ਮੇਰੇ ਹਿੱਸੇ ਦਾ ਹਸਨਪੁਰੀ....ਨਿੰਦਰ ਘੁਗਿਆਣਵੀ

ਕੁਝ ਮਹੀਨੇ ਪਹਿਲਾਂ ਇੰਦਰਜੀਤ ਹਸਨਪੁਰੀ ਦਾ ਕੈਨੇਡਾ (ਟੋਰਾਂਟੋ) ਤੋਂ ਫ਼ੋਨ ਆਇਆ ਸੀ, ਉਹ ਬੜਾ ਖ਼ੁਸ਼ ਸੀ, ਉਥੇ ਵਸਦੇ ਪੰਜਾਬੀਆਂ ਨੇ ਉਸਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕੱਟਿਆ ਤੇ ਉਸਦਾ ਭਰਵਾਂ ਸਨਮਾਨ ਕੀਤਾ ਸੀ। ਉਹ ਚਾਈਂ-ਚਾਈਂ ਦੱਸ ਰਿਹਾ ਸੀ ਕਿ ਟੋਰਾਂਟੋ ਰਹਿੰਦੇ ਉਸਦੇ ਇੱਕ ਪ੍ਰਸੰਸ਼ਕ ਨੇ ਉਸਦੀ ਸੌ ਡਾਲਰ ਮਹੀਨਾ ਪੈਨਸ਼ਿਨ ਬੰਨ੍ਹ ਦਿੱਤੀ ਹੈ ਤੇ ਉਸਦੀ ਪਹਿਲੀ ਕਿਸ਼ਤ ਨਕਦ ਮਿਲ ਵੀ ਗਈ ਹੈ। ਉਹ ਕਹਿ ਰਿਹਾ ਸੀ, "ਸਾਡੇ ਮੁਲਕ ਵਿੱਚ ਕਲਾ ਦੀ ਕਦਰ ਨਹੀਂ ਐ...ਏਹ ਪਰਵਾਸੀ ਵੀਰ ਹੀ ਸਾਡੀ ਕਲਾ ਦੀ ਅਸਲ ਕਦਰ ਕਰਦੇ ਨੇ...।" ਉਹ ਕੈਨੇਡਾ ਤੋਂ ਹੀ ਬੀਮਾਰ ਹੋ ਕੇ ਪਰਤਿਆ। ਇੱਥੇ ਆਣ ਕੇ ਹਸਪਤਾਲ ਵਿੱਚ ਕੁਝ ਦਿਨ ਹਸਪਤਾਲ ਦਾਖਲ ਰਿਹਾ ਤੇ ਚੱਲ ਵਸਿਆ।
ਹਸਨਪੁਰੀ ਦੀ ਕੀਤੀ ਵਡਮੁੱਲੀ ਸਾਹਿਤਕ ਤੇ ਸਭਿਆਚਾਰਕ ਸੇਵਾ ਨੂੰ ਸਾਰਾ ਜਗ ਜਾਣਦੈ। ਉਸਨੇ ਹਜ਼ਾਰਾਂ ਗੀਤ ਲਿਖੇ। ਹਸਨਪੁਰੀ ਦਾ ਲਿਖਿਆ ਹੋਇਆ ਪਹਿਲਾ ਗੀਤ,-ਸਾਧੂ ਹੁੰਦੇ ਰੱਬ ਵਰਗੇ..ਘੁੰਡ ਕੱਢਕੇ ਖ਼ੈਰ ਨਾ ਪਾਈਏ...ਸੰਨ 1959 ਵਿੱਚ ਸ਼ਾਦੀ ਬਖ਼ਸ਼ੀ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ। 