ਸਾਡੇ ਨਿੱਤ ਆਮ ਪੰਜਾਬੀ ਬੋਲਣ ਦੇ ਵਰਤਾਰੇ ਵਿੱਚ ਜਿੱਥੇ ਸਾਨੂੰ ਕਈ ਅਜਿਹੇ ਲਗੜ ਸ਼ਬਦ ਬੋਲਣ, ਸੁਣਨ ਵਿੱਚ ਮਿਲਦੇ ਹਨ ਉਥੇ ਅਸੀਂ ਬੋਲਣ ਸਮੇਂ ਕਈ ਸ਼ਬਦ ਬੋਲਦੇ-ਬੋਲਦੇ ਵਿੱਚੋਂ ਹੀ ਖਾ ਜਾਂਦੇ ਹਾਂ ਜਿਸ ਦਾ ਸਾਨੂੰ ਖੁਦ ਆਪਣੇ ਆਪ ਨੂੰ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਇੰਨਾਂ ਸ਼ਬਦਾਂ ਦਾ ਉਚਾਰਨ ਆਪਣੀ ਲਤਰੋ ਨਾਲ ਕਰ ਰਹੇ ਹਾਂ ਜਾਂ ਕੁਝ ਸ਼ਬਦਾਂ ਨੂੰ ਖਾ ਰਹੇ ਹਾਂ ਪਰ ਇਹ ਲਗੜ ਤੇ ਮੱਲੋ ਮੱਲੀ ਘਸੋੜੇ ਜਾਂਦੇ ਸਾਡੇ ਵੱਲੋਂ ਸ਼ਬਦ ਮੰਨ ਲਓ ਜਿਵੇਂ ਅਸੀਂ ਹਾਸੇ ਠੱਠੇ, ਮਜ਼ਾਕੀਆ ਤੌਰ ਜਾਂ ਆਮ ਗੱਲਾਂ ਰਾਹੀਂ ਇੱਕ ਦੂਜੇ ਨੂੰ ਉਚਾਰਨ ਕਰਦੇ ਸਮੇਂ ਸਾਧਾਰਨ ਗੱਲ ਵੀ ਕਰਦੇ ਹਾਂ ਅਤੇ ਕਈ ਵਾਰ ਅਸਲੀਅਤ ਤੌਰ ਤੇ ਗੱਲ ਵੀ ਕਰਦੇ ਹੋਏ ਆਖਦੇ ਹਾਂ ਜਿਵੇਂ ਭੈਣ ਦੀ ਗਾਲ ਕੱਢਣ ਚ ਸ਼ਬਦ ਖਾਣ ਦੀ ਕੋਸ਼ਿਸ਼ ਕਰਦੇ ਹਾਂ ਅਖੇ ਮੈਂ ਭੈਂ… ਐਡਾ ਈ ਕਮਲਾ ਐ ਜਿਹੜਾ ਦਾਰੂ ਪੀ ਕੇ ਗਲੀਆਂ ਚ ਬੁੱਕਦਾ ਫਿਰੂੰ… ਜਾਂ ਤੂੰ ਭੈਂ…ਚੋ… ਮੇਰੇ ਤੇ ਅਫਸਰ ਲੱਗੈਂ ਜੀਹਦੇ ਮੈਂ ਰੋਅਬ ਥੱਲੇ ਰਹਾਂ… ਇਸਦੇ ਨਾਲ ਹੀ ਮੈਂ ਕਈ ਹੋਰ ਲੋਕਾਂ ਤੋਂ ਇਲਾਵਾ ਜੱਟ ਤਾਏ ਨਰੈਂਣੇ ਦੀ ਇੱਕ ਹੋਰ ਗੱਲ ਦੀ ਉਦਾਹਰਣ ਤੁਹਾਡੇ ਸਾਹਮਣੇ ਸਨਮੁੱਖ ਕਰਦਾ ਹਾਂ
ਕਿ ਸਾਡੇ ਪਿੰਡ ਵਾਲੇ ਤਾਏ ਨਰੈਂਣੇ ਦੇ ਵੀ ਆਪਣੀ ਲਤਰੋ (ਜ਼ੁਬਾਨ) ਤੇ ਕਈ ਅਜਿਹੇ ਪੰਜਾਬੀ ਦੇ ਲਗੜ੍ਹ ਸ਼ਬਦ ਘਸੋੜੇ ਹੋਏ ਸਨ ਕਿ ਜਿਵੇਂ ਉਹ ਕਹਿੰਦਾ ਹੁੰਦਾ ਸੀ ਮੈਂ ਕੋਈ ਦਾਰੂ ਪੀਣ ਦਾ ਜ਼ਿਆਦਾ ਵੱਡਾ ਪਿਆਕੜ ਨਹੀਂ ਹਾਂ, ਬੱਸ ਰਾਤ ਨੂੰ ਰੋਟੀ ਖਾਣ ਸਮੇਂ ਪਊਆ ਖੰਡ ਲਾ ਲਈ ਦੀ ਐ, ਜਾਂ ਆਪਣੀ ਘਰ ਵਾਲੀ ਨੂੰ ਆਖਦਾ ਹੁੰਦਾ ਸੀ ਕਿ ਨਿਹਾਲੀਏ ਆਪਾਂ ਕੋਟਕਪੂਰੇ ਜਾਣ ਲੱਗੇ ਰਸਤੇ ਚ ਸੇਖੇ ਪਿੰਡ ਵਾਲੀ ਨਿੱਕੀ ਭੂਆ ਨੂੰ ਘਿੰਟਾ (ਘੰਟਾ) ਖੰਡ ਮਿਲ ਹੀ ਜਾਵਾਂਗੇ, ਕਈ ਗੱਲਾਂ ਚ ਖੰਡ…ਖੰਡ ਆਖ ਜਾਂਦਾ ਸੀ ਆਦਿ ਪਰ ਇੱਕ ਵਾਰ ਤਾਏ ਨਰੈਂਣੇ ਦੀ ਕਣਕ ਦੀ ਫਸਲ ਬੀਜਣ ਲਈ ਐਨ ਜ਼ਮੀਨ ਦੀ ਤਿਆਰੀ ਕੀਤੀ ਹੋਈ ਸੀ, ਅਚਾਨਕ ਤਾਏ ਨੂੰ ਘਰੇਲੂ ਕਬੀਲਦਾਰੀ ਦੇ ਕੰਮ 8-10 ਦਿਨ ਵਾਸਤੇ ਰਾਜਸਥਾਨ ਜਾਣਾ ਪੈ ਗਿਆ, ਤਕਾਲਾਂ ਦੇ ਟਾਈਮ ਮਿਲੇ ਸੁਨੇਹੇ ਕਾਰਨ ਤਾਏ ਦੇ ਸਵੇਰੇ ਸੁਵੱਖਤੇ ਜਾਣ ਦੀ ਤਿਆਰੀ ਦੇ ਨਾਲ-ਨਾਲ ਤਾਏ ਦੇ ਗੁਆਂਢੀ ਚੰਦੂ ਮੀਰਜ਼ਾਦੇ ਨੇ ਖੇਤ ਵਿੱਚ ਹਾੜ੍ਹੀ ਰੁੱਤ ਦੀ ਫਸਲ ਛਿੱਟੇ ਨਾਲ ਬੀਜਣ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਓਟ ਲਈ
ਤਾਇਆ ਦੇਰ ਰਾਤ ਨੂੰ ਮੀਰਜ਼ਾਦੇ ਨੂੰ ਇਹ ਸਭ ਸਮਝਾ ਗਿਆ ਕਿ ਨਿਆਈਂ ਵਾਲੇ ਪੰਜ ਕਿੱਲਿਆਂ ਚ 4 ਕਿੱਲੇ ਕਣਕ ਤੇ ਕਿੱਲਾ ਖੰਡ ਸਰੋਂ, ਭੇਖੇ ਵਾਲੇ ਰਾਹ ਤੇ ਰੋਹੀ ਵਾਲੇ 8 ਕਿੱਲਿਆਂ ਚ 6 ਕਿੱਲੇ ਕਣਕ 2 ਕਿੱਲੇ ਤੋਰੀਆਂ ਖੰਡ ਅਤੇ ਖੂਹੀ ਵਾਲੇ ਖੇਤ 4 ਕਿੱਲਿਆਂ ਚੋਂ 3 ਕਿੱਲੇ ਪਸ਼ੂਆਂ ਵਾਸਤੇ ਹਰਾ ਚਾਰਾ ਬੀਜਣੈਂ ਜਿਵੇਂ, ਕਿੱਲਾ ਖੰਡ ਮੱਕੀ, ਕਿੱਲਾ ਖੰਡ ਗਾਚਾ ਆਦਿ, ਅਤੇ ਇੱਕ ਕਿੱਲਾ ਸਬਜ਼ੀਆਂ ਜਿਵੇਂ 2 ਕੁਨਾਲ ਗਾਜਰਾਂ, 2 ਕੁਨਾਲ ਮੂਲੀਆਂ ਤੇ 3 ਕੁਨਾਲ ਗੋਭੀ ਖੰਡ ਆਦਿ ਸਾਰੀ ਫਸਲ ਛਿੱਟੇ ਨਾਲ ਬੀਜ ਦੇਣੀ ਹੈ ਅਤੇ ਬੀਜ ਵਗੈਰਾ ਫਲਾਣੇ ਆੜਤੀਏ ਨੂੰ ਮੈਂ ਕਹਿ ਦਿੰਨੈਂ ਤੂੰ ਚੁੱਕ ਲਵੀਂ
ਮੀਰਜ਼ਾਦੇ ਵਿਚਾਰੇ ਨੇ ਸਾਰੀ ਫਸਲ ਦੀ ਜ਼ਿੰਮੇਵਾਰੀ ਬੜੀ ਤਨ ਦੇਹੀ ਨਾਲ ਨਿਭਾਈ, ਫਸਲ ਬੀਜੀ ਨੂੰ 10-12 ਦਿਨ ਹੋ ਗਏ ਸਨ ਤੇ ਤਾਇਆ ਨਰੈਂਣਾ ਵੀ ਇੱਕ ਦਿਨ ਸ਼ਾਮ ਜਿਹੀ ਨੂੰ ਘਰ ਵਾਪਸ ਆ ਪਰਤਿਆ ਤੇ ਲੰਡੂ ਜਿਹਾ ਪੈਂਗ ਲਾ ਕੇ ਬੈਠਾ ਹੀ ਸੀ ਕਿ ਏਨੇ ਨੂੰ ਮੀਰਜ਼ਾਦੇ ਨੇ ਵੀ ਤਾਏ ਨਰੈਂਣੇ ਕੋਲ ਆ ਕੇ ਬੜੇ ਚਾਈਂ-ਚਾਈਂ ਫਸਲਾਂ ਦੀਆਂ ਬਿਜਾਈਆਂ ਬਾਰੇ ਦੱਸਿਆ, ਉਪਰੰਤ ਘਰ ਨੂੰ ਜਾਣ ਲੱਗਾ ਮੀਰਜ਼ਾਦਾ ਤਾਏ ਨਰੈਣੇ ਨੂੰ ਨਿੰਮੋ ਝੂਣਾ ਜਿਹਾ ਹੋ ਕੇ ਕਹਿਣ ਲੱਗਾ ਕਿ ਪਰਬਾ ਜੇ ਰਜ਼ਾ ਹੋਵੇ ਤਾਂ ਦੋ ਖੰਡ ਵਾਲੀਆਂ ਖਾਲੀ ਬੋਰੀਆਂ ਮੈਂ ਲੈ ਜਾਵਾਂ, ਮੈਂ ਸਿਆਲਾਂ ਚ ਉਹਨਾਂ ਦੇ ਝੁੱਲ ਬਣਾ ਕੇ ਠੰਡ ਲੱਗਣ ਤੋਂ ਮੱਝਾਂ ਦੇ ਕੱਟਰੂੰਆਂ ਉਪਰ ਦੇ ਲਵਾਂਗਾ
