ਵਿਸ਼ਵਦੀਪ ਬਰਾੜ
ਪਿਛਲੇ ਦਿਨੀਂ ਈ.ਟੀ.ਟੀ. ਦੇ ਦਾਖਲੇ ਲਈ ਪੰਜਾਬ ਦੇ ਸਾਰੇ ਅਖ਼ਬਾਰਾਂ ‘ਚ ਛੋਟੀ ਤੋਂ ਵੱਡੀ ਖ਼ਬਰ ਆਉਂਦੀ ਰਹੀ ਅਤੇ ਕਿਸੇ ਵੀ ਬਰਾਬਰ ਦੇ ਹੱਕਾਂ ਲਈ ਹਾਅ ਦਾ ਨਾਅਰਾ ਮਾਰਨ ਵਾਲੀ ਧਿਰ ਨੇ ਇਸ ‘ਤੇ ਟੀਕਾ ਟਿੱਪਣੀ ਨਹੀਂ ਕੀਤੀ।ਲੱਗਦਾ ਇਹ ਗੱਲਾਂ ਸਿਆਸਤ ਦੇ ਗਲਿਆਰੇ ਤੋਂ ਬਾਹਰ ਜਾਪਣ ਕਰਕੇ ਕਿਸੇ ਵੀ ਨੇਤਾ ਜਾਂ ਜੰਗਾਜ਼ੂੰ ਯੋਧਿਆ ਨੇ ਇਹਨਾਂ ‘ਤੇ ਵਿਚਾਰ ਪੇਸ਼ ਕਰਨੇ ਵਾਜਬ ਨਹੀਂ ਸਮਝੇ। ਈ.ਟੀ.ਟੀ. ਪੰਜਾਬ ਦੇ ਬੇਰੋਜ਼ਗਾਰ ਨੌਜਵਾਨ ਲੜਕੇ ਲੜਕੀਆਂ ਲਈ ਨਾ ਸਿਰਫ ਯਕੀਨਨ ਰੋਜ਼ਗਾਰ ਪ੍ਰਾਪਤੀ ਦਾ ਸਾਧਨ ਹੈ, ਸਗੋਂ ਲੜਕੀਆਂ ਦੀ ਵੱਡੀ ਗਿਣਤੀ ਲਈ ਵਿਆਹ ਸੰਬੰਧੀ ਲੋੜੀਂਦੀ ਯੋਗਤਾ ਦਾ ਪ੍ਰਮਾਣ ਪੱਤਰ ਵੀ ਹੈ।ਹਾਲੇ ਵੀ ਇਹ ਗੱਲ ਪ੍ਰਚੱਲਤ ਹੈ ਕਿ ਕੁੜੀਆਂ ਲਈ ਇਸ ਯੋਗਤਾ ਨਾਲ ਪੇਸ਼ੇਵਰ ਜ਼ਿੰਦਗੀ ਦਾ ਸਮਾਂ ਚੰਗਾ ਬੀਤਦਾ ਹੈ।ਇਹਨਾਂ ਸਾਰੇ ਕਾਰਨਾਂ ਕਰਕੇ ਇਸ ਸੰਬੰਧੀ ਇਸ਼ਤਿਹਾਰ ਆਉਣ ਨਾਲ ਹੀ ਮੱਧ ਵਰਗੀ ਪਰਿਵਾਰਾਂ ‘ਚ ਦਾਖਲੇ ਲਈ ਯਤਨ ਸ਼ੁਰੂ ਹੋ ਗਏ ਸਨ,ਪ੍ਰਾਈਵੇਟ ਕਾਲਜਾਂ ਦੇ ਮਾਲਿਕਾਂ ਵਲੋਂ ਰਲ ਕੇ ਬਣਾਈ ਫੈਡਰੇਸ਼ਨ ਵਲੋਂ ਸਭ ਕੁਝ ਆਪਣੀ ਵੈਬਸਾਇਟ www.bedpunjab.org ਤੇ ਪਾ ਦਿੱਤਾ ਗਿਆ। ਕਿਸੇ ਨੇ ਇਹ ਗੱਲ ਪੁੱਛਣ ਦੀ ਜਹਿਮਤ ਨਹੀਂ ਉਠਾਈ ਕਿ ਸਰਕਾਰ ਨੂੰ ਜਾਂ ਸਿੱਖਿਆ ਮੰਤਰੀ ਨੂੰ ਪੁੱਛਿਆ ਜਾਵੇ ਕਿ ਜਦ ਸਰਕਾਰੀ ਡਾਈਟਸ (ਈ.ਟੀ.ਟੀ. ਕਰਵਾੳਣ ਲਈ ਉਚੇਚੇ ਤੌਰ ਤੇ ਬਣਾਈਆ ਗਈਆ ਸਰਕਾਰੀ ਸੰਸਥਾਵਾਂ) ਖਾਲੀ ਪਈਆਂ ਹਨ ਅਤੇ ਅਧਿਕਾਰੀ ਵਿਹਲੀਆਂ ਤਨਖਾਹਾਂ ਲੈਂਦੇ ਹਨ, ਤਾਂ ਗੈਰ ਸਰਕਾਰੀ ਕਾਲਜਾਂ ਵਿਚ ਵੱਧ ਫੀਸਾਂ ਤਾਰਕੇ ਬੱਚਿਆਂ ਨੂੰ ਈ.ਟੀ.ਟੀ. ਕਰਨ ਲਈ ਮਜ਼ਬੂਰ ਕਿਉਂ ਕੀਤਾ ਜਾ ਰਿਹਾ ਹੈ? ਸ਼ਾਇਦ ਵਿਦਿਆਰਥੀ ਜਥੇਬੰਦੀਆਂ ਦੀ ਅਣਹੋਂਦ ਅਤੇ ਸਿਆਸੀ ਧਿਰਾਂ ਵਲੋਂ ਇਹਨਾਂ ਮਸਲਿਆਂ ਪ੍ਰਤੀ ਲਗਾਤਾਰ ਘੇਸਲ ਵੱਟਣ ਕਰਕੇ ਸਰਕਾਰਾਂ ਸਰਮਾਏਦਾਰਾਂ ਦੀ ਲੋਟੂ ਜਮਾਤ ਦੀ ਅਟੁੱਟ ਧਿਰ ਗੈਰ ਸਰਕਾਰੀ ਕਾਲਜਾਂ ਦੇ ਮਾਲਿਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਚੁਕੀ ਜਾਪਦੀ ਹੈ।
ਅਮੀਰਾਂ ਦੇ ਪ੍ਰਾਈਵੇਟ ਕਾਲਜਾਂ ਨੂੰ ਪੈਸੇ ਕਮਾਉਣ ਦੀ ਕਾਹਲ ਇੰਨੀ ਜ਼ਿਆਦਾ ਹੈ ਕਿ 2009-11 ਅਤੇ 2010-2012 ਸਾਲ ਦੇ ਦਾਖਲੇ ਇਕੋ ਸਮੇਂ ਸ਼ੁਰੂ ਕੀਤੇ ਹਨ ( ਈ.ਟੀ.ਟੀ ਐਲੀਮੈਂਟਰੀ ਟੀਚਰ ਟਰੇਨਿੰਗ ਕੋਰਸ ਦਾ ਸਮਾਂ 2 ਸਾਲ ਦਾ ਹੁੰਦਾ ਹੈ)।ਇੰਝ ਮਾਰੋ ਮਾਰ ਪਈ ਹੋਈ ਹੈ ਕਿ ਕਾਲਜ ਪੈਸੇ ਇਕੱਠੇ ਕਰਨ ਨੂੰ ਕਾਹਲੇ ਹਨ,ਜਿਵੇਂ ਕਿਤੇ ਅਗਲੀ ਸਰਕਾਰ ਦੇ ਆਉਣ ‘ਤੇ ਇਹ ਦਾਖਲੇ ਹੀ ਰੱਦ ਕਰਨ ਦਾ ਡਰ ਹੋਵੇ।ਜਿਸ ਬੱਚੇ ਦਾ ਨਾਂਅ ਮੈਰਿਟ ਸੂਚੀ ਵਿਚ ਨਹੀਂ ਆਇਆ ਉਸ ਤੋਂ 1 ਲੱਖ ਤੋਂ ਲੈ ਕੇ 3 ਲੱਖ ਤੱਕ ਵਾਧੂ ਪੈਸੇ ਮੰਗੇ ਜਾ ਰਹੇ ਹਨ, ਕਾਲਜਾਂ ਵਲੋਂ ਅਖਬਾਰਾਂ ‘ਚ ਆਪਣੇ ਨੰਬਰ ਫਲੈਸ਼ ਕੀਤੇ ਜਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਕਾਲਜ ‘ਚ ਆਕੇ ਕੁੱਝ ਫਾਰਮ ਭਰਨ ਲਈ ਕਿਹਾ ਜਾਂਦਾ ਹੈ।ਜਿਸ ਦੀ ਫੀਸ 1000 ਤੋਂ 1500 ਰੁਪਏ ਹੈ।