸ ਦੇ ਨਿਕਲੇ ਅਤੇ ਉਨ੍ਹਾਂ ਦੀ ਪੁੱਛ-ਪੜਤਾਲ ਵਿੱਚ ਆਰ ਐਸ ਐਸ ਦੇ ਕੇਂਦਰੀ ਆਗੂ ਇੰਦਰੇਸ਼ ਕੁਮਾਰ ਦਾ ਨਾਂਅ ਆ ਗਿਆ। ਫੜੇ ਗਏ ਬੰਦਿਆਂ ਨੇ ਕਹਿ ਦਿੱਤਾ ਕਿ ਜਦੋਂ ਉਨ੍ਹਾਂ ਨੇ ਇਹ ਕਾਰਾ ਕਰਨ ਦੀ ਵਿਉਂਤ ਬਣਾਈ ਸੀ, ਇੰਦਰੇਸ਼ ਕੁਮਾਰ ਨੂੰ ਪਤਾ ਸੀ ਤੇ ਉਸ ਨੇ ਕਿਹਾ ਸੀ ਕਿ ਵਾਰਦਾਤ ਕਰਨ ਦੇ ਦਿਨ ਤੱਕ ਕਿਸੇ ਸਮਾਜ ਸੇਵੀ ਸੰਸਥਾ ਨਾਲ ਜੁੜੇ ਰਹੋ, ਵਰਨਾ ਕਿਸੇ ਨੂੰ ਸ਼ੱਕ ਹੋ ਸਕਦਾ ਹੈ। ਇੰਦਰੇਸ਼ ਕੁਮਾਰ ਦਾ ਨਾਂਅ ਆਉਣ ਉੱਤੇ ਆਰ ਐਸ ਐਸ ਦੀ ਕੇਂਦਰੀ ਲੀਡਰਸ਼ਿਪ ਵੀ ਅਤੇ ਭਾਜਪਾ ਵਾਲੇ ਵੀ ਇਹ ਕਹਿਣ ਲੱਗ ਪਏ ਕਿ ਰਾਜਸਥਾਨ ਦੀ ਕਾਂਗਰਸ ਸਰਕਾਰ ਦੇ ਇਸ਼ਾਰੇ ਉੱਤੇ ਜਾਂਚ ਟੀਮ ਉਨ੍ਹਾਂ ਦੇ ਇਸ ਆਗੂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਗੋਂ ਰਾਜਸਥਾਨ ਦੇ ਗ੍ਰਹਿ ਮੰਤਰੀ ਨੇ ਕਹਿ ਦਿੱਤਾ ਕਿ ਅਸੀਂ ਤਾਂ ਕਾਂਗਰਸੀ ਹੋਏ, ਜਿਸ ਡਾਇਰੀ ਨੇ ਉਸ ਦਾ ਖੁਰਾ ਦੱਸਿਆ ਹੈ, ਉਹ ਤਾਂ ਆਰ ਐਸ ਐਸ ਦੇ ਮਾਰੇ ਗਏ ਲੀਡਰ ਸੁਨੀਲ ਜੋਸ਼ੀ ਦੀ ਹੈ ਤੇ ਸਾਨੂੰ ਉਸ ਮੱਧ ਪ੍ਰਦੇਸ਼ ਦੀ ਪੁਲਸ ਨੇ ਦਿੱਤੀ ਹੈ, ਜਿੱਥੇ ਤੁਹਾਡੀ ਆਪਣੀ ਸਰਕਾਰ ਹੈ। ਇਸ ਸੱਚ ਦੀ ਕੋਈ ਕਾਟ ਉਨ੍ਹਾਂ ਕੋਲ ਹੈ ਨਹੀਂ ਸੀ, ਪਰ ਰੌਲਾ ਪਾਉਣ ਦਾ ਕੰਮ ਜਿਵੇਂ ਕਰਦੇ ਸਨ, ਫੇਰ ਵੀ ਕਰੀ ਗਏ।
