ਸੁੰਗੜਦੀ ਫੈਲਦੀ ਪਰਿਭਾਸ਼ਾ .......ਅਮਰਦੀਪ ਗਿੱਲ

ਤੇਰੇ ਲਈ ਕਵਿਤਾ ਕੁੱਝ ਵੀ ਹੋਵੇ
ਮੇਰੇ ਲਈ ਕਵਿਤਾ -
ਜ਼ਿੰਦਗੀ ਦੇ ਪੈਰ ਚ ਚੁੱਭੀ
ਹਾਲਾਤ ਦੀ ਸੂਲ ਦੇ ਦਰਦ ਦੀ
ਬੁੱਲਾਂ ਹੇਠ ਦਬ ਕੇ ਰਹਿ ਗਈ ਧਾਹ ਹੈ ,
ਤੇਰੇ ਲਈ ਕਵਿਤਾ -
ਆਤਮਾ ਦੀ ਕਲਾ ਹੋ ਸਕਦੀ ਹੇ ਕਦੇ
ਪਰ ਮੇਰੇ ਲਈ ਕਵਿਤਾ -
ਕੰਮੀਆਂ ਦੀ ਕੁੜੀ ਦੇ ਜਿਸਮ ਤੇ
ਕਿਸੇ ਬਦਇਖਲਾਕ ਹਉਮੈ ਦੀ
ਤੂੜੀ ਦੀ ਪੰਡ ਬਦਲੇ
ਲਿਖੀ ਇਬਾਰਤ ਹੈ ,
ਤੇਰੇ ਲਈ ਕਵਿਤਾ ਕੁੱਝ ਵੀ ਹੋਵੇ
ਮੇਰੇ ਲਈ ਕਵਿਤਾ -
ਮੇਰੀ ਜਵਾਨ ਭੈਣ ਦੇ ਬੁੱਲਾਂ ਤੇ ਕੰਬਦਾ ਗੀਤ ਹੈ
ਜਿਸਦੇ ਬਿੰਬਾਂ ਹੇਠ ਛੁਪੇ ਹੁੰਦੇ ਨੇ
ਮੇਰੇ ਮਜਬੂਰ ਬਾਪ ਦੀ ਗੁਰਬਤ ਨੂੰ ਵੇਖ
ਭਰੇ ਗਏ ਡੂੰਘੇ ਹੌਂਕੇ ,
ਤੇ ਦਰੀ ਬੁਣਦੀ ਭੈਣ ਦੇ
ਅੱਧ-ਬੁਣੇ ਚਾਵਾਂ ਦਾ ਤਾਣਾ ਪੇਟਾ
ਉਲਝ ਕੇ ਰਹਿ ਜਾਂਦਾ ਹੈ ਜਿਸਦੇ ਸ਼ਬਦਾਂ ਚ
ਮੇਰੇ ਲਈ ਉਹ ਸਭ ਕਵਿਤਾ ਹੈ !
