ਇੱਕ ਵਾਰੀ ਫਿਰ ਮੰਨ ਲਈਏ ਕਿ 'ਹਰ ਸ਼ਾਖ ਪੇ ਉੱਲੂ ਬੈਠਾ ਹੈ...'
ਸੌ ਕਰੋੜ ਦਾ ਮਤਲਬ ਇੱਕ ਅਰਬ ਅਤੇ ਦਸ ਹਜ਼ਾਰ ਕਰੋੜ ਨਾਲ ਇੱਕ ਖਰਬ ਬਣ ਜਾਂਦਾ ਹੈ। ਅਸੀਂ ਅਜੇ ਤੱਕ 'ਅਰਬ-ਖਰਬ' ਦਾ ਲਫਜ਼ ਵਰਤਣਾ ਨਹੀਂ ਸ਼ੁਰੂ ਕੀਤਾ ਅਤੇ ਠੱਗ-ਚੋਰ ਸਾਰੇ ਪ੍ਰਬੰਧ ਨੂੰ ਠਿੱਬੀ ਲਾ ਕੇ ਖਰਬਾਂ ਤੋਂ ਵੱਧ ਨੂੰ ਹੂੰਝਾ ਮਾਰੀ ਜਾਂਦੇ ਹਨ। ਪਿਛਲੇ ਸਾਲ ਇਹ ਚਰਚਾ ਸ਼ੁਰੂ ਹੋਈ ਸੀ ਕਿ ਸਪੈਕਟਰਮ ਦੇ ਪ੍ਰਾਜੈਕਟ ਵਿੱਚੋਂ ਡੀ ਐਮ ਕੇ ਪਾਰਟੀ ਦਾ ਤਾਮਿਲ ਕੇਂਦਰੀ ਮੰਤਰੀ ਇੱਕ ਲੱਖ ਕਰੋੜ ਤੋਂ ਵੱਧ ਰੁਪੈ ਕਮਾ ਗਿਆ ਹੈ। ਉਸ ਤੋਂ ਪਹਿਲਾਂ ਅਸੀਂ ਇਹ ਸੁਣਦੇ ਰਹੇ ਸਾਂ ਕਿ ਸੱਤਿਅਮ ਕੰਪਨੀ ਦੇ ਹੇਰ-ਫੇਰ ਵਿੱਚੋਂ ਕੋਈ ਰਾਜੂ ਕੁਝ ਦਿਨਾਂ ਵਿੱਚ ਲੱਖਾਂ ਕਰੋੜ ਦੀ ਕਮਾਈ ਕਰ ਕੇ ਰਾਜਾ ਬਣ ਗਿਆ ਹੈ। ਚਲੰਤ ਸਾਲ ਵਿੱਚ ਸਾਨੂੰ ਕਾਮਨਵੈੱਲਥ ਖੇਡਾਂ ਦਾ ਸੱਤਰ ਹਜ਼ਾਰ ਕਰੋੜ ਦਾ ਵੱਡਾ ਚੱਕਰ ਸੁਣਨ ਨੂੰ ਮਿਲ ਗਿਆ। ਹਰ ਗੱਲ ਵਿੱਚ ਕਰੋੜ ਗਿਣਨ ਦੀ ਲੋੜ ਨਹੀਂ ਹੁੰਦੀ। ਪੰਜਾਬੀ ਦਾ ਮੁਹਾਵਰਾ ਹੈ ਕਿ 'ਟਕੇ ਦੀ ਹਾਂਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ'। ਹੁਣ ਜਿਹੜੀ ਖੇਡ ਮੁੰਬਈ ਵਿੱਚ ਬਣੀ 'ਆਦਰਸ਼' ਸੋਸਾਈਟੀ ਦੇ ਮਕਾਨਾਂ (ਫਲੈਟਸ) ਦੀ ਸਾਹਮਣੇ ਆਈ ਹੈ, ਉਹ ਅਰਬਾਂ ਜਾਂ ਖਰਬਾਂ ਵਾਲੀ ਨਹੀਂ, ਹੈ ਤਾਂ ਉਹ ਕਰੋੜਾਂ ਦੀ, ਪਰ ਪੰਜਾਬੀ ਦੇ ਇਸ ਮੁਹਾਵਰੇ ਦੀ ਯਾਦ ਤਾਜ਼ਾ ਕਰਾ ਰਹੀ ਹੈ।
ਪਤਾ ਲੱਗਾ ਹੈ ਕਿ ਇਹ ਜ਼ਮੀਨ ਚਿਰਾਂ ਤੋਂ ਭਾਰਤੀ ਫੌਜ ਦੇ ਕਬਜ਼ੇ ਹੇਠ ਸੀ। ਕੁਝ ਸਾਬਕਾ ਫੌਜੀ ਅਫਸਰਾਂ ਨੇ ਯੋਜਨਾ ਬਣਾਈ ਕਿ ਏਥੇ ਇੱਕ ਬਹੁ-ਮੰਜ਼ਲਾ ਇਮਾਰਤ ਬਣਾ ਕੇ ਉਸ ਵਿੱਚ ਫਲੈਟ ਬਣਾਏ ਅਤੇ ਕਾਰਗਿਲ ਦੇ ਸ਼ਹੀਦਾਂ ਦੇ ਪਰਵਾਰਾਂ ਨੂੰ ਦੇ ਦਿੱਤੇ ਜਾਣ। ਸਾਰੀ ਸੋਚ ਦਾ ਮੁੱਢ ਹੀ ਬੇਈਮਾਨੀ ਤੋਂ ਬੱਝਾ ਸੀ। ਕਾਰਗਿਲ ਦੇ ਸ਼ਹੀਦ ਕੋਈ ਪੈਟਰੋਲ ਪੰਪ ਤਾਂ ਚਲਾ ਸਕਦੇ ਸਨ, ਬੱਸ ਦਾ ਪਰਮਿਟ ਤਾਂ ਉਡੀਕਦੇ ਸਨ, ਏਡੀ ਵੱਡੀ ਖਾਹਿਸ਼ ਅਤੇ ਏਡੇ ਫਲੈਟ ਦੀ ਕੀਮਤ ਭਰ ਸਕਣ ਵਾਲੇ ਪਰਵਾਰ ਦਾ ਬੰਦਾ ਕੋਈ ਵਿਰਲਾ ਹੀ ਹੋਊਗਾ, ਜਿਹੜਾ ਘਰ ਵਿੱਚ ਸਭ ਕੁਝ ਹੁੰਦੇ-ਸੁੰਦੇ ਤੋਂ ਪਹਾੜੀ ਚੋਟੀਆਂ ਉੱਤੇ ਜਾ ਕੇ ਦੁਸ਼ਮਣ ਦੀ ਗੋਲੀ ਦਾ ਸਾਹਮਣਾ ਕਰਦਾ ਫਿਰੇਗਾ। ਸੋਚ ਇਹ ਸੀ ਕਿ ਸ਼ਹੀਦਾਂ ਦਾ ਨਾਂਅ ਵਰਤ ਕੇ ਇੱਕ ਸੋਸਾਈਟੀ ਨੂੰ ਉਸ ਇਲਾਕੇ ਵਿੱਚ ਜ਼ਮੀਨ ਅਲਾਟ ਕਰਵਾਈ ਜਾਵੇ, ਜਿੱਥੇ ਮਿੱਟੀ ਵੀ ਸੋਨੇ ਨਾਲੋਂ ਮਹਿੰਗੀ ਵਿਕਦੀ ਹੈ ਤੇ ਫਿਰ ਉਸ ਨੂੰ ਨੋਟ ਕਮਾਉਣ ਵਾਲੀ ਟਕਸਾਲ ਵਾਂਗ ਵਰਤਿਆ ਜਾਵੇ। ਜਦੋਂ ਕੁਝ ਫੌਜੀ ਅਫਸਰ ਇਸ ਪਾਸੇ ਤੁਰੇ ਤਾਂ ਕਾਰਗਿਲ ਦੇ ਨਾਂਅ ਉੱਤੇ ਬਣੀ ਸੋਸਾਈਟੀ ਵਿੱਚ ਕੁਝ ਸਿਵਲ ਦੇ ਲੋਕ ਸ਼ਾਮਲ ਕਰਨ ਦਾ ਸੁਝਾਅ ਵੀ ਇੱਕ ਮੰਤਰੀ ਨੇ ਦੇ ਦਿੱਤਾ ਅਤੇ ਸੋਸਾਈਟੀ ਬਣਾਉਣ ਵਾਲੇ ਨਾਂਹ ਨਾ ਕਰ ਸਕੇ, ਕਿਉਂਕਿ ਜਾਣਦੇ ਸਨ ਕਿ ਲੁੱਟ ਦਾ ਮਾਲ ਵੰਡ ਕੇ ਹੀ ਛਕਣਾ ਪੈਂਦਾ ਹੈ। ਦੇਸ਼ ਖਾਤਰ ਜੰਗ ਵਿੱਚ 'ਸ਼ਹੀਦ' ਹੋਣ ਵਾਲਿਆਂ ਦੀ ਇਸ ਸੂਚੀ ਵਿੱਚ ਕੁਝ ਉਹ ਲੋਕ ਵੀ ਸ਼ਾਮਲ ਕਰ ਲਏ ਗਏ, ਜਿਨ੍ਹਾਂ ਨੂੰ ਆਪਣੀ ਜ਼ਮੀਰ ਦਾ ਮਰ ਜਾਣਾ ਵੀ ਸ਼ਹੀਦੀ ਪਾਉਣ ਤੋਂ ਘੱਟ ਨਹੀਂ ਸੀ ਜਾਪਦਾ।
ਫਿਰ ਇਮਾਰਤ ਬਣਨੀ ਸ਼ੁਰੂ ਹੋਈ। ਮੁੱਢਲੀ ਯੋਜਨਾ ਸਿਰਫ ਛੇ ਮੰਜ਼ਲਾਂ ਦੀ ਸੀ, ਇਹ ਇਕੱਤੀ ਮੰਜ਼æਲਾਂ ਤੱਕ ਜਾ ਪਹੁੰਚੀ ਅਤੇ ਉਸ ਇਲਾਕੇ ਵਿੱਚ ਇਮਾਰਤਾਂ ਲਈ ਮਿਥੀ ਉਚਾਈ ਦੀ ਹੱਦ ਤੋਂ ਤਿੰਨ ਗੁਣਾਂ ਟੱਪ ਕੇ ਸਮੁੰਦਰੀ ਫੌਜ ਦੇ ਹੈਡਕਵਾਰਟਰ ਦੇ ਅੰਦਰ ਝਾਤੀਆਂ ਮਾਰਨ ਜੋਗਾ ਸੌ ਮੀਟਰ ਦਾ ਬੁਰਜ ਬਣ ਗਈ। ਜਿਸ ਕਿਸੇ ਅਫਸਰ ਨੇ ਇਸ ਦਾ ਵਿਰੋਧ ਕੀਤਾ, ਓਸੇ ਨੂੰ ਸੱਦ ਕੇ ਬੁੱਕਲ ਵਿੱਚ ਰੋੜੀ ਭੰਨਣ ਵਾਂਗ ਇੱਕ ਫਲੈਟ ਕੌਡੀਆਂ ਦੇ ਭਾਅ ਅਲਾਟ ਕਰ ਕੇ ਚੁੱਪ ਕਰਵਾ ਦਿੱਤਾ। ਇੰਜ ਭਾਈਵਾਲ ਵੀ ਵਧਦੇ ਗਏ ਫਲੈਟ ਅਤੇ ਫਲੈਟਾਂ ਵਾਲੀਆਂ ਮੰਜ਼ਲਾਂ ਵੀ। 'ਮੰਜ਼ਲਾਂ' ਸਰ ਕਰਨ ਦੀ ਇਸ ਬੇਸ਼ਰਮ ਖੇਡ ਵਿੱਚ ਭਾਰਤੀ ਫੌਜ ਦੇ ਮੁਖੀ ਰਹਿ ਚੁੱਕੇ ਦੋ ਜਰਨੈਲ ਦੀਪਕ ਕਪੂਰ ਅਤੇ ਐਨ ਸੀ ਵਿੱਜ ਵੀ ਲਾਭ-ਪਾਤਰ ਬਣ ਗਏ, ਸਮੁੰਦਰੀ ਫੌਜ ਦਾ ਮੁਖੀ ਰਹਿ ਚੁੱਕਾ ਐਡਮਿਰਲ ਮਾਧਵੇਂਦਰ ਸਿੰਘ ਵੀ ਅਤੇ ਮੁੰਬਈ ਵਾਲੇ ਸਮੁੰਦਰੀ ਕੰਢੇ ਦਾ ਮੁਖੀ ਰਹਿ ਚੁੱਕਾ ਇੱਕ ਹੋਰ ਵੱਡਾ ਬੰਦਾ ਵੀ।