ਅੱਗੇ ਵੀ ਇਹ ਗੱਲ ਅਸੀਂ ਕਈ ਵਾਰ ਕਰ ਚੁੱਕੇ ਹਾਂ ਤੇ ਫਿਰ ਛੇੜ ਕੇ ਵਕਤ ਜ਼ਾਇਆ ਨਹੀਂ ਕਰਨਾ ਚਾਹੁੰਦੇ ਕਿ ਕਿੰਨੇ ਥਾਂਵਾਂ ਉੱਤੇ ਹੋਏ ਬੰਬ ਧਮਾਕਿਆਂ ਦੀ ਪੈੜ ਆਰ ਐਸ ਐਸ ਨਾਲ ਜੁੜੇ ਬੰਦਿਆਂ ਤੱਕ ਪਹੁੰਚੀ ਅਤੇ ਅੱਗੋਂ ਪਹੁੰਚਦੀ ਜਾਪਦੀ ਹੈ। ਉਸ ਦੀ ਥਾਂ ਅਸੀਂ ਗੱਲ ਉਸ ਇੰਦਰੇਸ਼ ਕੁਮਾਰ ਦੀ ਕਰਨੀ ਚਾਹਾਂਗੇ, ਜਿਸ ਦਾ ਜ਼ਿਕਰ ਹੋਣ ਨਾਲ ਆਰ ਐਸ ਐਸ ਦੇ ਕੇਂਦਰੀ ਲੀਡਰਾਂ ਨੂੰ ਘਾਬਰਾਂ ਛਿੜ ਗਈਆਂ ਹਨ।
ਇਹ ਕਹਿਣਾ ਗਲਤ ਹੈ ਕਿ ਇੰਦਰੇਸ਼ ਕੁਮਾਰ ਦਾ ਨਾਂਅ ਹੁਣ ਅਜਮੇਰ ਦੇ ਬੰਬ ਧਮਾਕਿਆਂ ਵਿੱਚ ਹੀ ਆਇਆ ਹੈ, ਪਹਿਲਾਂ ਕਦੇ ਨਹੀਂ ਸੀ ਆਇਆ। ਜਦੋਂ ਮਹਾਰਾਸ਼ਟਰ ਪੁਲਸ ਦੀ ਹੇਮੰਤ ਕਰਕਰੇ ਵਾਲੀ ਪਹਿਲੀ ਜਾਂਚ ਟੀਮ ਨੇ ਸਾਧਵੀ ਪ੍ਰਗਿਆ ਸਿੰਘ ਠਾਕਰ ਤੋਂ ਬਾਅਦ ਕਰਨਲ ਸ਼੍ਰੀਕਾਂਤ ਪੁਰੋਹਿਤ ਤੱਕ ਪਹੁੰਚ ਕੀਤੀ ਸੀ, ਓਦੋਂ ਹੀ ਇਹ ਵੀ ਜ਼ਿਕਰ ਆ ਗਿਆ ਸੀ ਕਿ ਆਰ ਐਸ ਐਸ ਦਾ ਕੇਂਦਰੀ ਕਾਰਜਕਾਰਨੀ ਦਾ ਮੈਂਬਰ ਇੰਦਰੇਸ਼ ਕੁਮਾਰ ਵੀ ਇਨ੍ਹਾਂ ਲੋਕਾਂ ਦੀ ਅਭਿਨਵ ਭਾਰਤ ਨਾਂਅ ਦੀ ਜਥੇਬੰਦੀ ਨਾਲ ਮਿਲਿਆ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਕਿ ਫੌਜ ਦੀ ਨੌਕਰੀ ਕਰ ਰਿਹਾ ਕਰਨਲ ਪੁਰੋਹਿਤ ਜਦੋਂ ਪੁਲਸ ਦੇ ਕਾਬੂ ਆਇਆ ਤਾਂ ਉਸ ਨੇ ਇਹ ਸ਼ੱਕ ਜ਼ਾਹਰ ਕੀਤਾ ਸੀ ਕਿ ਉਸ ਨੂੰ ਗ੍ਰਿਫਤਾਰ ਹੀ ਇੰਦਰੇਸ਼ ਕੁਮਾਰ ਨੇ ਸੂਹ ਦੇ ਕੇ ਕਰਵਾਇਆ ਹੈ। ਕਾਰਨ ਇਸ ਦਾ ਇਹ ਕਿ ਇੱਕੋ ਜਥੇਬੰਦੀ ਅੰਦਰ ਕੰਮ ਕਰਦੇ ਹੋਏ ਵੀ ਦੋਵਾਂ ਵਿੱਚ ਮੱਤਭੇਦ ਪੈਦਾ ਹੋ ਕੇ ਗੱਲ ਇੱਕ ਦੂਜੇ ਦੀ ਆਰ ਐਸ ਐਸ ਕੋਲ ਸ਼ਿਕਾਇਤ ਕਰਨ ਤੱਕ ਪਹੁੰਚ ਗਈ ਸੀ। ਮੱਤਭੇਦਾਂ ਦਾ ਆਧਾਰ ਦੋ ਗੱਲਾਂ ਬਣੀਆਂ ਸਨ, ਇੱਕ ਅਮਰ ਨਾਥ ਮੰਦਰ ਦੇ ਰਾਹ ਵਾਲੀ ਉਹ ਜ਼ਮੀਨ, ਜਿਸ ਉੱਤੇ ਕਾਫੀ ਐਜੀਟੇਸ਼ਨ ਹੋਈ ਸੀ ਤੇ ਦੂਜਾ ਨੇਪਾਲ ਦੀ ਰਾਜਨੀਤੀ ਬਾਰੇ ਪਹੁੰਚ ਦਾ ਵੱਡਾ ਪਾੜਾ ਸੀ। ਨੇਪਾਲ ਵਿੱਚ ਉਨ੍ਹੀਂ ਦਿਨੀਂ ਹਾਲਾਤ ਕਾਫੀ ਖਰਾਬ ਸਨ ਤੇ ਓਥੇ ਇਹ ਗਰੁੱਪ ਦਖਲ ਦੇਣ ਦੀ ਪੁਜ਼ੀਸ਼ਨ ਵਿੱਚ ਸੀ। ਅਭਿਨਵ ਭਾਰਤ ਨਾਲ ਜੁੜੇ ਹੋਏ ਕਰਨਲ ਪੁਰੋਹਿਤ ਅਤੇ ਉਸ ਦੇ ਸਾਥੀ ਇਹ ਸਮਝਦੇ ਸਨ ਕਿ ਨੇਪਾਲ ਵਿੱਚ ਹਿੰਦੂ ਰਾਸ਼ਟਰ ਕਾਇਮ ਕਰਨ ਲਈ ਜ਼ਰੂਰੀ ਹੈ ਕਿ ਓਥੇ ਰਾਜ-ਗੱਦੀ ਮੁੜ ਕੇ ਸਾਂਭਣ ਲਈ ਬਾਦਸ਼ਾਹ ਗਿਆਨੇਂਦਰ ਨੂੰ ਮਦਦ ਦਿੱਤੀ ਜਾਵੇ, ਜਦ ਕਿ ਇੰਦਰੇਸ਼ ਕੁਮਾਰ ਓਥੇ ਲੋਕ-ਰਾਜੀ ਸਰਕਾਰ ਦਾ ਪੱਖ ਲੈਂਦਾ ਸੀ। ਕਰਨਲ ਪੁਰੋਹਿਤ ਤੇ ਦੂਜੇ ਲੋਕ ਸਮਝਦੇ ਸਨ ਕਿ ਲੋਕ ਰਾਜ ਦਾ ਪੱਖ ਲੈਣ ਨਾਲ ਮਾਓਵਾਦੀਆਂ ਨੂੰ ਫਾਇਦਾ ਹੋਵੇਗਾ। ਇਸ ਗੱਲ ਤੋਂ ਨਾਰਾਜ਼ ਹੋ ਕੇ ਕਰਨਲ ਪੁਰੋਹਿਤ ਨੇ ਜੱਬਲਪੁਰ ਵਿੱਚ ਆਰ ਐਸ ਐਸ ਦੇ ਮੁਖੀ ਨਾਲ ਮਿਲ ਕੇ ਇੰਦਰੇਸ਼ ਕੁਮਾਰ ਦੀ ਸ਼ਿਕਾਇਤ ਕਰ ਦਿੱਤੀ ਤੇ ਬਦਲੇ ਵਿੱਚ, ਕਰਨਲ ਪੁਰੋਹਿਤ ਦੇ ਕਹਿਣ ਅਨੁਸਾਰ, ਇੰਦਰੇਸ਼ ਕੁਮਾਰ ਨੇ ਪੁਲਸ ਨੂੰ ਸੂਹ ਦੇ ਕੇ ਉਸ ਨੰ ਗ੍ਰਿਫਤਾਰ ਕਰਵਾ ਦਿੱਤਾ ਸੀ। ਕਿਸ ਦੀ ਕਿੰਨੀ ਭੂਮਿਕਾ ਸੀ ਤੇ ਇਸ ਦਾ ਆਰ ਐਸ ਐਸ ਦੀ ਹਾਈ ਕਮਾਨ ਨੂੰ ਕਿੰਨਾ ਪਤਾ ਹੋਵੇਗਾ, ਏਨਾ ਸਾਫ ਹੈ ਕਿ ਇੰਦਰੇਸ਼ ਕੁਮਾਰ ਇਸ ਵਿੱਚ ਪੂਰੀ ਤਰ੍ਹਾਂ ਸ਼ਾਮਲ ਸੀ।
ਹੁਣ ਜਦੋਂ ਇੰਦਰੇਸ਼ ਕੁਮਾਰ ਤੱਕ ਗੱਲ ਆਈ ਕਿ ਆਈ ਜਾਪਦੀ ਹੈ, ਆਰ ਐਸ ਐਸ ਲੀਡਰਸ਼ਿਪ ਇਸ ਗੱਲ ਤੋਂ ਤ੍ਰਹਿਕ ਰਹੀ ਹੈ ਕਿ ਉਸ ਤੋਂ ਉਤਲਿਆਂ ਵੱਲ ਨਾ ਤੁਰ ਪੈਂਦੀ ਹੋਵੇ। ਇੰਦਰੇਸ਼ ਕੁਮਾਰ ਛੋਟਾ-ਮੋਟਾ ਬੰਦਾ ਨਹੀਂ, ਆਰ ਐਸ ਐਸ ਦੀਆਂ ਕਈ ਖੇਡਾਂ ਦਾ ਮੁੱਖ ਮੋਹਰਾ ਹੈ। ਜਦੋਂ ਸਿੰਧੂ ਦਰਸ਼ਨ ਦਾ ਪ੍ਰੋਗਰਾਮ ਬਣਾ ਕੇ ਸਿੰਧ ਨਦੀ ਦੇ ਮੁੱਢ ਵਾਲੀ ਥਾਂ ਪੂਜਾ ਸ਼ੁਰੂ ਕੀਤੀ ਗਈ, ਉਸ ਯੋਜਨਾਬੰਦੀ ਦਾ ਕਰਤਾ-ਧਰਤਾ ਵੀ ਇਹੋ ਸੀ ਤੇ ਜਦੋਂ ਮੁਸਲਮਾਨਾਂ ਵਿੱਚ 'ਆਪਣੇ ਬੰਦੇ' ਲੱਭ ਕੇ 'ਰਾਸ਼ਟਰੀ ਮੁਸਲਿਮ ਮੰਚ' ਬਣਾਇਆ, ਉਸ ਦਾ ਆਗੂ ਵੀ ਇਹੋ ਬਣਿਆ। ਹੁਣ ਤੱਕ ਉਹ ਘੱਟ ਜਾਣਿਆ ਜਾਂਦਾ ਵੱਡਾ ਬੰਦਾ ਸੀ, ਹੁਣ ਵੱਧ ਜਾਣੇ ਜਾਂਦਿਆਂ ਲਈ ਮੁਸ਼ਕਲ ਦਾ ਕਾਰਨ ਬਣ ਸਕਦਾ ਹੈ। ਇਸ ਨੂੰ ਮਹਿਸੂਸ ਕਰ ਕੇ ਆਰ ਐਸ ਐਸ ਨੂੰ ਆਪਣੀਆਂ ਜਥੇਬੰਦੀਆਂ ਜਾਂ ਰਾਜਸੀ ਵਿੰਗ, ਭਾਜਪਾ, ਨੂੰ ਅੱਗੇ ਕਰਨ ਦੀ ਥਾਂ ਖੁਦ ਸੜਕਾਂ'ਤੇ ਨਿਕਲਣਾ ਪਿਆ ਹੈ, ਜਿੱਥੇ ਜਾ ਕੇ ਸੋਨੀਆ ਗਾਂਧੀ ਵੱਡਾ ਮੁੱਦਾ ਬਣ ਗਈ ਹੈ।
ਸੋਨੀਆ ਗਾਂਧੀ ਬਾਰੇ ਵੀ ਇਹ ਕੋਈ ਪਹਿਲਾ ਮੌਕਾ ਨਹੀਂ, ਜਦੋਂ ਭੱਦੀ ਸ਼ਬਦਾਵਲੀ ਵਰਤੀ ਗਈ ਹੋਵੇ। ਵਿਸ਼ਵ ਹਿੰਦੂ ਪ੍ਰੀਸ਼ਦ ਵੀ ਆਰ ਐਸ ਐਸ ਦੀ ਇੱਕ ਸ਼ਾਖ ਹੈ ਤੇ ਉਸ ਦੇ ਆਗੂ ਪ੍ਰਵੀਨ ਤੋਗੜੀਆ ਨੇ ਗੁਜਰਾਤ ਵਿੱਚ ਜਾ ਕੇ ਨਿਹਾਇਤ ਗੰਦੀ ਭਾਸ਼ਾ ਸੋਨੀਆ ਗਾਂਧੀ ਬਾਰੇ ਵਰਤੀ ਸੀ, ਜਿਸ ਦੀ ਮੌਕੇ ਦੇ ਭਾਜਪਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਨਿੰਦਾ ਕਰਨੀ ਪਈ ਸੀ। ਭਾਜਪਾ ਆਗੂ ਵਿਨੇ ਕਟਿਆਰ ਨੇ ਵੀ ਕਹਿ ਦਿੱਤਾ ਸੀ ਕਿ ਜਿਵੇਂ ਕਦੇ ਮਹਾਭਾਰਤ ਵੇਲੇ ਧ੍ਰਿਤਰਾਸ਼ਟਰ ਦੀ ਪਤਨੀ ਗੰਧਾਰੀ ਬਾਹਰੋਂ ਆ ਕੇ ਭਾਰਤ ਦੇ ਰਾਜ ਪਰਵਾਰ ਦੀ ਤਬਾਹੀ ਦਾ ਕਾਰਨ ਬਣੀ ਸੀ, ਉਵੇਂ ਹੀ ਜਦੋਂ ਦੀ ਸੋਨੀਆ ਗਾਂਧੀ ਆਈ ਹੈ, ਨਹਿਰੂ-ਗਾਂਧੀ ਪਰਵਾਰ ਦੀ ਤਬਾਹੀ ਦਾ ਕਾਰਨ ਬਣੀ ਹੋਈ ਹੈ। ਕਈ ਹੋਰ ਸੱਜਣ ਵੀ ਸੋਨੀਆ ਗਾਂਧੀ ਬਾਰੇ ਏਸੇ ਤਰ੍ਹਾਂ ਭੱਦੀ ਭਾਸ਼ਾ ਵਰਤਦੇ ਰਹੇ ਹਨ, ਪਰ ਇਨ੍ਹਾਂ ਸਭਨਾਂ ਦੀ ਇੱਕ ਗੱਲ ਸਾਂਝੀ ਹੈ ਕਿ ਇਹ ਕਿਸੇ ਨਾ ਕਿਸੇ ਪਾਸਿਓਂ ਆਰ ਐਸ ਐਸ ਨਾਲ ਜੁੜੇ ਹੋਏ ਹਨ।