'ਦਾਜ' ਅਤੇ 'ਤੇਰੀ ਮੇਰੀ ਇੱਕ ਜਿੰਦੜੀ' ਜਿਹੀਆਂ ਯਾਦਗਾਰੀ ਫਿਲਮਾਂ ਬਣਾਈਆਂ। ਜਲੰਧਰ ਦੂਰਦਰਸ਼ਨ ਲਈ ਚਾਰ ਡਾਕੂਮੈਂਟਰੀਜ਼ ਫ਼ਿਲਮਾਂ ਦਾ ਨਿਰਮਾਣ ਕੀਤਾ। ਤਿੰਨ ਡਾਕੂਮੈਂਟਰੀਜ਼ ਦਿੱਲੀ ਦੂਰਦਰਸ਼ਨ ਲਈ ਬਣਾਈਆ। 'ਦੁੱਖ ਭੰਜਨ ਤੇਰਾ ਨਾਮ', 'ਮਨ ਜੀਤੈ ਜਗਜੀਤ', 'ਪਾਪੀ ਤਰੈ ਅਨੇਕ', 'ਲੌਂਗ ਦਾ ਲਿਸ਼ਕਾਰਾ,' 'ਯਮਲਾ ਜੱਟ', 'ਸੁਖੀ ਪਰਿਵਾਰ', ਫਿਲਮਾਂ ਦੇ ਗੀਤ ਲਿਖੇ। -ਹੋਇਆ ਕੀ ਜੇ ਕੁੜੀ ਏਂ ਤੂੰ ਦਿੱਲੀ ਸ਼ਹਿਰ ਦੀ...ਨੀਂ ਮੈਂ ਵੀ ਜੱਟ ਲੁਧਿਆਣੇ ਦਾ, -ਜੇ ਮੰਡਿਆ ਮੇਰੀ ਤੋਰ ਤੂੰ ਵੇਖਣੀ...ਗੜਵਾ ਲੈਦੇ ਚਾਂਦੀ ਦਾ...ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ, -ਬੋਤਾ ਹੌਲੀ ਤੋਰ ਮਿੱਤਰਾ ਵੇ ਮੇਰਾ ਨਰਮ ਕਾਲਜਾ ਧੜਕੇ, -ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟ੍ਹਿਆ ਦੱਸ ਕੀ ਕਰਾਂ, -ਲੈ ਜਾ ਛੱਲੀਆਂ ਭੁੰਨਾ ਲਈਂ ਦਾਣੇ ਵੇ ਮਿੱਤਰਾ ਦੂਰ ਦਿਆ, -ਟਿਕਟਾਂ ਦੋ ਲੈ ਲਈਂ ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ... ਸਿਰੇ ਦੇ ਸਭ ਕਲਾਕਾਰਾਂ ਨੇ ਉਹਦੇ ਲਿਖੇ ਬਥੇਰੇ ਗੀਤ ਗਾਏ। ਗਿਣਤੀ ਕਰਨੀ ਸੌਖੀ ਨਹੀਂ। ਗੀਤਾਂ ਦੀ ਵਧੇਰੇ ਤਫ਼ਸੀਲ ਦੇਣ ਦੀ ਬਿਜਾਏ ਮੈਂ ਹਸਨਪੁਰੀ ਨਾਲ ਆਪਣੀਆਂ ਨਿੱਜੀ ਯਾਦਾਂ ਦੇ ਕੁਝ ਕੁ ਪਲ ਸਾਂਝੇ ਕਰਦਾ ਹਾਂ ਕਿਉਂਕਿ ਉਸ ਨਾਲ ਮੇਰਾ ਅੰਤਾਂ ਦਾ ਮੋਹ ਸੀ।