ਸੋਸਾਈਟੀਆਂ ਬਣਦੀਆਂ ਹਨ, ਇਮਾਰਤਾਂ ਬਣਾਉਂਦੀਆਂ ਹਨ, ਪਰ ਕੁਝ ਨੇਮ-ਕਾਨੂੰਨ ਹੁੰਦੇ ਹਨ, ਜਿਨ੍ਹਾਂ ਦੀ ਪਾਲਣਾ ਕਰਾਉਣੀ ਸਰਕਾਰਾਂ ਦੀ ਜ਼ਿਮੇਵਾਰੀ ਹੁੰਦੀ ਹੈ। ਇਹ ਜ਼ਿਮੇਵਾਰੀ ਸਰਕਾਰ ਦੇ ਮੰਤਰੀਆਂ ਅਤੇ ਅਫਸਰਾਂ ਵੇਖਣੀ ਹੁੰਦੀ ਹੈ। ਏਥੇ ਚੋਰ ਅਤੇ ਕੁੱਤੀ ਆਪੋ ਵਿੱਚ ਇੰਜ ਰਲੇ ਪਏ ਸਨ ਕਿ ਕਿਸੇ ਦੀ ਕੋਈ ਪ੍ਰਵਾਹ ਹੀ ਨਹੀਂ ਸੀ। ਮੰਤਰੀ ਨੇ ਆਪ ਇਹ ਤਜਵੀਜ਼ ਪੇਸ਼ ਕਰ ਦਿੱਤੀ ਕਿ ਇਹ ਸੋਸਾਈਟੀ ਭਾਵੇਂ ਸ਼ਹੀਦਾਂ ਦੇ ਪਰਵਾਰਾਂ ਲਈ ਹੈ, ਇਸ ਵਿੱਚ ਕੁਝ ਲੋਕ ਬਾਹਰ ਦੇ ਵੀ ਪਾ ਲਏ ਜਾਣ। ਬਾਹਰ ਦੇ ਪਾਉਣ ਦੀ ਤਜਵੀਜ਼ ਜਦੋਂ ਮੰਨੀ ਗਈ ਤਾਂ ਉਸ ਮੰਤਰੀ ਦੇ ਘਰ ਦੇ ਜੀਅ ਵੀ ਪਾ ਲਏ। ਸੋਸਾਈਟੀ ਦੇ ਸਾਰੇ ਕਾਲੇ ਕਾਰੋਬਾਰ ਦਾ ਭਾਂਡਾ ਭੱਜਣ ਦੇ ਵਕਤ ਉਸ ਰਾਜ ਦੀ ਕਮਾਨ ਮੁੱਖ ਮੰਤਰੀ ਅਸ਼ੋਕ ਚਵਾਨ ਦੇ ਹੱਥ ਹੈ। ਪਤਾ ਲੱਗਾ ਕਿ ਚਵਾਨ ਦੀ ਸੱਸ ਵੀ ਇਸ ਸੋਸਾਈਟੀ ਦੀ ਮੈਂਬਰ ਸੀ, ਜਿਹੜੀ ਹੁਣ ਗੁਜ਼ਰ ਜਾਣ ਕਾਰਨ ਉਸ ਦੀ ਜਾਇਦਾਦ ਦਾ ਕੁਝ ਹਿੱਸਾ ਅਸ਼ੋਕ ਚਵਾਨ ਨੂੰ ਵਿਰਾਸਤ ਵਿੱਚ ਮਿਲਣਾ ਹੈ, ਜਾਂ ਮਿਲ ਚੁੱਕਾ ਹੋਵੇਗਾ। ਅਸ਼ੋਕ ਚਵਾਨ ਦੀ ਓਸੇ ਸੱਸ ਦਾ ਦਿਓਰ, ਯਾਨੀ ਕਿ ਮੁੱਖ ਮੰਤਰੀ ਦੀ ਪਤਨੀ ਦਾ ਚਾਚਾ, ਵੀ ਇੱਕ ਫਲੈਟ ਦਾ ਮਾਲਕ ਹੈ, ਇੱਕ ਸਾਲੀ ਵੀ ਅਤੇ ਇੱਕ ਸਾਲਾ ਵੀ। ਇਹ ਸਾਰੇ ਲੋਕ ਇਸ ਲਈ ਫਲੈਟਾਂ ਦੇ ਮਾਲਕ ਬਣ ਗਏ ਕਿ ਉਸ ਵਕਤ ਸੋਸਾਈਟੀ ਨੂੰ ਸਿਵਲ ਦੇ ਬੰਦੇ ਸ਼ਾਮਲ ਕਰਨ ਦੀ ਤਜਵੀਜ਼ ਦੇਣ ਵਾਲਾ ਮਾਲ ਮੰਤਰੀ ਕੋਈ ਹੋਰ ਨਹੀਂ, ਅੱਜ ਦਾ ਮੁੱਖ ਮੰਤਰੀ ਅਸ਼ੋਕ ਚਵਾਨ ਆਪ ਹੁੰਦਾ ਸੀ। ਸੱਸ, ਸਾਲੀ ਜਾਂ ਸਾਲਾ ਅਤੇ ਚਾਚਾ-ਸਹੁਰਾ ਇਸ ਵਿੱਚ ਲਾਭ-ਪਾਤਰ ਹੋਣ ਦੀ ਗੱਲ ਨਿਕਲੀ ਤਾਂ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਉਹ ਵੱਖਰਾ ਪਰਵਾਰ ਹੈ, ਪਰ ਪਿੱਛੋਂ ਪਤਾ ਲੱਗਾ ਕਿ ਉਸ ਦਾ ਆਪਣਾ ਬਾਪ ਵੀ ਇੱਕ ਫਲੈਟ ਦਾ ਮਾਲਕ ਬਣਿਆ ਬੈਠਾ ਹੈ, ਜਿਹੜਾ ਖੁਦ ਕੇਂਦਰ ਦਾ ਮੰਤਰੀ ਰਹਿ ਚੁੱਕਾ ਹੈ।