ਜੋ ਮੈਰਿਟ ‘ਚ ਆ ਗਏ ਉਹਨਾਂ ਤੋਂ 56000 ਸਲਾਨਾ ਫੀਸ ਵਜੋਂ ਭਰਾਏ ਗਏ ਹਨ।ਸਰਕਾਰੀ ਡਾਈਟ ‘ਚ ਇਹੋ ਫੀਸ 10 ਤੋਂ 15 ਹਜ਼ਾਰ ਹੋਣੀ ਸੀ। ਬੱਚਿਆਂ ਅਤੇ ਮਾਪਿਆਂ ਦੀ ਇਸ ਗੁੱਝੀ ਲੁੱਟ ਦਾ ਕਈਆਂ ਨੂੰ ਪਤਾ ਨਹੀਂ ਅਤੇ ਕਈ ਬੋਲਦੇ ਨਹੀਂ, ਖ਼ੁਦ ਦੇ ਬੱਚੇ ਨੇ ਵੀ ਤਾਂ ਦਾਖਲਾ ਲਿਆ ਹੈ ਸਿਫਾਰਿਸ਼ ਨਾਲ।
ਇਸ ਲੁੱਟ ਤੋਂ ਪਹਿਲਾਂ ਕਈ ਵਰ੍ਹੇ ਪੰਜਾਬੀਆਂ ਦੀ ਰੱਜਕੇ ਲੁੱਟ ਕੀਤੀ ਹੈ,ਜੰਮੂ ਦੇ ਈ.ਟੀ.ਟੀ. ਕਾਲਜਾਂ ਨੇ।ਜਿੱਥੇ ਦਾਖਲੇ ਲਈ ਏਜੰਟਾਂ ਨੇ ਕਰੋੜਾਂ ਰੁਪਏ ਕਮਾਏ ਹਨ।ਇਸ ਤਰ੍ਹਾਂ ਕੀਤੀ ਗਈ ਈ.ਟੀ.ਟੀ. ਨੇ ਵਿੱਦਿਆ ਦਾ ਮਿਆਰ ਵੀ ਬੁਰੀ ਤਰ੍ਹਾਂ ਹੇਠਾਂ ਡੇਗ ਦਿੱਤਾ ਹੈ ਅਤੇ ਜੇਕਰ ਇਹਨਾਂ ਅਧਿਆਪਕਾਂ ਦੀ ਚੋਣ ਕੇਵਲ ਇਹਨਾਂ ਵਲੋਂ ਪ੍ਰਾਪਤ ਕੀਤੇ ਗਏ ਨੰਬਰਾਂ ‘ਤੇ ਅਧਾਰਿਤ ਮੈਰਿਟ ਅਨੁਸਾਰ ਹੀ ਹੋਈ ਤਾਂ ਹੋਰ ਮੰਦਾ ਹਾਲ ਹੋਵੇਗਾ ( ਪੰਜਾਬ ਸਰਕਾਰ ਨਾਲ ਜੰਮੂ ਤੋਂ ਇਹ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਦਾ ਘੋਲ ਵੀ ਹਾਲੇ ਚੱਲ ਰਿਹਾ ਹੈ)। ਇਹਨਾਂ ਕਾਲਜਾਂ 'ਚੋਂ ਈ.ਟੀ.ਟੀ. ਕਰਨ ਵਾਲੇ ਵਿਦਿਆਰਥੀ ਜੋ ਹੁਣ ਸੰਘਰਸ਼ ਦੇ ਰਾਹ ਤੇ ਪਏ ਹੋਏ ਹਨ, ਉਹ ਭਾਂਵੇ ਮੇਰੇ ਵਿਚਾਰਾਂ ਦਾ ਵਿਰੋਧ ਕਰਨ ਪਰ ਸੱਚਾਈ ਇਹ ਹੈ ਕਿ ਪੂਰੇ ਦੇ ਪੂਰੇ ਪੇਪਰ ਇਕ ਦਿਨ ਪਹਿਲਾਂ ਹੀ ਬਾਹਰ ਮੁੱਲ ਮਿਲ ਜਾਂਦੇ ਸਨ ਜਿਸ ਕਰਕੇ ਨੰਬਰਾਂ ਦੇ ਗੱਫੇ ਸਭ ਨੇ ਖੁੱਲ੍ਹੇ ਛਕੇ ਹੋਏ ਹਨ। ਇਸ ਕਰਕੇ ਕਈ ਵਾਰ ਪੰਜਾਬ ਤੋਂ ਬਾਹਰੋਂ ਈ.ਟੀ.