ਹਸਨਪੁਰੀ ਨਾਲ ਮੇਰੀ ਪਹਿਲੀ ਮਿਲਣੀ ਸੰਨ 1990 ਵਿੱਚ ਹੋਈ, ਉਸ ਬਾਅਦ ਸਾਡਾ ਮੇਲ-ਜੋਲ ਨਿਰੰਤਰ ਬਣਿਆ ਰਿਹਾ, ਕਦੇ ਸਾਹਿਤਕ ਸਮਾਗਮਾਂ ਉੱਤੇ ਇਕੱਠੇ ਹੋ ਜਾਦੇ, ਕਦੇ ਭਾਸ਼ਾ ਵਿਭਾਗ ਦੀਆਂ ਗੋਸ਼ਟੀਆਂ 'ਤੇ ਮਿਲਣਾ ਤੇ ਬਹੁਤੀ ਵਾਰੀ ਜੱਸੋਵਾਲ ਦੇ ਘਰ। ਪਿਛਲੇ ਸਾਲ ਪਿੰਡ ਉਮਰਾਨੰਗਲ ਵਿਖੇ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਯਾਦਗਾਰੀ ਮੇਲੇ ਤੋਂ ਵਾਪਿਸ ਆ ਰਹੇ ਸਾਂ, ਮੈਂ, ਹਸਨਪੁਰੀ, ਦੇਵ ਥਰੀਕੇ ਵਾਲਾ ਤੇ ਜੱਸੋਵਾਲ। ਜੱਸੋਵਾਲ ਦੀ ਗੱਡੀ ਵਿੱਚ ਬੈਠੇ ਸਾਰੇ ਹੱਸਦੇ-ਖੇਡ੍ਹਦੇ ਤੇ ਰੌਣਕਾਂ ਲਾਉਂਦੇ ਆਏ। ਜੱਸੋਵਾਲ ਸਭ ਨੂੰ ਮਖ਼ੌਲਾਂ ਕਰੀ ਜਾਵੇ। ਜਲੰਧਰ ਪੁੱਜੇ, ਕੁਲਦੀਪ ਸਿੰਘ ਬੇਦੀ ਦੇ ਬੇਟੇ ਦੀ ਵਿਆਹ ਪਾਰਟੀ ਵੀ ਅਟੈਂਡ ਕਰਨੀ ਸੀ। ਪੈਲਿਸ ਵਿੱਚ ਹਾਲੇ ਕੋਈ ਆਇਆ ਨਹੀਂ ਸੀ ਤੇ ਅਸੀਂ ਬਹੁਤ ਛੇਤੀ ਪੁੱਜ ਗਏ ਸਾਂ। ਅਸੀਂ ਇੱਕ ਟੇਬਲ 'ਤੇ ਬੈਠ ਫਿਰ ਹਾਸਾ-ਠੱਠਾ ਕਰਨ ਲੱਗੇ। ਕਦੇ ਦੇਵ ਥਰੀਕੇ ਵਾਲਾ ਸਿਰੇ ਦਾ ਕੋਈ ਤੋਤਕੜਾ ਕੱਢ ਮਾਰੇ ਤੇ ਕਦੇ ਹਸਨਪੁਰੀ...ਤੇ ਜੱਸੋਵਾਲ ਕਿਸੇ ਚਾਂਭ੍ਹਲੇ ਬਾਲ ਵਾਂਗ ਕਿਲਕਾਰੀ ਤੇ ਤਾੜੀ ਇਕੱਠੀ ਮਾਰਕੇ ਹਾਸੜਾਂ ਪਾਵੇ! ਉਸ ਦਿਨ ਦਾ ਇਹ ਸਫ਼ਰ ਕਦੇ ਨਾ ਭੁੱਲਣ ਵਾਲਾ ਤੇ ਯਾਦਗਾਰੀ ਬਣਕੇ ਰਹਿ ਗਿਆ।