ਏਨੀ ਲੁੱਟ ਮੱਚਣ ਦਾ ਰਾਜ਼ ਕੀ ਸੀ? ਇਹੋ ਕਿ ਜਿੱਥੇ ਇਹ ਜ਼ਮੀਨ ਕੌਡੀਆਂ ਦੇ ਭਾਅ ਲੈ ਕੇ ਸੋਸਾਈਟੀ ਨੇ ਕੁਝ ਬਿਲਡਰਾਂ ਨਾਲ ਮਿਲ ਕੇ ਉਸਾਰੀ ਕੀਤੀ ਸੀ, ਦੇਸ਼ ਦੀ ਸੁਰੱਖਿਆ ਦੇ ਪੱਖੋਂ ਓਥੇ ਏਦਾਂ ਦੀ ਬਿਲਡਿੰਗ ਬਣਾਉਣ ਦੀ ਮਨਾਹੀ ਸੀ। ਜਿਸ ਕਿਸੇ ਨੂੰ ਇਸ ਭੇਦ ਦਾ ਪਤਾ ਸੀ, ਉਸ ਨੇ ਕਿੰਤੂ ਕੀਤਾ ਅਤੇ ਸੌਦਾ ਮਾਰ ਕੇ ਇੱਕ ਫਲੈਟ ਆਪਣੇ ਨਾਂਅ ਕਰਵਾ ਲਿਆ। ਸਮੁੰਦਰੀ ਫੌਜ ਦੇ ਮੁਖੀ ਨੇ ਪਹਿਲਾਂ ਇਸ ਬਾਰੇ ਇਤਰਾਜ਼ ਕੀਤਾ ਤੇ ਇਸ ਦਾ ਮੈਂਬਰ ਬਣ ਗਿਆ। ਫੌਜ ਦੇ ਇੱਕ ਮੁਖੀ ਨੇ ਵੀ ਇਤਰਾਜ਼ ਕਰ ਕੇ ਫਲੈਟ ਲੈ ਲਿਆ ਤਾਂ ਇਹੋ ਦਾਅ ਉਸ ਦੇ ਪਿੱਛੋਂ ਆਉਣ ਵਾਲੇ ਅਗਲੇ ਜਰਨੈਲ ਨੇ ਵੀ ਵਰਤ ਲਿਆ। ਦੋ ਸਾਬਕਾ ਮੁੱਖ ਮੰਤਰੀ ਵੀ ਇਸੇ ਨੁਕਤੇ ਨੂੰ ਵਰਤ ਕੇ ਇਸ ਦਾ ਲਾਭ ਲੈ ਗਏ ਤੇ ਉਸ ਰਾਜ ਦੇ ਮਾਲ ਮਹਿਕਮੇ ਦੇ ਦੋ ਸਾਬਕਾ ਮੰਤਰੀ ਵੀ। ਕਾਂਗਰਸੀ ਇਸ ਵਿੱਚ ਦੂਜਿਆਂ ਤੋਂ ਵੱਧ ਸ਼ਾਮਲ ਸਨ, ਕਿਉਂਕਿ ਉਨ੍ਹਾਂ ਦੀ ਓਥੇ ਸਰਕਾਰ ਸੀ, ਪਰ ਸ਼ਿਵ ਸੈਨਾ ਅਤੇ ਭਾਜਪਾ ਵਾਲੇ ਲਾਭ-ਪਾਤਰ ਵੀ ਨਿਕਲ ਆਏ। ਰਾਜ ਕਰਦੀ, ਰਾਜ ਕਰ ਚੁੱਕੀ ਜਾਂ ਰਾਜ ਦੀ ਦਾਅਵੇਦਾਰ ਕਿਸੇ ਵੀ ਪਾਰਟੀ ਦਾ ਖਾਤਾ ਫੋਲ ਕੇ ਵੇਖ ਲਿਆ ਜਾਵੇ, ਏਥੇ ਹੋਈ ਬਾਂਦਰ-ਵੰਡ ਵਿੱਚ ਓਸੇ ਦੇ ਕੁਝ ਨਾ ਕੁਝ ਬੰਦੇ ਸ਼ਾਮਲ ਲੱਭਦੇ ਹਨ।
ਮਜ਼ੇਦਾਰ ਗੱਲ ਇਹ ਕਿ ਏਨਾ ਕੁਝ ਸਾਹਮਣੇ ਆਉਣ ਮਗਰੋਂ ਵੀ ਇਹ ਸਾਰੇ ਦੇ ਸਾਰੇ ਕਹਿੰਦੇ ਹਨ ਕਿ ਏਥੇ ਗਲਤ ਕੁਝ ਨਹੀਂ ਹੋਇਆ। ਦੋ-ਚਾਰ ਜਣਿਆਂ ਨੇ, ਜਿਨ੍ਹਾਂ ਵਿੱਚ ਭਾਰਤੀ ਫੌਜ ਦੇ ਮੁਖੀ ਰਹਿ ਚੁੱਕੇ ਦੋਵੇਂ ਜਰਨੈਲ ਵੀ ਸ਼ਾਮਲ ਹਨ ਤੇ ਸਮੁੰਦਰੀ ਫੌਜ ਦਾ ਸਾਬਕਾ ਮੁਖੀ ਵੀ, ਇਹ ਦਾਅ ਵਰਤ ਕੇ ਆਪਣੇ ਆਪ ਨੂੰ ਦੁੱਧ-ਧੋਤੇ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਜੇ ਕੁਝ ਗਲਤ ਹੋਇਆ ਹੈ ਤਾਂ ਉਹ ਆਪਣੇ ਫਲੈਟ ਵਾਪਸ ਕਰ ਦੇਂਦੇ ਹਨ। ਹੁਣ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਵੀ ਕਹਿ ਦਿੱਤਾ ਹੈ ਕਿ ਜੇ ਇੰਜ ਕਰਨਾ ਗਲਤ ਸੀ ਤਾਂ ਉਸ ਦੇ ਪਰਵਾਰ ਦੇ ਜਿਹੜੇ ਜੀਆਂ ਨੇ ਇਸ ਵਿੱਚੋਂ ਫਲੈਟ ਲਏ ਹਨ, ਉਹ ਵਾਪਸ ਕਰ ਦੇਂਦੇ ਹਨ। ਤਰੀਕਾ ਵਧੀਆ ਚੁਣ ਲਿਆ, ਪਰ ਇਸ ਨਾਲ ਵੀ ਖਹਿੜਾ ਨਹੀਂ ਛੁੱਟ ਜਾਣਾ। ਜ਼ਮੀਰ ਉੱਤੇ ਲੱਗ ਚੁੱਕੇ ਕਲੰਕ ਨੂੰ ਧੋਣ ਦੇ ਇਸ ਨਵੇਂ ਅਮਲ ਨੇ ਅਗਲਾ ਸਵਾਲ ਵੀ ਖੜਾ ਕਰ ਦੇਣਾ ਹੈ, ਜਿਸ ਦਾ ਜਵਾਬ ਇਸ ਦੇਸ਼ ਦੀ ਜਨਤਾ ਸੁਣਨਾ ਚਾਹੇਗੀ।