ਮੇਰੇ ਲਈ ਕਵਿਤਾ ਹੈ -
ਮੇਰੀ ਮਾਂ ਦੇ ਸੰਸਿਆਂ ਦਾ ਅੰਤ-ਹੀਣ ਸਿਲਸਿਲਾ ,
ਮੇਰੇ ਲਈ ਕਵਿਤਾ ਹੈ -
ਇਸ਼ਕ ਵਿੱਚ ਮੇਰੀ ਹਾਰ ਦੇ ਉਹ ਕਾਰਨ
ਜਿੰਨਾ ਨੂੰ ਮੇਰੀ ਸਮੁੱਚੀ ਜਮਾਤ ਹੰਢਾਉਂਦੀ ਹੈ
ਤੇ ਜੋ ਮੇਰੇ ਅਤੇ ਮੇਰੀ ਮਹਿਬੂਬ ਵਿੱਚਕਾਰ
ਲੋਹ-ਕੰਧਾਂ ਬਣ ਕੇ ਉੱਗ ਆਏ ਸਨ ,
ਤੇਰੇ ਲਈ ਕਵਿਤਾ -
ਸ਼ਹਿਰ ਦੀਆਂ ਸੜਕਾਂ ਤੇ ਘੁੰਮਦੀਆਂ
ਜਾਂ ਕਲੱਬਾਂ ਚ ਡਾਂਸ ਕਰਦੀਆ ਮਹਿਕਾਂ ਨੇ ,
ਪਰ ਮੇਰੇ ਲਈ -
ਬਾਪੂ ਦੇ ਮੋਢਿਆਂ ਤੋਂ ਘਸੇ
ਖੱਦਰ ਦੇ ਕੁੜਤੇ ਚੋਂ ਆ ਰਹੀ
ਮੁੜਕੇ ਦੀ ਬੂ ਹੀ ਕਵਿਤਾ ਹੈ ,
ਤੇਰੇ ਲਈ ਕਵਿਤਾ ਕੁੱਝ ਵੀ ਹੋ ਸਕਦੀ ਹੈ
ਮੇਰੇ ਲਈ ਕਵਿਤਾ -
ਖੇਤੋਂ ਕੁੱਟ ਖਾ ਕੇ ਮੁੜੇ
ਪਿੰਡ ਵੱਲ ਭੱਜੇ ਜਾਂਦੇ ਚਰਨੇ ਪਾਲੀ ਦੀਆਂ
ਸਰਦਾਰਾਂ ਨੂੰ ਕੱਢੀਆਂ ਗਾਲਾਂ ਪਿੱਛੇ ਖੌਲਦਾ ਜੋਸ਼ ਹੈ
ਤੇਰੇ ਲਈ ਕਵਿਤਾ ਕੁੱਝ ਵੀ ਹੋਵੇ
ਮੇਰੇ ਲਈ ਕਵਿਤਾ -
ਅਖਬਾਰ ਚ ਛਪੀ
ਫਿਰਕੂ-ਜਨੂੰਨ ਹੱਥੋਂ ਮਾਰੇ ਮਾਸੂਮਾਂ ਦੀ
ਮੌਤ ਦੀ ਖਬਰ ਵਿੱਚਲਾ ਦਰਦ ਹੈ ,
ਤੇਰੇ ਲਈ ਕਵਿਤਾ ਸ਼ਰਾਬ ਦਾ ਜਾਮ ਹੋ ਸਕਦੀ ਹੈ ,
ਪਰ ਮੇਰੇ ਲਈ ਕਵਿਤਾ-
ਘਰ ਦੇ ਰੂੜੇ ਤੌੜੇ ਦੇ ਪਾਣੀ ਦਾ
ਉਹ ਕੁਸੈਲਾ ਜਿਹਾ ਘੁੱਟ ਹੈ
ਜੋ ਸ਼ਹਿਰੋਂ ਪਰਤ ਕੇ ਮੈਂ
ਅਕਸਰ ਪੀਂਦਾ ਹਾਂ ,
ਜਦ ਮੈਂ ਇੰਟਰਵਿਊ ਦੇ ਕੇ
ਨਿਰਾਸ਼ ਪਿੰਡ ਪਰਤਦਾ ਹਾਂ !