ਸਾਲ-2007 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਤਕਾਰਾਂ ਦਾ ਇੱਕ ਟੂਰ ਉਦੈਪੁਰ ਗਿਆ, ਹਸਨਪੁਰੀ ਤੇ ਉਲਫ਼ਤ ਬਾਜਵਾ ਵੀ ਉਸ ਟੂਰ ਵਿੱਚ ਸ਼ਾਮਲ ਸਨ, ਹਸਨਪੁਰੀ ਬਾਜਵੇ ਨੂੰ ਮਖ਼ੋਲ ਕਰਦਾ, ਕਦੇ-ਕਦੇ ਬਾਜਵਾ ਖਿਝਦਾ ਤੇ ਕਹਿੰਦਾ-"ਛਡ ਯਾਰ, ਇੱਕੋ ਗੱਲ ਦੇ ਪਿੱਛੇ ਪਿਆ ਰਹਿੰਨੈ...ਕਾਹਦਾ ਆ ਗਿਆ ਮੈਂ ਥੋਡੇ ਨਾਲ਼।" ਫਿਰ ਹਸਨਪੁਰੀ ਮੈਨੂੰ ਅੱਖ ਦਾ ਇਸ਼ਾਰਾ ਕਰਦਾ ਕਿ ਬਾਜਵੇ ਦੇ ਮੋਬਾਇਲ ਫ਼ੋਨ 'ਤੇ ਆਪਣੇ ਫ਼ੋਨ ਉਤੋਂ ਮਿੱਸ ਕਾਲ ਮਾਰ...ਮੈਂ ਇੰਝ ਹੀ ਕਰਦਾ ਤੇ ਜਦ ਨੂੰ ਬਾਜਵਾ ਕੰਨ ਨੂੰ ਫ਼ੋਨ ਲਾਉਂਦਾ ਤਾਂ ਫ਼ੋਨ ਕੱਟ ਹੋ ਜਾਂਦਾ...ਵਾਰ-ਵਾਰ ਇਵੇਂ ਹੋਣ 'ਤੇ ਫਿਰ ਬਾਜਵਾ ਗਾਲ੍ਹਾਂ ਕੱਢਣ ਲੱਗਦਾ ਤੇ ਕਹਿੰਦਾ..."ਪਤਾ ਨਹੀਂ ਕੌਣ ਐਂ...ਏਹਦੀ ਮਾਂ ਨੂੰ...ਏਹਦੀ ਭੈਣ ਨੂੰ...।" ਹਸਨਪੁਰੀ ਉਸਨੂੰ ਆਖਦਾ, "ਤੇਰੀ ਕੋਈ ਮਸੂਕਾ ਹੋਣੀ ਐਂ ਪੰਜਾਬ ਤੋਂ...ਜਿਹੜੀ ਮਿੱਸ ਕਾਲ ਮਾਰਕੇ ਫ਼ੋਨ ਕੱਟ ਦਿੰਦੀ ਐ...।" ਬਾਜਵਾ ਫਿਰ ਗਾਲ੍ਹਾਂ ਕੱਢਦਾ..."ਲੈ ਹੁਣ ਪਿਛਲੇ ਪਹਿਰੇ ਸਿਰ 'ਚ ਮਾਰਨੀ ਮੈਂ ਮਸ਼ੂਕਾ?" ਮੈਂ ਤੇ ਹਸਨਪੁਰੀ ਹੱਸਣ ਲੱਗਦੇ। ਬੜਾ ਸੁਹਣਾ ਟੂਰ ਰਿਹਾ ਸੀ ਉਦੈਪੁਰ ਦਾ...ਰੌਣਕਾਂ ਤੇ ਹਾਸਿਆਂ-ਖੇੜਿਆਂ ਭਰਿਆ। ਹਸਨਪੁਰੀ ਜਦ ਵੀ ਮਿਲਦਾ ਸੀ ਤਾਂ ਮੈਨੂੰ ਅਕਸਰ ਹੀ ਆਖਦਾ ਹੁੰਦਾ, "ਬੱਚੂ...ਤੂੰ ਮੇਰੇ ਇੱਕ ਸ਼ੇਅਰ ਦੇ ਇਹ ਬੋਲ ਹਮੇਸ਼ਾ ਚੇਤੇ ਰੱਖਿਆ ਕਰ...ਮਨੁੱਖ ਨੂੰ ਡੋਲਣਾ ਨਹੀਂ ਚਾਹੀਦਾ ਤੇ ਸੰਘਰਸ਼ ਕਰਨਾ ਚਾਹੀਦੈ:
ਹਿੰਮਤ ਕਰ ਜੇ ਰਾਹ ਦੇ ਵਿੱਚ ਕਠਿਨਾਈਆਂ ਨੇ
ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ
ਜਿੰਨ੍ਹਾਂ ਨੇ ਠੋਕ੍ਹਰ ਨੂੰ ਠੋਕ੍ਹਰ ਮਾਰੀ ਹੈ
ਉਨ੍ਹਾਂ ਨੂੰ ਹੀ ਰਾਸ ਠੋਕ੍ਹਰਾਂ ਆਈਆਂ ਨੇ

ਜਦ ਹਸਨਪੁਰੀ ਨੂੰ ਪੰਜਾਬ ਸਰਕਾਰ ਦਾ 'ਸ੍ਰੋਮਣੀ ਪੁਰਸਕਾਰ' ਮਿਲਿਆ ਤਾਂ ਉਦੋਂ ਮੈਂ ਵਿਭਾਗ ਦੇ ਰਾਜ ਸਲਾਹਕਾਰ ਬੋਰਡ ਵਿੱਚ ਮੈਂਬਰ ਸਾਂ। ਲਓ...ਇਹ ਕਿੱਸਾ ਵੀ ਸੁਣ ਹੀ ਲਓ! ਪੁਰਸਕਾਰ ਲੈਣ ਲਈ ਬਹੁਤ ਸਾਰੇ ਲੇਖਕ 'ਤਰਲੋ-ਮੱਛੀ' ਹੋਏ ਪਏ ਸਨ। ਵੱਡੇ-ਵੱਡੇ ਲੋਕਾਂ ਤੋਂ ਸਿਫ਼ਾਰਸ਼ਾਂ ਕਰਵਾਈ ਜਾ ਰਹੇ ਸਨ ਕਿ ਫਲਾਂ ਪੁਰਸਕਾਰ ਮੈਨੂੰ ਮਿਲੇ...ਫਲਾਂ ਪੁਰਸਕਾਰ ਮੈਨੂੰ ਮਿਲੇ...। ਪੁਰਸਕਾਰ ਦੀ ਰਾਸ਼ੀ ਢਾਈ ਲੱਖ ਜੁ ਸੀ ! ਪਰ ਹਸਨਪੁਰੀ ਕਿਸੇ ਨੂੰ ਨਹੀਂ ਸੀ ਕਹਿ ਰਿਹਾ, ਉਸਦਾ ਨਾਂ ਵੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਤਿੰਨ ਨਾਵਾਂ ਦੇ ਪੈਨਲ ਵਿੱਚ ਸ਼ਾਮਿਲ ਸੀ। ਹਸਨਪੁਰੀ ਦੇ ਬਰਾਬਰ ਪੁਰਸਕਾਰ ਲੈਣ ਵਾਲੇ ਬਹੁਤ ਜੂਨੀਅਰ ਲੇਖਕ ਨੇ ਤਾਂ ਬਹੁਤ ਤਕੜੇ ਜੁਗਾੜ ਫਿੱਟ ਕੀਤੇ ਹੋਏ ਸਨ ਤੇ ਬੋਰਡ ਦੇ ਕਈ ਮੈਂਬਰਾਨ ਤਕ ਸਿੱਧੀ ਪਹੁੰਚ ਕੀਤੀ ਹੋਈ ਸੀ। ਉਸ ਵੇਲੇ ਦੀ ਉੱਪ ਮੁੱਖ-ਮੰਤਰੀ ਬੀਬੀ ਭੱਠਲ ਪੁਰਸਕਾਰ ਵੰਡ ਮੀਟਿੰਗ ਦੀ ਪ੍ਰਧਾਨਗੀ ਰਾਜ ਭਵਨ ਵਿੱਚ ਕਰ ਰਹੀ ਸੀ। ਜਦ ਹਸਨਪੁਰੀ ਦਾ ਨਾਂ ਬੋਲਿਆ ਗਿਆ ਤਾਂ ਜਿਵੇਂ ਸਭ ਚੁੱਪ ਜਿਹੇ ਕਰ ਗਏ ਹੋਣ। ਜੂਨੀਅਰ ਲੇਖਕ ਦੇ ਹੱਕ ਵਿੱਚ 'ਹਾਂ' ਕਰਵਾਉਣ ਲੱਗੇ। ਮੈਂ ਆਪਣੀ ਸੀਟ ਉਤੋਂ ਉੱਠਕੇ ਬੀਬੀ ਭੱਠਲ ਨੂੰ ਆਖਿਆ, "ਬੀਬੀ ਜੀ, ਹਸਨਪੁਰੀ ਸਾਰੇ ਪੰਜਾਬੀ ਜਗਤ ਦਾ ਮਸ਼ਹੂਰ ਨਾਮ ਹੈ...