ਇਹ ਗੱਲ ਲੁਕੀ ਹੋਈ ਨਹੀਂ ਕਿ ਇੱਕ ਫਲੈਟ ਦੀ ਕੀਮਤ ਅੱਠ, ਨੌਂ ਤੇ ਸ਼ਾਇਦ ਦਸ ਕਰੋੜ ਰੁਪੈ ਬਣਦੀ ਹੈ। ਇੱਕੋ ਜਿਹੀ ਇਸ ਕਰ ਕੇ ਨਹੀਂ ਕਿ ਵੱਖੋ-ਵੱਖ ਮੰਜ਼ਲਾਂ ਦਾ ਭਾਅ ਵੱਖੋ-ਵੱਖ ਹੁੰਦਾ ਹੈ। ਜਦੋਂ ਅਲਾਟ ਕੀਤੇ ਗਏ, ਇਨ੍ਹਾਂ ਫਲੈਟਾਂ ਦੀ ਕੀਮਤ ਸਿਰਫ ਸੱਠ ਲੱਖ ਤੋਂ ਲੈ ਕੇ ਨੱਬੇ ਲੱਖ ਰੁਪੈ ਤੱਕ ਦੇਣੀ ਪਈ ਸੀ। ਇਸ ਦਾ ਭਾਵ ਇਹ ਕਿ ਦਸ ਪੈਸੇ ਬਦਲੇ ਇੱਕ ਰੁਪੱਈਆ ਮਿਲਦਾ ਰਿਹਾ। ਮੁਫਤ ਵਰਗੇ ਮੁੱਲ ਮਿਲੇ ਇਹ ਫਲੈਟ ਹੁਣ ਛੱਡੇ ਜਾ ਰਹੇ ਹਨ। ਫਲੈਟ ਛੱਡਣ ਵਾਲੇ ਹਰ ਬੰਦੇ ਨੂੰ ਇੰਜ ਤਕਰੀਬਨ ਅੱਠ-ਨੌਂ ਕਰੋੜ ਰੁਪੈ ਦਾ ਜਿਹੜਾ ਘਾਟਾ ਪੈਣਾ ਹੈ, ਕੀ ਉਹ ਸਿਰਫ ਉਸ ਜ਼ਮੀਰ ਦੀ ਆਵਾਜ਼ ਸੁਣ ਕੇ ਬਰਦਾਸ਼ਤ ਕੀਤਾ ਜਾ ਰਿਹਾ ਹੈ, ਜਿਹੜੀ ਏਨੇ ਸਾਲ ਘੇਸਲ ਮਾਰ ਕੇ ਪਈ ਰਹੀ ਸੀ, ਪਰ ਗਲੀ-ਗਲੀ ਖੇਹ ਉੱਡਣ ਪਿੱਛੋਂ ਬੇਸ਼ਰਮੀ ਦਾ ਮੁਜ਼ਾਹਰਾ ਕਰਨ ਲਈ 'ਜਾਗ ਪਈ' ਹੋਣ ਦਾ ਭਰਮ ਪਾ ਰਹੀ ਹੈ? ਜ਼ਮੀਰ ਨੇ ਉਸ ਵਕਤ ਲਾਹਨਤ ਕਿਉਂ ਨਾ ਪਾਈ, ਜਦੋਂ ਅੱਸੀ ਲੱਖ ਖਰਚ ਕੇ ਨੌਂ ਕਰੋੜ ਦਾ ਮਾਲ ਜੇਬ ਵਿੱਚ ਪਾਇਆ ਜਾ ਰਿਹਾ ਸੀ? ਮੁੱਖ ਮੰਤਰੀ ਨੇ ਬੜੀ ਫੜ੍ਹ ਮਾਰੀ ਹੈ ਕਿ ਉਸ ਦੇ ਰਿਸ਼ਤੇਦਾਰ ਆਪਣੇ ਫਲੈਟ ਛੱਡ ਰਹੇ ਹਨ। ਕੌਣ ਰਿਸ਼ਤੇਦਾਰ? ਹਾਲੇ ਇੱਕ ਦਿਨ ਪਹਿਲਾਂ ਤੱਕ ਤਾਂ ਉਹ ਕਹਿੰਦਾ ਸੀ ਕਿ ਸੱਸ, ਸਾਲੀ ਜਾਂ ਸਾਲਾ ਉਸ ਦੇ ਪਰਵਾਰ ਵਿੱਚ ਨਹੀਂ ਗਿਣੇ ਜਾਣੇ ਚਾਹੀਦੇ, ਉਹ ਇੱਕ ਵੱਖਰੀ ਧਿਰ ਹਨ, ਜਦੋਂ ਹਰ ਪਾਸਿਓਂ ਘਿਰ ਗਿਆ ਤਾਂ ਰਿਸ਼ਤੇਦਾਰ ਵੀ ਬਣ ਗਏ ਤੇ ਉਨ੍ਹਾਂ ਰਿਸ਼ਤੇਦਾਰਾਂ ਨੇ ਮੁੱਖ ਮੰਤਰੀ ਦੇ ਬਚਾਅ ਲਈ ਪੰਜ ਫਲੈਟ ਛੱਡ ਕੇ ਚਾਲੀ ਕਰੋੜ ਰੁਪੈ ਤੋਂ ਵੱਧ ਦਾ ਘਾਟਾ ਬਰਦਾਸ਼ਤ ਕਰਨਾ ਵੀ ਪ੍ਰਵਾਨ ਕਰ ਲਿਆ। ਏਦਾਂ ਦੇ ਰਿਸ਼ਤੇਦਾਰ ਆਮ ਲੋਕਾਂ ਕੋਲ ਨਹੀਂ, ਸਿਰਫ ਮੰਤਰੀਆਂ, ਮੁੱਖ ਮੰਤਰੀਆਂ ਅਤੇ ਹੋਰ ਵੱਡਾ ਦਾਅ ਮਾਰਨ ਵਾਲਿਆਂ ਦੇ ਨਸੀਬਾਂ ਵਿੱਚ ਹੀ ਹੁੰਦੇ ਹਨ।
