ਮੈਂ ਓਸ ਦੇਸ ਦਾ ਵਾਸੀ ਹਾਂ

ਜਸਵੀਰ ਬਖਤੂ
ਮੈਂ ਓਸ ਦੇਸ ਦਾ ਵਾਸੀ ਹਾਂ,
ਜਿੱਥੇ ਖੂਨ ਵਗੇ ਦਰਿਆਵਾਂ ਵਿੱਚ,
ਦੁਨੀਆ ਵਿੱਚ ਮੁਲਕ ਥਾਂ ਪਹਿਲਾ,
ਦਹੇਜ ਦੀਆਂ ਹੱਤਿਆਵਾਂ ਵਿੱਚ,
ਜਿੱਥੇ ਵੋਟਾਂ ਵੇਲੇ ਗਲੀਆਂ ਵਿੱਚ,
ਲੱਗਦੇ ਲੰਗਰ ਸ਼ਰਾਬਾਂ ਦੇ,
ਪੱਥਰਾਂ ਦੇ ਬੁੱਤ ਸਜਾਉਣ ਲਈ,
ਜਿੱਥੇ ਹੁੰਦੇ ਕਤਲ ਗੁਲਾਬਾਂ ਦੇ,
ਜੋ ਸੱਚ ਬੋਲੇ ਉਹਦੀ ਲਾਸ਼ ਜਿੱਥੇ,
ਕੁੱਤਿਆਂ ਦਾ ਭੋਜਨ ਬਣਦੀ ਹੈ,
ਕਨੂੰਨ ਕਾਤਿਲਾਂ ਦੀ ਜੇਬ ਅੰਦਰ,
ਤਲਵਾਰ ਨਿਰਦੋਸਾਂ ਤੇ ਤਣਦੀ ਹੈ,
ਜਿੱਥੇਚਾਰੇ ਪਾਸੇ ਰਹਿਬਰ ਨੇ,
ਤੇ ਬੰਦਾ ਵਸਦਾ ਕੋਈ ਨਹੀਂ,
ਘਰ ਘਰ ਦੇ ਵਿੱਚ ਬਸ ਸੋਗ ਪਿਆ,
ਭੁਲਕੇ ਵੀ ਹਸਦਾ ਕੋਈ ਨਹੀਂ,
ਕਿਸ ਚਾਅ ਵਿੱਚ ਪਾਵਾਂ ਭੰਗੜਾ ਮੈਂ,
ਕਰਜੇ ਦੀ ਪੰਡ ਸਿਰ ਭਾਰੀ ਹੈ,
ਬਾਪੂ ਲਟਕ ਗਿਆ ਸੀ ਟਾਹਲੀ ਨਾਲ,
ਬਸ ਮੇਰੀ ਵੀ ਤਿਆਰੀ ਹੈ,
ਮੈਂ ਓਸ ਦੇਸ ਦਾ ਵਾਸੀ ਹਾਂ,
ਜਿੱਥੇ ਕੁੱਖ ਵਿੱਚ ਧੀਆਂ ਮਰਦੀਆਂ ਨੇ,
ਚਿੱਟੇਦਿਨ ਆਬਰੂ ਲੁਟਦੀ ਹੈ,
ਕਲੀਆਂ ਫੁੱਲ ਬਣਨ ਤੋਂ ਡਰਦੀਆਂ ਨੇ,
ਜਿੱਥੇ ਮੋਤੀ ਖਾਣੇ ਹੰਸ ਨਹੀਂ,
ਬਸ ਕਾਵਾਂ ਦੀਆਂ ਹੀ ਡਾਰਾਂ ਨੇ,
ਇੱਕ ਅਧ ਨੰਗਾ ਜਾ ਟੀ.ਵੀ. ਹੈ,
ਤੇ ਕੁਝ ਵਿਕੀਆਂ ਹੋਈਆਂ ਅਖਬਾਰਾਂ ਨੇ,
ਮੈਂ ਓਸ ਦੇਸ ਦਾ ਵਾਸੀ ਹਾਂ,
ਜਿੱਥੇ ਮਰੀਜ ਹਨ ਪਰ ਦਵਾਈ ਨਹੀਂ,
ਮੈਂ ਓਸ ਮੁਲਕ ਵਿੱਚ ਰਹਿੰਦਾ ਹਾਂ,
ਜਿੱਥੇ ਖੁਦਾ ਤਾਂ ਹੈ ਪਰ ਖੁਦਾਈ ਨਹੀਂ,
ਮੈਂ ਓਸ ਮੁਲਕ ਵਿੱਚ ਵਸਦਾ ਹਾਂ,
ਜਿੱਥੇ ਵਸਣਾ ਇੱਕ ਸਜਾ ਜਾਪੇ,
ਕੀ ਨਾਮ ਲਵਾਂ ਓਸ ਮੁਲਕ ਦਾ ਮੈਂ,
ਜਸਵੀਰ ਤੂੰ ਬਸ ਬੁਝਲੈ ਆਪੇ।

No comments:

Post a Comment