ਇਸ ਪੁਰਸਕਾਰ ਦਾ ਹੱਕਦਾਰ ਇਹੋ ਹੀ ਹੈ।" ਏਨੀ ਗੱਲ ਕਹਿਣ 'ਤੇ ਫਿਰ ਰੌਲਾ ਪੈਣ ਲੱਗਿਆ ਤੇ 'ਨਹੀਂ ਨਹੀ' ਦੀਆਂ ਆਵਾਜ਼ਾਂ ਉੱਚੀਆਂ ਹੋ ਗਈਆਂ। ਬੋਰਡ ਦੇ ਮੈਂਬਰ ਅਜਮੇਰ ਸਿੰਘ ਔਲਖ ਨੇ ਕਿਹਾ ਕਿ ਇਹ ਪੁਰਸਕਾਰ ਸ਼ਾਇਰ ਲਈ ਹੀ ਰਾਖਵਾਂ ਹੈ ਤੇ ਹਸਨਪੁਰੀ ਤਾਂ ਗੀਤਕਾਰ ਹੈ। ਮੈਂ ਹਾਲੇ ਆਪਣੀ ਸੀਟ ਉੱਤੇ ਬੈਠਾ ਨਹੀਂ ਸਾਂ, ਅੱਗੇ ਕਿਹਾ, "ਬੀਬੀ ਜੀ, ਇੱਕ ਗੱਲ ਦੱਸੋ...ਕੀ ਗੀਤਕਾਰ ਸ਼ਾਇਰ ਨਹੀਂ ਹੁੰਦਾ? ਜੇਕਰ ਗੀਤਕਾਰ ਸ਼ਾਇਰ ਨਹੀਂ ਹੁੰਦਾ ਤਾਂ ਫਿਰ ਸ਼ਿਵ ਕੁਮਾਰ ਬਟਾਲਵੀ, ਧਨੀ ਰਾਮ ਚਾਤ੍ਰਿਕ, ਨੰਦ ਲਾਲ ਨੂਰਪੁਰੀ, ਕਰਤਾਰ ਸਿੰਘ ਬਲੱਗਣ ਤੇ ਵਿਧਾਤਾ ਸਿੰਘ ਤੀਰ ਨੂੰ ਕਿਹੜੀ ਸ੍ਰੇਣੀ ਵਿੱਚ ਰੱਖੋਗੇ?" ਹੁਣ ਸਭ ਜਣੇ ਚੁੱਪ ਹੋ ਗਏ ਸਨ। ਮੈਂ ਅੱਗੇ ਕਿਹਾ, "ਬੀਬੀ ਜੀ, ਬੰਗਾਲੀ ਲੇਖਕ ਰਬਿੰਦਰ ਨਾਥ ਟੈਗੋਰ ਨੂੰ ਉਸਦੇ ਗੀਤਾਂ ਦੀ ਕਿਤਾਬ 'ਗੀਤਾਂਜਲੀ' ਉੱਤੇ ਨੋਬਲ ਪੁਰਸਕਾਰ ਮਿਲਿਆ ਸੀ ਤੇ ਸਾਡਾ ਭਾਸ਼ਾ ਵਿਭਾਗ ਪੰਜਾਬ ਹਸਨਪੁਰੀ ਨੂੰ ਗੀਤਕਾਰ ਹੋਣ ਕਾਰਨ ਇਨਾਮ ਦੇਣ ਤੋਂ ਇਨਕਾਰੀ ਹੋ ਰਿਹੈ...ਗੀਤ ਵੀ ਸਾਹਿਤ ਦਾ ਅਟੁੱਟ ਅੰਗ ਹਨ...ਬੀਬੀ ਜੀ, ਅੱਛਾ ਇੰਝ ਕਰੋ..