ਭਾਰਤ ਵਿੱਚ ਹੋਰ ਵੀ ਜਥੇਬੰਦੀਆਂ ਤੇ ਰਾਜਸੀ ਪਾਰਟੀਆਂ ਹਨ, ਤਿੱਖੇ ਰਾਜਸੀ ਹਮਲੇ ਇੱਕ ਦੂਜੇ ਉੱਤੇ ਬਹੁਤ ਹੁੰਦੇ ਹਨ, ਪਰ ਏਨੇ ਨੀਵੇਂ ਪੱਧਰ ਦੇ ਸ਼ਬਦ ਸਿਰਫ ਆਰ ਐਸ ਐਸ ਨਾਲ ਜੁੜੇ ਲੋਕ ਹੀ ਵਰਤਦੇ ਹਨ। ਇੱਕ ਵਾਰੀ ਆਰ ਐਸ ਐਸ ਦੇ ਇੱਕ ਆਗੂ ਨੇ ਕਿਹਾ ਸੀ ਕਿ ਇਹ ਸੱਚ ਹੈ ਕਿ ਹਰ ਮੁਸਲਮਾਨ ਦਹਿਸ਼ਤਗਰਦ ਨਹੀਂ, ਪਰ ਇਹ ਵੀ ਸੱਚ ਹੈ ਕਿ ਸਾਰੇ ਦੇ ਸਾਰੇ ਦਹਿਸ਼ਤਗਰਦ ਮੁਸਲਮਾਨ ਨਿਕਲਦੇ ਹਨ। ਇਸ ਉੱਤੇ ਟਕੋਰ ਕਰਦੇ ਹੋਏ ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਕਿਹਾ ਸੀ ਕਿ ਹਿੰਦੂ ਵੀ ਸਾਰੇ ਦੇ ਸਾਰੇ ਦਹਿਸ਼ਤਗਰਦ ਨਹੀਂ, ਪਰ ਜਦੋਂ ਕੋਈ ਹਿੰਦੂ ਦਹਿਸ਼ਤਗਰਦ ਨਿਕਲਦਾ ਹੈ, ਉਹ ਆਰ ਐਸ ਐਸ ਦਾ ਬੰਦਾ ਹੀ ਨਿਕਲਦਾ ਹੈ। ਉਨ੍ਹਾਂ ਦੋਵਾਂ ਦੀ ਲੜਾਈ ਅਸੀਂ ਉਨ੍ਹਾਂ ਲਈ ਛੱਡ ਕੇ ਇਹ ਕਹਿਣ ਦੀ ਆਗਿਆ ਚਾਹੁੰਦੇ ਹਾਂ ਕਿ ਭਾਰਤੀ ਰਾਜਨੀਤੀ ਵਿੱਚ ਜਦੋਂ ਵੀ ਸਿਰੇ ਦੀ ਘਟੀਆ ਗੱਲ ਕਹੀ ਜਾਂਦੀ ਹੈ, ਇਹ ਉਸ ਆਰ ਐਸ ਐਸ ਦੇ ਕਿਸੇ ਲੀਡਰ ਵੱਲੋਂ ਹੀ ਜਾਂਦੀ ਹੈ, ਜਿਹੜਾ ਆਪਣੇ ਆਪ ਨੂੰ 'ਭਾਰਤੀ ਸੰਸਕ੍ਰਿਤੀ' ਦਾ ਅਲਮ-ਬਰਦਾਰ ਅਖਵਾਉਣਾ ਚਾਹੁੰਦਾ ਹੈ। ਆਖਰ ਕਿਉਂ?

No comments:

Post a Comment