ਟੀ. ਕਰਨ ਵਾਲਿਆਂ ਦੀ ਵੱਖਰੀ ਮੈਰਿਟ ਦੀ ਮੰਗ ਵੀ ਉੱਠਦੀ ਰਹੀ ਹੈ,ਕਿਉਂਕਿ ਪੰਜਾਬ ‘ਚ ਇੰਨੇ ਜਿਆਦਾ ਨੰਬਰ ਨਹੀਂ ਆਉਂਦੇ ਹਨ। ਅਰਥਾਤ ਇਹ ਗੱਲ ਸਪੱਸ਼ਟ ਹੈ ਕਿ ਅਮੀਰ ਘਰਾਂ ਦੇ ਬੱਚਿਆਂ ਨੇ ਪੈਸੇ ਖਰਚ ਕਰਕੇ ਜੰਮੂ ਕਸ਼ਮੀਰ ਵਿਚੋਂ ਈ.ਟੀ.ਟੀ. ਕੀਤੀ ਅਤੇ ਹੁਣ ਅਮੀਰ ਹੀ ਪੰਜਾਬ ਵਿਚ ਇਹ ਪੜ੍ਹਾਈ ਕਰ ਸਕਣਗੇ।ਗਰੀਬ ਬੱਚਿਆਂ ਦਾ ਤਾਂ ਫਿਰ ਅੱਲਾ ਹੀ ਬੇਲੀ ਹੈ।ਹਾਲੇ ਛੋਟੀਆਂ ਜਮਾਤਾਂ ‘ਚ ਪੜ੍ਹਦੇ ਗਰੀਬ ਮਾਂ ਬਾਪ ਦੀ ਔਲਾਦ ਫਿਰ ਕਿਸੇ ਸਿਰੇ ਨਹੀ ਲੱਗਣੀ ਕਿਉਂਕਿ ਉਹ ਪੜ੍ਹਣਗੇ ਪੈਸੇ ਦੇ ਜ਼ੋਰ ਨਾਲ ਈ.ਟੀ.ਟੀ. ਕਰਨ ਵਾਲੇ ਅਧਿਆਪਕਾਂ ਤੋਂ ਜਿਨ੍ਹਾਂ ਵਿੱਚ ਜੰਮੂ ਵਾਲੇ ਸਭ ਤੋਂ ਉੱਪਰ ਹੋਣਗੇ। ਭਾਂਵੇ ਕਿ ਸਾਰੇ ਇਕਸਾਰ ਨਹੀਂ ਹੁੰਦੇ ਪਰ ਬਹੁਗਿਣਤੀ ਇਹੋ ਹੀ ਹੈ।
ਪੰਜਾਬ ਦੇ ਕਿਸੇ ਵੀ ਨਾਮਵਰ ਅਖਬਾਰ ਨੂੰ ਵੇਖੋ ਹਰੇਕ ਵਿਚ ਪੀ.ਐਚ.ਡੀ. ਤੋ ਲੈ ਕੇ ਲਗਭਗ ਹਰੇਕ ਵਿਸ਼ੇ ਵਿਚ ਮਾਸਟਰ ਡਿਗਰੀ ਅਤੇ ਡਿਪਲੋਮੇ ਪੰਜਾਬ ਤੋਂ ਬਾਹਰਲੀਆਂ ਯੂਨੀਵਰਸਟੀਆਂ ਵਲੋਂ ਕਰਵਾਏ ਜਾਣ ਦੇ ਇਸ਼ਤਿਹਾਰ ਵੱਡੀ ਗਿਣਤੀ ‘ਚ ਵੱਖ-2 ਸ਼ਹਿਰਾਂ ਦੇ ਸਟੱਡੀ ਸੈਂਟਰਾਂ ਵਾਲਿਆਂ ਵਲੋਂ ਰੋਜ਼ਾਨਾ ਛਪਵਾਏ ਜਾਂਦੇ ਹਨ।ਵੀਨਾਕਾ ਯੂਨੀਵਰਸਟੀ ਦੀਆਂ ਪੇਸ਼ੇਵਾਰ ਡਿਗਰੀਆਂ ਐਮ.ਬੀ.ਏ. ਆਦਿ ਵਿਚ ਵਿਦਿਆਰਥੀ ਸ਼ਰੇਆਮ ਕਿਤਾਬਾਂ ਖੋਲ੍ਹ ਕੇ ਪੇਪਰ ਦਿੰਦੇ ਹਨ ਅਤੇ ਪੰਜਾਬ ਦੇ ਵੱਖ-2 ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਰੈਗੂਲਰ ਰੂਪ ‘ਚ ਪੜ੍ਹਾਈ ਕਰਨ ਵਾਲਿਆਂ ਨੂੰ ਮੈਰਿਟ ‘ਚ ਮਾਤ ਪਾ ਦਿੰਦੇ ਹਨ। ਅਕਸਰ ਹੀ ਇਹਨਾਂ ਯੂਨੀਵਰਸਿਟੀਆਂ ਦੇ ਇਮਿਤਿਹਾਨ ਕੇਂਦਰ ਛੋਟੇ ਮੋਟੇ ਸਕੂਲਾਂ ‘ਚ ਬਣਦੇ ਹਨ ਜੋ ਕਿ ਆਮ ਜਨਤਾ ਅਤੇ ਮੀਡੀਆ ਦੀ ਪਹੁੰਚ ਤੋਂ ਦੂਰ ਹੁੰਦੇ ਹਨ। ਪੇਪਰ ਦੇਣ ਆਏ ਵਿਦਿਆਰਥੀ ਵੀ ਇਹਨਾਂ ਨੂੰ ਮਸਾਂ ਹੀ ਭਾਲਦੇ ਹਨ। ਜਿਵੇਂ ਬਠਿੰਡੇ ਦੇ ਸੈਂਟਰ ਲਾਗਲੇ ਪਿੰਡ ਕੋਟ ਫੱਤੇ ਦੇ ਇਕ ਪ੍ਰਾਈਵੇਟ ਸਕੂਲ਼ ਵਿਚ ਬਣਦਾ ਹੈ ਕਾਰਨ ਦੱਸਣ ਦੀ ਲੋੜ ਨਹੀਂ ਸ਼ਾਇਦ। ਯੂਨੀਵਰਸਿਟੀ ਵਲੋਂ ਨਾਮਜ਼ਦ ਅਧਿਕਾਰੀ ਦੀ ਆਓ ਭਗਤ ਨਾਲ ਕਈ ਸੈਂਟਰਾਂ ਦੇ ਬੱਚੇ ਪੇਪਰ ਘਰ ਬੈਠ ਕੇ ਆਰਾਮ ਨਾਲ ਵੀ ਹੱਲ ਕਰ ਸਕਣ ਦੀ ਸਹੂਲਤ ਮਾਣਦੇ ਹਨ। ਅਜਿਹੀਆਂ ਹੀ ਹੋਰ ਬਹੁਤ ਯੂਨੀਵਰਸਿਟੀਆਂ ਹਨ ਜਿਵੇਂ ਆਈ.ਸੀ.ਐਸ.ਈ., ਭਗਵੰਤ, ਦਰਾਵਿੜ, ਈਲਮ, ਨਾਗਾਲੈਂਡ, ਕਰਨਾਟਕਾ ਜਿਨ੍ਹਾਂ ਦੇ ਸਟੱਡੀ ਸੈਂਟਰ ਥੋਕ ‘ਚ ਅਜਿਹੀ ਡਿਗਰੀਆਂ ਪੈਸੇ ਲੈਕੇ ਮਹੁੱਈਆ ਕਰਵਾ ਰਹੇ ਹਨ। ਇਹਨਾਂ ਯੂਨੀਵਰਸਿਟੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਕਿਉਂਕਿ ਹਰੇਕ ਰਾਜ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਸੰਬੰਧੀ ਆਪੋ ਆਪਣੇ ਕਾਨੂੰਨ ਬਣਾਕੇ ਸਰਮਾਏਦਾਰਾਂ ਨੂੰ ਸਿੱਖਿਆ ਮੁੱਹਈਆ ਕਰਨ ਦਾ ਲਾਈਸੈਂਸ ਦੇ ਦਿੱਤਾ ਹੈ ਅਤੇ ਆਪਣੀ ਆਦਤ ਮੁਤਾਬਿਕ ਉਹਨਾਂ ਨੇ ਤਾਂ ਫਾਇਦੇ ਲਈ ਹੀ ਕੰਮ ਕਰਨਾ ਹੈ ਅਤੇ ਵਿੱਦਿਆ ਵਿਚਾਰੀ ਤਾਂ ਬਣਾਉਣੀ ਹੈ ਵਿਉਪਾਰੀ। ਹੋਰ ਤਾਂ ਹੋਰ ਇਹਨਾਂ ਯੂਨੀਵਰਸਿਟੀਆਂ ਦੇ ਸਟੱਡੀ ਸੈਂਟਰਾਂ ਵਲੋਂ ਵੈਟਨਰੀ ਫਰਮਾਸਿਸਟ, ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਅਤੇ ਹੋਰ ਬਹੁਤ ਸਾਰੇ ਸਾਇੰਸ ਨਾਲ ਸੰਬੰਧਿਤ ਅਜਿਹੇ ਵਿਸ਼ਿਆਂ ਦੇ ਵੀ ਕੋਰਸ ਧੜੱਲੇ ਨਾਲ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਪ੍ਰੈਕਟੀਕਲ ਕਲਾਸਾਂ ਲੱਗਣੀਆ ਅਤਿ ਜ਼ਰੂਰੀ ਹੁੰਦੀਆ ਹਨ।
ਸਟੱਡੀ ਸੈਂਟਰਾਂ ਦਾ ਗੋਰਖ ਧੰਦਾ ਪੰਜਾਬ ‘ਚ ਸਭ ਤੋਂ ਪਹਿਲਾਂ ਵੱਡੀ ਪੱਧਰ ਤੇ ਪੰਜਾਬ ਦੀ ਇੱਕੋ ਇਕ ਟੈਕਨੀਕਲ ਯੂਨੀਵਰਸਿਟੀ ਨੇ ਸ਼ੁਰੂ ਕੀਤਾ ।ਜਿਸ ਨਾਲ ਪੰਜਾਬ ‘ਚ ਲਗਭਗ ਹਰੇਕ ਵਿਹਲੇ ਵਿਦਿਆਰਥੀ ਨੇ ਕੰਪਿਊਟਰ ਦਾ ਕੋਈ ਨਾ ਕੋਈ ਡਿਪਲੋਮਾ ਜਾਂ ਡਿਗਰੀ ਜ਼ਰੂਰ ਕਰ ਲਈ ਹੈ। ਹਰੇਕ ਸ਼ਹਿਰ ‘ਚ ਸੈਂਕੜੇ ਸਟੱਡੀ ਸੈਂਟਰਾਂ ਰਾਹੀਂ ਹੁੰਦੀ ਕਰੋੜਾਂ ਦੀ ਆਮਦਨ ਦੇ ਬਾਵਜੂਦ ਯੂਨੀਵਰਸਿਟੀ ਦਾ ਆਪਣਾ ਕੋਈ ਕੈਂਪਸ ਨਹੀਂ ਹੈ। ਦਿੱਲੀ, ਬੈਂਗਲੁਰੂ ਮਹਾਂਨਗਰਾਂ ‘ਚ ਨੌਕਰੀਆਂ ਕਰਨ ਵਾਲੇ ਹਜ਼ਾਰਾਂ ਪੰਜਾਬੀ ਮੁੰਡੇ ਕੁੜੀਆਂ ਨਾਲ ਗੱਲਬਾਤ ਕਰਨ ‘ਤੇ ਇਹ ਗੱਲ ਉਭਰਕੇ ਸਾਹਮਣੇ ਆਉਂਦੀ ਹੈ ਕਿ ਪੰਜਾਬ ‘ਚ ਟੈਕਨੀਕਲ ਸਿੱਖਿਆ ‘ਚ ਤਰੱਕੀ ਕਰਨ ਦੀ ਬਜਾਏ ਉਹਨਾਂ ਮੁਤਾਬਿਕ ਇਸ ਯੂਨੀਵਰਸਿਟੀ ਨੇ ਖੜੋਤ ਹੀ ਪੈਦਾ ਕੀਤੀ ਹੈ। ਇਸਦੇ ਸਟੱਡੀ ਸੈਂਟਰਾਂ ਵਲੋਂ ਸਿੱਖਿਆ ‘ਚ ਗੁਣਵੱਤਾ ਲਿਆਉਣ ਦੀ ਜਗ੍ਹਾ ਫੈਲਾਅ ‘ਤੇ ਜ਼ੋਰ ਦਿੱਤਾ।