ਜਿਸ ਸ਼ਾਇਰ ਨੂੰ ਹਸਨਪੁਰੀ ਦੇ ਉਲਟ ਪੁਰਸਕਾਰ ਦੇਣਾ ਹੈ ਤਾਂ ਬੋਰਡ ਦਾ ਇੱਕ ਵੀ 'ਬੰਦਾ'...ਉਸ ਸ਼ਾਇਰ ਦੀ ਇੱਕ ਵੀ ਕਵਿਤਾ ਦਾ 'ਬੰਦ' ਇੱਥੇ ਬੋਲ ਕੇ ਸੁਣਾ ਦੇਵੇ...ਨਹੀਂ ਫਿਰ ਮੈਂ ਹਸਨਪੁਰੀ ਦੇ ਜਿੰਨੇ ਗੀਤ ਕਹਿੰਨੇ ਓਂ ਜੁਬਾਨੀ ਸੁਣਾ ਦਿੰਨੈ...।" ਹੁਣ ਹੋਰ ਸ਼ਾਂਤੀ ਵਰਤ ਗਈ ਸੀ। ਹਸਨਪੁਰੀ ਨੂੰ 'ਸ੍ਰੋਮਣੀ ਪੁਰਸਕਾਰ' ਦੇਣਾ ਹੀ ਪਿਆ। ਖ਼ੈਰ, ਮੰਚ ਉੱਤੇ ਹਸਨਪੁਰੀ ਨੂੰ ਸਨਮਾਨ ਭੇਟ ਕਰਨ ਸਮੇਂ ਬੀਬੀ ਭੱਠਲ ਕਹਿਣ ਲੱਗੀ, "ਮੁਬਾਰਕਾਂ ਹਸਨਪੁਰੀ ਜੀ...ਮੈਂ ਤਾਂ ਤੁਹਾਡੇ ਲਿਖੇ ਗੀਤ ਉਦੋਂ ਦੀ ਸੁਣਦੀ ਆਂ...ਜਦੋਂ ਮੈਂ ਹਾਲੇ ਬਾਲੜੀ ਸੀ ਤੇ ਫਰਾਕ ਪਾਉਂਦੀ ਸੀ...।" ਹਸਨਪੁਰੀ ਮੁਸਕ੍ਰਾਉਂਦਾ ਹੋਇਆ ਮੰਚ ਉਤੋਂ ਹੇਠਾ ਆਇਆ।
ਮੌਕਾ ਮੇਲ ਦੇਖੋ ਕਿ ਹੁਣ ਜਦ ਉਸ ਬਾਰੇ ਇਹ ਕਾਲਮ ਮੁਕੰਮਲ ਕਰਕੇ ਹਟਿਆ ਹਾਂ ਤਾਂ ਉਸਦੇ ਪਿੰਡ ਹਸਨਪੁਰ ਦੀ ਸ਼ਮਸਾਨਘਾਟ ਵਿੱਚ ਉਸਦਾ ਸਿਵਾ ਬਲ ਰਿਹਾ ਹੈ ਤੇ ਇੱਧਰ ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਦੇਰ ਪਹਿਲਾਂ ਅਵਤਾਰ ਜੌੜਾ ਦੀ ਕੀਤੀ ਹੋਈ ਇੱਕ ਮੁਲਾਕਾਤ ਪ੍ਰਸਾਰਤ ਹੋਈ ਹੋ ਰਹੀ ਹੈ...ਲਗਦਾ ਹੈ ਜਿਊਂਦਾ-ਜਾਗਦਾ ਹਸਨਪੁਰੀ ਸਾਡੇ ਨਾਲ ਬੈਠਾ ਗੱਲਾਂ ਕਰ ਰਿਹਾ ਹੈ..ਉਹ ਕਿਤੇ ਨਹੀਂ ਗਿਆ...ਪਰ ਨਹੀਂ...ਉਸਨੇ ਹੁਣ ਕਦੇ ਨਹੀਂ ਆਉਣਾ!

1 comment:

  1. ਬਹੁਤ ਵਧੀਆ ਲਿਖਿਆ ਨਿੰਦ ਵੀਰ ਜੀ ਨੇ

    ReplyDelete