ਅਸੀਂ ਰਾਜਸੀ ਖੇਤਰ ਦੇ ਛੁਰੀ-ਮਾਰਾਂ ਦੀ ਬਾਹਲੀ ਚਰਚਾ ਨਹੀਂ ਕਰਨਾ ਚਾਹੁੰਦੇ, ਉਹ ਤਾਂ ਸ਼ਰਮ ਦਾ ਛਿੱਕਾ ਹੀ ਲਾਹੀ ਬੈਠੇ ਹਨ, ਇਸ ਦੀ ਥਾਂ ਫੌਜ ਵਾਲਿਆਂ ਦੀ ਹਾਲਤ ਤੋਂ ਫਿਕਰਮੰਦ ਹਾਂ। ਇਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਇਸ ਦੇਸ਼ ਦੀ ਰਾਖੀ ਦੀ ਜ਼ਿਮੇਵਾਰੀ ਹੈ ਤੇ ਕਿਰਦਾਰ ਇਹ ਹੈ ਕਿ ਜ਼ਿਕਰ ਕਰਨ ਵਾਲੇ ਨੂੰ ਵੀ ਸ਼ਰਮ ਆਉਣ ਲੱਗ ਪੈਂਦੀ ਹੈ। ਬੜੇ ਸਾਲ ਪਹਿਲਾਂ ਇੱਕ ਜੰਗੀ ਮੋਰਚੇ ਤੋਂ ਮੁੜਦੇ ਫੌਜੀ ਅਫਸਰ ਤੋਂ ਕੁਝ ਇਹੋ ਜਿਹਾ ਸਾਮਾਨ ਮਿਲਿਆ ਸੀ, ਜਿਸ ਤੋਂ ਸਾਫ ਹੁੰਦਾ ਸੀ ਕਿ ਜਿਸ ਇਲਾਕੇ ਵਿੱਚ ਉਸ ਦੀ ਡਿਊਟੀ ਸੀ, ਓਥੋਂ ਦੇ ਖਾਲੀ ਘਰਾਂ ਵਿੱਚ ਮਾਂਜਾ ਮਾਰ ਕੇ ਆਇਆ ਹੈ। ਉਸ ਤੋਂ ਬਾਅਦ ਇੱਕ ਹੋਰ ਅਫਸਰ ਦੀ ਇਹ ਕਰਤੂਤ ਫੜੀ ਗਈ ਕਿ ਉਸ ਨੇ ਕੁਝ ਲੋਕਾਂ ਉੱਤੇ ਟਮਾਟਰਾਂ ਦੀ ਚਟਨੀ ਡੋਲ੍ਹ ਕੇ ਮੁਕਾਬਲੇ ਵਿੱਚ ਅੱਤਵਾਦੀ ਮਾਰੇ ਵਿਖਾਏ ਅਤੇ ਉਸ ਬਦਲੇ ਐਵਾਰਡ ਲੈ ਲਿਆ। ਜਦੋਂ ਭੇਦਾ ਖੁੱਲ੍ਹ ਗਿਆ ਤਾਂ ਲੋਕਾਂ ਨੇ ਉਸ ਦਾ ਨਾਂਅ 'ਕੈਚ-ਅੱਪ ਕਰਨਲ' (ਚਟਨੀ ਵਾਲਾ ਕਰਨਲ) ਰੱਖ ਦਿੱਤਾ ਸੀ। ਇੱਕ ਵਾਰੀ ਇੱਕ ਫੌਜੀ ਅਫਸਰ ਚੰਡੀਗੜ੍ਹ ਤੋਂ ਦਿੱਲੀ ਨੂੰ ਸ਼ਤਾਬਦੀ ਐਕਸਪ੍ਰੈਸ ਵਿੱਚ ਐਗਜ਼ੈਕਟਿਵ ਕਲਾਸ ਵਿੱਚ ਮੁਫਤ ਦੇ ਰੇਲਵੇ ਪਾਸ ਉੱਤੇ ਸਫਰ ਕਰਦਾ ਫੜਿਆ ਗਿਆ। ਉਸ ਨੂੰ ਮੋਰਚੇ ਉੱਤੇ ਵਿਖਾਈ ਬਹਾਦਰੀ ਬਦਲੇ ਰੇਲਵੇ ਦੇ ਮੁਫਤ ਸਫਰ ਲਈ ਮਿਲੇ ਪਾਸ ਵਿੱਚ ਸ਼ਤਾਬਦੀ ਐਕਸਪ੍ਰੈਸ ਦੀ ਐਗਜ਼ੈਕਟਿਵ ਕਲਾਸ ਦਾ ਸਫਰ ਸ਼ਾਮਲ ਨਹੀਂ ਸੀ, ਪਰ ਉਸ ਨੇ ਉਸ ਵਿੱਚ ਕੱਟ-ਵੱਢ ਕਰ ਕੇ ਉਹ ਵੀ ਪਾ ਲਿਆ। ਟਿਕਟ ਚੈੱਕਰ ਨੇ ਇਹ ਹੇਰਾਫੇਰੀ ਫੜ ਲਈ। ਜੁਰਮਾਨਾ ਤਾਂ ਉਸ ਇਕੱਲੇ ਨੂੰ ਹੀ ਹੋਣਾ ਸੀ, ਬਦਨਾਮੀ ਸਾਰੀ ਭਾਰਤੀ ਫੌਜ ਦੀ ਹੋਈ। ਉਸ ਪਿੱਛੋਂ ਅਸਲੀ ਪਾਸ ਵਾਲਾ ਵੀ ਸਫਰ ਕਰਦਾ ਹੋਇਆ ਤਾਂ ਰੇਲਵੇ ਵਾਲੇ ਸ਼ੱਕ ਕਰ ਕੇ ਦੋ-ਤਿੰਨ ਵਾਰ ਚੈੱਕ ਕਰਦੇ ਹੋਣਗੇ। ਏਨੀਆਂ ਟੁੱਚਲ ਚੋਰੀਆਂ ਕਰ ਰਹੇ ਹਨ ਫੌਜ ਦੇ ਅਫਸਰ!