ਪਰ ਮੀਰਜ਼ਾਦਿਆ ਖੰਡ ਤਾਂ ਆਪਾਂ ਲਿਆਂਦੀ ਹੀ ਨਹੀਂ, ਤੂੰ ਕਿਹੜੀਆਂ ਖੰਡ ਵਾਲੀਆਂ ਖਾਲੀ ਬੋਰੀਆਂ ਦੀ ਗੱਲ ਕਰਦੈਂ… ਮੱਥੇ ਤੇ ਘੂਰੀ ਵੱਟ ਤਲਖੀ ਭਰੇ ਬੋਲਾਂ ਚ ਤਾਏ ਨੇ ਮੀਰਜ਼ਾਦੇ ਤੋਂ ਪੁੱਛਿਆ
ਪਰਬਾ ਜਿਹੜੀ ਆਪਾਂ ਫਲਾਣੇ-ਫਲਾਣੇ ਖੇਤ ਚ ਕਿੱਲਾ ਸਰੋਂ ਤੇ ਖੰਡ, ਕਿੱਲਾ ਤੋਰੀਆਂ ਤੇ ਖੰਡ, ਕਿੱਲੇ ਮੱਕੀ ਖੰਡ, ਗਾਚਾ ਖੰਡ, ਸਬਜ਼ੀਆਂ ਖੰਡ ਤੇ ਫਲਾਣੀ-ਫਲਾਣੀ ਫਸਲਾਂ ਚ ਕੁੱਲ 3 ਬੋਰੀਆਂ ਖੰਡ ਰਿਲਾ ਕੇ ਬੀਜੀ ਐ…
ਉਏ ਫੜਾਈਂ ਉਏ ਜ਼ਰਾ ਛਿੰਦੇ ਦੀ ਮਾਂ ਆਹ ਤੰਦੂਰ ਚੋਂ ਕੁੱਢਣ ਕੱਢ ਕੇ… ਮਰਾਤਾ ਸਹੁਰੇ ਦੇ ਮਰਾਸੀ ਨੇ, ਅੱਗੇ ਆੜਤੀਏ ਦੇ ਕਰਜ਼ਾਈ ਹੋਏ ਪਏ ਆਂ ਇਹਨੇ ਉਤੋਂ…, ਜਦੋਂ ਮੀਰਜ਼ਾਦੇ ਦੇ ਜੱਟ ਦੇ ਗਰਮ ਤੇਵਰ ਨਜ਼ਰ ਪਏ ਤਾਂ ਉਸ ਨੇ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ ਇੰਨੇ ਨੂੰ ਜੱਟ ਨਰੈਣਾ ਕੁੱਢਣ ਚੁੱਕ ਲਿਆਇਆ ਤੇ ਬੱਸ ਫਿਰ ਜੱਟ ਮੀਰਜ਼ਾਦੇ ਦੇ ਪਿੱਛੇ ਅਤੇ ਮੂਹਰੇ-ਮੂਹਰੇ ਮੀਰਜ਼ਾਦਾ… ਵਿਹੜੇ ਵਿਚਕਾਰ ਦਰਖਤ ਦੇ ਦੁਆਲੇ ਬਣੇ ਪਸ਼ੂਆਂ ਦੇ ਵੱਡੇ ਸਾਰੇ ਗੋਲ ਜਿਹੇ ਖੁਰਲ ਦੁਆਲੇ ਸਾਹੋ ਸਾਹੀ ਹੋਇਆ ਭੱਜਿਆ ਜਾਂਦਾ ਮੀਰਜ਼ਾਦਾ, ਜੱਟ ਨਰੈਣੇ ਨੂੰ ਆਖੀ ਜਾਵੇ, ਪਰਬਾ ਫਸਲ ਪੱਕਣ ਤੇ ਗੰਨੇ ਦੀ ਪੋਰੀ ਭਾਵੇਂ ਨਾ ਦੇਵੀਂ ਪਰ ਹੁਣ ਤਾਂ ਕੇਰਾਂ ਕੀਤੇ ਹੋਏ ਕੰਮਾਂ ਦੀ… ਤੇ ਡਰਦਾ ਬਚਾਓ-ਬਚਾਓ ਪੁਕਾਰਦਾ ਹੋਇਆ ਉਂਚੀ-ਉਂਚੀ ਚਿਲਾਉਣ ਲੱਗਾ,