ਤੇਰੇ ਲਈ ਕਵਿਤਾ
ਸਰਘੀ ਵੇਲੇ ਚਾਟੀ ਚ ਪਾਈ ਮਧਾਣੀ ਦੀ
ਜਾਂ ਖੇਤਾਂ ਚ ਵੱਲ ਜਾਂਦੇ ਬਲਦਾਂ ਦੀਆਂ ਟੱਲੀਆਂ ਦੀ
ਸੰਗੀਤਕ ਲੈਅ ਹੋਵੇਗੀ ,
ਪਰ ਮੇਰੇ ਲਈ ਕਵਿਤਾ -
ਜੈਬੇ ਕਿਸਾਨ ਦੇ ਮਜ਼ਦੂਰ ਹੋ ਜਾਣ ਤੱਕ ਦਾ ਸਫਰ ਹੈ ਕੇਵਲ ,
ਤੇ ਜਾਂ ਮੌਲਿਆਂ ਦੇ ਪੁੜੇ ਕੁੱਟਦੇ ਕੈਲੇ ਦੇ ਮਨ ਵਿੱਚ
ਤਿਲਮਿਲਾਂਉਦੇ ਨੇ ਜੋ ਜ਼ਜਬੇ -
ਮੀਰਆਬਾਂ ਦਾ ਨੀਲਾ ਟਰੈਕਟਰ ਵੇਖ
ਮੇਰੇ ਲਈ ਉਹ ਸਭ ਕਵਿਤਾ ਹੈ ,
ਤੇਰੇ ਲਈ ਕਵਿਤਾ -
ਤੇਰੀ ਕਲਪਨਾ ਚ ਵਿਚਰਦੇ
ਕਿਸੇ ਜੱਟ ਦੇ ਮੂੰਹੋਂ ਨਿਕਲੀ ਮਿਰਜ਼ੇ ਦੀ ਹੇਕ ਹੋਵੇਗੀ ,
ਪਰ ਮੇਰੇ ਲਈ ਕਵਿਤਾ-
ਝੋਨੇ ਦੇ ਚਾਰ ਕਿੱਲਿਆਂ ਨੂੰ ਪਾਣੀ ਖੁਣੋਂ ਸੁੱਕਦਾ ਵੇਖ
ਬੰਤੇ ਦੇ ਮਨ ਅੰਦਰ ਦਮ ਤੋੜ ਰਹੀ
ਆੜਤੀਏ ਦਾ ਕਰਜ਼ਾ ਮੋੜਨ ਦੀ ਆਸ ਹੈ !
ਮੇਰੇ ਲਈ ਕਵਿਤਾ ਹੈ-
ਚਾਟੀਆਂ - ਮਧਾਣੀਆਂ ਤੋਂ ਅਣਜਾਣ
ਭੁੱਖੇ -ਨੰਗੇ ਢਿੱਡ ਵਜਾਉਂਦੇ
ਹਰੀਜਨਾ ਦੇ ਜਵਾਕਾਂ ਦੀਆਂ
ਗੁੜ ਦੀ ਰੋੜੀ ਤੱਕ ਸੀਮਿਤ ਰੀਝਾਂ ,
ਜੋ ਉਹ ਦੁਹਰਾਉਂਦੇ ਰਹਿੰਦੇ ਨੇ
ਆਪਣੀਆਂ ਮਾਵਾਂ ਮਗਰ ਫਿਰਦੇ ਅੱਧ-ਰੋਂਦੇ ਜਿਹੇ ,
ਤੇਰੇ ਲਈ ਕਵਿਤਾ -
ਮਹਿਬੂਬ ਦਾ ਖਤ ਵੀ ਹੋ ਸਕਦੀ ਹੈ
ਤੇ ਮਹਿਬੂਬ ਨੂੰ ਲਿਖਿਆ ਖਤ ਵੀ ,
ਪਰ ਮੇਰੇ ਲਈ ਕਵਿਤਾ-
ਕਿਸੇ ਛੋਟੀ ਮੋਟੀ ਨੌਕਰੀ ਲਈ ਆਇਆ
ਸੱਦਾ-ਪੱਤਰ ਹੈ ,
ਜਿਸ ਨਾਲ ਜੁੜ ਜਾਂਦੀਆਂ ਨੇ
ਮੇਰੇ ਸਾਰੇ ਪਰਿਵਾਰ ਦੀਆਂ ਅੱਧੋ-ਰਾਣੀਆਂ ਰੀਝਾਂ ,
ਮੇਰੇ ਲਈ ਇਹੋ ਸਭ ਕਵਿਤਾ ਹੈ
ਇੱਕ ਸੰਪੂਰਨ ਸਟੀਕ ਕਵਿਤਾ ,
ਤੇਰੇ ਲਈ ਕਵਿਤਾ ਕੁੱਝ ਵੀ ਹੋ ਸਕਦੀ ਹੈ !

No comments:

Post a Comment