ਜਿਸ ਕਰਕੇ ਹੱਥਾਂ ‘ਚ ਡਿਗਰੀਆਂ ਫੜੀ ਤਾਂ ਬੱਚੇ ਫਿਰਦੇ ਹਨ ਪਰ ਅਮਲੀ ਰੂਪ ਵਿਚ ਉਹਨਾਂ ਨੂੰ ਗਿਆਨ ਨਾ ਹੋਣ ਕਰਕੇ ਨਿੱਜੀ ਖੇਤਰ ‘ਚ ਨੌਕਰੀਆਂ ਲਈ ਬਹੁਗਿਣਤੀ ਪਿੱਛੇ ਹਨ। ਜਿੱਥੇ ਪੰਜਾਬ ਦੀਆਂ ਪਹਿਲਾਂ ਤੋਂ ਚਲ ਰਹੀਆ ਸਾਰੀਆਂ ਯੂਨੀਵਰਸਿਟੀਆਂ ‘ਚ ਦਾਖਲੇ ਲਈ ਵਿਦਿਆਰਥੀ ਤਿਆਰੀ ਕਰਦੇ ਹਨ ਅਤੇ ਪੂਰੀ ਮਾਰੋ ਮਾਰ ਹੁੰਦੀ ਹੈ, ਉਥੇ ਇਸ ਵਿਚ ਹਰੇਕ ਨੂੰ ਦਾਖਲਾ ਮਿਲ ਜਾਂਦਾ ਹੈ। ਇਥੇ ਰੈਗੂਲਰ ਪੜਣ ਵਾਲੇ ਅਤੇ ਸਟੱਡੀ ਸੈਂਟਰ ‘ਚ ਪੜ੍ਹਣ ਵਾਲੇ ਦੀ ਵੀ ਇਕੋ ਜਿਹੀ ਡਿਗਰੀ ਦਿੱਤੇ ਜਾਣ ਕਰਕੇ ਵਿਦਿਆਰਥੀਆਂ ਨੂੰ ਗਿਲਾ ਹੈ ਕਿ ਕੁੱਝ ਤਾਂ ਫਰਕ ਹੋਣਾ ਚਾਹੀਦਾ ਹੈ।
ਕੇਂਦਰ ਸਰਕਾਰ ਦੀ ਨੀਤੀ ਤਹਿਤ ਨਵੀਂ ਸੈਂਟਰਲ ਯੂਨੀਵਰਸਿਟੀ ਬਠਿੰਡਾ ਇਸੇ ਸਾਲ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ,ਪਰ ਇਸ ਵਿਚ ਸ਼ੁਰੂ ਕੀਤੇ ਗਏ ਪਾਠਕ੍ਰਮ ਆਮ ਜਨਤਾ ਲਈ ਕਿਸੇ ਵੀ ਤਰ੍ਹਾਂ ਲਾਹੇਵੰਦ ਨਹੀਂ ਜਾਪਦੇ। ਭਾਂਵੇ ਇਸ ਨੇ ਹਾਲੇ 3-4 ਸਾਲਾਂ ‘ਚ ਆਪਣਾ ਕੈਂਪਸ ਬਣਾਉਣਾ ਹੈ, ਪਰ ਫਿਲਹਾਲ ਇਹ ਵੀ ਹਵਾਈ ਕਿਲ੍ਹੇ ਹੀ ਉਸਾਰਨ ਵਾਲੀ ਜਾਪਦੀ ਹੈ।ਇਸ ਸਾਲ ਤੋਂ ਬਾਇਓ ਟੈਕਨੋਲੌਜੀ, ਤੁਲਨਾਤਮਕ ਸਾਹਿਤ ਅਤੇ ਏਸ਼ੀਅਨ ਸਟੱਡੀਜ਼ ਵਿਚ ਐਮ.ਫਿਲ਼. ਦਾ ਦਾਖਲਾ ਸ਼ੁਰੂ ਕੀਤਾ ਗਿਆ ਹੈ।ਜਿਨ੍ਹਾਂ ਵਿਚੋਂ ਬਾਇਓ ਟੈਕਨੋਲੌਜੀ ਨੂੰ ਛੱਡ ਕੇ ਕੁਝ ਵੀ ਕਿੱਤਾਮੁਖੀ ਜਾਂ ਪੇਸ਼ੇਵਰਾਨਾ ਨਹੀਂ ਹੈ।ਇਸ ਦੀਆਂ ਫੀਸਾਂ ਭਾਂਵੇ ਗਰੀਬ ਵਿਦਿਆਰਥੀਆਂ ਦੀ ਪਹੁੰਚ ਵਿਚ ਹਨ ਪਰ ਵਿਸ਼ਿਆ ਦੀ ਅਣਹੋਂਦ ਰੜਕਦੀ ਹੈ। ਇਸ ਦੇ ਮੌਜੂਦਾ ਕੈਂਪਸ ‘ਚ ਮਾਹੌਲ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਚੋਰੀ ਨਾਲ ਕੰਮ ਕਰ ਰਿਹਾ ਹੋਵੇ, ਪੜ੍ਹ ਰਹੇ ਵਿਦਿਆਰਥੀਆਂ ਅਨੁਸਾਰ ਇਹ ਸਕੂਲ ਵਧੇਰੇ ਜਾਪਦੀ ਹੈ।
ਮੈਂ ਅੰਤ ‘ਚ ਗੁਰੂਦੁਆਰਿਆਂ, ਮੰਦਿਰਾਂ ਅਤੇ ਹੋਰ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਜਗ੍ਹਾ ਦੀ ਅਹਿਮੀਅਤ ਕੰਧਾਂ ‘ਤੇ ਸੋਨਾ ਚੜ੍ਹਵਾਕੇ ਜਾਂ ਬਿਨ੍ਹਾਂ ਸਿਰ ਪੈਰ ਦੀਆਂ ਉਸਾਰੀਆ ਕਰਕੇ ਨਹੀਂ ਵੱਧੇਗੀ,ਸਗੋਂ ਉਸ ਸੰਸਥਾ ਵਲੋਂ ਅਪਣਾਏ ਗਏ ਗਰੀਬ ਬੱਚਿਆਂ ਵਲੋਂ ਵਿਦਿਅਕ ਖੇਤਰ ‘ਚ ਕੀਤੀਆ ਪ੍ਰਾਪਤੀਆ ਨਾਲ ਵਧੇਗੀ।ਸੋ ਪੰਜਾਬ ‘ਚ ਨਿੱਤ ਵੱਧ ਰਹੇ ਧਾਰਮਿਕ ਸਥਾਨਾਂ ਦੀ ਥਾਂ ‘ਤੇ ਆਓ ਆਪਾਂ ਵਧੇਰੇ ਸਕੂਲ ੳਸਾਰੀਏ,ਜੋ ਸਰਬ-ਸਾਂਝੀਵਾਲਤਾ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਪ੍ਰਸਾਰ ਕਰਨ ਅਤੇ ਬੱਚਿਆਂ ਦਾ ਬੌਧਿਕ ਵਿਕਾਸ ਹੋਵੇ।ਦਿਖਾਉਣ ਲਈ ਮੁੱਢਲੀ ਸਿੱਖਿਆ ਦਾ ਅਧਿਕਾਰ ਦੇ ਸਰਕਾਰਾਂ ਉਚੇਰੀ ਸਿੱਖਿਆ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਕਰਕੇ ਕੋਝੀਆਂ ਚਾਲਾਂ ਖੇਡ ਰਹੀਆਂ ਹਨ, ਪੰਜਾਬ ‘ਚ ਅੱਖ ਦੇ ਫੋਰ ‘ਚ ਕਈ ਨਵੀਆਂ ਨਿੱਜੀ ਯੂਨੀਵਰਸਿਟੀਆਂ ਸਾਲ ਕੁ ‘ਚ ਖੁਲ੍ਹ ਜਾਣਗੀਆਂ। ਸਿੱਖਿਆ ਸਿਰਫ ਅਮੀਰਾਂ ਲਈ ਹੀ ਨਾ ਰਹਿ ਜਾਵੇ,ਇਸ ਲਈ ਸਭ ਵਰਗਾਂ ਦੇ ਜਾਗਰੂਕ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਵਿਸ਼ਵਦੀਪ ਬਰਾੜ
ਲੇਖਕ ਸੁਤੰਤਰ ਪੱਤਰਕਾਰ ਹਨ।
vishavdeepbrar@gmail.com
No comments:
Post a Comment