ਹੁਣ ਆਈਏ ਉਨ੍ਹਾਂ ਲੋਕਾਂ ਵੱਲ, ਜਿਨ੍ਹਾਂ ਦੇ ਨਾਂਅ ਉੱਤੇ ਇਹੋ ਜਿਹੇ ਠੱਗਾਂ-ਚੋਰਾਂ ਨੂੰ ਮੌਜ ਲੱਗੀ ਹੋਈ ਹੈ। ਫੌਜ ਦਾ ਇੱਕ ਕੰਪਨੀ ਕਵਾਰਟਰ ਮਾਸਟਰ ਹਵਾਲਦਾਰ ਮੇਜਰ ਅਬਦੁਲ ਹਮੀਦ ਹੁੰਦਾ ਸੀ। ਜਦੋਂ 1965 ਦੀ ਜੰਗ ਲੱਗੀ, ਉਹ ਖੇਮਕਰਨ ਖੇਤਰ ਵਿੱਚ ਤਾਇਨਾਤ ਸੀ। ਕਹਿੰਦੇ ਹਨ ਕਿ ਉਸ ਦੀ ਕੰਪਨੀ ਕੋਲ ਜੀਪ ਉੱਤੇ ਲੱਗੀਆਂ ਤੋਪਾਂ ਸਨ। ਉਹ ਹਵਾਲਦਾਰ ਮੇਜਰ ਜਾਨ ਹੂਲ ਕੇ ਲੜਿਆ ਅਤੇ ਦੁਸ਼ਮਣ ਦੇ ਸੱਤ ਟੈਂਕ ਤਬਾਹ ਕਰਨ ਮਗਰੋਂ ਸ਼ਹੀਦੀ ਪਾ ਗਿਆ। ਉਸ ਦੀ ਬਹਾਦਰੀ ਦੀਆਂ ਗੱਲਾਂ ਅੱਜ ਵੀ ਉਸ ਇਲਾਕੇ ਦੇ ਲੋਕ ਕਰਦੇ ਹਨ। ਭਿਖੀਵਿੰਡ ਤੋਂ ਖੇਮਕਰਨ ਨੂੰ ਜਾਈਏ ਤਾਂ ਅਮਰਕੋਟ ਲੰਘ ਕੇ ਚੀਮਾ ਪਿੰਡ ਦੀ ਹੱਦ ਵਿੱਚ ਉਸ ਦੀ ਸਮਾਧੀ ਬਣੀ ਹੋਈ ਹੈ। ਉਸ ਨੂੰ ਮਰਨ ਮਗਰੋਂ 'ਪਰਮਵੀਰ ਚੱਕਰ' ਦਾ ਸਨਮਾਨ ਦਿੱਤਾ ਗਿਆ ਸੀ। ਪਿਛਲੇਰੇ ਸਾਲ ਉੱਤਰ ਪ੍ਰਦੇਸ਼ ਤੋਂ ਇਹ ਖਬਰ ਆਈ ਕਿ ਬਹੁਤ ਬਜ਼ੁਰਗ ਹੋ ਚੁੱਕੀ ਅਬਦੁਲ ਹਮੀਦ ਦੀ ਪਤਨੀ ਆਖਦੀ ਹੈ ਕਿ ਸ਼ਹੀਦ ਦੇ ਨਾਂਅ ਉੱਤੇ ਜੋ ਕੁਝ 1965 ਵਿੱਚ ਐਲਾਨ ਕੀਤਾ ਗਿਆ ਸੀ, ਪੰਜਤਾਲੀ ਸਾਲ ਲੰਘਾ ਕੇ ਅੱਜ ਤੱਕ ਨਹੀਂ ਦਿੱਤਾ ਗਿਆ। ਏਦਾਂ ਦੀ ਉਹ ਵਿਚਾਰੀ ਇਕੱੱਲੀ ਨਹੀਂ, ਕਈ ਹੋਰ ਜੰਗੀ ਸ਼ਹੀਦਾਂ ਦੀ ਪਤਨੀਆਂ ਵੀ ਹਨ, ਜਿਨ੍ਹਾਂ ਨੂੰ ਕਦੇ-ਕਦੇ ਸੱਦ ਕੇ ਸਨਮਾਨ ਵਜੋਂ ਖਾਸ ਮੌਕਿਆਂ ਉੱਤੇ ਸਿਲਾਈ ਮਸ਼ੀਨਾਂ ਅਤੇ ਕੰਬਲ ਦੇ ਕੇ ਤੋਰ ਦਿੱਤਾ ਜਾਂਦਾ ਹੈ ਤੇ ਉਂਗਲ ਨੂੰ ਲਹੂ ਲਾ ਕੇ ਆਪਣੀ ਜ਼ਮੀਰ ਦੀ 'ਸ਼ਹੀਦੀ' ਪਾਉਣ ਵਾਲੇ ਲੋਕ ਅੱਸੀ ਲੱਖ ਰੁਪੈ ਖਰਚ ਕੇ ਅੱਠ ਕਰੋੜ ਰੁਪੈ ਦੇ ਫਲੈਟ ਦੇ ਮਾਲਕ ਬਣ ਜਾਂਦੇ ਹਨ।
ਕੋਈ ਦਸ ਕੁ ਸਾਲ ਪਹਿਲਾਂ ਮਾਨਸਾ ਇਲਾਕੇ ਦੇ ਕਿਸੇ ਪਿੰਡ ਦੇ ਬਾਹਰ ਇੱਕ ਬੋਰਡ ਲਾਇਆ ਗਿਆ ਸੀ ਕਿ ਇਹ ਪਿੰਡ ਵਿਕਾਊ ਹੈ। ਉਹ ਬੋਰਡ ਉਸ ਪਿੰਡ ਦੇ ਕਰਜ਼ੇ ਨਾਲ ਸਤਾਏ ਹੋਏ ਅਤੇ ਫਸਲ ਦੀ ਉਪਜ ਘੱਟ ਹੁੰਦੀ ਜਾਣ ਤੋਂ ਤੰਗ ਆ ਚੁੱਕੇ ਲੋਕਾਂ ਨੇ ਸਲਾਹ ਕਰ ਕੇ ਲਾਇਆ ਸੀ। ਹੁਣ ਵਾਲਾ ਹਾਲ ਰਿਹਾ ਤਾਂ ਸਾਰਾ ਮੁਲਕ ਵੇਚਣ ਦੀ ਪੇਸ਼ਕਸ਼ ਕਰਦਾ ਬੋਰਡ ਏਦਾਂ ਦੇ ਲੋਕ ਦਸ, ਵੀਹ ਜਾਂ ਤੀਹ ਸਾਲਾਂ ਤੱਕ ਰਾਜਧਾਨੀ ਦਿੱਲੀ ਦੇ ਹਵਾਈ ਅੱਡੇ ਅੱਗੇ ਲਾਉਣ ਤੱਕ ਜਾ ਸਕਦੇ ਹਨ। ਇਹ ਗੱਲ ਅਸੀਂ ਨਹੀਂ, ਉਹ ਲੋਕ ਕਹਿੰਦੇ ਹਨ, ਜਿਹੜੇ ਬੀਤ ਗਏ ਕੱਲ੍ਹ ਵੱਲ ਵੇਖਦੇ ਹੋਏ ਅੱਜ ਵਿੱਚ ਵੱਸਦੇ ਤੇ ਭਲਕ ਨੂੰ ਸੁੰਘਦੇ ਹਨ। ਭਲਕ ਸਿਰਫ ਸਾਡਾ ਨਹੀਂ, ਸਾਡੀ ਅਗਲੀ ਪੀੜ੍ਹੀ ਦਾ ਹੈ, ਉਸ ਦੀ ਅਮਾਨਤ ਵਿੱਚ ਖਿਆਨਤ ਹੁੰਦੀ ਵੇਖ ਕੇ ਵੀ ਅਸੀਂ ਇੰਜ ਚੁੱਪ ਬੈਠੇ ਹਾਂ, ਜਿਵੇਂ ਸਾਡੀ ਕੋਈ ਖਾਸ ਦਿਲਚਸਪੀ ਹੀ ਨਾ ਹੋਵੇ। ਸਾਡੇ ਲੋਕਾਂ ਦੀ ਦਿਲਚਸਪੀ ਹੁਣ 'ਸਾਨੂੰ ਕੀ' ਤੱਕ ਪਹੁੰਚਦੀ ਜਾ ਰਹੀ ਹੈ।
ਅੱਜ ਫੌਜ ਦੇ ਦੋ ਸਾਬਕਾ ਮੁਖੀਆਂ ਦੀ ਜ਼ਮੀਰ ਦੀ ਗਿਰਾਵਟ ਸਾਹਮਣੇ ਆਈ ਹੈ, ਕੱਲ੍ਹ ਨੂੰ ਕੁਝ ਹੋਰਨਾਂ ਦੀ ਵੀ ਆ ਸਕਦੀ ਹੈ। ਸਾਨੂੰ ਸਿਆਸੀ ਚੋਰਾਂ ਉੱਤੇ ਰੰਜ ਓਨਾ ਨਹੀਂ, ਜਿੰਨਾ ਇਨ੍ਹਾਂ ਉੱਤੇ ਹੈ। ਬਦਨਾਮ ਚੋਰ ਇੱਕ ਹੋਰ ਚੋਰੀ ਕਰਦਾ ਫੜਿਆ ਜਾਵੇ ਤਾਂ ਲੋਕ ਕਹਿੰਦੇ ਹਨ ਕਿ 'ਫਿਰ ਫੜਿਆ ਗਿਆ ਹੈ', ਪਰ ਜੇ ਕੋਈ ਸਾਧ ਫੜਿਆ ਜਾਵੇ ਤਾਂ ਲੋਕ ਇਹ ਕਹਿੰਦੇ ਹਨ ਕਿ "ਸਾਧ 'ਵੀ' ਚੋਰੀ ਕਰਦਾ ਫੜਿਆ ਗਿਆ ਹੈ।" ਸਾਧ ਦੇ ਨਾਲ ਜਦੋਂ 'ਵੀ' ਲਾਇਆ ਜਾਂਦਾ ਹੈ ਤਾਂ ਇਸ ਨਾਲ ਇਹ ਭਾਵ ਵੀ ਜੁੜਿਆ ਹੁੰਦਾ ਹੈ ਕਿ ਇਸ ਬੰਦੇ ਤੋਂ ਇਸ ਕਰਤੂਤ ਦੀ ਆਸ ਨਹੀਂ ਸੀ। ਲੀਡਰ ਫੜੇ ਜਾਣ, ਸਿਵਲ ਵਾਲੇ ਅਫਸਰ ਫੜੇ ਜਾਣ, ਇਹ ਹੁਣ ਆਮ ਜਿਹੀ ਗੱਲ ਬਣ ਚੁੱਕੀ ਹੈ, ਪਰ ਜਦੋਂ ਫੌਜ ਵਾਲੇ ਤੇ ਉਹ ਵੀ ਸਿਖਰਲੀ ਟੀਸੀ ਵਾਲੇ ਫੜੇ ਜਾਂਦੇ ਹਨ ਤਾਂ ਸਿਰਫ 'ਵੀ' ਲਾਉਣ ਨਾਲ ਗੱਲ ਨਹੀਂ ਬਣਦੀ। ਇਹੋ ਜਿਹੇ ਵੇਲੇ ਤਾਂ ਸਿਰਫ ਇਹੋ ਸ਼ੇਅਰ ਕਿਹਾ ਜਾ ਸਕਦਾ ਹੈ:
ਵੀਰਾਨ ਗੁਲਿਸਤਾਂ ਕਰਨੇ ਕੋ ਬਸ ਏਕ ਹੀ ਉੱਲੂ ਕਾਫੀ ਹੈ,
ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜਾਮੇ ਗੁਲਿਸਤਾਂ ਕਿਆ ਹੋਗਾ?
No comments:
Post a Comment