ਏਨੇ ਨੂੰ ਮੀਰਜ਼ਾਦੇ ਦੀਆਂ ਚਾਂਗਾਂ ਸੁਣ ਕੇ ਫਟਾਫਟ ਉਸਦੀ ਘਰਵਾਲੀ ਤਾਏ ਨਰੈਣੇ ਕੇ ਵਿਹੜੇ ਵਿੱਚ ਆ ਵੱਜੀ, ਹਫਿਆ ਮੀਰਜ਼ਾਦਾ ਜੱਟ ਦੇ ਮੂਹਰੇ-ਮੂਹਰੇ ਭਂਜਿਆ ਫਿਰਦਾ ਸਭ ਕੁਝ ਆਪਣੀ ਬਹੂ ਨੂੰ ਦੱਸ ਗਿਆ, ਤਾਂ ਜ਼ੇਰਾ ਕਰਕੇ ਉਸਦੀ ਬਹੂ ਨੇ ਤਾਏ ਨੂੰ ਮਸਾਂ ਫੜਿਆ ਤੇ ਮੌਕਾ ਤਾੜ ਕੇ ਮੀਰਜ਼ਾਦਾ ਤਾਂ ਘਰ ਵੱਲ ਨੂੰ ਖਿਸਕ ਗਿਆ ਅਤੇ ਮੀਰਜ਼ਾਦੇ ਦੀ ਬਹੂ ਤਾਏ ਨੂੰ ਕਹਿਣ ਲੱਗੀ ਪਰਬਾ ਪਹਿਲੀ ਗੱਲ ਤਾਂ ਇਹ ਕਿ ਗਲਤੀ ਤਾਂ ਮੇਰੇ ਸਿਰ ਦੇ ਸਾਂਈਂ ਦੀ ਐ, ਕਿ ਵਈ ਤੂੰ ਫਸਲ ਨੂੰ ਉਂਗ ਤਾਂ ਆਉਣ ਦੇ ਫੇਰ ਕੁਝ ਮੰਗ ਵੀ ਲਈਂ, ਉਤੋਂ ਪਰਬਾ ਗਲਤੀ ਤੇਰੀ ਐ, ਤੂੰ ਸਮਾਂ ਆਉਣ ਤੇ ਖੰਡ ਦੀ ਖੈਰ ਨਾਂ ਪਾਉਂਦਾ ਦੋ-ਚਾਰ ਗੰਨੇ ਹੀ ਚੂਪਣ ਨੂੰ ਦੇ ਦਿਆ ਕਰਦਾ ਸਾਨੂੰ ਵੀ ਪਤੈ ਕਿ ਗਰੀਬਾਂ ਲਈ ਮਿੱਠੀ ਖੰਡ ਤਾਂ ਜ਼ਹਿਰ ਵਾਂਗਰ ਕੌੜੀ ਹੋਈ ਪਈ ਐ, ਉਤੋਂ ਖੰਡ ਦੇ ਭਾਅ ਨੂੰ ਵੀ ਤਾਂ ਦਿਨੋ-ਦਿਨ ਅੱਗ ਲੱਗਦੀ ਜਾਂਦੀ ਐ, ਪਰ ਹੁਣ ਜੇ ਕੁੱਢਣ ਵੱਜ ਕੇ ਮੇਰੇ ਸਾਂਈਂ ਦੀ ਜਾਹ ਜਾਂਦੀ ਹੋ ਜਾਂਦੀ ਤਾਂ ਫਿਰ ਤੇਰੇ ਨਾਲ ਉਹੀ ਗੱਲ ਹੋਣੀ ਸੀ ਅਖੇ ਜੱਟ ਗੰਨਾ ਨੀ ਦਿੰਦਾ ਭਹੇਲੀ ਜ਼ਰੂਰ ਦੇ ਦਿੰਦੈਂ……
ਲੇਖਕ:- ਡਾ. ਸਾਧੂ ਰਾਮ ਲੰਗੇਆਣਾ
ਪਿੰਡ:- ਲੰਗੇਆਣਾ ਕਲਾਂ (ਮੋਗਾ)
98781-17285
No comments:
Post a Comment