ਯਾਰ ਯਕੀਨਾਂ ਵਾਲੇ ਕਦੇ ਅਜ਼ਮਾ ਹੀ ਜਾਂਦੇ ਨੇ।
ਤੇਜ਼ ਕਹਾਵਣ ਵਾਲੇ ਧੋਖਾ ਖਾ ਹੀ ਜਾਂਦੇ ਨੇ।
ਅਪਣੇ ਰੰਗ ਵਿੱਚ ਰੰਗਣ ਦਾ ਵੱਲ ਜਿਸ ਨੂੰ ਆਉਂਦਾ ਹੈ,
ਆਖ਼ਿਰ ਇੱਕ ਦਿਨ ਉਹ ਵੀ ਰੰਗ ਵਟਾ ਹੀ ਜਾਂਦੇ ਨੇ।
ਸੱਜਣ ਜਿਹੜੇ ਕਰਦੇ ਖੁੱਲੀਆਂ ਗੱਲਾਂ ਹੱਸ-ਹੱਸ ਕੇ,
ਦਿਲ ਵਿੱਚ ਭੇਦ ਕੋਈ ਗੁੱਝਾ ਸਦਾ ਛੁਪਾ ਹੀ ਜਾਂਦੇ ਨੇ।
ਕੰਡਿਆਂ ਨੇ ਤਾਂ ਚੁਭਣਾ ਈ ਹੁੰਦਾ ਫ਼ਿਤਰਤ ਉਨ੍ਹਾਂ ਦੀ,
ਫੁੱਲਾਂ ਵਰਗੇ ਦਿਲ ਨੂੰ ਫੁੱਲ ਦੁਖਾ ਹੀ ਜਾਂਦੇ ਨੇ।
ਆਪਣੇ ਪਰਾਂ ‘ਤੇ ਉਂਡਣਾਂ ਜਿਹੜੇ ਸਿਖਾਉਂਦੇ ਹੁੱਬ-ਹੁੱਬ ਕੇ,
ਅੰਬਰਾਂ ਵਿੱਚ ਉਡਾ ਨਿਸ਼ਾਨਾਂ ਲਾ ਹੀ ਜਾਂਦੇ ਨੇ।
ਲੋਕੀਂ ਪੁੱਛਣ ਹਾਲ ਮੇਰੇ ਰਿਸਦੇ ਨਾਸੂਰਾਂ ਦਾ,
ਜ਼ਖ਼ਮ ਫ਼ੋਲ ਕੇ ਵੇਖਣ ਦਰਦ ਵਧਾ ਹੀ ਜਾਂਦੇ ਨੇ।
ਲੱਖ ਯਕੀਨ ਦਵਾਇਆ ‘ਜੱਗੀ’ ਨੂੰ ਪਰ ਆਇਆ ਨਾਂ,
ਆਪ ਜੋ ਤੜਫ਼ਣ ਦੂਜਿਆ ਨੂੰ ਤੜਫ਼ਾ ਹੀ ਜਾਂਦੇ ਨੇ।
No comments:
Post a Comment